ਲੇਖ : ਭਾਰਤ ਦੀ ਵਿਦੇਸ਼ ਨੀਤੀ


ਭਾਰਤ ਦੀ ਵਿਦੇਸ਼ ਨੀਤੀ


ਵਿਦੇਸ਼ ਨੀਤੀ ਤੋਂ ਭਾਵ : ਵਿਦੇਸ਼ ਨੀਤੀ ਤੋਂ ਭਾਵ ਕਿਸੇ ਦੇਸ਼ ਦਾ ਦੁਨੀਆ ਦੇ ਦੂਜੇ ਦੇਸ਼ਾਂ ਨਾਲ ਸੰਬੰਧ ਅਤੇ ਉਸ ਦਾ ਅੰਤਰ-ਰਾਸ਼ਟਰੀ ਸਮੱਸਿਆਵਾਂ ਪਤੀ ਦ੍ਰਿਸ਼ਟੀਕੋਣ। ਵਿਗਿਆਨ ਦੇ ਅਜੋਕੇ ਯੁੱਗ ਵਿੱਚ ਸਥਾਨ ਦੀ ਦੂਰੀ ਬਹੁਤ ਹੱਦ ਤੱਕ ਘਟ ਗਈ ਹੈ। ਇੱਕ ਦੇਸ਼ ਦੀਆਂ ਸਮੱਸਿਆਵਾਂ ਦੂਸਰੇ ਦੇਸ਼ਾਂ ਨੂੰ ਪ੍ਰਭਾਵਿਤ ਕਰਨ ਲੱਗ ਪਈਆਂ ਹਨ। ਇਸ ਹਾਲਤ ਵਿੱਚ ਹਰ ਦੇਸ਼ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਇਨ੍ਹਾਂ ਸਮੱਸਿਆਵਾਂ ਪ੍ਰਤੀ ਇੱਕ ਅਜਿਹਾ ਰਵੱਈਆ ਅਪਣਾਵੇ ਜੋ ਉਸ ਦੇਸ਼ ਅਤੇ ਸਾਰੇ ਸੰਸਾਰ ਲਈ ਲਾਭਦਾਇਕ ਹੋਵੇ। ਸੋ ਕਿਸੇ ਵੀ ਦੇਸ਼ ਦੀ ਵਿਦੇਸ਼ ਨੀਤੀ ਉਸ ਦੀਆਂ ਭੂਗੋਲਿਕ ਸਥਿਤੀਆਂ, ਰਾਸ਼ਟਰੀ ਲੋੜਾਂ ਅਤੇ ਸੰਸਾਰ ਦੀ ਸਥਿਤੀ ਤੇ ਨਿਰਭਰ ਕਰਦੀ ਹੈ। ਭਾਰਤ ਦੀ ਵਿਦੇਸ਼ੀ ਨੀਤੀ ਬਣਾਉਣ ਸਮੇਂ ਭਾਰਤੀ ਨੇਤਾਵਾਂ ਨੇ ਕੁਝ ਤੱਥਾਂ ਨੂੰ ਧਿਆਨ ਵਿੱਚ ਰੱਖਿਆ ਹੈ।

ਅਜ਼ਾਦੀ ਤੋਂ ਬਾਅਦ ਭਾਰਤ ਨੇ ਵਿਦੇਸ਼ੀ ਨੀਤੀ ਅਪਣਾਈ : ਭਾਰਤ ਨੂੰ ਢੇਰ ਚਿਰ ਵਿਦੇਸ਼ੀ ਹਾਕਮਾਂ ਦੀ ਗ਼ੁਲਾਮੀ ਦਾ ਸ਼ਿਕਾਰ ਰਹਿਣਾ ਪਿਆ ਹੈ। ਉਸ ਸਮੇਂ ਭਾਰਤੀ ਆਪਣੀ ਕਿਸਮਤ ਦੇ ਆਪ ਮਾਲਕ ਨਹੀਂ ਸਨ। ਹਾਕਮਾਂ ਦੀ ਮਰਜ਼ੀ ਹੀ ਉਨ੍ਹਾਂ ਦੀ ਮਰਜ਼ੀ ਸਮਝੀ ਜਾਂਦੀ ਸੀ ਤੇ ਵਿਦੇਸ਼ੀ ਹਾਕਮ ਆਪਣੇ ਲਾਭਾਂ ਹਿੱਤ ਉਨ੍ਹਾਂ ਦੀ ਇੱਛਾ ਦੇ ਉਲਟ ਵੀ ਭਾਰਤ ਨੂੰ ਅੰਤਰ-ਰਾਸ਼ਟਰੀ ਮਸਲਿਆਂ ਵਿੱਚ ਆਪਣੇ ਧੜੇ ਵਿੱਚ ਸ਼ਾਮਲ ਕਰ ਲਿਆ ਕਰਦੇ ਸਨ। ਉਦਾਹਰਣ ਵਜੋਂ ਦੂਜੇ ਸੰਸਾਰ ਯੁੱਧ ਸਮੇਂ ਅੰਗਰੇਜ਼ ਹਕੂਮਤ ਨੇ ਭਾਰਤੀਆਂ ਦੀ ਰਾਏ ਲਏ ਬਿਨਾਂ ਹੀ ਭਾਰਤ ਨੂੰ ਜੰਗ ਵਿੱਚ ਸ਼ਾਮਲ ਕਰ ਲਿਆ ਸੀ। ਪਰ ਜਦੋਂ 15 ਅਗਸਤ 1947 ਨੂੰ ਦੇਸ਼-ਭਗਤਾਂ ਦੇ ਨਿਰੰਤਰ ਤੇ ਅਣਥੱਕ ਯਤਨਾਂ ਸਦਕਾ ਵਿਦੇਸ਼ੀ ਹਕੂਮਤ ਦਾ ਜੂਲਾ ਉਤਰਿਆ ਤੇ ਭਾਰਤੀ ਆਪਣੀ ਤਕਦੀਰ ਦੇ ਆਪ ਮਾਲਕ ਬਣੇ, ਉਦੋਂ ਤੋਂ ਭਾਰਤ ਨੇ ਅੰਦਰਲੀਆਂ ਤੇ ਬਾਹਰਲੀਆਂ ਸਮੱਸਿਆਵਾਂ ਪ੍ਰਤੀ ਸੁਤੰਤਰ ਨੀਤੀ ਅਪਣਾਈ ਹੈ।

