ਲੇਖ – ਦੀਵਾਲੀ

ਦੀਵਾਲੀ

ਜਾਣ-ਪਛਾਣ : ਭਾਰਤ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ। ਇੱਥੇ ਤਿਉਹਾਰਾਂ ਦਾ ਕਾਫ਼ਲਾ ਲਗਾਤਾਰ ਤੁਰਿਆ ਹੀ ਰਹਿੰਦਾ ਹੈ। ਭਾਰਤੀ ਇਨ੍ਹਾਂ ਤਿਉਹਾਰਾਂ ਨੂੰ ਬੜੀ ਧੂਮ-ਧਾਮ ਨਾਲ ਮਨਾਉਂਦੇ ਹਨ। ਕੁਝ ਤਿਉਹਾਰਾਂ ਦਾ ਸਬੰਧ ਇਤਿਹਾਸ ਅਤੇ ਧਰਮ ਨਾਲ ਹੁੰਦਾ ਹੈ ਅਤੇ ਕੁਝ ਮੌਸਮੀ ਹੁੰਦੇ ਹਨ। ਦੀਵਾਲੀ ਦਾ ਸਬੰਧ ਭਾਰਤ ਦੇ ਧਾਰਮਕ ਤੇ ਇਤਿਹਾਸਕ ਵਿਰਸੇ ਨਾਲ ਹੈ। ਇਸ ਦੀ ਉਡੀਕ ਬੜੀ ਬੇਸਬਰੀ ਨਾਲ ਕੀਤੀ ਜਾਂਦੀ ਹੈ। ਇਹ ਸਰਬ-ਸਾਂਝਾ ਤਿਉਹਾਰ ਹੈ।

ਅਰਥ : ਸ਼ਬਦ ‘ਦੀਵਾਲੀ’ ‘ਦੀਪਾਵਲੀ ਜਾਂ ਦੀਪਮਾਲਾ’ ਤੋਂ ਬਣਿਆ ਹੈ ਜਿਸਦਾ ਅਰਥ ਹੈ-ਦੀਵਿਆਂ ਦੀਆਂ ਪਾਲਾਂ/ਕਤਾਰਾਂ/ਮਾਲਾ। ਦੀਵਾਲੀ ਦੀ ਰਾਤ ਲੋਕ ਆਪਣੇ ਘਰਾਂ ਦੀਆਂ ਕੰਧਾਂ, ਬਨੇਰਿਆਂ ਤੇ ਗੇਟਾਂ ਉੱਤੇ ਲੜੀਆਂ ਵਿੱਚ ਦੀਵੇ, ਮੋਮਬੱਤੀਆਂ ਜਾਂ ਬਿਜਲੀ ਦੇ ਬਲਬਾਂ ਦੀਆਂ ਲੜੀਆਂ ਲਗਾਉਂਦੇ ਹਨ। ਇਸ ਲਈ ਦੀਵਾਲੀ ਦਾ ਤਿਉਹਾਰ ਦੀਵਿਆਂ ਦਾ ਤਿਉਹਾਰ ਬਣ ਗਿਆ ਹੈ।

ਦੀਵਾਲੀ ਦਾ ਨਿਸ਼ਚਿਤ ਸਮਾਂ : ਦੀਵਾਲੀ ਦਾ ਤਿਉਹਾਰ ਕੱਤਕ ਦੀ ਮੱਸਿਆ ਦੀ ਕਾਲੀ-ਬੋਲੀ ਰਾਤ ਨੂੰ ਬੇਸ਼ੁਮਾਰ ਦੀਵਿਆਂ ਦੀ ਰੌਸ਼ਨੀ ਵਿੱਚ ਮਨਾਇਆ ਜਾਂਦਾ ਹੈ। ਇਹ ਦੁਸਹਿਰੇ ਤੋਂ ਵੀਹ ਦਿਨ ਬਾਅਦ ਆਉਂਦਾ ਹੈ। ਆਮ ਤੌਰ ‘ਤੇ ਇਹ ਤਿਉਹਾਰ ਨਵੰਬਰ ਦੇ ਮਹੀਨੇ ਵਿੱਚ ਆਉਂਦਾ ਹੈ। ਇੱਥੋਂ ਸਰਦੀਆਂ ਦਾ ਮੌਸਮ ਅਰੰਭ ਹੋ ਜਾਂਦਾ ਹੈ।

