ਲੇਖ : ਗਲੋਬਲ ਵਾਰਮਿੰਗ (ਵਿਸ਼ਵ ਤਾਪੀਕਰਨ)

ਗਲੋਬਲ ਵਾਰਮਿੰਗ (ਵਿਸ਼ਵ ਤਾਪੀਕਰਨ)

ਭੂਮਿਕਾ : ਵਾਤਾਵਰਨ ਦਾ ਅਰਥ ਹੈ—ਸਾਡਾ ਆਲਾ – ਦੁਆਲਾ ਜਾਂ ਚੌਗਿਰਦਾ, ਜਿਸ ਵਿੱਚ ਮਨੁੱਖ ਰਹਿੰਦਾ ਹੈ। ਵਾਤਾਵਰਨ ਦੇ ਦੂਸਰੇ ਅੰਗ, ਜੀਵ ਅਤੇ ਬਨਸਪਤੀ ਮਨੁੱਖ ਨੂੰ ਪ੍ਰਭਾਵਿਤ ਵੀ ਕਰਦੇ ਹਨ ਅਤੇ ਇਸ ਤੋਂ ਪ੍ਰਭਾਵਿਤ ਵੀ ਹੁੰਦੇ ਹਨ। ਪੁਰਾਤਨ ਸਮੇਂ ਵਿੱਚ ਮਨੁੱਖ ਦਾ ਜੀਵਨ ਪੂਰੀ ਤਰ੍ਹਾਂ ਕੁਦਰਤੀ ਵਾਤਾਵਰਨ ‘ਤੇ ਨਿਰਭਰ ਸੀ। ਪ੍ਰੰਤੂ ਜਿਉਂ-ਜਿਉਂ ਮਨੁੱਖੀ ਸੱਭਿਅਤਾ ਨੇ ਤਰੱਕੀ ਕੀਤੀ, ਉਹ ਇਸ ਕੁਦਰਤੀ ਵਾਤਾਵਰਨ ਨੂੰ ਆਪਣੀਆਂ ਲੋੜਾਂ ਦੀ ਪੂਰਤੀ ਲਈ ਬਦਲਣ ਲੱਗ ਪਿਆ। ਜਿਸ ਕਰਕੇ ਮਨੁੱਖ ਅਤੇ ਕੁਦਰਤੀ ਵਾਤਾਵਰਨ ਵਿੱਚ ਜੋ ਕੁਦਰਤੀ ਸਾਂਝ ਸੀ, ਉਹ ਅੱਜ ਪੂਰੀ ਤਰ੍ਹਾਂ ਬਦਲ ਗਈ ਹੈ।

ਜਦੋਂ ਤੋਂ ਮਨੁੱਖ ਨੇ ਆਪਣੀਆਂ ਲੋੜਾਂ ਆਪਣੇ ਚੌਗਿਰਦੇ ਤੋਂ ਪੂਰੀਆਂ ਕਰਨੀਆਂ ਸ਼ੁਰੂ ਕੀਤੀਆਂ ਉਦੋਂ ਤੋਂ ਹੀ ਕੁਦਰਤੀ ਵਾਤਾਵਰਨ ਨਾਲ ਛੇੜ-ਛਾੜ ਸ਼ੁਰੂ ਹੋ ਗਈ। ਇਸ ਤੋਂ ਬਾਅਦ ਖੇਤੀਬਾੜੀ, ਉਦਯੋਗਿਕ ਕ੍ਰਾਂਤੀ ਅਤੇ ਵਧਦੀ ਹੋਈ ਅਬਾਦੀ ਦੀਆਂ ਰੋਜ਼ਾਨਾ ਲੋੜਾਂ ਨੇ ਕੁਦਰਤੀ ਵਾਤਾਵਰਨ ਤੇ ਮਨੁੱਖ ਦੇ ਸਬੰਧ ਨੂੰ ਬਿਲਕੁਲ ਹੀ ਬਦਲ ਦਿੱਤਾ। ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਉਹ ਜੰਗਲਾਂ ਦਾ ਵਿਨਾਸ਼ ਕਰ ਰਿਹਾ ਹੈ।