ਪਰੰਪਰਾ ਨੂੰ ਨਾਲ ਰੱਖਿਆ : ਭੂਗੋਲਿਕ ਤੌਰ ‘ਤੇ ਭਾਰਤ ਨੂੰ ਏਸ਼ੀਆ ਦੇ ਮਹਾਂਦੀਪ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਭਾਰਤ ਦੀ ਵਿਦੇਸ਼ ਨੀਤੀ ਵਿੱਚ ਇਸ ਗੱਲ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ। ਭਾਰਤ ਮਹਾਤਮਾ ਬੁੱਧ, ਗੁਰੂ ਨਾਨਕ ਅਤੇ ਮਹਾਤਮਾ ਗਾਂਧੀ ਵਰਗੇ ਮਹਾਂ-ਪੁਰਖਾਂ ਦੀ ਭੂਮੀ ਹੈ ਜਿਨ੍ਹਾਂ ਨੇ ਮਨੁੱਖਤਾ ਨੂੰ ਸਹਿਨਸ਼ੀਲਤਾ, ਮਨੁੱਖੀ ਬਰਾਬਰੀ, ਆਪਸੀ ਪ੍ਰੇਮ ਅਤੇ ਸ਼ਾਂਤੀ ਦਾ ਉਪਦੇਸ਼ ਦਿੱਤਾ। ਇਸ ਤਰ੍ਹਾਂ ਭਾਰਤ ਦੇ ਇਤਿਹਾਸ ਨੇ ਅਮਨ-ਸ਼ਾਂਤੀ, ਸਹਿਣਸ਼ੀਲਤਾ, ਮਨੁੱਖੀ ਬਰਾਬਰੀ ਅਤੇ ਪ੍ਰੇਮ ਦੀ ਲੰਮੀ ਪਰੰਪਰਾ ਪ੍ਰਦਾਨ ਕੀਤੀ ਹੈ। ਭਾਰਤ ਦੀ ਵਿਦੇਸ਼ ਨੀਤੀ ਨਿਸ਼ਚਿਤ ਕਰਨ ਸਮੇਂ ਇਸ ਪਰੰਪਰਾ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ।

