ਲੇਖ : ਪਾਣੀ ਦੀ ਮਹੱਤਤਾ ਤੇ ਸੰਭਾਲ

ਪਾਣੀ ਦੀ ਮਹੱਤਤਾ ਤੇ ਸੰਭਾਲ

ਜਾਣ-ਪਛਾਣ : ਗੁਰਬਾਣੀ ਦਾ ਫ਼ੁਰਮਾਨ ਹੈ “ਪਉਣ ਗੁਰੂ ਪਾਣੀ ਪਿਤਾ…..” ਮਨੁੱਖੀ ਜੀਵਨ ਲਈ ਹਵਾ ਤੋਂ ਬਾਅਦ ਪਾਣੀ ਦੀ ਮਹਾਨਤਾ ਸਭ ਤੋਂ ਉੱਤਮ ਹੈ। ਇਹ ਸਾਡੇ ਜੀਵਨ ਦਾ ਅਧਾਰ ਹੈ। ਇਸ ਤੋਂ ਬਿਨਾਂ ਜੀਵ-ਜੰਤੂ ਅਤੇ ਪੌਦੇ ਜ਼ਿੰਦਾ ਨਹੀਂ ਰਹਿ ਸਕਦੇ। ਪਾਣੀ ਇੱਕ ਅਜਿਹਾ ਵਡਮੁੱਲਾ ਕੁਦਰਤੀ ਸਾਧਨ ਹੈ ਜਿਸ ਦੇ ਆਸਰੇ ਜੀਵਨ ਚੱਲਦਾ ਹੈ। ਪਾਣੀ ਤੋਂ ਬਿਨਾਂ ਤਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਇਸ ਸਮੇਂ ਧਰਤੀ ਉੱਤੇ ਮੌਜੂਦ ਪਾਣੀ ਦਾ 97.2% ਭਾਗ ਮਹਾਂਸਾਗਰਾਂ ਤੇ ਸਾਗਰਾਂ ਵਿੱਚ ਹੈ, ਤਾਜ਼ਾ ਪਾਣੀ ਸਿਰਫ 2.8% ਹੈ ਜਿਸ ਵਿੱਚੋਂ 2.2% ਜ਼ਮੀਨ ਦੇ ਉੱਪਰ ਤੇ 0.6% ਜ਼ਮੀਨ ਦੇ ਹੇਠਾਂ ਹੈ। ਧਰਤੀ ਉੱਤੇ ਮੌਜੂਦ ਕੁਲ ਪਾਣੀ ਦਾ ਸਿਰਫ 0.01% ਹੀ ਦਰਿਆਵਾਂ ਅਤੇ ਝੀਲਾਂ ਦੇ ਰੂਪ ਵਿੱਚ ਮਿਲਦਾ ਹੈ। ਇਹ ਹੀ ਉਹ ਪਾਣੀ ਹੈ ਜੋ ਧਰਤੀ ਉੱਪਰ ਰਹਿਣ ਵਾਲੇ ਮਨੁੱਖਾਂ ਤੇ ਦੂਸਰੇ ਜੀਵਾਂ ਦੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਦਾ ਹੈ।

ਧਰਤੀ ‘ਤੇ ਪਾਣੀ ਤਰਲ, ਵਾਸ਼ਪ ਤੇ ਬਰਫ਼ ਦੇ ਰੂਪ ਵਿੱਚ ਮਿਲਦਾ ਹੈ। ਇਹ ਪਾਣੀ ਸੂਰਜ ਦੀ ਗਰਮੀ ਕਾਰਨ ਚੱਕਰ ਵਿੱਚ ਰਹਿੰਦਾ ਹੈ। ਇਸ ਨੂੰ ਜਲੀ-ਚੱਕਰ ਕਿਹਾ ਜਾਂਦਾ ਹੈ। ਸੂਰਜ ਦੀ ਗਰਮੀ ਨਾਲ ਮਹਾਂਸਾਗਰਾਂ ਦਾ ਪਾਣੀ ਗਰਮ ਹੋ ਕੇ ਵਾਸ਼ਪੀਕਰਨ ਰਾਹੀਂ ਬੱਦਲ ਬਣਾਉਂਦਾ ਹੈ, ਬੱਦਲ ਵਰਖਾ ਕਰਦੇ ਹਨ; ਵਰਖਾ ਦਾ ਪਾਣੀ ਨਦੀਆਂ, ਝੀਲਾਂ, ਤਲਾਬਾਂ ਵਿੱਚ ਭਰਦਾ ਹੋਇਆ ਫਿਰ ਮਹਾਸਾਗਰਾਂ ਤੱਕ ਪਹੁੰਚਦਾ ਹੈ। ਇਹ ਚੱਕਰ ਹੀ ਸ਼ੁੱਧ ਪਾਣੀ ਦਾ ਸ੍ਰੋਤ ਹੈ।

