ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ


ਪ੍ਰਸ਼ਨ. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਛੇ ਮਹੱਤਵਪੂਰਨ ਨਤੀਜੇ ਦੱਸੋ।

ਉੱਤਰ : ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹੀਦੀ ਦੀ ਘਟਨਾ ਨਾ ਕੇਵਲ ਸਿੱਖ ਇਤਿਹਾਸ ਸਗੋਂ ਸਮੁੱਚੇ ਵਿਸ਼ਵ ਇਤਿਹਾਸ ਵਿੱਚ ਇੱਕ ਅਦੁੱਤੀ ਘਟਨਾ ਹੈ। ਇਸ ਸ਼ਹੀਦੀ ਦੇ ਨਾ ਸਿਰਫ਼ ਪੰਜਾਬ ਬਲਕਿ ਭਾਰਤ ਦੇ ਇਤਿਹਾਸ ‘ਤੇ ਦੂਰਗਾਮੀ ਪ੍ਰਭਾਵ ਪਏ।

1. ਇਤਿਹਾਸ ਦੀ ਇੱਕ ਅਦੁੱਤੀ ਘਟਨਾ : ਦੁਨੀਆ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਇਹ ਕੁਰਬਾਨੀਆਂ ਵਧੇਰੇ ਕਰਕੇ ਆਪਣੇ ਧਰਮ ਦੀ ਰੱਖਿਆ ਜਾਂ ਦੇਸ਼ ਦੀ ਖ਼ਾਤਰ ਦਿੱਤੀਆਂ ਗਈਆਂ। ਗੁਰੂ ਤੇਗ਼ ਬਹਾਦਰ ਜੀ ਨੇ ਮਨੁੱਖਤਾ ਅਤੇ ਸੱਚ ਲਈ ਆਪਣਾ ਸੀਸ ਦਿੱਤਾ। ਨਿਰਸੰਦੇਹ, ਦੁਨੀਆ ਦੇ ਇਤਿਹਾਸ ਦੀ ਇਹ ਇੱਕ ਅਦੁੱਤੀ ਉਦਾਹਰਨ ਸੀ। ਇਸੇ ਕਾਰਨ ਗੁਰੂ ਤੇਗ਼ ਬਹਾਦਰ ਜੀ ਨੂੰ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ।

2. ਸਿੱਖਾਂ ਵਿੱਚ ਬਦਲੇ ਦੀ ਭਾਵਨਾ : ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ ਸਿੱਟੇ ਵਜੋਂ ਸਾਰੇ ਪੰਜਾਬ ਵਿੱਚ ਮੁਗ਼ਲ ਸਾਮਰਾਜ ਪ੍ਰਤੀ ਗੁੱਸੇ ਦੀ ਲਹਿਰ ਦੌੜ ਗਈ। ਇਸ ਲਈ ਸਿੱਖਾਂ ਨੇ ਮੁਗ਼ਲਾਂ ਦੇ ਅੱਤਿਆਚਾਰੀ ਸ਼ਾਸਨ ਦਾ ਅੰਤ ਕਰਨ ਨਿਰਣਾ ਕੀਤਾ।

3. ਹਿੰਦੂ ਧਰਮ ਦੀ ਰੱਖਿਆ : ਔਰੰਗਜ਼ੇਬ ਦੇ ਦਿਨੋ-ਦਿਨ ਵੱਧ ਰਹੇ ਅੱਤਿਆਚਾਰਾਂ ਤੋਂ ਤੰਗ ਆ ਕੇ ਬਹੁਤ ਸਾਰੇ ਹਿੰਦੂਆਂ ਨੇ ਇਸਲਾਮ ਧਰਮ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ। ਹਿੰਦੂ ਧਰਮ ਦੀ ਹੋਂਦ ਲਈ ਇੱਕ ਭਾਰੀ ਖ਼ਤਰਾ ਪੈਦਾ ਹੋ ਗਿਆ ਸੀ। ਅਜਿਹੇ ਸਮੇਂ ਗੁਰੂ ਤੇਗ਼ ਬਹਾਦਰ ਜੀ ਨੇ ਆਪਣੀ ਕੁਰਬਾਨੀ ਦੇ ਕੇ ਹਿੰਦੂ ਧਰਮ ਨੂੰ ਲੋਪ ਹੋਣ ਤੋਂ ਬਚਾ ਲਿਆ।