ਜੰਗ ਦੇ ਪ੍ਰਭਾਵ ਤੇ ਹਾਲਾਤ : ਭਾਰਤ ਸਦੀਆਂ ਦੀ ਗ਼ੁਲਾਮੀ ਕਾਰਣ ਸਮਾਜਕ ਅਤੇ ਆਰਥਿਕ ਵਿਕਾਸ ਦੀ ਦੌੜ ਵਿੱਚ ਸੰਸਾਰ ਦੇ ਹੋਰ ਬਹੁਤ ਸਾਰੇ ਦੇਸ਼ਾਂ ਤੋਂ ਬਹੁਤ ਪਛੜ ਗਿਆ। ਇਨ੍ਹਾਂ ਖੇਤਰਾਂ ਵਿੱਚ ਅੱਗੇ ਵਧਣ ਲਈ ਦੇਸ਼ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਅਮਨ ਦੀ ਸਥਿਤੀ ਲਾਜ਼ਮੀ ਸੀ। ਨਾਲੇ ਦੋ ਵਿਸ਼ਵ ਜੰਗਾਂ ਨੇ ਮਨੁੱਖੀ ਵਿਕਾਸ ਨੂੰ ਬਹੁਤ ਧੱਕਾ ਲਾਇਆ। ਹੁਣ ਪ੍ਰਮਾਣੂ ਅਤੇ ਨਾਈਟਰੋਜਨ ਵਰਗੇ ਖ਼ਤਰਨਾਕ ਬੰਬਾਂ ਅਤੇ ਹੋਰ ਮਾਰੂ ਹਥਿਆਰਾਂ ਦੇ ਉਤਪਾਦਨ ਸਦਕਾ ਸੰਸਾਰ ‘ਤੇ ਤੀਸਰੀ ਜੰਗ ਦੇ ਬੱਦਲ ਛਾਏ ਹੋਏ ਹਨ। ਇੱਕ ਵਾਰ ਕਿਸੇ ਨੇ ਪ੍ਰਸਿੱਧ ਵਿਗਿਆਨੀ ਆਇਨਸਟਾਇਨ ਤੋਂ ਪੁੱਛਿਆ ਕਿ ਭਵਿੱਖ ਦੇ ਯੁੱਧ ਬਾਰੇ ਤੁਹਾਡੇ ਕੀ ਵਿਚਾਰ ਹਨ, ਤਾਂ ਉਨ੍ਹਾਂ ਕਿਹਾ ਸੀ ਕਿ “ਮੈਂ ਇਸ ਦੀ ਕਲਪਨਾ ਤਾਂ ਨਹੀਂ ਕਰ ਸਕਦਾ, ਪਰ ਉਸ ਯੁੱਧ ਦੇ ਬਾਅਦ ਦੀ ਸਥਿਤੀ ਮੈਂ ਬਿਆਨ ਕਰ ਸਕਦਾ ਹਾਂ…ਉਦੋਂ ਅਸੀਂ ਫਿਰ ਪੱਥਰ-ਯੁੱਗ ਵਿੱਚ ਚਲੇ ਜਾਵਾਂਗੇ।” ਇਨ੍ਹਾਂ ਸਥਿਤੀਆਂ ਵਿੱਚ ਜ਼ਖ਼ਮੀ ਮਨੁੱਖਤਾ ਦੇ ਫੱਟਾਂ ‘ਤੇ ਸ਼ਾਂਤੀ ਦੀ ਮਲ੍ਹਮ ਲਗਾਉਣੀ ਬਹੁਤ ਜ਼ਰੂਰੀ ਹੈ। ਵਿਸ਼ਵ ਦੇ ਇਹ ਹਾਲਾਤ ਵੀ ਹਰ ਦੇਸ਼ ਦੀ ਵਿਦੇਸ਼ੀ ਨੀਤੀ ‘ਤੇ ਅਸਰ ਪਾਏ ਬਿਨਾਂ ਨਹੀਂ ਰਹਿ ਸਕਦੇ।

ਭਾਰਤ ਨੇ ਵੀ ਉਪਰੋਕਤ ਸਥਿਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੀ ਵਿਦੇਸ਼ੀ ਨੀਤੀ ਘੜੀ ਹੈ। ਇਸ ਨੀਤੀ ਵਿੱਚ ਮਨੁੱਖਾਂ ਦੀ ਆਪਸੀ ਬਰਾਬਰੀ, ਸਭ ਦੇਸ਼ਾਂ ਦੀ ਸਨਮਾਨ ਭਰੀ ਸਹਿਹੋਂਦ ਤੇ ਗੁਟ-ਨਿਰਪੱਖਤਾ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ।