ਪਾਣੀ ਦੇ ਸ੍ਰੋਤ : ਧਰਤੀ ਉਤੇ ਪਾਣੀ ਦੇ ਸ੍ਰੋਤ ਇਹ ਹਨ :

1. ਵਰਖਾ ਦਾ ਪਾਣੀ : ਸਮੁੰਦਰਾਂ, ਝੀਲਾਂ, ਖੇਤਾਂ ਤੇ ਬਨਸਪਤੀ ਤੋਂ ਪਾਣੀ ਭਾਫ਼ ਬਣ ਕੇ ਲਗਾਤਾਰ ਵਾਯੂ – ਮੰਡਲ ਵਿੱਚ ਮਿਲਦਾ ਰਹਿੰਦਾ ਹੈ-ਤੇ ਜਦੋਂ ਹਵਾ ਕਿਸੇ ਵੀ ਕਾਰਨ ਠੰਢੀ ਹੁੰਦੀ ਹੈ ਤਾਂ ਇਹੀ ਪਾਣੀ ਵਰਖਾ ਦੇ ਰੂਪ ਵਿੱਚ ਧਰਤੀ ‘ਤੇ ਡਿਗਦਾ ਹੈ।

2. ਧਰਾਤਲੀ ਪਾਣੀ : ਜਦੋਂ ਵਰਖਾ ਦਾ ਪਾਣੀ ਇਕੱਠਾ ਹੋ ਕੇ ਵਗਣਾ ਸ਼ੁਰੂ ਕਰ ਦਿੰਦਾ ਹੈ ਤਾਂ ਨਦੀਆਂ, ਨਾਲਿਆਂ ਤੇ ਦਰਿਆਵਾਂ ਦਾ ਰੂਪ ਧਾਰਨ ਕਰਦਾ ਹੈ। ਸ਼ੁਰੂ ਵਿੱਚ ਇਹ ਪਾਣੀ ਸਾਫ਼ ਹੁੰਦਾ ਹੈ ਪਰ ਜਿਉਂ-ਜਿਉਂ ਅੱਗੇ ਵਧਦਾ ਹੈ, ਇਹ ਗੰਧਲਾ ਹੋ ਜਾਂਦਾ ਹੈ। ਦਰਿਆਵਾਂ ਵਿੱਚੋਂ ਨਹਿਰਾਂ ਰਾਹੀਂ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ।

3. ਜ਼ਮੀਨ ਹੇਠਲਾ ਪਾਣੀ : ਵਰਖਾ ਦਾ ਪਾਣੀ ਜਦੋਂ ਧਰਤੀ ‘ਤੇ ਡਿੱਗਦਾ ਹੈ ਤਾਂ ਚਟਾਨਾਂ ਵਿਚਲੇ ਮੁਸਾਮਾਂ ਰਾਹੀਂ ਧਰਤੀ ਦੀਆਂ ਹੇਠਲੀਆਂ ਤਹਿਆਂ ਵਿੱਚ ਚਲਾ ਜਾਂਦਾ ਹੈ। ਇਸ ਨੂੰ ਧਰਤੀ ਹੇਠਲਾ ਪਾਣੀ ਕਿਹਾ ਜਾਂਦਾ ਹੈ। ਇਹ ਪਾਣੀ ਚਸ਼ਮਿਆਂ, ਖੂਹਾਂ, ਟਿਊਬਵੈਲਾਂ ਆਦਿ ਦੀ ਮਦਦ ਨਾਲ ਵਰਤਣ ਯੋਗ ਬਣਾਇਆ ਜਾਂਦਾ ਹੈ।