ਦੀਵਾਲੀ ਦਾ ਇਤਿਹਾਸਕ ਪਿਛੋਕੜ : ਇਸ ਤਿਉਹਾਰ ਨੂੰ ਮਨਾਉਣ ਦੇ ਕਈ ਕਾਰਨ ਹਨ, ਜਿਵੇਂ :

ਸ੍ਰੀ ਰਾਮ ਚੰਦਰ ਜੀ ਦਾ ਅਯੁੱਧਿਆ ਵਾਪਸ ਪਰਤਣਾ : ਸ੍ਰੀ ਰਾਮ ਚੰਦਰ ਜੀ ਨੂੰ ਉਸ ਦੀ ਮਤਰੇਈ ਮਾਂ ਕੈਕਈ ਦੇ ਕਹਿਣ ‘ਤੇ ਪਿਤਾ ਰਾਜਾ ਦਸਰਥ ਨੇ ਚੌਦਾਂ ਸਾਲਾਂ ਦਾ ਬਨਵਾਸ ਦੇ ਦਿੱਤਾ ਸੀ। ਇਸ ਦਿਨ ਰਾਮ ਚੰਦਰ ਜੀ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਆਪਣੀ ਪਤਨੀ ਸੀਤਾ ਅਤੇ ਭਰਾ ਲਛਮਣ ਨਾਲ ਵਾਪਸ ਅਯੁੱਧਿਆ ਆਪਣੇ ਘਰ ਪਰਤੇ ਸਨ। ਇਸ ਲਈ ਅਯੁੱਧਿਆ ਵਾਸੀਆਂ ਨੇ ਰਾਮ ਚੰਦਰ ਜੀ ਦੀ ਘਰ ਵਾਪਸੀ ਦਾ ਸੁਆਗਤ ਦੀਪਮਾਲਾ ਕਰਕੇ ਕੀਤਾ।

ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ : ਗਵਾਲੀਅਰ ਦੇ ਰਾਜੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦੀ ਬਣਾ ਲਿਆ ਸੀ ਪਰ ਗੁਰੂ ਜੀ 52 ਰਾਜਿਆਂ ਸਮੇਤ ਇਸ ਦਿਨ ਰਿਹਾਅ ਹੋ ਕੇ ਅੰਮ੍ਰਿਤਸਰ ਪਹੁੰਚੇ ਸਨ। ਉਹਨਾਂ ਦੀ ਵਾਪਸੀ ‘ਤੇ ਇਲਾਕਾ ਨਿਵਾਸੀਆਂ ਨੇ ਦੀਪਮਾਲਾ ਕੀਤੀ।