ਵਾਯੂ-ਮੰਡਲ ਅਤੇ ਜੀਵਨ : ਵਾਯੂ-ਮੰਡਲ ਤੋਂ ਭਾਵ ਗੈਸਾਂ ਦਾ ਉਹ ਮਿਸ਼ਰਨ, ਜੋ ਇੱਕ ਗਿਲਾਫ਼ ਵਾਂਗ ਧਰਤੀ ਦੇ ਆਲੇ – ਦੁਆਲੇ ਲਿਪਟਿਆ ਹੋਇਆ ਹੈ। ਜਨਮ ਸਮੇਂ ਧਰਤੀ ਗੈਸਾਂ ਦਾ ਇੱਕ ਗੋਲਾ ਸੀ। ਇਸ ਦੀ ਉੱਪਰਲੀ ਤਹਿ ਠੰਢੀ ਹੋਣ ਨਾਲ ਇਹ ਸਖ਼ਤ ਰੂਪ ਧਾਰਨ ਕਰ ਗਈ। ਧਰਤੀ ਅੰਦਰ ਹੋਣ ਵਾਲੀਆਂ ਰਸਾਇਣਿਕ ਕਿਰਿਆਵਾਂ ਦੁਆਰਾ ਧਰਤੀ ਵਿਚਲੀਆਂ ਗੈਸਾਂ ਹੌਲੀ – ਹੌਲੀ ਬਾਹਰ ਨਿਕਲਦੀਆਂ ਗਈਆਂ ਤੇ ਇਸ ਦੀ ਗੁਰੂਤਾ-ਖਿੱਚ ਕਾਰਨ ਇਸ ਦੇ ਦੁਆਲੇ ਲਿਪਟਦੀਆਂ ਗਈਆਂ, ਇੰਞ ਵਾਯੂ-ਮੰਡਲ ਦਾ ਜਨਮ ਹੋਇਆ। ਵਾਯੂ-ਮੰਡਲ ਤੋਂ ਬਿਨਾਂ ਧਰਤੀ ਉੱਪਰ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਵਾਯੂ-ਮੰਡਲ ਵਿੱਚ ਮੌਜੂਦ ਗੈਸਾਂ, ਧਰਤੀ ਉੱਪਰ ਜੀਵਨ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰਦੀਆਂ ਹਨ; ਜਿਵੇਂ ਰੁੱਖ-ਬੂਟੇ ਵਾਯੂ – ਮੰਡਲ ਵਿੱਚੋਂ ਕਾਰਬਨ ਡਾਈਆਕਸਾਈਡ ਲੈਂਦੇ ਹਨ ਤੇ ਆਕਸੀਜਨ ਬਾਹਰ ਛੱਡਦੇ ਹਨ ਤੇ ਜੀਵ ਆਕਸੀਜਨ ਅੰਦਰ ਲੈ ਕੇ ਜਾਂਦੇ ਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਹਨ। ਅਜਿਹੀ ਦੋਹਰੀ ਪ੍ਰਕਿਰਿਆ ਧਰਤੀ ਉੱਤੇ ਜੀਵਨ ਦਾ ਸੰਤੁਲਨ ਬਣਾਈ ਰੱਖਦੀ ਹੈ।

