ਕਵਿਤਾ : ਮੇਰੀ ਮਾਂ ਦੀ ਬੋਲੀ


ਮਾਂ ਬੋਲੀ ਪੰਜਾਬੀ


ਮੇਰੀ ਮਾਂ ਦੀ ਬੋਲੀ ਜੋ ਮਾਂ ਕਦੇ ਨਾ ਬੋਲੀ

ਦਿਲ ਦੀ ਕੁੰਡੀ ਜੋ ਉਸ ਕਦੇ ਨਾ ਖੋਲ੍ਹੀ

ਲਾਜ ਰੱਖਦੀ ਬਾਬਲ ਦੀ ਪੱਗ ਦੀ

ਵੀਰਾਂ ਮੂਹਰੇ ਕਦੇ ਨਾ ਬੋਲੀ

ਸਾਈ ਦੇ ਵਿਹੜੇ ਦੀ ਫਿਰ ਸਾਂਭੀ ਵੰਸ਼ਾਵਲੀ

ਧੀਆਂ, ਪੁੱਤਰਾਂ, ਨੂੰਹਾਂ ਪੋਤੇ-ਪੋਤਰੀਆਂ

ਦੋਹਤੇ-ਦੋਹਤਰੀਆਂ ਵਾਲੀ।

ਕਿਰਦੀ ਕਿਰਦੀ…

ਕਿਰ ਗਈ ਫਿਰ ਮਾਂ ਮੇਰੀ

ਬਿਨ ਬੋਲੇ ਹੀ ਆਪਣੇ ਦਿਲ ਦੀ ਬੋਲੀ

ਮੇਰੀ ਮਾਂ ਦੀ ਬੋਲੀ ਜੋ ਮਾਂ ਕਦੇ ਨਾ ਬੋਲੀ

ਦਿਲ ਦੀ ਕੁੰਡੀ ਜੋ ਉਸ ਕਦੇ ਨਾ ਖੋਲ੍ਹੀ

ਰੰਜੀਵਨ ਸਿੰਘ