ਸੰਖੇਪ ਰਚਨਾ – ਪੂਰਨ ਸਿੰਘ ਦੀ ਕਵਿਤਾ ਵਿਚ ਕਿਰਤ ਪਿਆਰ


ਦੋਹੀਂ ਹੱਥੀਂ ਕਿਰਤ ਵਿਚ ਜੁੱਟੀ ਮਨੁੱਖਤਾ ਜਿੰਨਾ ਆਦਰ ਤੇ ਪਿਆਰ ਪੂਰਨ ਸਿੰਘ ਤੋਂ ਲੈ ਸਕੀ ਹੈ, ਸ਼ਾਇਦ ਹੀ ਉਸ ਨੂੰ ਪੰਜਾਬੀ ਦੇ ਕਿਸੇ ਵੀ ਕਵੀ ਪਾਸੋਂ ਮਿਲਿਆ ਹੋਵੇ। ਮਜ਼ਦੂਰ ਦੀ ਸਾਦਗੀ, ਮਨ ਦੀ ਨਿਰਛਲਤਾ, ਸਬਰ ਤੇ ਸੰਤੋਖ ਕਵੀ ਨੂੰ ਖਿੱਚ ਪਾਉਂਦੇ ਹਨ। ਪੰਜਾਬ ਦੇ ਮਜ਼ਦੂਰ ਉਸ ਨੂੰ ਸੁਚੱਜੇ ਕਲਾਕਾਰ ਜਾਪਦੇ ਸਨ। ਉਨ੍ਹਾਂ ਦੀ ਕਿਰਤ ਕਵੀ ਨੂੰ ਕਈ ਨਵੇਂ ਸਿੱਧਾਂਤ ਦੇਂਦੀ ਹੈ ਅਤੇ ਗਿਆਨ, ਵਿਗਿਆਨ ਦੇ ਮਨੋਵਿਗਿਆਨ ਦੇ ਭੰਡਾਰ ਖੋਲ੍ਹਦੀ ਹੈ ਜਿਨ੍ਹਾਂ ਨੂੰ ਖੋਜਣ ਤੇ ਪੜਚੋਲਣ ਨਾਲ ਉਸ ਦੀ ਅੰਤਰ ਆਤਮਾ ਵਿਚ ਠੰਢ ਪੈਂਦੀ ਹੈ।

ਹਲ ਵਾਹੁੰਦੇ ਜੱਟ, ਸਹਿਜ ਸੁਭਾਅ ਪੰਜਾਹ ਕੋਹ ਪੰਡਾ ਮਾਰਨ ਵਾਲੇ ਪੰਜਾਬ ਦੇ ਗੱਭਰੂ, ਲੀਰਾਂ ਦਾ ਬੁਕ ਪਾਈ ਖੂਹਾਂ ਦੇ ਪਾਣੀ ਭਰਦੀਆਂ ਮੁਟਿਆਰਾਂ, ਇਕ-ਸਾਹੇ ਝਨਾਂ ਤਰਦੀਆਂ ਸੋਹਣੀਆਂ, ਚਾਟੀਆਂ ਦੀਆਂ ਚਾਟੀਆਂ ਦੁਧ ਰਿੜਕਣ ਵਾਲੀਆਂ ਜੱਟੀਆਂ, ਗੋਹੇ ਥਪਦੀਆਂ ਅਹੀਰਨਾਂ, ਮੋਢਿਆਂ ਉਤੇ ਡਾਂਗਾਂ ਉਲਾਰੀ ਫੌਲਾਦੀ ਡੋਲਿਆਂ ਵਾਲੇ ਗੱਭਰੂ, ਗਾਰਾ ਤੇ ਇੱਟਾਂ ਢੋ ਕੇ ਮਾੜੀਆਂ ਉਸਾਰਨ ਵਾਲੇ ਮਜ਼ਦੂਰ, ਸਭ ਪੂਰਨ ਸਿੰਘ ਦੇ ਹਰਮਨ ਪਿਆਰੇ ਨਾਇਕ ਤੇ ਨਾਇਕਾਵਾਂ ਹਨ। ਕਿਰਤ ਰਾਹੀਂ ਕਮਾਏ ਹੋਏ ਉਨ੍ਹਾਂ ਦੇ ਜੁੱਸੇ, ਸਾਦਗੀ ਤੇ ਖੁਲ੍ਹ ਵਿਚ ਪਾਲੇ ਹੋਏ ਹੁਸਨ-ਕਵੀ ਦੀ ਬਿਰਤੀ ਨੂੰ ਟੁੰਬਦੇ ਹਨ। (166 ਸ਼ਬਦ)


