ਸੰਖੇਪ ਰਚਨਾ

ਪਰਿਵਰਤਨ ਹੀ ਜੀਵਨ ਦਾ ਨਿਯਮ ਹੈ

ਕਿਹਾ ਜਾਂਦਾ ਹੈ ਕਿ ਪਰਿਵਰਤਨ ਹੀ ਜੀਵਨ ਦਾ ਨਿਯਮ ਹੈ ਅਤੇ ਇਹ ਗੱਲ ਹੈ ਵੀ ਐਨ ਠੀਕ। ਦਹਾਕਿਆਂ ਜਾਂ
ਵਰ੍ਹਿਆਂ ਦੀ ਗੱਲ ਛੱਡੋ ਅਸੀਂ ਆਪਣੇ ਦੁਆਲੇ ਥੋੜ੍ਹੀ ਜਿਹੀ ਨਜ਼ਰ ਮਾਰਨ ‘ਤੇ ਵੀ ਪਲ-ਪਲ ਰੰਗ-ਰੂਪ ਬਦਲਦੀ ਜੀਵਨ—ਰੌਅ ਨੂੰ ਸਹਿਜੇ ਹੀ ਦੇਖ ਸਕਦੇ ਹਾਂ, ਅਨੁਭਵ ਕਰ ਸਕਦੇ ਹਾਂ। ਕੁਦਰਤ ਅਤੇ ਮਨੁੱਖੀ ਜੀਵਨ ਵਿੱਚ ਪਰਿਵਰਤਨ ਬਹੁਤ ਹੌਲੀ ਵੀ ਹੁੰਦੇ ਹਨ ਅਤੇ ਬਹੁਤ ਤੇਜ਼ ਵੀ। ਪਹਾੜ ਤੇ ਸਮੁੰਦਰ ਵਰਗੀਆਂ ਵਿਸ਼ਾਲ ਚੀਜ਼ਾਂ ਵੀ ਸਦਾ ਇੱਕ ਜਿਹੀਆਂ ਨਹੀਂ ਰਹਿੰਦੀਆਂ, ਭਾਵੇਂ ਇਹਨਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਨੂੰ ਏਨੀ ਅਸਾਨੀ ਨਾਲ ਨਹੀਂ ਦੇਖਿਆ ਜਾ ਸਕਦਾ। ਦੂਜੇ ਪਾਸੇ ਕੁਝ ਕੁਦਰਤੀ ਵਰਤਾਰੇ ਅਜਿਹੇ ਹੁੰਦੇ ਹਨ ਜਿਹੜੇ ਘੜੀ ਪਲ ਪਿੱਛੋਂ ਹੀ ਬਦਲ ਜਾਂਦੇ ਹਨ। ਅਰੋਕ ਚਾਲ ਵਗਦੇ ਦਰਿਆ ਦਾ ਪਾਣੀ, ਫੁੱਟਦੇ ਝੜਦੇ ਪੱਤੇ, ਖਿੜਦੇ – ਮੁਰਝਾਉਂਦੇ ਫੁੱਲ ਆਦਿ ਚੀਜ਼ਾਂ ਪਰਿਵਰਤਨ ਦੇ ਅਟੱਲ ਨਿਯਮ ਦੀ ਹੀ ਗਵਾਹੀ ਦਿੰਦੀਆਂ ਹਨ। ਮਨੁੱਖ ਦਾ ਆਪਣਾ ਨਿੱਜੀ ਤੇ ਸਮਾਜਕ ਜੀਵਨ ਵੀ ਸਦਾ ਸਥਿਰ ਨਹੀਂ ਰਹਿੰਦਾ। ਜੇ ਰਹਿੰਦਾ ਹੈ ਤਾਂ ਇਹ ਗ਼ੈਰ-ਕੁਦਰਤੀ ਹੈ, ਗਿਰਾਵਟ ਜਾਂ ਤਬਾਹੀ ਦਾ ਸੂਚਕ ਹੈ। ਮਨੁੱਖੀ ਸੁਭਾਅ ਵੀ ਅਜਿਹਾ ਹੈ ਕਿ ਉਹ ਇੱਕ ਚਾਲ ਬੱਝੀ ਇੱਕ ਰਸ ਚੀਜ਼ ਤੋਂ ਛੇਤੀ ਅੱਕ ਜਾਂਦਾ ਹੈ ਅਤੇ ਨਵੀਆਂ ਚੀਜ਼ਾਂ, ਨਵੇਂ ਦ੍ਰਿਸ਼ਾਂ ਲਈ ਤਾਂਘ ਤੇ ਯਤਨ ਕਰਨ ਲਗਦਾ ਹੈ। ਇਹ ਉਸ ਦੇ ਸੁਚੇਤ ਤੇ ਅੰਦਰੋਂ ਮਘਦੇ ਹੋਣ ਦਾ ਚਿੰਨ੍ਹ ਹੈ।

ਸਿਰਲੇਖ : ਪਰਿਵਰਤਨ ਹੀ ਜੀਵਨ ਦਾ ਨਿਯਮ ਹੈ

ਸੰਖੇਪ : ਕੁਦਰਤ ਅਤੇ ਮਨੁੱਖੀ ਜੀਵਨ ਵਿੱਚ ਪਰਿਵਰਤਨ ਅਟੱਲ ਨੇਮ ਹੈ। ਇਹ ਹਰ ਪਲ ਆਉਂਦਾ ਰਹਿੰਦਾ ਹੈ, ਕੁਝ ਤੇਜ਼ੀ ਨਾਲ ਤੇ ਕੁਝ ਹੌਲੀ। ਪਹਾੜ, ਸਮੁੰਦਰ ਤੇ ਦਰਿਆ ਦੇ ਪਾਣੀ ਆਦਿ ਸਭ ਪਰਿਵਰਤਨਸ਼ੀਲ ਹਨ। ਮਨੁੱਖ ਦੇ ਨਿੱਜੀ ਤੇ ਸਮਾਜਕ ਜੀਵਨ ਵਿੱਚ ਵੀ ਤਬਦੀਲੀ ਸੁਭਾਵਕ ਹੈ। ਮਨੁੱਖੀ ਸੁਭਾਅ ਵਿੱਚ ਵੀ ਨਵੇਂ ਸਵਾਦਾਂ ਲਈ ਤਾਂਘ ਕਾਇਮ ਰਹਿੰਦੀ ਹੈ। ਇਹੋ ਉਸ ਦੇ ਸੁਚੇਤ ਤੇ ਅੰਦਰੋਂ ਮਘਦੇ ਰਹਿਣ ਦੀ ਨਿਸ਼ਾਨੀ ਹੈ।

ਮੂਲ-ਰਚਨਾ ਦੇ ਸ਼ਬਦ = 192
ਸੰਖੇਪ-ਰਚਨਾ ਦੇ ਸ਼ਬਦ = 64