ਭਾਰਤ ਦੀ ਵਿਦੇਸ਼ ਨੀਤੀ ਦਾ ਉਸਰੱਈਆ : ਭਾਰਤ ਦੀ ਵਿਦੇਸ਼ੀ ਨੀਤੀ ਬਾਰੇ ਤਾਂ ਦੋ ਰਾਵਾਂ ਹੋ ਸਕਦੀਆਂ ਹਨ। ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਦਾ ਉਸਰੱਈਆ ਹੋਣ ਦਾ ਸਿਹਰਾ ਪੰਡਤ ਜਵਾਹਰ ਲਾਲ ਨਹਿਰੂ ਦੇ ਸਿਰ ਹੈ। ਉਨ੍ਹਾਂ ਨੇ ਹੀ ਇਸ ਨੀਤੀ ਨੂੰ ਉਸਾਰਿਆ ਅਤੇ ਪ੍ਰਚਾਰਿਆ। ਉਨ੍ਹਾਂ ਨੇ ਗੁਟ-ਨਿਰਪੱਖਤਾ ਨੂੰ ਭਾਰਤੀ ਵਿਦੇਸ਼ੀ ਨੀਤੀ ਦਾ ਪ੍ਰਮੁੱਖ ਅਧਾਰ ਨਿਸ਼ਚਿਤ ਕੀਤਾ। ਇਹ ਸਮੇਂ ਦੀ ਤੇ ਰਾਸ਼ਟਰ ਦੀ ਲੋੜ ਸੀ ਜਿਸ ਨੂੰ ਉਨ੍ਹਾਂ ਨੇ ਪਛਾਣਿਆ। ਅੱਜ ਸਾਰਾ ਸੰਸਾਰ ਦੋ ਪ੍ਰਮੁੱਖ ਸ਼ਕਤੀ-ਗੁੱਟਾਂ ਵਿੱਚ ਵੰਡਿਆ ਹੋਇਆ ਹੈ—ਅਮਰੀਕਨ ਗੁੱਟ ਅਤੇ ਰੂਸੀ ਗੁੱਟ। ਇਨ੍ਹਾਂ ਵਿੱਚ ਵਿਚਾਰਾਂ ਦੀ ਇੱਕ ਸਰਦ ਜੰਗ ਚਲਦੀ ਰਹਿੰਦੀ ਹੈ ਜੋ ਸਾਰੇ ਸੰਸਾਰ ਲਈ ਖ਼ਤਰੇ ਦਾ ਕਾਰਣ ਹੋ ਸਕਦੀ ਹੈ। ਇਸੇ ਲਈ ਭਾਰਤ ਨੇ ਕਿਸੇ ਵੀ ਗਰੁੱਪ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਭਾਵੇਂ ਸੰਸਾਰ ਦੇ ਬਹੁਤੇ ਦੇਸ਼ ਕਿਸੇ ਨਾ ਕਿਸੇ ਸ਼ਕਤੀ-ਗੁੱਟ ਵਿੱਚ ਸ਼ਾਮਲ ਹੋ ਚੁੱਕੇ ਹਨ ਪਰ ਭਾਰਤ ਹੁਣ ਵੀ ਸੰਸਾਰ ਦੇ ਸਭ ਮੁਲਕਾਂ ਨਾਲ ਬਰਾਬਰੀ ਦੇ ਪੱਧਰ ‘ਤੇ ਮਿੱਤਰਤਾ ਪੂਰਨ ਸੰਬੰਧਾਂ ਦਾ ਚਾਹਵਾਨ ਹੈ। 1949 ਵਿੱਚ ਇੱਕ ਵਾਰ ਪੰਡਤ ਨਹਿਰੂ ਨੇ ਭਾਰਤ ਦੀ ਵਿਦੇਸ਼ੀ ਨੀਤੀ ਬਾਰੇ ਬੋਲਦਿਆਂ ਇਸ ਦੇ ਪ੍ਰਮੁੱਖ ਤੱਤਾਂ ‘ਤੇ ਚਾਨਣਾ ਪਾਉਂਦਿਆਂ ਕਿਹਾ ਸੀ–‘ਅਸੀਂ ਕਿਸੇ ਵੀ ਸ਼ਕਤੀ-ਗੁੱਟ ਨਾਲ ਜੁੜਨ ਦੀ ਥਾਂ ਮੱਤਭੇਦ ਵਾਲੇ ਮਸਲਿਆਂ ਬਾਰੇ ਸੁਤੰਤਰ ਦ੍ਰਿਸ਼ਟੀਕੋਣ ਰਾਹੀਂ ਸ਼ਾਂਤੀ ਸਥਾਪਤ ਕਰਨ ਦੇ ਚਾਹਵਾਨ ਹਾਂ। ਭਾਰਤ ਹਰ ਦੇਸ਼ ਵਿੱਚ ਮਨੁੱਖ ਦੀ ਸੁਤੰਤਰਤਾ ਦਾ ਹਮਾਇਤੀ ਹੈ ਅਤੇ ਸੰਸਾਰ ਵਿੱਚੋਂ ਹਰ ਤਰ੍ਹਾਂ ਦੇ ਜਾਤੀ ਭੇਦ-ਭਾਵ, ਅਨਪੜ੍ਹਤਾ, ਬੀਮਾਰੀ ਅਤੇ ਵਿਤਕਰਿਆਂ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ।

ਪੰਚਸ਼ੀਲ ਸਿਧਾਂਤ : ਭਾਰਤੀ ਵਿਦੇਸ਼ੀ ਨੀਤੀ ਦੇ ਇਨ੍ਹਾਂ ਮੰਤਵਾਂ ਦੀ ਪੂਰਤੀ ਲਈ ਪੰਡਤ ਨਹਿਰੂ ਨੇ ਪੰਚਸ਼ੀਲ ਦੀ ਸਥਾਪਨਾ ਕੀਤੀ ਜਿਸ ਦਾ ਪ੍ਰਮੁੱਖ ਸਿਧਾਂਤ ਗੁੱਟ-ਨਿਰਪੱਖਤਾ ਹੈ। ਪੰਚਸ਼ੀਲ ਦੇ ਪ੍ਰਮੁੱਖ ਸਿਧਾਂਤਾਂ ਵਿੱਚ ਸਨਮਾਨ ਭਰਪੂਰ ਸਹਿਹੋਂਦ, ਅਹਿੰਸਾ, ਦੂਸਰੇ ਦੇਸ਼ ਦੇ ਮਸਲਿਆਂ ਵਿੱਚ ਦਖ਼ਲ ਨਾ ਦੇਣਾ ਅਤੇ ਬਰਾਬਰੀ ਦੇ ਅਧਾਰ ਤੇ ਸਭ ਦੇਸ਼ਾਂ ਦਾ ਸਨਮਾਨ ਕਰਨਾ ਸ਼ਾਮਲ ਹੈ। ਇਨ੍ਹਾਂ ਨੂੰ ਬਹੁਤ ਸਾਰੇ ਦੇਸ਼ ਆਪਣੀ ਅੰਤਰ-ਰਾਸ਼ਟਰੀ ਨੀਤੀ ਦਾ ਸਿਧਾਂਤਕ ਰੂਪ ਵਿੱਚ ਅਧਾਰ ਸਵੀਕਾਰ ਕਰ ਚੁੱਕੇ ਹਨ।