ਪ੍ਰਦੂਸ਼ਣ : ਧਰਤੀ ਦਾ ਵਾਯੂ-ਮੰਡਲ ਵੱਖ-ਵੱਖ ਗੈਸਾਂ ਦਾ ਮਿਸ਼ਰਨ ਹੈ ਜਿਸ ਵਿੱਚ ਹਰ ਇੱਕ ਗੈਸ ਨਿਸਚਿਤ ਮਾਤਰਾ ਵਿੱਚ ਹੈ ਜੋ ਧਰਤੀ ਉੱਪਰ ਮੌਜੂਦ ਜੀਵਨ ਦੀ ਵੱਖ-ਵੱਖ ਤਰੀਕਿਆਂ ਨਾਲ ਮਦਦ ਕਰਦੀ ਹੈ। ਇਨ੍ਹਾਂ ਗੈਸਾਂ ਦੇ ਮਿਸ਼ਰਨ ਵਿੱਚੋਂ ਕਿਸੇ ਇੱਕ ਗੈਸ ਦੀ ਮਾਤਰਾ ਦੇ ਵਧਣ ਜਾਂ ਘਟਣ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਜਾਂਦਾ ਹੈ। ਜਿਸ ਨਾਲ ਧਰਤੀ ਉੱਪਰਲਾ ਜੀਵਨ ਖ਼ਤਰੇ ਵਿੱਚ ਪੈ ਜਾਂਦਾ ਹੈ। ਉਦਾਹਰਨ ਦੇ ਤੌਰ ‘ਤੇ ਓਜ਼ੋਨ ਦੀ ਮਾਤਰਾ ਘਟਣ ਨਾਲ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਧਰਤੀ ਉੱਤੇ ਵਧੇਰੇ ਮਾਤਰਾ ਵਿੱਚ ਪਹੁੰਚਣਗੀਆਂ ਜਿਸ ਨਾਲ ਧਰਤੀ ਦਾ ਵਾਯੂ – ਮੰਡਲ ਗਰਮ ਹੋ ਜਾਵੇਗਾ ਤੇ ਮਨੁੱਖ ਤੇ ਜੀਵਾਂ ਨੂੰ ਕਈ ਕਿਸਮ ਦੀਆਂ ਬਿਮਾਰੀਆਂ ਲੱਗ ਸਕਦੀਆਂ ਹਨ।

ਗਲੋਬਲ ਵਾਰਮਿੰਗ : ਧਰਤੀ ਸੂਰਜ ਦੀਆਂ ਕਿਰਨਾਂ ਤੋਂ ਗਰਮੀ ਪ੍ਰਾਪਤ ਕਰਦੀ ਹੈ। ਗਰਮ ਹੋਣ ਤੋਂ ਬਾਅਦ ਇਹ ਸਾਰੀ ਗਰਮੀ ਵਾਪਸ ਛੱਡ ਦਿੰਦੀ ਹੈ। ਕਾਰਬਨ ਡਾਈਆਕਸਾਈਡ, ਮੀਥੇਨ, ਓਜ਼ੋਨ, CFC ਆਦਿ ਗੈਸਾਂ ਇਸ ਵਾਪਸ ਜਾ ਰਹੀ ਗਰਮੀ ਨੂੰ ਆਪਣੇ ਵਿੱਚ ਸਮਾ ਲੈਂਦੀਆਂ ਹਨ। ਇਸੇ ਲਈ ਇਨ੍ਹਾਂ ਨੂੰ ‘ਗ੍ਰੀਨ ਹਾਊਸ ਗੈਸਾਂ’ ਵੀ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚੋਂ ਕਾਰਬਨ ਡਾਈਆਕਸਾਈਡ ਹੀ ਲਗਭਗ 50% ਵਿਸ਼ਵ ਤਾਪੀ ਲਈ ਜ਼ਿੰਮੇਵਾਰ ਹੈ। ਪਿਛਲੇ ਲਗਭਗ 200 ਸਾਲਾਂ ਵਿੱਚ ਖਣਿਜ ਬਾਲਣ ਦੇ ਬਲਣ ਨਾਲ ਕਾਰਬਨ ਡਾਈਆਕਸਾਈਡ ਤੇ ਹੋਰ ਗੈਸਾਂ ਵਧ ਗਈਆਂ ਹਨ। ਵਾਯੂ-ਮੰਡਲ ਵਿੱਚ ਕਾਰਬਨ ਡਾਈਆਕਸਾਈਡ, ਧੂੰਆਂ, ਸਾਹ ਕਿਰਿਆ, ਵਾਸ਼ਪੀ ਸਾਹ ਕਿਰਿਆ ਮਨੁੱਖ ਦੁਆਰਾ ਛੱਡੀ ਜਾਂਦੀ ਹੈ। ਇਸ ਨਾਲ ਹੇਠਲੇ ਵਾਯੂ-ਮੰਡਲ ਦਾ ਤਾਪਮਾਨ 0.5°C ਵਧ ਗਿਆ ਹੈ। ਇਸ ਤਾਪਮਾਨ ਵਧਣ ਨੂੰ ਹੀ ‘ਵਿਸ਼ਵ ਤਾਪੀਕਰਨ’ ਜਾਂ ਗਲੋਬਲ ਵਾਰਮਿੰਗ ਕਿਹਾ ਜਾਂਦਾ ਹੈ।