ਉਪਰੋਕਤ ਦੋ ਪੈਰਿਆਂ ਵਿਚ ਲੇਖਕ ਨੇ ਦੱਸਿਆ ਕਿ ਪੂਰਨ ਸਿੰਘ ਨੇ ਆਪਣੀ ਕਵਿਤਾ ਵਿਚ ਪੰਜਾਬ ਦੇ ਕਿਰਤੀਆਂ ਤੇ ਕਿਸਾਨਾਂ ਦੀ ਭਰਪੂਰ ਵਡਿਆਈ ਕੀਤੀ ਹੈ। ਉਹ ਉਨ੍ਹਾਂ ਨੂੰ ਵੇਖ ਕੇ ਵਜੂਦ ਵਿਚ ਆ ਜਾਂਦਾ ਹੈ ਤੇ ਕਵਿਤਾ ਵਿਚ ਉਨ੍ਹਾਂ ਨੂੰ ਆਪਣੀ ਸ਼ਰਧਾ ਤੇ ਪਿਆਰ ਪੇਸ਼ ਕਰਦਾ ਹੈ। ਲੇਖਕ ਨੇ ਦੂਜੇ ਪੈਰੇ ਵਿਚ ਵੱਖ-ਵੱਖ ਤਰ੍ਹਾਂ ਦੀ ਕਿਰਤ ਕਰਨ ਵਾਲਿਆਂ ਦੇ ਕੰਮਾਂ ਦਾ ਵੇਰਵਾ ਦਿੱਤਾ ਹੈ, ਜਿਸ ਨੂੰ ਕਾਫੀ ਹੱਦ ਤਕ ਛੱਡਿਆ ਤੇ ਸੰਕੋਚਿਆ ਜਾ ਸਕਦਾ ਹੈ, ਪ੍ਰੈਸੀ ਦਾ ਅੰਤਿਮ ਰੂਪ ਇਹ ਹੋਵੇਗਾ।


ਸਿਰਲੇਖ : ਪੂਰਨ ਸਿੰਘ ਦੀ ਕਵਿਤਾ ਵਿਚ-ਕਿਰਤ ਪਿਆਰ

ਪੂਰਨ ਸਿੰਘ ਨੇ ਆਪਣੀ ਕਵਿਤਾ ਵਿਚ ਪੰਜਾਬੀ ਕਿਰਤੀਆਂ ਦੀ ਸਾਦਗੀ, ਸਰਲਤਾ, ਸਬਰ-ਸੰਤੋਖ ਤੇ ਸੁਚੱਜੀ ਕਲਾਕਾਰੀ ਦਾ ਬੜੀ ਸ਼ਰਧਾ ਤੇ ਜ਼ਜ਼ਬੇ ਨਾਲ ਬਿਆਨ ਕੀਤਾ ਹੈ। ਹਲ ਵਾਹੁਣ, ਇੱਟਾਂ ਢੋਣ, ਗੋਹੇ ਥੱਪਣ ਤੇ ਹੋਰ ਉਪਜਾਊ ਤੇ ਹੋਰ ਕੰਮਾਂ ਵਿਚ ਰੁੱਝੇ ਕਿਰਤੀ ਉਸ ਦੀ ਰੂਹ ਨੂੰ ਹੁਲਾਰਾ ਦੇਂਦੇ ਹਨ। ਉਨ੍ਹਾਂ ਦਾ ਸਾਦਾ ਹੁਸਨ ਤੇ ਗਠਵੇਂ ਸਰੀਰ ਉਸ ਦਾ ਮਨ ਮੋਹ ਲੈਂਦੇ ਹਨ। (59 ਸ਼ਬਦ)