ਸਫ਼ਲ ਨੀਤੀ : ਪੰਚਸ਼ੀਲ ਦੇ ਸਿਧਾਂਤਾਂ ਦੀ ਰੌਸ਼ਨੀ ਵਿੱਚ ਵੇਖਿਆ ਜਾਏ ਤਾਂ ਭਾਰਤ ਦੀ ਵਿਦੇਸ਼ੀ ਨੀਤੀ ਬਹੁਤ ਸਫ਼ਲ ਮਾਲੂਮ ਹੁੰਦੀ ਹੈ। ਭਾਰਤ ਕਈ ਦੇਸ਼ਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਵਿੱਚ ਸਹਾਇੱਕ ਸਿੱਧ ਹੋਇਆ ਹੈ। ਗੁੱਟ ਨਿਰਪੱਖਤਾ ਦੀ ਨੀਤੀ ‘ਤੇ ਚਲਦਿਆਂ ਭਾਰਤ ਅੰਤਰ-ਰਾਸ਼ਟਰੀ ਮਹੱਤਤਾ ਵਾਲੇ ਮਾਮਲਿਆਂ ਵਿੱਚ ਕਾਫ਼ੀ ਮਹੱਤਵਪੂਰਨ ਸਥਾਨ ਪ੍ਰਾਪਤ ਕਰ ਗਿਆ ਹੈ। ਭਾਰਤ ਦੇ ਯਤਨਾਂ ਸਦਕਾ ਦੋਵੇਂ ਸ਼ਕਤੀ-ਗੁੱਟਾਂ ਵਿੱਚ ਤਨਾਓ ਘਟਾਉਣ ਵਿੱਚ ਮਦਦ ਮਿਲੀ ਹੈ। ਭਾਰਤ ਦੀ ਗੁੱਟ-ਨਿਰਪੱਖਤਾ ਦੀ ਨੀਤੀ ਅੱਜ ਵਿਸ਼ਵ- ਵਿਆਪੀ ਲਹਿਰ ਦਾ ਰੂਪ ਧਾਰਨ ਕਰ ਚੁੱਕੀ ਹੈ। ਹੁਣ ਵੀ ਗੁੱਟ-ਨਿਰਪੱਖ ਦੇਸ਼ਾਂ ਦੀਆਂ ਬੈਠਕਾਂ ਹੁੰਦੀਆਂ ਹਨ ਜੋ ਭਾਰਤ ਦੀ ਇਸ ਨੀਤੀ ਦੀ ਸਫ਼ਲਤਾ ਦਾ ਪ੍ਰਤੱਖ ਪ੍ਰਮਾਣ ਹੈ।

ਵਾਦ-ਵਿਵਾਦ : ਪਰ ਕਈ ਦੇਸ਼ਾਂ ਵੱਲੋਂ ਭਾਰਤ ਦੀ ਨੀਅਤ ‘ਤੇ ਸਮੇਂ-ਸਮੇਂ ਸ਼ੰਕੇ ਪ੍ਰਗਟ ਕੀਤੇ ਗਏ ਹਨ। ਭਾਰਤ ਵੱਲੋਂ ਪੁਰਤਗਾਲੀਆਂ ਨੂੰ ਗੋਆ ‘ਚੋਂ ਕੱਢਣ ਅਤੇ ਕਸ਼ਮੀਰ ਪ੍ਰਤੀ ਭਾਰਤ ਦੇ ਦ੍ਰਿਸ਼ਟੀਕੋਣ ਦੀ ਕਈ ਦੇਸ਼ਾਂ ਵੱਲੋਂ ਸਖ਼ਤ ਆਲੋਚਨਾ ਕੀਤੀ ਜਾਂਦੀ ਰਹੀ ਹੈ, ਪਰ ਇਤਿਹਾਸ ਗਵਾਹ ਹੈ ਕਿ ਭਾਰਤ ਨੇ ਨਾ ਹੀ ਕਦੀ ਕਿਸੇ ਦੇਸ਼ ਦੇ ਅੰਦਰਲੇ ਮਾਮਲਿਆਂ ਵਿੱਚ ਦਖ਼ਲ-ਅੰਦਾਜ਼ੀ ਕੀਤੀ ਹੈ ਅਤੇ ਨਾ ਹੀ ਕਿਸੇ ਦੇਸ਼ ਦੀ ਧਰਤੀ ‘ਤੇ ਕਬਜ਼ਾ ਕਰਨ ਦਾ ਯਤਨ ਕੀਤਾ ਹੈ। ਬੰਗਲਾ ਦੇਸ਼ ਦੇ ਮਾਮਲੇ ਵਿੱਚ ਭਾਰਤ ਨੇ ਇੱਕ-ਪੱਖੀ ਜੰਗਬੰਦੀ ਦਾ ਐਲਾਨ ਕਰ ਕੇ ਜਿੱਤੇ ਹੋਏ ਇਲਾਕੇ ਵਾਪਸ ਦੇ ਕੇ ਆਪਣੀ ਸਹਿਹੋਂਦ ਦੀ ਨੀਤੀ ਦੀ ਪ੍ਰੋੜਤਾ ਕੀਤੀ ਅਤੇ ਦੁਨੀਆ ਨੂੰ ਸਿੱਧ ਕਰ ਦਿੱਤਾ ਕਿ ਭਾਰਤ ਕਿਸੇ ਦੇਸ਼ ਦੀ ਭੂਮੀ ‘ਤੇ ਕਾਬਜ਼ ਹੋਣ ਦੀ ਕੋਈ ਇੱਛਾ ਨਹੀਂ ਰੱਖਦਾ। ਇਸੇ ਤਰ੍ਹਾਂ ਹੀ ਭਾਰਤ ਨੇ ਬੰਗਲਾ ਦੇਸ਼, ਪਾਕਿਸਤਾਨ ਤੇ ਅਫ਼ਗਾਨਿਸਤਾਨ ਆਦਿ ਗਵਾਂਢੀ ਦੇਸ਼ਾਂ ਵਿੱਚ ਹੋਏ ਰਾਜ-ਪਲਟਿਆਂ ਬਾਰੇ ਕੋਈ ਉਲਾਰੂ ਕਦਮ ਨਹੀਂ ਪੁੱਟਿਆ ਕਿਉਂਕਿ ਇਹ ਇਨ੍ਹਾਂ ਦੇਸ਼ਾਂ ਦੇ ਅੰਦਰਲੇ ਮਸਲੇ ਹਨ। ਉਨ੍ਹਾਂ ਨਾਲ ਭਾਰਤ ਦੇ ਸੰਬੰਧ ਪਹਿਲਾਂ ਦੀ ਤਰ੍ਹਾਂ ਹੀ ਸਥਾਪਤ ਹਨ, ਦਿਨੋ-ਦਿਨ ਇਨ੍ਹਾਂ ਵਿੱਚ ਸੁਧਾਰ ਹੀ ਹੋਇਆ ਹੈ।