4. ਮਹਾਂਸਾਗਰੀ ਪਾਣੀ : ਧਰਤੀ ਉਤੇ ਸਭ ਤੋਂ ਵੱਡੇ ਪਾਣੀ ਦੇ ਭੰਡਾਰ ਮਹਾਸਾਗਰ ਹਨ ਪਰ ਇਨ੍ਹਾਂ ਦਾ ਪਾਣੀ ਨਮਕਯੁਕਤ ਹੁੰਦਾ ਹੈ। ਇਸ ਲਈ ਇਸ ਨੂੰ ਮਨੁੱਖੀ ਵਰਤੋਂ ਯੋਗ ਨਹੀਂ ਮੰਨਿਆ ਜਾਂਦਾ ਤੇ ਨਾ ਹੀ ਇਸ ਨੂੰ ਬਿਨਾਂ ਸਾਫ਼ ਕੀਤਿਆਂ ਸਿੰਜਾਈ ਤੇ ਪੀਣ ਲਈ ਵਰਤਿਆ ਜਾ ਸਕਦਾ ਹੈ।

ਪਾਣੀ ਦੀ ਵਰਤੋਂ :

ਬਨਸਪਤੀ ਅਤੇ ਜੀਵ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪਾਣੀ ਦੀ ਵਰਤੋਂ ਕਰਦੇ ਹਨ, ਪ੍ਰੰਤੂ ਸਭ ਤੋਂ ਵੱਧ ਵਰਤੋਂ ਮਨੁੱਖ ਹੀ ਕਰਦਾ ਹੈ; ਜਿਵੇਂ :

1. ਘਰੇਲੂ ਵਰਤੋਂ : ਮਨੁੱਖ ਦੀ ਰੋਜ਼ਾਨਾ ਘਰੇਲੂ ਜ਼ਿੰਦਗੀ ਪਾਣੀ ਤੋਂ ਬਿਨਾਂ ਨਕਾਰਾ ਹੋ ਜਾਵੇਗੀ| ਨਹਾਉਣਾ, ਖਾਣਾ ਬਣਾਉਣਾ, ਕੱਪੜੇ ਧੋਣੇ, ਕੂਲਰਾਂ ਵਿੱਚ ਵਰਤੋਂ, ਸਫਾਈਆਂ ਕਰਨੀਆਂ, ਬਾਗ਼-ਬਗ਼ੀਚੇ ਵਿੱਚ ਵਰਤੋਂ ਆਦਿ ਪਾਣੀ ਦੀ ਵਰਤੋਂ ਦੇ ਮੁੱਖ ਤਰੀਕੇ ਹਨ।

2. ਖੇਤੀਬਾੜੀ : ਅੱਜ ਦੀ ਖੇਤੀਬਾੜੀ ਸਿੰਜਾਈ ‘ਤੇ ਨਿਰਭਰ ਕਰਦੀ ਹੈ। ਵੱਧ ਝਾੜ ਦੇਣ ਵਾਲੀਆਂ ਫ਼ਸਲਾਂ ਨਿਸਚਿਤ ਸਮੇਂ ਤੋਂ ਬਾਅਦ ਪਾਣੀ ਦੀ ਮੰਗ ਕਰਦੀਆਂ ਹਨ। ਫ਼ਸਲਾਂ ਤੋਂ ਬਿਨਾਂ ਡੇਅਰੀ ਧੰਦਾ, ਮੱਛੀ ਪਾਲਣਾ, ਸੂਰ ਪਾਲਣਾ ਆਦਿ ਪਾਣੀ ਦੀ ਵਰਤੋਂ ਤੋਂ ਬਿਨਾਂ ਅਸਫਲ ਹਨ।

3. ਉਦਯੋਗਾਂ ਵਿੱਚ : ਵੱਡੇ-ਵੱਡੇ ਉਦਯੋਗ ਜਿਵੇਂ ਲੋਹਾ ਤੇ ਇਸਪਾਤ, ਐਲੂਮੀਨੀਅਮ, ਕੱਪੜਾ, ਥਰਮਲ ਪਲਾਂਟ, ਕਾਗਜ਼, ਰਸਾਇਣਕ ਖਾਦ ਉਦਯੋਗਾਂ ਵਿੱਚ ਕਾਫ਼ੀ ਮਾਤਰਾ ਵਿੱਚ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ।

4. ਫੁਟਕਲ ਵਰਤੋਂ : ਇਨ੍ਹਾਂ ਤੋਂ ਬਿਨਾਂ ਸ਼ਹਿਰਾਂ ਵਿੱਚ ਪਾਰਕ, ਸਿੰਜਾਈ, ਸਵਿਮਿੰਗ ਪੂਲ, ਮੋਟਰ ਗੱਡੀਆਂ ਧੋਣਾ, ਟੈਂਟ ਧੋਣੇ, ਪਾਣੀ ਵਾਲੇ ਖਿਡੌਣੇ, ਕੂਲਰਾਂ ਵਿੱਚ ਵਰਤੋਂ ਅਜਿਹੇ ਕੰਮ ਹਨ ਜਿਨ੍ਹਾਂ ਲਈ ਵੱਡੀ ਮਾਤਰਾ ਵਿੱਚ ਪਾਣੀ ਦੀ ਲੋੜ ਹੁੰਦੀ ਹੈ।