ਦੀਵਾਲੀ ਦੀਆਂ ਤਿਆਰੀਆਂ : ਸਾਰੇ ਭਾਰਤੀਆਂ ਨੂੰ ਦੀਵਾਲੀ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ਦਿਲ ਵਿੱਚ ਇੱਕ ਚਾਅ ਹੁੰਦਾ ਹੈ, ਉਮੰਗ ਹੁੰਦੀ ਹੈ, ਦੀਵਾਲੀ ਮਨਾਉਣ ਦੀ। ਦੀਵਾਲੀ ‘ਤੇ ਵਿਸ਼ੇਸ਼ ਤੌਰ ‘ਤੇ ਘਰਾਂ ਦੀਆਂ ਸਾਫ਼-ਸਫ਼ਾਈਆਂ ਕੀਤੀਆਂ ਜਾਂਦੀਆਂ ਹਨ ਕਿਉਂਕਿ ਇਸ ਤੋਂ ਪਹਿਲਾਂ ਗਰਮੀ ਦੀਆਂ ਧੂੜ ਭਰੀਆਂ ਹਨੇਰੀਆਂ ਤੇ ਬਰਸਾਤਾਂ ਨਾਲ ਸਫ਼ਾਈ ਦੀ ਉਂਜ ਵੀ ਲੋੜ ਹੁੰਦੀ ਹੈ। ਬਜ਼ਾਰਾਂ ਵਿੱਚ ਵੀ ਪਟਾਖ਼ੇ, ਆਤਿਸ਼ਬਾਜ਼ੀਆਂ, ਮਠਿਆਈਆਂ ਤੇ ਦੀਵਾਲੀ ਦੇ ਗਰੀਟਿੰਗ ਕਾਰਡਜ਼ ਆ ਜਾਂਦੇ ਹਨ। ਲੋਕ ਆਪਣੇ ਸਨੇਹੀਆਂ ਨੂੰ ਕਾਰਡ ਅਤੇ ਮਠਿਆਈਆਂ ਦੇਂਦੇ ਹਨ।

ਬਜ਼ਾਰਾਂ ਦੀ ਰੌਣਕ : ਦੀਵਾਲੀ ਤੋਂ ਘੱਟੋ-ਘੱਟ ਇੱਕ ਮਹੀਨਾ ਪਹਿਲਾਂ ਹੀ ਬਜ਼ਾਰ ਸਜਣੇ ਸ਼ੁਰੂ ਹੋ ਜਾਂਦੇ ਹਨ। ਦੀਵਾਲੀ ਵਾਲੇ ਦਿਨ ਤਾਂ ਬਜ਼ਾਰਾਂ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ। ਹਵਾਈਆਂ, ਪਟਾਖ਼ੇ, ਭਾਂਤ-ਭਾਂਤ ਦੀ ਆਤਿਸ਼ਬਾਜ਼ੀ, ਬਿਜਲੀ ਦਾ ਸਮਾਨ, ਲੜੀਆਂ, ਮੁਨਿਆਰੀ ਆਦਿ ਦੀਆਂ ਦੁਕਾਨਾਂ ਵਿਸ਼ੇਸ਼ ਤੌਰ ‘ਤੇ ਸਜਾਈਆਂ ਹੁੰਦੀਆਂ ਹਨ। ਦੀਵਾਲੀ ‘ਤੇ ਦੁਕਾਨਦਾਰ ਵਿਸ਼ੇਸ਼ ਛੋਟਾਂ ਦਿੰਦੇ ਹੋਏ ਆਪਣੇ ਸਮਾਨ ਵੇਚਦੇ ਹਨ; ਜਿਵੇਂ ਟੀ.ਵੀ., ਫਰਿੱਜਾਂ, ਕਾਰਾਂ ਆਦਿ ‘ਤੇ ਵਿਸ਼ੇਸ਼ ਛੋਟਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਲੋਕ ਪੂਜਾ ਦਾ ਸਮਾਨ, ਬਰਤਨ ਆਦਿ ਵੀ ਖ਼ਰੀਦਦੇ ਹਨ।