ਅਮਨ-ਸ਼ਾਂਤੀ ਦਾ ਹਾਮੀ : ਭਾਰਤ ਸੰਸਾਰ-ਅਮਨ ਅਤੇ ਜਾਤੀ ਭੇਦ-ਭਾਵ ਬਾਰੇ ਵੀ ਆਪਣੀ ਨੀਤੀ ‘ਤੇ ਪਹਿਲਾਂ ਵਾਂਗ ਹੀ ਦ੍ਰਿੜ੍ਹ ਹੈ। ਭਾਰਤ ਨੇ ਪ੍ਰਮਾਣੂ-ਹਥਿਆਰਾਂ ਨੂੰ ਰੋਕਣ ਲਈ ਕੀਤੀ ਗਈ ਸੰਧੀ ਤੇ ਉਦੋਂ ਤੱਕ ਦਸਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਦੋਂ ਤੱਕ ਕਿ ਵੱਡੀਆਂ ਤਾਕਤਾਂ ਆਪਣੇ ਪ੍ਰਮਾਣ ਹਥਿਆਰਾਂ ਨੂੰ ਨਸ਼ਟ ਕਰ ਕੇ ਅੱਗੇ ਤੋਂ ਹਥਿਆਰ ਨਾ ਬਣਾਉਣ ਦਾ ਵਚਨ ਨਹੀਂ ਦੇਂਦੀਆਂ। ਇਸੇ ਤਰ੍ਹਾਂ ਭਾਰਤ ਜਾਤੀ ਭੇਦ-ਭਾਵ ਰੋਕਣ ਲਈ ਅਫ਼ਰੀਕਾ ਅਤੇ ਦੂਜੇ ਦੇਸ਼ਾਂ ਦੀ ਹਮਾਇਤ ਵੀ ਪਹਿਲਾਂ ਦੀ ਤਰ੍ਹਾਂ ਹੀ ਕਰ ਰਿਹਾ ਹੈ।