ਗਰੀਨ ਹਾਊਸ : ਗਰੀਨ ਹਾਊਸ ‘ਸ਼ੀਸ਼ ਘਰ’ ਵੀ ਕਿਹਾ ਜਾਂਦਾ ਹੈ। ਗਰੀਨ ਹਾਊਸ ਦੇ ਪ੍ਰਭਾਵ ਦਾ ਅਰਥ ਹੈ ਕਾਰਬਨ ਡਾਈਆਕਸਾਈਡ (CO2) ਦੇ ਪ੍ਰਭਾਵ ਨਾਲ ਧਰਤੀ ਉੱਪਰ ਲਗਾਤਾਰ ਤਾਪਮਾਨ ਵਧਣਾ। ਵਾਯੂ – ਮੰਡਲ ਵਿੱਚ ਗਰਮੀ ਦਾ ਸੰਤੁਲਨ ਬਣਾਈ ਰੱਖਣ ਲਈ (CO2) ਦੀ ਪ੍ਰਮੁੱਖ ਭੂਮਿਕਾ ਹੈ ਕਿਉਂਕਿ ਸੂਰਜ ਦੀਆਂ ਕਿਰਨਾਂ ਧਰਤੀ ਤੱਕ ਤਾਂ ਪਹੁੰਚ ਜਾਂਦੀਆਂ ਹਨ ਪਰ ਇਹ ਗੈਸ ਗਰਮੀ ਨੂੰ ਵਾਪਸ ਨਹੀਂ ਜਾਣ ਦਿੰਦੀ ਭਾਵ CO2 ਧਰਤੀ ਤੋਂ ਵਾਪਸ ਹੋਣ ਵਾਲੀ ਗਰਮੀ ਨੂੰ ਰੋਕਦੀ ਹੈ ਤਾਂ ਵਿਸ਼ਵ ਵਿੱਚ ਜ਼ਿਆਦਾ ਗਰਮੀ ਦਾ ਕਾਰਨ ਬਣਦੀ ਹੈ। ਜਲਣਸ਼ੀਲ ਪਦਾਰਥਾਂ, ਵਾਹਨਾਂ, ਹਵਾਈ ਜਹਾਜ਼ਾਂ ਆਦਿ ਰਾਹੀਂ ਕਾਰਬਨ ਡਾਈਆਕਸਾਈਡ ਗੈਸ ਵਾਯੂ-ਮੰਡਲ ਵਿੱਚ ਫੈਲਦੀ ਹੈ, ਇਸ ਨਾਲ ਗਰਮੀ ਵਧਦੀ ਹੈ।

ਗਲੋਬਲ ਵਾਰਮਿੰਗ ਦੇ ਕਾਰਨ : ਗਲੋਬਲ ਵਾਰਮਿੰਗ ਦੇ ਕਾਰਨ ਇਹ ਹਨ :