ਦੀਵਾਲੀ ਦੀ ਰਾਤ : ਦੀਵਾਲੀ ਭਾਵੇਂ ਰਾਤ ਨੂੰ ਮਨਾਈ ਜਾਂਦੀ ਹੈ ਪਰ ਘਰਾਂ ਵਿੱਚ ਦਿਨੋ ਹੀ ਰੌਣਕਾਂ ਤੇ ਚਹਿਲ – ਪਹਿਲ ਸ਼ੁਰੂ ਹੋ ਜਾਂਦੀ ਹੈ। ਇਸ ਦੀ ਖ਼ੁਸ਼ੀ ਤਾਂ ਕਈ ਦਿਨ ਪਹਿਲਾਂ ਹੀ ਹੋ ਜਾਂਦੀ ਹੈ। ਲੋਕ ਘਰਾਂ ਦੇ ਅੰਦਰ, ਬਾਹਰ, ਕੋਠੇ ਤੇ ਬਨੇਰਿਆਂ ‘ਤੇ, ਦਰਖ਼ਤਾਂ ‘ਤੇ ਭਾਵ ਹਰ ਥਾਂ ‘ਤੇ ਜਗਮਗ-ਜਗਮਗ ਕਰਦੀਆਂ ਲੜੀਆਂ, ਦੀਵੇ, ਮੋਮਬੱਤੀਆਂ ਜਗਾਉਂਦੇ ਹਨ। ਪਹਿਲਾਂ-ਪਹਿਲ ਮਿੱਟੀ ਦੇ ਦੀਵਿਆਂ ਵਿੱਚ ਸਰ੍ਹੋਂ ਦਾ ਤੇਲ ਪਾ ਕੇ ਕੋਠੇ ਦੇ ਬਨੇਰਿਆਂ ‘ਤੇ ਜਗਾਏ ਜਾਂਦੇ ਸਨ ਪਰ ਫਿਰ ਹੌਲੀ-ਹੌਲੀ ਮੋਮਬੱਤੀਆਂ ਆ ਗਈਆਂ ਪਰ ਹੁਣ ਤਾਂ ਚੀਨੀ ਦੀਵੇ ‘ਤੇ ਬਿਜਲੀ ਨਾਲ ਜਗਣ ਵਾਲੀਆਂ ਭਾਂਤ-ਭਾਂਤ ਦੀਆਂ ਬਲਬਾਂ ਵਾਲੀਆਂ ਲੜੀਆਂ ਆ ਗਈਆਂ ਹਨ। ਦੀਵਾਲੀ ਵਾਲੀ ਰਾਤ ਲੋਕ ਪਹਿਲਾਂ ਧਾਰਮਕ ਸਥਾਨਾਂ ‘ਤੇ ਦੀਵੇ ਜਗਾ ਕੇ ਆਉਂਦੇ ਹਨ ਤੇ ਬਾਅਦ ਵਿੱਚ ਆਪਣੇ ਘਰਾਂ ਵਿੱਚ।

ਲੱਛਮੀ ਪੂਜਾ : ਭਾਵੇਂ ਕਿ ਦੀਵਾਲੀ ਵਾਲੇ ਦਿਨ-ਰਾਤ ਹਰ ਧਾਰਮਕ ਸਥਾਨ ‘ਤੇ ਪਾਠ-ਪੂਜਾ ਹੁੰਦੀ ਹੈ ਪਰ ਇਸ ਰਾਤ ਲੋਕ ਆਪਣੇ-ਆਪਣੇ ਘਰਾਂ ਵਿੱਚ ਵਿਸ਼ੇਸ਼ ਤੌਰ ‘ਤੇ ਮਾਤਾ ਲੱਛਮੀ ਦੀ ਪੂਜਾ ਕਰਦੇ ਹਨ ਤੇ ਦਾਨ-ਪੁੰਨ ਵੀ ਕਰਦੇ ਹਨ। ਰਾਤ ਨੂੰ ਲੋਕ ਪਟਾਖੇ ਚਲਾਉਂਦੇ, ਮਠਿਆਈਆਂ ਖਾਂਦੇ ਤੇ ਮਾਤਾ ਦੀ ਪੂਜਾ ਵੀ ਕਰਦੇ ਹਨ।