ਸੱਤਾ ਪਰਿਵਰਤਨ ਤੋਂ ਆਸਾਂ : ਛੇਵੀਆਂ ਆਮ ਚੋਣਾਂ ਸਮੇਂ ਭਾਰਤ ਦੇ ਰਾਜਨੀਤਕ ਮੰਚ ‘ਤੇ ਕਈ ਮਹੱਤਵਪੂਰਨ ਤਬਦੀਲੀਆਂ ਵਾਪਰੀਆਂ। ਤੀਹ ਸਾਲ ਪੁਰਾਣੀ ਕਾਂਗਰਸ ਸਰਕਾਰ ਦੀ ਥਾਂ ਜਨਤਾ-ਪਾਰਟੀ ਦੀ ਸਰਕਾਰ ਨੇ ਦੇਸ਼ ਦੀ ਵਾਗਡੋਰ ਸੰਭਾਲੀ। ਇਸ ਪਾਰਟੀ ਨੇ ਆਪਣੇ ਚੋਣ ਘੋਸ਼ਣਾ-ਪੱਤਰ ਵਿੱਚ ਵਿਦੇਸ਼ੀ ਨੀਤੀ ਬਾਰੇ ਕੁਝ ਵੀ ਸਪੱਸ਼ਟ ਨਹੀਂ ਸੀ ਕੀਤਾ, ਸ਼ਾਇਦ ਉਸ ਨੂੰ ਰਾਜ-ਸੱਤਾ ਪ੍ਰਾਪਤ ਕਰ ਲੈਣ ਦਾ ਵਿਸ਼ਵਾਸ ਨਹੀਂ ਸੀ ; ਇਸ ਲਈ ਸਾਰਾ ਵਿਸ਼ਵ ਇਸ ਗੱਲ ਦੀ ਉਡੀਕ ਵਿੱਚ ਸੀ ਕਿ ਵੇਖੋ ਇਹ ਤਬਦੀਲੀ ਭਾਰਤ ਦੀ ਵਿਦੇਸ਼ੀ ਨੀਤੀ ‘ਤੇ ਕਿਸ ਤਰ੍ਹਾਂ ਅਸਰ ਕਰਦੀ ਹੈ ਪਰ ਜਨਤਾ ਪਾਰਟੀ ਨੇ ਸੱਤਾ ਸੰਭਾਲਦਿਆਂ ਇਹ ਐਲਾਨ ਕੀਤਾ ਕਿ ਉਹ ਪਹਿਲੀ ਸਰਕਾਰ ਵੱਲੋਂ ਕੀਤੇ ਗਏ ਫ਼ੈਸਲਿਆਂ ਅਤੇ ਸੰਧੀਆਂ ਦਾ ਪਹਿਲਾਂ ਵਾਂਗ ਹੀ ਸਨਮਾਨ ਕਰਦੀ ਰਹੇਗੀ ਅਤੇ ਗੁੱਟ-ਨਿਰਪੱਖਤਾ ਦੀ ਨੀਤੀ ‘ਤੇ ਚਲਦੀ ਰਹੇਗੀ।

ਗੁੱਟ ਨਿਰਪੱਖ ਭਾਰਤ : ਜਨਤਾ ਰਾਜ ਸਮੇਂ ਭਾਰਤ ਦੇ ਦੂਸਰੇ ਦੇਸ਼ਾਂ ਨਾਲ ਸੰਬੰਧਾਂ ਵਿੱਚ ਇੱਕ ਨਵੇਂ ਯੁੱਗ ਦਾ ਆਰੰਭ ਹੋਇਆ। ਭਾਰਤ ਸ਼ੁਰੂ ਤੋਂ ਹੀ ਗੁੱਟ-ਨਿਰਪੱਖਤਾ ਦੀ ਨੀਤੀ ਦੀ ਪਾਲਣਾ ਕਰ ਕੇ ਸਭ ਦੇਸ਼ਾਂ ਨਾਲ ਮਿੱਤਰਤਾਨਾ ਸੰਬੰਧਾਂ ਦਾ ਚਾਹਵਾਨ ਰਿਹਾ ਹੈ। 1971 ਈ. ਵਿੱਚ ਭਾਰਤ ਦੁਆਰਾ ਰੂਸ ਨਾਲ ਸ਼ਾਂਤੀ ਅਤੇ ਦੋਸਤੀ ਦੀ ਸੰਧੀ ਕਰ ਲੈਣ ਨਾਲ ਭਾਰਤ ਤੇ ਅਮਰੀਕਾ ਦੇ ਸੰਬੰਧਾਂ ਵਿੱਚ ਕੁਝ ਕੁੜੱਤਣ ਪੈਦਾ ਹੋ ਗਈ ਸੀ ਪਰ ਨਵੀਂ ਸਰਕਾਰ ਦੇ ਯਤਨਾਂ ਸਦਕਾ ਭਾਰਤ ਤੇ ਅਮਰੀਕਾ ਵਿੱਚ ਆਪਸੀ ਸੂਝ-ਬੂਝ ਵਿੱਚ ਵਾਧਾ ਹੋਇਆ ਹੈ ਅਤੇ ਦੋਵੇਂ ਦੇਸ਼ ਇੱਕ ਦੂਸਰੇ ਦੇ ਨੇੜੇ ਆਏ ਹਨ।