1. ਜੰਗਲਾਂ ਦੀ ਅੰਨ੍ਹੇਵਾਹ ਕਟਾਈ : ਅੱਜ ਦਾ ਮਨੁੱਖ ਵਿਕਾਸ ਦੇ ਨਾਂ ‘ਤੇ ਜੰਗਲਾਂ-ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰਦਾ ਜਾ ਰਿਹਾ ਹੈ। ਪੌਦੇ ਸੂਰਜ ਦੀ ਗਰਮੀ ਤੋਂ ਆਪਣਾ ਭੋਜਨ ਤਿਆਰ ਕਰਦੇ ਹਨ ਤੇ ਕਾਰਬਨ ਡਾਇਆਕਸਾਈਡ ਗੈਸ ਜਜ਼ਬ ਕਰਦੇ ਹਨ ਤੇ ਆਕਸੀਜਨ ਗੈਸ ਛੱਡਦੇ ਹਨ ਪਰ ਜੇਕਰ ਰੁੱਖ ਹੀ ਨਾ ਰਹੇ ਤਾਂ CO2 ਦੀ ਖਪਤ ਕਿੱਥੇ ਹੋਵੇਗੀ।

2. ਬਲਣਸ਼ੀਲ ਪਦਾਰਥ : ਉਦਯੋਗਾਂ ਤੇ ਸ਼ਹਿਰੀ ਖੇਤਰਾਂ ਵਿੱਚ ਵਾਧਾ, ਉਦਯੋਗਾਂ ਤੇ ਮੋਟਰ ਗੱਡੀਆਂ ਵਿੱਚ ਬਲਦੇ ਹੋਏ ਬਾਲਣ, ਲੱਕੜੀ, ਗੋਬਰ, ਕੋਲਾ, ਪੈਟਰੋਲੀਅਮ, ਸਮੁੰਦਰੀ ਜਹਾਜ਼ ਦਾ ਧੂੰਆਂ, ਹਵਾਈ ਜਹਾਜ਼ ਦਾ ਧੂੰਆਂ, ਥਰਮਲ ਹਾਈ ਪਾਵਰ ਪਲਾਂਟ, ਉਦਯੋਗਿਕ ਇਕਾਈਆਂ ਆਦਿ ਦੁਆਰਾ CO2 ਗੈਸ ਵਧ ਰਹੀ ਹੈ।

ਗਲੋਬਲ ਵਾਰਮਿੰਗ ਦੇ ਪ੍ਰਭਾਵ : ਵਿਸ਼ਵ-ਤਾਪੀਕਰਨ ਵਿੱਚ ਵਾਧਾ ਇੱਕਦਮ ਨਹੀਂ ਹੁੰਦਾ ਪਰ ਇਸ ਦਾ ਪ੍ਰਭਾਵ ਸਭ ਤੋਂ ਖ਼ਤਰਨਾਕ ਅਤੇ ਹਾਨੀਕਾਰਕ ਹੁੰਦਾ ਹੈ ਜੋ ਸਾਡੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਹਾਨੀਕਾਰਕ ਹੈ। ਇਸ ਦੇ ਮਾੜੇ ਪ੍ਰਭਾਵ ਇਹ ਹਨ :