ਵਰਤਮਾਨ ਸਮੇਂ ਵਿੱਚ ਪਾਣੀ ਦੀਆਂ ਸਮੱਸਿਆਵਾਂ : ਵਰਤਮਾਨ ਸਮੇਂ ਵਿੱਚ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ ਤੇ ਪਾਣੀ ਪ੍ਰਦੂਸ਼ਿਤ ਵੀ ਹੋਇਆ ਹੈ। ਅੱਜ ਤਾਜ਼ੇ ਤੇ ਸ਼ੁੱਧ ਪਾਣੀ ਦੀ ਘਾਟ ਵੀ ਸਾਹਮਣੇ ਆ ਰਹੀ ਹੈ। ਦਰਿਆਵਾਂ, ਝੀਲਾਂ ਆਦਿ ਦਾ ਪਾਣੀ ਫੈਕਟਰੀਆਂ ਤੇ ਸੀਵਰੇਜਾਂ ਨਾਲ ਗੰਧਲਾ ਹੋ ਗਿਆ ਹੈ। ਝੋਨੇ ਦੀ ਫ਼ਸਲ ਤੇ ਪਾਪੂਲਰ ਦੀ ਖੇਤੀ ਕਾਰਨ ਧਰਤੀ ਹੇਠਲਾ ਪਾਣੀ ਹੋਰ ਨੀਵਾਂ ਹੁੰਦਾ ਜਾ ਰਿਹਾ ਹੈ।

ਪਾਣੀ-ਪ੍ਰਦੂਸ਼ਣ ਦੇ ਕਾਰਨ : ਪਾਣੀ ਮਨੁੱਖ ਵੱਲੋਂ ਹੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ; ਜਿਵੇਂ :

1. ਸੀਵਰੇਜ : ਵਰਤਿਆ ਘਰੇਲੂ ਪਾਣੀ (ਸੀਵਰੇਜ) ਕਿਸੇ ਦਰਿਆ, ਨਦੀ ਜਾਂ ਡਰੇਨ ਵਿੱਚ ਮਿਲਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਹ ਪਾਣੀ ਵਰਤਣਯੋਗ ਨਹੀਂ ਰਹਿੰਦਾ।

2. ਉਦਯੋਗਿਕ ਰਹਿੰਦ-ਖੂੰਹਦ : ਵੱਡੇ-ਵੱਡੇ ਉਦਯੋਗਾਂ ਵਿੱਚ ਵੀ ਵੱਡੀ ਮਾਤਰਾ ਵਿੱਚ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਜਦੋਂ ਫੈਕਟਰੀਆਂ ਦਾ ਪਾਣੀ ਬਾਹਰ ਨਿਕਲਦਾ ਹੈ ਤਾਂ ਉਸ ਵਿੱਚ ਬਹੁਤ ਸਾਰੇ ਰਸਾਇਣ ਮਿਲੇ ਹੁੰਦੇ ਹਨ। ਜਦੋਂ ਇਸ ਪਾਣੀ ਨੂੰ ਨਦੀਆਂ ‘ਚ ਪਾਇਆ ਜਾਂਦਾ ਹੈ ਤਾਂ ਨਦੀਆਂ ਦਾ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ। ਪਵਿੱਤਰ ਨਦੀ ਗੰਗਾ ਦਾ ਪਾਣੀ ਇਸੇ ਕਾਰਨ ਪ੍ਰਦੂਸ਼ਿਤ ਹੋ ਰਿਹਾ ਹੈ। ਨਾਲ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ।

3. ਰਸਾਇਣਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ : ਫਸਲਾਂ ਦੇ ਵੱਧ ਝਾੜ ਲੈਣ ਲਈ ਕਿਸਾਨ ਰਸਾਇਣਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਦੇ ਹਨ ਪ੍ਰੰਤੂ ਇਨ੍ਹਾਂ ਦਾ ਅਸਰ ਵਰਖਾ ਦੇ ਪਾਣੀ ਨਾਲ ਮਿਲ ਕੇ ਦੂਰ-ਦੁਰਾਡੇ ਪਹੁੰਚ ਜਾਂਦਾ ਹੈ।

