ਸੰਖੇਪ ਰਚਨਾ – ਸਿੱਖਾਂ ਦੀ ਅਦੁੱਤੀ ਦਲੇਰੀ


ਸਭਰਾਵਾਂ ਦੀ ਲੜਾਈ ਦਾ ਜ਼ਿਕਰ ਕਰਦਾ ਹੋਇਆ ਕੰਨਿੰਘਮ ਲਿਖਦਾ ਹੈ ਕਿ ਭਾਵੇਂ ਅੰਗਰੇਜ਼ਾਂ ਦੇ ਘੋੜ-ਚੜ੍ਹੇ ਰਿਸਾਲੇ ਤੇ ਪੈਦਲ ਪਲਟਨਾਂ ਸਿੰਘਾਂ ਉਤੇ ਹਰ ਪਾਸਿਓਂ ਚੜ੍ਹੀਆਂ ਆ ਰਹੀਆਂ ਸਨ, ਪਰ ਕਿਸੇ ਸਿੱਖ ਨੇ ਈਨ ਨਾ ਮੰਨੀ ਅਤੇ ਨਾ ਗੁਰੂ ਗੋਬਿੰਦ ਸਿੰਘ ਦੇ ਕਿਸੇ ਨਾਮ-ਲੇਵਾ ਨੇ ਪਨਾਹ ਮੰਗੀ। ਹਰ ਥਾਂ ਤੇ ਉਨ੍ਹਾਂ ਨੇ ਵਿਜ਼ਈਆਂ ਦਾ ਸਨਮੁਖ ਟਾਕਰਾ ਕੀਤਾ ਅਰਥਾਤ ਕਿਸੇ ਪਿੱਠ ਨਹੀਂ ਵਿਖਾਈ। ਉਹ ਬੜੇ ਦੁਖੀ ਹਿਰਦੇ ਨਾਲ ਹੌਲੀ-ਹੌਲੀ ਪਿੱਛੇ ਹਟੇ ਅਤੇ ਕਈ ਇਕੱਲੇ-ਇਕੱਲੇ ਹੀ ਅਨੇਕਾਂ ਨਾਲ ਜੂਝ ਕੇ ਸਾਮ੍ਹਣੇ ਖਲੋਤੀ ਮੌਤ ਦਾ ਸੁਆਗਤ ਕਰਨ ਲਈ ਕੁੱਦ ਪਏ। ਵਿਜਈ ਇਨ੍ਹਾਂ ਹਾਰਿਆਂ ਦੀ ਇਕ ਨਾ ਜਿੱਤੀ ਜਾ ਸਕਣ ਵਾਲੀ ਦਲੇਰੀ ਨੂੰ ਵੇਖ ਕੇ ਅਜੀਬ ਤਰ੍ਹਾਂ ਹੈਰਾਨ ਹੋ ਰਹੇ ਸਨ ਕਿ ਉਹ ਬੇਬਸ ਹੋਏ ਵੀ ਵੈਰੀ ਅੱਗੇ ਤਰਸ ਲਈ ਲਿਲਕੜੀਆਂ ਕੱਢਣ ਕੀ ਥਾਂ ਨਫਰਤ ਦੀਆਂ ਘੂਰੀਆਂ ਤੇ ਤਿਉੜੀਆਂ ਵਟਦੇ ਸਨ।


ਸਪੱਸ਼ਟ ਹੈ ਕਿ ਇਸ ਪੈਰੇ ਵਿਚ ਕੰਨਿੰਘਮ ਨੇ ਅੰਗਰੇਜ਼ਾਂ ਤੇ ਸਿੱਖਾਂ ਦੇ ਵਿਚਕਾਰ ਲੜੀ ਗਈ ਸਭਰਾਵਾਂ ਦੀ ਲੜਾਈ ਵਿਚ ਸਿੱਖਾਂ ਦੀ ਅਦੁੱਤੀ ਦਲੇਰੀ ਦਾ ਵਰਣਨ ਕੀਤਾ ਹੈ। ਸੋ, ‘ਸਿੱਖਾਂ ਦੀ ਅਦੁੱਤੀ ਦਲੇਰੀ’ ਇਸ ਦਾ ਢੁਕਵਾਂ ਸਿਰਲੇਖ ਹੈ। ਉਨ੍ਹਾਂ ਦੀ ਦਲੇਰੀ ਇਸ ਗੱਲ ਵਿਚ ਹੈ ਕਿ ਈਨ-ਮੰਨਣ, ਪਨਾਹ ਮੰਗਣ, ਜਾਨ ਬਖਸ਼ੀ ਲਈ ਤਰਲੇ ਕੱਢਣ ਜਾਂ ਭੱਜ ਕੇ ਜਾਨ ਬਚਾਣ ਦੀ ਥਾਂ ਉਹ ਸਿੱਧੇ-ਸਾਹਵੇਂ ਹੋ ਕੇ ਲੜੇ ਹਨ ਤੇ ਉਨ੍ਹਾਂ ਨੇ ਮੌਤ ਨੂੰ ਵੰਗਾਰਿਆ ਹੈ। ਸਾਡੇ ਆਪਣੇ ਸ਼ਬਦਾਂ ਵਿਚ ਇਸ ਦੀ ਪ੍ਰੈਸੀ ਐਉਂ ਬਣੇਗੀ:


ਸਿਰਲੇਖ : ਸਿੱਖਾਂ ਦੀ ਅਦੁੱਤੀ ਦਲੇਰੀ

ਕੰਨਿੰਘਮ ਲਿਖਦਾ ਹੈ ਕਿ ਸਭਰਾਵਾਂ ਦੀ ਲੜਾਈ ਵਿਚ ਸਿੱਖਾਂ ਨੇ ਹਾਰ ਮੰਨਣ ਜਾਂ ਭੱਜ ਕੇ ਜਾਨ ਬਚਾਣ ਦੀ ਥਾਂ ਅੰਗਰੇਜ਼ਾਂ ਦਾ ਡਟ ਕੇ ਟਾਕਰਾ ਕੀਤਾ। ਸਨਮੁਖ ਲੜ ਕੇ ਵੈਰੀ ਦੇ ਆਹੂ ਲਾਹੁਂਦਿਆਂ ਉਹ ਖੁਸ਼ੀ-ਖੁਸ਼ੀ ਸ਼ਹੀਦ ਹੋ ਗਏ। ਉਨ੍ਹਾਂ ਦੀ ਅਜਿੱਤ ਦਲੇਰੀ ਨੇ ਵੈਰੀਆਂ ਨੂੰ ਹੈਰਾਨ ਕਰ ਦਿੱਤਾ।