  • ਇਸ ਦੇ ਪ੍ਰਭਾਵ ਨਾਲ ਸੰਸਾਰ ਵਿੱਚ ਫਸਲਾਂ ਦਾ ਉਤਪਾਦਨ ਘਟ ਜਾਵੇਗਾ।
  • ਲਗਾਤਾਰ ਵਧ ਰਹੇ ਤਾਪਮਾਨ ਨਾਲ ਧਰੁਵੀ ਖੇਤਰਾਂ ਅਤੇ ਪਰਬਤਾਂ ‘ਤੇ ਸਥਿਤ ਗਲੇਸ਼ੀਅਰ ਪਿਘਲ ਜਾਣਗੇ। ਇਸ ਨਾਲ ਸਮੁੰਦਰੀ ਤਲ ਉੱਚਾ ਹੋ ਜਾਵੇਗਾ। ਇਸ ਨਾਲ ਮਾਰੂਥਲ ਦਾ ਖੇਤਰ ਵਧੇਗਾ।
  • ਸ਼ੀਤ ਊਸ਼ਣ ਖੇਤਰ ਵਿੱਚ ਗਰਮੀ ਵੀ ਵਧ ਜਾਵੇਗੀ। ਇਸ ਨਾਲ ਬਿਮਾਰੀਆਂ ਫੈਲ ਜਾਣਗੀਆਂ, ਖ਼ਾਸ ਕਰਕੇ ਸਾਹ ਦੀਆਂ ਬਿਮਾਰੀਆਂ, ਮਲੇਰੀਆ ਆਦਿ ਵਧ ਜਾਣਗੀਆਂ। ਵਧਦੇ ਤਾਪਮਾਨ ਕਾਰਨ ਗਰਮੀਆਂ ਵਿੱਚ ਅਤਿ ਗਰਮੀ ਤੇ ਸਰਦੀਆਂ ਵਿੱਚ ਅਤਿ ਸਰਦੀ ਜਾਂ ਗਰਮੀ ਵਿੱਚ ਵੀ ਸਰਦੀ ਤੇ ਸਰਦੀ ਵਿੱਚ ਵੀ ਗਰਮੀ ਵਾਲਾ ਮੌਸਮ ਹੋ ਸਕਦਾ ਹੈ।
  • ਇਸ ਨਾਲ ਚੱਕਰਵਰਤੀ ਤੇ ਹੋਰ ਤੂਫ਼ਾਨ ਆ ਸਕਦੇ ਹਨ, ਜੋ ਭਿਆਨਕ ਤਬਾਹੀ ਮਚਾ ਸਕਣ ਦੇ ਸਮਰੱਥ ਹੋਣਗੇ। ਇੰਝ ਵਰਖਾ ਅਤੇ ਜਲ-ਚੱਕਰ ਵੀ ਬਦਲ ਜਾਵੇਗਾ। ਖੁਸ਼ਕ ਖੇਤਰਾਂ ਵਿੱਚ ਭਾਰੀ ਵਰਖਾ ਹੋ ਸਕਦੀ ਹੈ ਜਾਂ ਵਰਖਾ ਵਾਲੇ ਖੇਤਰ ਖੁਸ਼ਕ ਹੋ ਜਾਣਗੇ।

ਭਾਵ ਕਿ ਵਾਤਾਵਰਨ ਸਬੰਧੀ ਅਨੇਕਾਂ ਸਮੱਸਿਆਵਾਂ ਹੋ ਸਕਦੀਆਂ ਹਨ। ਵਿਸ਼ਵ ਪੱਧਰ ‘ਤੇ ਤਾਪਮਾਨ ਵਿੱਚ ਵਾਧੇ ਨਾਲ ਬਰਫ਼ ਪਿਘਲਣ, ਹੜ੍ਹ ਆਉਣ ਅਤੇ ਸੋਕਾ ਪੈਣ, ਜ਼ਹਿਰੀਲੀਆਂ ਗੈਸਾਂ ਦੀ ਮਾਤਰਾ ਅਤੇ ਗਤੀ ਵਿੱਚ ਵਾਧਾ, ਕਈ ਖੇਤਰ ਤੇ ਦੇਸ਼ ਡੁੱਬਣ, ਸਮੁੰਦਰੀ ਜਲ ਪੱਧਰ ਵਧਣ, ਜੀਵ-ਵਿਭਿੰਨਤਾ ਰਹਿਣ-ਸਹਿਣ ਦੇ ਸਧਾਰਨ ਤਾਪਕ੍ਰਮ ਦੇ ਵਧਣ ਆਦਿ ਦਾ ਖ਼ਤਰਾ ਵਧ ਗਿਆ ਹੈ। ਅਸਲ ਵਿੱਚ ਇਹ ਪ੍ਰਕਿਰਿਆਵਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਜਲਦੀ ਹੀ ਖ਼ਤਰਨਾਕ ਰੂਪ ਧਰਨ ਕਰਨ ਜਾ ਰਹੀਆਂ ਹਨ। ਓਜ਼ੋਨ ਪਰਤ ਵਿੱਚ ਛੇਕ ਹੋ ਰਹੇ ਹਨ। ਮਨੁੱਖ ਦੁਆਰਾ ਪੈਦਾ ਕੀਤੇ ਜ਼ਹਿਰੀਲੇ ਤੱਤ ਜਾਂ ਗੈਸਾਂ ਇਸ ਪਰਤ ਨੂੰ ਕਾਫ਼ੀ ਨੁਕਸਾਨ ਪਹੁੰਚਾ ਰਹੇ ਹਨ। ਇਹ ਗੈਸਾਂ ਫਰਿੱਜਾਂ, ਜੈੱਟ ਜਹਾਜ਼ਾਂ, ਏ. ਸੀ. ਆਦਿ ਤੋਂ ਨਿਕਲ ਰਹੀਆਂ ਹਨ।

