ਅਣਡਿੱਠਾ ਪੈਰਾ – ਲੰਡਨ ਦੀ ਵਿਸ਼ੇਸ਼ਤਾ

ਲੰਡਨ ਬੜਾ ਵੱਡਾ ਸ਼ਹਿਰ ਹੈ। ਪਰ ਏਥੇ ਜੇ ਤੁਹਾਡਾ ਕੋਈ ਦੋਸਤ ਨਾ ਹੋਵੇ ਤਾਂ ਤੁਸੀਂ ਬਹੁਤ ਇਕੱਲੇ ਤੇ ਉਦਾਸੀ ਮਹਿਸੂਸ ਕਰ ਸਕਦੇ ਹੋ। ਅੰਗਰੇਜ਼ ਲੋਕ ਤਬੀਅਤ ਦੇ ਠੰਢੇ ਹਨ ਤੇ ਮਿਲਣਸਾਰ ਨਹੀਂ।

ਗੁਆਂਢੀ, ਗੁਆਂਢੀ ਨੂੰ ਨਹੀਂ ਜਾਣਦਾ ਅਤੇ ਬਗੈਰ ਸੱਦੇ ਕੋਈ ਕਿਸੇ ਦੇ ਘਰ ਨਹੀਂ ਜਾਂਦਾ। ਬੱਸਾਂ, ਗੱਡੀਆਂ ਵਿੱਚ ਦੇਖੋ ਇੱਕ ਅੰਗਰੇਜ਼ ਦੂਸਰੇ ਅੰਗਰੇਜ਼ ਨਾਲ ਗੱਲ ਨਹੀਂ ਕਰਦਾ ਅਤੇ ਹਰ ਇੱਕ ਦੇ ਮੂੰਹ ਅੱਗੇ ਅਖ਼ਬਾਰ ਹੁੰਦੀ ਹੈ।

ਸਾਡੇ ਪੰਜਾਬੀਆਂ ਦੀ ਇੱਕ ਦੂਸਰੇ ਨਾਲ ਗੱਲ ਕਰਨ ਦੀ ਆਦਤ ਹੈ ਤੇ ਸਾਨੂੰ ਇੱਕ – ਦੋ ਦਿਨ ਗੱਪਾਂ ਮਾਰਨ ਦਾ ਮੌਕਾ ਨਾ ਮਿਲੇ ਤਾਂ ਅਸੀਂ ਉਦਾਸ ਹੋ ਜਾਂਦੇ ਹਾਂ। ਦੂਸਰੇ ਇੱਥੋਂ ਦੀ ਆਬੋ – ਹਵਾ ਵੀ ਖ਼ਰਾਬ ਹੈ।

ਕਈ ਮਹੀਨੇ ਤਾਂ ਅਸਮਾਨ ਭੂਰੇ ਜਿਹੇ ਬੱਦਲਾਂ ਨਾਲ ਢੱਕਿਆ ਰਹਿੰਦਾ ਹੈ। ਸਿਆਲ ਵਿੱਚ ਬਹੁਤ ਸਾਰੀ ਧੁੰਦ ਪੈਂਦੀ ਹੈ ; ਜਿਵੇਂ ਸਾਡੇ ਦੇਸ਼ ਵਿੱਚ ਹਨੇਰੀਆਂ ਆਉਂਦੀਆਂ ਹਨ, ਉੱਥੇ ਉਵੇਂ ਹੀ ਸਿਆਲ ਵਿੱਚ ਫੌਗ ਹੁੰਦੀ ਹੈ। ਲਾਲ ਹਨੇਰੀ ਵਾਂਗ ਸਭ ਜਗ੍ਹਾ ਫੈਲ ਜਾਂਦੀ ਹੈ ਤੇ ਕੁੱਝ ਵਿਖਾਈ ਨਹੀਂ ਦਿੰਦਾ।

ਮੋਟਰਾਂ ਜੂੰ ਦੀ ਚਾਲ ਚਲਦੀਆਂ ਹਨ। ਸਿਆਲ ਵਿੱਚ ਕਦੇ – ਕਦੇ ਬਰਫ਼ ਪੈਂਦੀ ਹੈ। ਹੌਲੀ – ਹੌਲੀ ਰੂੰ ਵਾਂਗ ਬਰਫ਼ ਪੈਂਦੀ ਹੈ ਤੇ ਸੜਕਾਂ ਦੀਆਂ ਛੱਤਾਂ ਤੇ ਦਰਖ਼ਤ ਬਰਫ਼ ਨਾਲ ਲੱਦੇ ਜਾਂਦੇ ਹਨ। ਚਾਰੇ ਪਾਸੇ ਸਫ਼ੈਦ ਹੀ ਸਫ਼ੈਦ ਰੰਗ ਦਿਖਾਈ ਦਿੰਦਾ ਹੈ।

ਦੋ ਦਿਨਾਂ ਬਾਅਦ ਫੌਗ ਜੰਮ ਕੇ ਬਰਫ਼ ਬਣ ਜਾਂਦੀ ਹੈ ਤੇ ਪਿਘਲਣਾ ਸ਼ੁਰੂ ਹੋ ਜਾਂਦੀ ਹੈ ਤੇ ਸੜਕਾਂ ਤੇ ਚਿੱਕੜ ਜਿਹਾ ਹੋ ਜਾਂਦਾ ਹੈ। ਬਰਫ਼ ਤਸਵੀਰਾਂ, ਪੋਸਟ ਕਾਰਡਾਂ ‘ਤੇ ਹੀ ਚੰਗੀ ਲੱਗਦੀ ਹੈ ਜਾਂ ਦੂਰ ਪਹਾੜਾਂ ਦੀਆਂ ਚੋਟੀਆਂ ‘ਤੇ। ਜੇ ਬਰਫ਼ ਵਿੱਚ ਰਹਿਣਾ ਪਵੇ ਤਾਂ ਜ਼ਿੰਦਗੀ ਦਾ ਕੋਈ ਮਜ਼ਾ ਨਹੀਂ।

ਪ੍ਰਸ਼ਨ 1 . ਅੰਗਰੇਜ਼ਾਂ ਦਾ ਸੁਭਾਅ ਕਿਹੋ ਜਿਹਾ ਹੈ?

ਪ੍ਰਸ਼ਨ 2 . ਪੰਜਾਬੀ ਕਦੋਂ ਉਦਾਸ ਹੋ ਜਾਂਦੇ ਹਨ?

ਪ੍ਰਸ਼ਨ 3 . ਬਰਫ਼ ਕਿੱਥੇ ਚੰਗੀ ਲੱਗਦੀ ਹੈ?

ਪ੍ਰਸ਼ਨ 4 . ਉਪਰੋਕਤ ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।

ਸ਼ਬਦਾਂ ਦੇ ਅਰਥ :

ਤਬੀਅਤ = ਸਿਹਤ (ਸੁਭਾਅ)
ਬਗੈਰ = ਬਿਨਾਂ
ਆਬੋ – ਹਵਾ = ਮੌਸਮ ਦੀ ਚਾਲ
ਜੂੰ ਦੀ ਚਾਲ = ਹੌਲੀ – ਹੌਲੀ ਤੁਰਨਾ