ਅੰਮ੍ਰਿਤਸਰ ਦੀ ਦੀਵਾਲੀ : ਨਿਰਸੰਦੇਹ ਦੀਵਾਲੀ ਸਾਰੇ ਭਾਰਤ ਵਿੱਚ ਮਨਾਈ ਜਾਂਦੀ ਹੈ ਪਰੰਤੂ ਅੰਮ੍ਰਿਤਸਰ ਦੀ ਦੀਵਾਲੀ ਵਿਸ਼ੇਸ਼ ਤੌਰ ‘ਤੇ ਵੇਖਣ ਯੋਗ ਹੁੰਦੀ ਹੈ। ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸ਼ੇਸ਼ ਤੌਰ ‘ਤੇ ਸਜਾਇਆ ਜਾਂਦਾ ਹੈ। ਚਾਰ-ਚੁਫੇਰੇ ਜਗਮਗ – ਜਗਮਗ ਹੁੰਦੀ ਹੈ ਤੇ ਘੱਟ ਪ੍ਰਦੂਸ਼ਣ ਕਰਨ ਵਾਲੀ ਥੋੜ੍ਹੇ ਸਮੇਂ ਦੀ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਦੂਰੋਂ-ਦੂਰੋਂ ਲੋਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀਵਾਲੀ ਵੇਖਣ ਆਉਂਦੇ ਹਨ, ਤਾਂ ਹੀ ਕਹਿੰਦੇ ਹਨ :

ਦਾਲ-ਰੋਟੀ ਘਰ ਦੀ,
ਦੀਵਾਲੀ ਅੰਮ੍ਰਿਤਸਰ ਦੀ।

ਬੁਰਾਈਆਂ : ਕਈ ਲੋਕ ਵਧੇਰੇ ਪੈਸਾ ਕਮਾਉਣ ਦੀ ਹੋੜ੍ਹ ਵਿੱਚ ਦੀਵਾਲੀ ਤੋਂ ਕਈ-ਕਈ ਦਿਨ ਪਹਿਲਾਂ ਹੀ ਜੂਆ ਖੇਡਣਾ ਸ਼ੁਰੂ ਕਰ ਦਿੰਦੇ ਹਨ। ਕਈਆਂ ਦਾ ਤਾਂ ਦੀਵਾਲੀ ਤੋਂ ਅਗਲੇ ਦਿਨ ਹੀ ‘ਦੀਵਾਲਾ’ ਨਿਕਲ ਜਾਂਦਾ ਹੈ। ਕਈ ਲੋਕ ਦੀਵਾਲੀ ਜਿਹੇ ਪਵਿੱਤਰ ਤਿਉਹਾਰ ‘ਤੇ ਸ਼ਰਾਬ ਪੀਂਦੇ ਹਨ ਤੇ ਲੜਾਈ-ਝਗੜੇ ਵੀ ਕਰਦੇ ਹਨ। ਕਈ ਲੋਕ ਵਹਿਮਾਂ-ਭਰਮਾਂ ਦੀ ਆੜ ਵਿੱਚ ਬੁਰੇ ਕੰਮ ਵੀ ਕਰਦੇ ਹਨ। ਕਿਹਾ ਜਾਂਦਾ ਹੈ ਕਿ ਕਈ ਦੁਸ਼ਟ ਲੋਕ ਇਸ ਦਿਨ ਜਾਦੂ-ਟੂਣੇ ਵੀ ਕਰਦੇ ਹਨ। ਇਹ ਸਾਰਾ ਕੁਝ ਬਹੁਤ ਹੀ ਗ਼ਲਤ ਸੋਚ ਦਾ ਨਤੀਜਾ ਹੈ, ਜਿਸ ਨੂੰ ਤਿਆਗਣਾ ਚਾਹੀਦਾ ਹੈ।

ਧਨ ਅਤੇ ਵਾਤਾਵਰਨ ‘ਤੇ ਬੁਰਾ ਅਸਰ : ਕਈ ਲੋਕ ਇਸ ਦਿਨ ‘ਤੇ ਇਸ ਤੋਂ ਕਈ-ਕਈ ਦਿਨ ਪਹਿਲਾਂ ਹੀ ਆਤਿਸ਼ਬਾਜ਼ੀ ਚਲਾਉਣਾ ਸ਼ੁਰੂ ਕਰ ਦਿੰਦੇ ਹਨ। ਦੀਵਾਲੀ ਵਾਲੀ ਰਾਤ ਤਾਂ ਜ਼ਿਦਬਾਜ਼ੀ ਨਾਲ ਵੱਧ ਤੋਂ ਵੱਧ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਅਜਿਹਾ ਕਰਨਾ ਠੀਕ ਨਹੀਂ ਹੈ ਕਿਉਂਕਿ ਇਸ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ ਤੇ ਧਨ ਦੀ ਵੀ ਬਰਬਾਦੀ ਹੁੰਦੀ ਹੈ।