ਗਲੋਬਲ ਵਾਰਮਿੰਗ ਨੂੰ ਘੱਟ ਕਰਨ ਦੇ ਤਰੀਕੇ : ਪਥਰਾਟ ਬਾਲਣਾਂ ਦੀ ਵਰਤੋਂ ਨੂੰ ਘੱਟ ਕਰਨ ਨਾਲ ਵਧ ਰਹੇ ਤਾਪਮਾਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਜੰਗਲਾਂ ਦੀ ਕਟਾਈ ‘ਤੇ ਰੋਕ ਲਾਉਣੀ ਚਾਹੀਦੀ ਹੈ, ਨਦੀਆਂ ’ਤੇ ਛੋਟੇ-ਛੋਟੇ ਬੰਨ੍ਹ ਲਾਏ ਜਾਣ, ਵਾਹਨਾਂ ‘ਤੇ ਕੰਟਰੋਲ, ਘੱਟ ਗਰਮੀ ਪੈਦਾ ਕਰਨ ਵਾਲੇ ਬਾਲਣ ਦੀ ਵਰਤੋਂ, ਅੰਨ੍ਹੇਵਾਹ ਹੋ ਰਹੀ ਉਸਾਰੀ ਦੀ ਰੋਕ, ਸਾਰੇ ਕਾਰਖਾਨਿਆਂ ਵਿੱਚ ਪ੍ਰਦੂਸ਼ਣ – ਕੰਟਰੋਲ ਕਰਨ ਵਾਲੇ ਪਲਾਂਟ ਲਾਉਣੇ, CFC ਤੇ ਹੋਰਨਾਂ ਗੈਸਾਂ ਦਾ ਉਤਪਾਦਨ ਬੰਦ ਕੀਤਾ ਜਾਵੇ। ਵਧਦੇ ਤਾਪਮਾਨ ਦੇ ਬੁਰੇ ਪ੍ਰਭਾਵਾਂ ਨੂੰ ਰੋਕਣ ਲਈ ਪਹਿਲਾਂ ਹੀ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ, ਵੱਧ ਤੋਂ ਵੱਧ ਹਵਾ ਸ਼ਕਤੀ, ਸੂਰਜ ਸ਼ਕਤੀ, ਲਹਿਰਾਂ, ਪਾਣੀ ਤੇ ਭੂਮੀਗਤ ਤਾਪ ਸ਼ਕਤੀ ਆਦਿ ਸ੍ਰੋਤਾਂ ਨੂੰ ਵਿਕਸਤ ਕਰਨਾ ਚਾਹੀਦਾ ਹੈ।

ਸਾਰੰਸ਼ : ਗਲੋਬਲ ਵਾਰਮਿੰਗ ਇੱਕ ਗੰਭੀਰ ਸਮੱਸਿਆ ਹੈ। ਜੇਕਰ ਅਸੀਂ ਇਸ ਵੱਲ ਧਿਆਨ ਨਾ ਦਿੱਤਾ ਤਾਂ ਇਹ ਵਿਗਾੜ ਸੱਚਮੁੱਚ ਜੀਵਨ ਨੂੰ ਤਬਾਹੀ ਦੇ ਕੰਢੇ ‘ਤੇ ਲੈ ਜਾਵੇਗਾ ਤੇ ਧਰਤੀ ਉੱਤੇ ਵਿਕਸਤ ਸੱਭਿਅਤਾ ਦਾ ਪਲਾਂ ਵਿੱਚ ਹੀ ਨਾਸ਼ ਹੋ ਜਾਵੇਗਾ।