ਸੰਖੇਪ ਰਚਨਾ

ਦੇਸ਼ ਪਿਆਰ ਦੀ ਮਹੱਤਤਾ

ਜ਼ਨਾਨੀ ਮਰਦ ਨੂੰ ਮਾਸ ਦਾ ਸੋਹਣਾ ਬੁੱਤ ਸਮਝ ਕੇ ਨਾ ਪਿਆਰੇ ਤੇ ਨਾ ਮਰਦ ਜ਼ਨਾਨੀ ਨੂੰ ਮਾਸ ਦਾ ਸੋਹਣਾ ਬੁੱਤ
ਸਮਝ ਕੇ ਪਿਆਰੇ, ਕਿਉਂਕਿ ਪਿਆਰ ਦੀ ਤੀਬਰਤਾ ਤਾਂ ਸੋਹਣੇ-ਕੋਝੇ ਨੂੰ ਕਿੱਥੇ ਦੇਖਦੀ ਹੈ ? ਰੱਬ ਦੀਆਂ ਬਣਾਈਆਂ ਬਣਤਾਂ ਹਨ, ਜੋ ਸੰਜੋਗਾਂ ਸੇਤੀ ਮਿਲ ਗਿਆ ਰੱਬ ਨੇ ਮਿਲਾਇਆ ਹੈ, ਤੇ ਸਾਥੀ ਚੰਮ-ਖ਼ੁਸ਼ੀ ਦਾ ਨਾ ਹੋਵੇ, ਸਾਥੀ ਇੱਕ – ਦੂਜੇ ਦੇ ਦੁੱਖ ਦਾ ਹੋਵੇ। ਜ਼ਿੰਦਗੀ ਇੱਕ ਸਾਂਝਾ ਦੁੱਖ ਤੇ ਦਰਦ ਹੈ ਤੇ ਉਸ ਦਰਦ ਵਿੱਚ ਇੱਕ ਖ਼ਤਰਾ ਹੈ, ਇੱਕ ਦੂਜੇ ਦੀ ਬਾਂਹ ਫੜਨੀ ਹੈ, ਇਸ ਦਰਦ ਵਿੱਚ ਇੱਕ ਦੂਜੇ ਪਾਸੋਂ ਸਾਨੂੰ ਸੁਖ ਦੀ ਕੀ ਆਸ ਹੋ ਸਕਦੀ ਹੈ ? ਮਿਲ ਬੈਠਣ ਦੀ ਘੜੀ ਖ਼ੁਸ਼ੀ ਇੱਕ ਅਚੰਭਾ ਹੈ, ਇਥੇ ਤਾਂ ਦਰਦੀਣ, ਦਰਦ ਪੀਣ, ਦੁੱਖ ਸਹਿਣ ਤੇ ਇੱਕ ਦੂਜੇ ਦੀ ਬਾਂਹ ਪਕੜਨਾ ਹੀ ਸੱਚ ਹੈ,
ਚੰਮ-ਖ਼ੁਸ਼ੀਆਂ ਤਾਂ ਕੂੜ ਹਨ। ਸੋ ਦਰਦ ਦੀਆਂ ਡੂੰਘਾਈਆਂ ਵਿੱਚ ਜਾ ਕੇ ਘਰ ਨੂੰ ਸਾਰਾ ਵਤਨ ਤੇ ਵਤਨ ਨੂੰ ਸਾਰਾ ਘਰ ਜੇ ਬਣਾਈਏ ਤਦ ਮੌਕੇ ਸਿਰ ਸਮਾਂ ਪਾ ਕੇ ਕਦੀ ਉਹ ਆਚਰਨ ਆ ਸਕਦਾ ਹੈ, ਜਿਹੜਾ ਦੇਸ਼ ਨੂੰ ਪਿਆਰ ਕਰਨ ਵਾਲੇ ਜਾਪਾਨੀਆਂ-ਫ਼ਰਾਂਸੀਸੀਆਂ ਜਾਂ ਅੰਗਰੇਜ਼ਾਂ ਵਿੱਚ ਦਿੱਸਦਾ ਹੈ, ਇਸ ਵਾਸਤੇ ਦੇਸ਼ ਦੇ ਪਿਆਰ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਪਹਿਨਣ, ਖਾਣ, ਚੰਮ-ਖ਼ੁਸ਼ੀ ਤੇ ਖ਼ੁਦਗਰਜ਼ੀ ਤੋਂ ਉੱਠ ਕੇ ਜੀਵਨ ਦੇ ਦੁੱਖ ਤੇ ਦਰਦ ਦੀ ਤਹਿ ਵਿੱਚ ਜੀਵੀਏ।

ਸਿਰਲੇਖ : ਦੇਸ਼ ਪਿਆਰ ਦੀ ਮਹੱਤਤਾ

ਸੰਖੇਪ : ਜ਼ਨਾਨੀ-ਮਰਦ ਦਾ ਪਿਆਰ ਸਰੀਰਕ ਸੁਹੱਪਣ ਨਾਲੋਂ ਇੱਕ-ਦੂਜੇ ਦੀ ਬਾਂਹ ਫੜਨ ‘ਤੇ ਅਧਾਰਤ ਹੋਵੇ। ਦਰਦ ਦੀਆਂ ਡੂੰਘਿਆਈਆਂ ਵਿੱਚ ਜਾ ਕੇ ਹੀ ਇਨਸਾਨ ਘਰ ਨੂੰ ਸਾਰਾ ਵਤਨ ਅਤੇ ਵਤਨ ਨੂੰ ਸਾਰਾ ਘਰ ਬਣਾ ਸਕਦਾ ਹੈ। ਇੰਜ ਹੀ ਸਮਾਂ ਪਾ ਕੇ ਵਿਦੇਸ਼ੀਆਂ ਵਾਂਗ ਦੇਸ਼ ਨੂੰ ਪਿਆਰ ਕਰਨ ਦੀ ਜਾਚ ਆ ਸਕਦੀ ਹੈ। ਲੋੜ ਚੁੰਮ-ਖ਼ੁਸ਼ੀ ਤੋਂ ਉੱਠ ਕੇ ਜੀਵਨ ਦੇ ਦੁੱਖ-ਦਰਦ ਦੀ ਤਹਿ ਵਿੱਚ ਜਾਣ ਦੀ ਹੈ।

ਮੂਲ-ਰਚਨਾ ਦੇ ਸ਼ਬਦ = 194
ਸੰਖੇਪ-ਰਚਨਾ ਦੇ ਸ਼ਬਦ = 63