4. ਖਣਿਜ ਤੇਲ : ਸਮੁੰਦਰੀ ਜਹਾਜ਼ਾਂ ਰਾਹੀਂ ਖਣਿਜ ਤੇਲ ਢੋਇਆ ਜਾਂਦਾ ਹੈ ਪਰ ਜੇਕਰ ਕੋਈ ਟੈਂਕਰ ਦੁਰਘਟਨਾ – ਗ੍ਰਸਤ ਹੋ ਜਾਂਦਾ ਹੈ ਤਾਂ ਤੇਲ ਸਮੁੰਦਰ ਵਿੱਚ ਫੈਲ ਜਾਂਦਾ ਹੈ। ਇਸ ਤੋਂ ਇਲਾਵਾ ਤੇਲ ਸੋਧਕ ਕਾਰਖਾਨਿਆਂ ਵਿੱਚੋਂ ਨਿਕਲਿਆ ਵਾਧੂ ਪਾਣੀ ਵੀ ਤੇਲ-ਗ੍ਰਸਤ ਹੁੰਦਾ ਹੈ ਜੋ ਕਿ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ।

5. ਦਰਿਆਵਾਂ ਵਿੱਚ ਮੁਰਦੇ ਸੁੱਟਣਾ : ਦਰਿਆਵਾਂ ਦੇ ਕਿਨਾਰੇ ਮੁਰਦੇ ਜਾਂ ਅੱਧਸੜੇ ਮੁਰਦੇ ਪਾਣੀ ਵਿੱਚ ਰੋੜ੍ਹਨ ਨਾਲ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ।

6. ਮੂਰਤੀਆਂ ਦਾ ਵਿਸਰਜਨ : ਇਸ ਤੋਂ ਬਿਨਾਂ ਧਾਰਮਕ ਕਰਮ-ਕਾਂਡ ਲਈ ਕੋਈ ਨਾ ਕੋਈ ਵਸਤੂ ਜਲ-ਵਾਹ ਕਰਨੀ ਜਾਂ ਵਿਸ਼ੇਸ਼ ਤਿਉਹਾਰਾਂ ‘ਤੇ ਮੂਰਤੀਆਂ ਵਿਸਰਜਨ ਕਰਨ ਨਾਲ ਵੀ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ ਕਿਉਂਕਿ ਮੂਰਤੀਆਂ ‘ਤੇ ਪੇਂਟ ਆਦਿ ਖ਼ਤਰਨਾਕ ਰਸਾਇਣਾਂ ਨਾਲ ਕੀਤਾ ਹੁੰਦਾ ਹੈ।

ਪਾਣੀ ਦੀ ਸੰਭਾਲ ਲਈ ਸੁਝਾਅ :