ਮਿਲਾਵਟ-ਖੋਰੀਂ : ਇਸ ਦਿਨ ਸਭ ਤੋਂ ਵੱਧ ਮਠਿਆਈ ਦੀ ਵਿਕਰੀ ਹੁੰਦੀ ਹੈ। ਇਸ ਲਈ ਦੁਕਾਨਦਾਰ, ਵਪਾਰੀ ਪੈਸੇ ਕਮਾਉਣ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਮਠਿਆਈ ਬਣਾਉਣ ਲਈ ਵੱਧ ਤੋਂ ਵੱਧ ਜ਼ਹਿਰੀਲੇ ਕੈਮੀਕਲ ਆਦਿ ਪਾ ਕੇ ਜ਼ਹਿਰ ਵੇਚ ਰਹੇ ਹਨ, ਜੋ ਕਿ ਸਭ ਤੋਂ ਵੱਡਾ ਪਾਪ ਕਰਦੇ ਹਨ। ਸਰਕਾਰ ਭਾਵੇਂ ਅਜਿਹੇ ਅਨਸਰਾਂ ਦਾ ਪਰਦਾ ਫਾਸ਼ ਕਰ ਰਹੀ ਹੈ ਪਰ ਇਹ ਤਾਂ ਕੌੜੀ ਵੇਲ ਵਾਂਗੂੰ ਵਧ ਰਹੇ ਹਨ। ਇਸ ਦਿਨ ਨਕਲੀ ਮਠਿਆਈਆਂ ਤੋਂ ਵੀ ਬਚਣਾ ਚਾਹੀਦਾ ਹੈ।

ਸਾਰੰਸ਼ : ਭਾਵੇਂ ਇਸ ਤਿਉਹਾਰ ਨਾਲ ਕਈ ਬੁਰਾਈਆਂ ਜੁੜੀਆਂ ਹੋਈਆਂ ਹਨ ਪਰ ਅਜਿਹੀਆਂ ਨਹੀਂ ਜਿਨ੍ਹਾਂ ਨੂੰ ਖ਼ਤਮ ਨਾ ਕੀਤਾ ਜਾ ਸਕੇ ਬਲਕਿ ਅਜਿਹੀਆਂ ਬੁਰਾਈਆਂ ਤੋਂ ਤੋਬਾ ਕਰਕੇ ਇਸ ਤਿਉਹਾਰ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਫ਼ਜ਼ੂਲ – ਖਰਚੀ ਬੰਦ ਕਰਕੇ, ਆਤਿਸ਼ਬਾਜ਼ੀ ਬੰਦ ਕਰਕੇ, ਸ਼ਰਾਬ-ਜੂਏ ਤੋਂ ਤੋਬਾ ਕਰਕੇ ਸਾਰਿਆਂ ਦੀ ਖ਼ੁਸ਼ੀ ਮੰਨਣੀ ਚਾਹੀਦੀ ਹੈ। ਤਾਂ ਹੀ ਹਰ ਇੱਕ ਦੀ ਜ਼ਿੰਦਗੀ ਵਿੱਚ ਦੀਵਿਆਂ ਤੋਂ ਵੱਧ ਕੇ ਰੋਸ਼ਨੀ ਹੋ ਸਕਦੀ ਹੈ, ਨਹੀਂ ਤਾਂ ਮੱਸਿਆ ਵਾਲੀ ਕਾਲੀ-ਬੋਲੀ ਰਾਤ ਵਰਗਾ ਹਨੇਰਾ ਹੀ ਢੋਣਾ ਪੈਂਦਾ ਹੈ।