4. ਖ਼ਾਲਸਾ ਦੀ ਸਿਰਜਨਾ : ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਇਹ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਹੁਣ ਧਰਮ ਦੀ ਰੱਖਿਆ ਲਈ ਉਨ੍ਹਾਂ ਦਾ ਸੰਗਠਿਤ ਹੋਣਾ ਅਤਿ ਜ਼ਰੂਰੀ ਹੈ। ਇਸ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸਾ ਪੰਥ ਦੀ ਸਿਰਜਨਾ ਕੀਤੀ। ਖ਼ਾਲਸਾ ਪੰਥ ਦੀ ਸਿਰਜਨਾ ਨੇ ਇੱਕ ਅਜਿਹੀ ਬਹਾਦਰ ਕੌਮ ਨੂੰ ਜਨਮ ਦਿੱਤਾ ਜਿਸ ਨੇ ਮੁਗ਼ਲਾਂ ਅਤੇ ਅਫ਼ਗਾਨਾਂ ਦਾ ਪੰਜਾਬ ਵਿੱਚੋਂ ਨਾਮੋ-ਨਿਸ਼ਾਨ ਮਿਟਾ ਦਿੱਤਾ।

5. ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਲੜਾਈਆਂ : ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਅਤੇ ਮੁਗ਼ਲਾਂ ਵਿਚਾਲੇ ਲੜਾਈਆਂ ਦਾ ਇੱਕ ਲੰਬਾ ਦੌਰ ਸ਼ੁਰੂ ਹੋਇਆ। ਇਨ੍ਹਾਂ ਲੜਾਈਆਂ ਦੇ ਦੌਰਾਨ ਸਿੱਖ ਅਡੋਲ ਰਹੇ। ਆਪਣੇ ਸੀਮਿਤ ਸਾਧਨਾਂ ਦੇ ਬਾਵਜੂਦ ਸਿੱਖਾਂ ਨੇ ਆਪਣੀ ਬਹਾਦਰੀ ਸਦਕਾ ਮੁਗ਼ਲ ਸਾਮਰਾਜ ਦੀਆਂ ਨੀਹਾਂ ਨੂੰ ਹਿਲਾ ਕੇ ਰੱਖ ਦਿੱਤਾ।

6. ਸ਼ਹੀਦੀਆਂ ਦੀ ਪਰੰਪਰਾ ਦਾ ਸ਼ੁਰੂ ਹੋਣਾ : ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖ ਧਰਮ ਵਿੱਚ ਧਰਮ ਦੀ ਰੱਖਿਆ ਖ਼ਾਤਰ ਸ਼ਹੀਦੀਆਂ ਦੇਣ ਦੀ ਪਰੰਪਰਾ ਸ਼ੁਰੂ ਹੋ ਗਈ। ਗੁਰੂ ਗੋਬਿੰਦ ਸਿੰਘ ਜੀ, ਚਾਰ ਸਾਹਿਬਜ਼ਾਦੇ, ਬੰਦਾ ਸਿੰਘ ਬਹਾਦਰ ਅਤੇ ਸੈਂਕੜੇ ਸਿੱਖ ਧਰਮ ਦੀ ਖ਼ਾਤਰ ਸ਼ਹੀਦੀਆਂ ਪਾ ਗਏ। ਇਸ ਤਰ੍ਹਾਂ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਆਉਣ ਵਾਲੀਆਂ ਨਸਲਾਂ ਲਈ ਇੱਕ ਅਦੁੱਤੀ ਉਦਾਹਰਨ ਸਿੱਧ ਹੋਈ।