  • ਕਿਸਾਨਾਂ ਨੂੰ ਪਾਣੀ ਦੀ ਉਪਲਬਧਤਾ ਨੂੰ ਧਿਆਨ ਵਿੱਚ ਰੱਖ ਕੇ ਹੀ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਦੀ ਚੋਣ ਕਰਨੀ ਚਾਹੀਦੀ ਹੈ।
  • ਇਸੇ ਤਰ੍ਹਾਂ ਪਾਣੀ ਬਚਾਉਣ ਵਾਲੀਆਂ ਨਵੀਆਂ ਤਕਨੀਕਾਂ ਜਿਵੇਂ ਤੁਪਕਾ ਸਿੰਜਾਈ ਸਕੀਮ ਜਾਂ ਫੁਹਾਰਾ ਸਿੰਜਾਈ ਸਕੀਮ ਅਪਣਾਉਣੀ ਚਾਹੀਦੀ ਹੈ। ਇਸੇ ਤਰ੍ਹਾਂ ਫਸਲਾਂ ਵਿੱਚ ਰਸਾਇਣਿਕ ਖਾਦ ਦੀ ਜਗ੍ਹਾ ਹਰੀ ਖਾਦ ਜਾਂ ਰੂੜੀ ਖਾਦ ਦੀ ਵਰਤੋਂ ਕਰਕੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ।
  • ਘਰ ਦੇ ਬਗ਼ੀਚੇ ਨੂੰ ਸਿਰਫ਼ ਸ਼ਾਮ ਵੇਲੇ ਹੀ ਪਾਣੀ ਲਾਉਣਾ ਚਾਹੀਦਾ ਹੈ ਤਾਂ ਜੋ ਵਾਸ਼ਪੀਕਰਨ ਘੱਟ ਹੋਵੇ ਇਸੇ ਤਰ੍ਹਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਘਰਾਂ ਦੀਆਂ ਛੱਤਾਂ ‘ਤੇ ਵਾਟਰ ਹਾਰਵੈਸਟਿੰਗਜ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ।
  • ਵਰਖਾ ਦੇ ਪਾਣੀ ਨੂੰ ਜ਼ਿਆਦਾ ਤੋਂ ਜ਼ਿਆਦਾ ਇਕੱਠਾ ਕਰਨਾ ਚਾਹੀਦਾ ਹੈ।
  • ਭੂਮੀਗਤ ਪਾਣੀ ਦਾ ਵਿਵੇਕਪੂਰਨ ਢੰਗ ਨਾਲ ਪ੍ਰਯੋਗ ਕਰਨਾ ਚਾਹੀਦਾ ਹੈ।
  • ਉਦਯੋਗਾਂ ਵਿੱਚ ਪਾਣੀ ਸੋਧਣ ਦੇ ਪਲਾਂਟ ਲਾਉਣੇ ਚਾਹੀਦੇ ਹਨ। ਇਸੇ ਤਰ੍ਹਾਂ ਕੱਚੀਆਂ ਨਹਿਰਾਂ ਨੂੰ ਪੱਕਿਆਂ ਕੀਤਾ ਜਾਣਾ ਚਾਹੀਦਾ ਹੈ।
  • ਪਾਣੀ ਦੀ ਵਰਤੋਂ ਸਿਰਫ਼ ਲੋੜ ਅਨੁਸਾਰ ਹੀ ਕਰੋ, ਜਿਵੇਂ ਕੱਪੜੇ ਧੋਣ ਸਮੇਂ, ਨਹਾਉਣ ਸਮੇਂ, ਬੁਰਸ਼ ਆਦਿ ਕਰਨ ਸਮੇਂ ਬਿਨਾਂ ਮਤਲਬ ਤੋਂ ਟੂਟੀ ਨਾ ਖੋਲ੍ਹੋ।
  • ਇਸੇ ਪ੍ਰਕਾਰ ਕਾਰਾਂ, ਫਰਸ਼ ਆਦਿ ਨੂੰ ਪਾਣੀ ਨਾਲ ਧੋਣ ਦੀ ਬਜਾਏ ਕੱਪੜਾ ਗਿੱਲਾ ਕਰਕੇ ਸਾਫ਼ ਕੀਤਾ ਜਾ ਸਕਦਾ ਹੈ।

ਸਾਰੰਸ਼ : ਅੰਤ ਵਿੱਚ ਇਹੋ ਕਿਹਾ ਜਾ ਸਕਦਾ ਹੈ ਕਿ ਵਿਸ਼ਵ ਭਰ ਵਿੱਚ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਸਮੇਂ ਸੰਸਾਰ ਦੀ ਅੱਧੀ ਜਨਸੰਖਿਆ ਪਾਣੀ ਦੀ ਘਾਟ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਮਨੁੱਖ ਪਾਣੀ ਦੀ ਵਰਤੋਂ ਘੱਟ ਤੇ ਦੁਰਵਰਤੋਂ ਵੱਧ ਕਰ ਰਿਹਾ ਹੈ। ਨਦੀਆਂ ਆਦਿ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ। ਸੰਸਾਰ ਦਾ ਜਲ-ਚੱਕਰ ਵੀ ਟੁੱਟ ਗਿਆ ਹੈ। ਇਸ ਲਈ ਅੱਜ ਸਾਫ਼ ਪਾਣੀ ਨੂੰ ਬਚਾਉਣ ਅਤੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਰੋਕਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ “ਪਹਿਲਾ ਪਾਣੀ ਜੀਓ ਹੈ ਜਿਤੁ ਹਰਿਆ ਸਭੁ ਕੋਇ”॥ ਜੇਕਰ ਅਸੀਂ ਸੁਚੇਤ ਨਾ ਹੋਏ ਤਾਂ ਕਿਹਾ ਜਾ ਰਿਹਾ ਹੈ ਕਿ ਤੀਸਰਾ ਵਿਸ਼ਵ ਯੁੱਧ ਪਾਣੀ ਕਾਰਨ ਹੀ ਹੋਵੇਗਾ।