ਸੰਖੇਪ ਰਚਨਾ

ਪਰਿਵਰਤਨ ਵਿੱਚ ਹੀ ਅਨੰਦ ਹੈ।

ਜੇ ਆਯੂ ਬੇਓੜਕ ਹੋਵੇ ਤਾਂ ਇਸ ਆਯੂ ਨੂੰ ਅਨੰਦਤ ਰੱਖਣ ਲਈ ਵੀ ਵਸੀਲੇ ਬੇਅੰਤ ਚਾਹੀਦੇ ਹਨ; ਅਰਥਾਤ ਹੁਸਨ, ਜੁਆਨੀ, ਬਲ ਤੇ ਬੁੱਧੀ-ਚਾਰ ਪਦਾਰਥ ਅਟੁੱਟ ਸਦੀਵੀ ਤੇ ਅਬਿਨਾਸ਼ੀ ਚਾਹੀਦੇ ਹਨ। ਫ਼ਰਜ਼ ਕਰੋ ਇਹ ਵੀ ਇਸੇ ਤਰ੍ਹਾਂ ਹੋ ਜਾਵੇ। ਫਿਰ ਕੀ ਹੋਵੇ? ਕੀ ਉਹ ਧਰਤੀ ਸਵਰਗ ਬਣ ਜਾਵੇਗੀ ? ਉੱਕਾ ਨਹੀਂ, ਵਿਚਾਰ ਕਰ ਕੇ ਵੇਖ ਲਓ। ਮਿੱਠੀ ਚੀਜ਼ ਤਦ ਹੀ ਮਿੱਠੀ ਲੱਗਦੀ ਹੈ ਜੇ ਮੂੰਹ ਪਹਿਲਾਂ ਮਿੱਠਾ ਨਾ ਹੋਵੇ। ਮਿੱਠੇ ਪਿੱਛੋਂ ਸਲੂਣੀ ਚੀਜ਼ ਵਧ ਕੇ ਸਲੂਣੀ ਤੇ ਸੁਆਦ ਲੱਗਦੀ ਹੈ। ਜੇ ਸਦਾ ਹੀ ਸੂਰਜ ਦੁਪਹਿਰ ਵਾਂਗ ਸਿਖਰ ਕੜਕਦਾ ਰਹੇ—ਨਾ ਦਿਨ ਹੋਵੇ ਨਾ ਰਾਤ, ਉਦੈ-ਅਸਤ, ਸਵੇਰ-ਸੰਝ, ਸਿਆਲਾ-ਹੁਨਾਲਾ ਤੇ ਬਹਾਰ ਦੀਆਂ ਰੁੱਤਾਂ ਦਾ ਸੁਆਦ ਕੁੱਖ ਨਾ ਰਹੇ ਤੇ ਹਿਰਦੇ ਵਿੱਚੋਂ ਸਾਰੀ ਨਹੀਂ ਤਾਂ ਅੱਧੀ ਸ਼ਕਤੀ ਕੁਦਰਤ ਦਾ ਅਨੰਦ ਲੈਣ ਦੀ ਜਾਂਦੀ ਹੀ ਰਹੇ। ਜੇ ਬਾਗ਼ ਵਿੱਚ ਫੁੱਲ ਸਦਾ ਹੀ ਇਕਸਾਰ, ਇੱਕੋ ਰੰਗ ਦੇ
ਖਿੜੇ ਤੇ ਮਹਿਕਦੇ ਰਹਿਣ, ਇਨ੍ਹਾਂ ਦਾ ਸੁਆਦ ਕਾਗ਼ਜ਼ ਦੀਆਂ ਮੂਰਤਾਂ ਨਾਲੋਂ ਵੱਧ ਨਾ ਰਹੇ, ਪੱਥਰ ਬਣੇ ਖਲੋਤੇ ਰਹਿਣ। ਜੋ ਸੁਆਦ ਤੇ ਤਮਾਸ਼ਾ ਬੂਟਿਆਂ ਨੂੰ ਲਾਉਣ, ਲਾ ਕੇ ਵੱਡਾ ਕਰਨ, ਕਲੀਆਂ ਬਣਦੀਆਂ ਵੇਖਣ, ਫੁੱਲਾਂ ਦੀ ਆਮਦ ਨੂੰ ਉਡੀਕਣ ਅਤੇ ਫੁੱਲਾਂ ਨੂੰ ਮਿਲਦਿਆਂ ਵੇਖਣ ਵਿੱਚ ਹੈ, ਉਹ ਸਦਾ ਹੀ ਖਿੜੇ ਰਹਿੰਦੇ ਫੁੱਲਾਂ ਨੂੰ ਵੇਖਣ ਤੇ ਵਾਸ਼ਨਾ ਵਿੱਚ ਕਿੱਥੇ ਹੈ ?

ਸਿਰਲੇਖ : ਪਰਿਵਰਤਨ ਵਿੱਚ ਹੀ ਅਨੰਦ ਹੈ।

ਸੰਖੇਪ : ਜੇ ਉਮਰ ਹੋਵੇ ਤਾਂ ਉਸ ਨੂੰ ਅਨੰਦਮਈ ਰੱਖਣ ਲਈ ਹੁਸਨ, ਜੁਆਨੀ, ਬਲ ਤੇ ਬੁੱਧੀ ਸਦੀਵੀ ਚਾਹੀਦੀ ਹੈ। ਪਰ ਸੰਸਾਰ ਸਵਰਗ ਫਿਰ ਵੀ ਨਹੀਂ ਬਣ ਸਕਦਾ। ਪਰਿਵਰਤਨ ਵਿੱਚ ਹੀ ਅਨੰਦ ਹੈ। ਨਾ ਹਮੇਸ਼ਾ ਮਿੱਠਾ ਤੇ ਨਾ ਹੀ ਇਕਸਾਰ ਫੁੱਲਾਂ ਦਾ ਬਾਗ਼ ਚੰਗਾ ਲਗਦਾ ਹੈ। ਕੁਦਰਤੀ ਨੇਮਾਂ ਅਨੁਸਾਰ ਰੁੱਤਾਂ ਦੀ ਬਦਲੀ, ਫੁੱਲਾਂ ਦਾ ਵੱਖ-ਵੱਖ ਪੜਾਵਾਂ ਵਿੱਚੋਂ ਲੰਘ ਕੇ ਖਿੜਨਾ ਅਨੰਦ ਦੇਂਦਾ ਹੈ।

ਮੂਲ-ਰਚਨਾ ਦੇ ਸ਼ਬਦ = 185
ਸੰਖੇਪ-ਰਚਨਾ ਦੇ ਸ਼ਬਦ = 69