ਭਾਰਤ ਦੇ ਗਵਾਂਢੀ ਰਾਜਾਂ ਨਾਲ ਸੰਬੰਧ : ਇਸੇ ਤਰ੍ਹਾਂ ਹੀ ਚੀਨ ਵਰਗੇ ਗਵਾਂਢੀ ਦੇਸ਼ ਨਾਲ ਸਾਡੇ ਰਾਜਨੀਤਕ ਸੰਬੰਧ 1962 ਦੀ ਜੰਗ ਉਪਰੰਤ ਸੁਖਾਵੇਂ ਨਹੀਂ ਰਹੇ ਪਰ ਹੁਣ ਇਨ੍ਹਾਂ ਵਿੱਚ ਵੀ ਮਹੱਤਵਪੂਰਣ ਮੋੜ ਆਇਆ ਹੈ। ਭਾਰਤ ਦੂਸਰੇ ਦੇਸ਼ਾਂ ਵਾਂਗ ਆਪਣੇ ਇਸ ਗਵਾਂਢੀ ਨਾਲ ਵੀ ਚੰਗੇ ਸੰਬੰਧਾਂ ਦਾ ਚਾਹਵਾਨ ਹੈ। ਭਾਵੇਂ ਭਾਰਤ ਤੇ ਚੀਨ ਦੇ ਸੰਬੰਧ ਸਰਹੱਦੀ ਝਗੜਾ ਨਿਪਟਾਉਣ ਬਿਨਾਂ ਸਧਾਰਣ ਨਹੀਂ ਹੋ ਸਕਦੇ ਤੇ ਇਸ ਗੱਲ ਨੂੰ ਜਨਤਾ ਦੇ ਨੇਤਾਵਾਂ ਨੇ ਵੀ ਦੁਹਰਾਇਆ ਫਿਰ ਵੀ ਇਸ ਪੱਖ ਵਿੱਚ ਕਾਫ਼ੀ ਕਦਮ ਚੁੱਕੇ ਗਏ ਹਨ। ਪੰਦਰਾਂ ਸਾਲ ਪਿੱਛੋਂ ਚੀਨ ਦੇ ਇੱਕ ਦੋਸਤਾਨਾ ਤੇ ਸਦਭਾਵਨਾ ਪ੍ਰਤੀਨਿਧ-ਮੰਡਲ ਨੇ ਵੈਂਗ ਪਿੰਨ-ਨਾਨ ਦੀ ਪ੍ਰਧਾਨਗੀ ਹੇਠ ਮਾਰਚ 1978 ਈ. ਨੂੰ ਭਾਰਤ ਦਾ ਦੌਰਾ ਕੀਤਾ ਅਤੇ ਫਿਰ ਭਾਰਤ ਦੇ ਪੱਤਰਕਾਰਾਂ ਦਾ ਇੱਕ ਵਫ਼ਦ ਚੀਨ ਦੀ ਯਾਤਰਾ ‘ਤੇ ਗਿਆ। ਇਨ੍ਹਾਂ ਯਤਨਾਂ ਨਾਲ ਦੋਹਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਸੁਖਾਵਾਂ ਮੋੜ ਆਇਆ

ਭਾਰਤ ਦੇ ਪਾਕਿਸਤਾਨ ਅਤੇ ਦੂਸਰੇ ਗੁਆਂਢੀ ਦੇਸ਼ਾਂ ਨਾਲ ਸੰਬੰਧਾਂ ਵਿੱਚ ਵੀ ਕਾਫ਼ੀ ਸੁਧਾਰ ਹੋਇਆ ਹੈ। ਭਾਰਤ ਦੇ ਵਿਦੇਸ਼ ਮੰਤਰੀ ਅਤੇ ਇਨ੍ਹਾਂ ਗੁਆਂਢੀ ਦੇਸ਼ਾਂ ਦੇ ਪ੍ਰਤੀਨਿਧਾਂ ਦੀ ਭਾਰਤ ਫੇਰੀ ਭਾਰਤ ਨੂੰ ਇਨ੍ਹਾਂ ਦੇ ਹੋਰ ਨੇੜੇ ਲਿਆਉਣ ਵਿੱਚ ਸਹਾਇੱਕ ਸਿੱਧ ਹੋਈ ਹੈ। ਹੁਣ ਨਾ ਕੇਵਲ ਰੂਸ ਵਰਗੇ ਪੁਰਾਣੇ ਮਿੱਤਰ-ਦੇਸ਼ ਨਾਲ ਸੰਬੰਧ ਪਹਿਲਾਂ ਵਾਂਗ ਹੀ ਸੁਖਾਵੇਂ ਹਨ ਸਗੋਂ ਅਮਰੀਕਾ, ਚੀਨ ਤੇ ਪਾਕਿਸਤਾਨ ਨਾਲ ਸੰਬੰਧਾਂ ਵਿੱਚ ਵੀ ਵਰਣਨ-ਯੋਗ ਸੁਧਾਰ ਹੋਇਆ ਹੈ।

ਸਿੱਟਾ : ਵਰਤਮਾਨ ਸਥਿਤੀ ਨੂੰ ਵੇਖਦੇ ਹੋਏ ਇਹ ਗੱਲ ਬਿਨਾਂ ਸ਼ੱਕ ਕਹੀ ਜਾ ਸਕਦੀ ਹੈ ਕਿ ਭਾਰਤ ਗੁੱਟ- ਨਿਰਲੇਪਤਾ, ਅਹਿੰਸਾ, ਸਨਮਾਨ-ਪੂਰਨ ਸਹਿਹੋਂਦ ਅਤੇ ਜਾਤੀ ਭੇਦ-ਭਾਵ ਦਾ ਵਿਰੋਧ ਕਰਨ ‘ਤੇ ਅਧਾਰਤ ਆਪਣੀ ਵਿਦੇਸ਼ੀ ਨੀਤੀ ‘ਤੇ ਚੱਲ ਰਿਹਾ ਹੈ ਅਤੇ ਚਲਦਾ ਰਹੇਗਾ।