ਅਲੰਕਾਰ


ਪ੍ਰਸ਼ਨ. ਅਲੰਕਾਰ ਦਾ ਸ਼ਬਦੀ ਅਰਥ ਕੀ ਹੈ?


ਉੱਤਰ : ਅਲੰਕਾਰ ਦਾ ਸ਼ਬਦੀ ਅਰਥ ਹੈ—ਗਹਿਣੇ, ਜ਼ੇਵਰ, ਭੂਸ਼ਣ, ਟੁੰਬਾਂ, ਸਜਾਵਟ ਅਤੇ ਸੁਹਜ-ਸ਼ਿੰਗਾਰ ਆਦਿ। ਜਿਸ ਤਰ੍ਹਾਂ ਮਨੁੱਖ ਆਪਣੇ ਸਰੀਰ ਨੂੰ ਸੋਹਣਾ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਕਈ ਤਰ੍ਹਾਂ ਗਹਿਣੇ ਪਹਿਨਦਾ ਹੈ ਤੇ ਹਾਰ-ਸ਼ਿੰਗਾਰ ਕਰਕੇ ਆਪਣੇ-ਆਪ ਨੂੰ ਸਜਾਉਂਦਾ ਹੈ, ਤਾਂ ਜੋ ਦੂਜੇ ਲੋਕ ਸਹਿਜੇ ਹੀ ਉਸ ਵੀ ਆਪਣੀਆਂ ਕਵਿਤਾਵਾਂ ਵੱਲ ਆਕਰਸ਼ਿਤ ਹੋ ਜਾਣ, ਇਸੇ ਤਰ੍ਹਾਂ ਕਵੀ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਸੁਹਜਮਈ ਬਣਾਉਣ ਲਈ ਸ਼ਬਦਾਂ ਰਾਹੀਂ ਕਈ ਤਰ੍ਹਾਂ ਦੀਆਂ ਸਜਾਵਟੀ ਜੁਗਤਾਂ ਵਰਤਦਾ ਹੈ। ਇਹੋ ਹੀ ਕਵਿਤਾ ਵਿੱਚ ਅਲੰਕਾਰ ਹਨ। ਅਲੰਕਾਰ ਨੂੰ ਕਵਿਤਾ ਦਾ ਸ਼ਿੰਗਾਰ ਮੰਨਿਆ ਗਿਆ ਹੈ ਕਿਉਂਕਿ ਇਸ ਦਾ ਕੰਮ ਅਤੇ ਇਸ ਦਾ ਮਨੋਰਥ ਕਵਿਤਾ ਦੇ ਸੁਹਜ ਨੂੰ ਵਧਾਉਣਾ ਹੁੰਦਾ ਹੈ।

ਭਾਰਤੀ ਕਾਵਿ-ਸ਼ਾਸਤਰ ਵਿੱਚ ਕੁਝ ਆਚਾਰੀਆਂ ਨੇ ਅਲੰਕਾਰ ਨੂੰ ਕਾਵਿ ਦੀ ਆਤਮਾ ਤੇ ਕੁਝ ਨੇ ‘ਅਲੰਕਾਰਾਂ’ ਨੂੰ ਕਵਿਤਾ ਦਾ ਇੱਕ ਲਾਜ਼ਮੀ ਤੱਤ ਮੰਨਿਆ ਹੈ। ਅਲੰਕਾਰਾਂ ਸਬੰਧੀ ਸਭ ਤੋਂ ਪਹਿਲਾਂ ਵਿਚਾਰ-ਚਰਚਾ ਕਰਨ ਵਾਲੇ ਅਚਾਰੀਆ ‘ਭਰਤਮੁਨੀਂ’ ਸਨ, ਜਿਨ੍ਹਾਂ ਨੇ ਆਪਣੇ ਸੁਪ੍ਰਸਿੱਧ ਗ੍ਰੰਥ ‘ਨਾਟਯ ਸ਼ਾਸਤਰ’ ਵਿੱਚ ਇਸ ਸੰਬੰਧੀ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਿਦਵਾਨਾਂ ਨੇ ਅਲੰਕਾਰਾਂ ਸਬੰਧੀ ਚਰਚਾ ਕੀਤੀ ਹੈ।

ਡਾ. ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ : “ਅਲੰਕਾਰ ਕਾਵਿ-ਕਲਾ ਦਾ ਅਨੋਖਾ ਤੇ ਨਿਰਾਲਾ ਢੰਗ ਹੈ, ਜਿੱਥੇ ਕਵੀ ਬੋਲਾਂ ਦੇ ਸ਼ਬਦਾਂ ਵਿੱਚ ਅਦਭੁੱਤ ਚਮਤਕਾਰ ਪੈਦਾ ਕਰਕੇ ਕਵਿਤਾ ਦੇ ਸੁਹਜ ਵਿੱਚ ਵਾਧਾ ਕਰਦਾ ਹੈ।”

ਅਲੰਕਾਰ ਕਵਿਤਾ ਵਿੱਚ ਕਈ ਤਰ੍ਹਾਂ ਦੇ ਕੰਮ ਕਰਦੇ ਹਨ; ਜਿਵੇਂ :

1. ਅਲੰਕਾਰ ਕਵਿਤਾ ਦੀ ਸ਼ੋਭਾ ਅਤੇ ਸੁਹਜ ਵਿੱਚ ਵਾਧਾ ਕਰਦੇ ਹਨ।

2. ਅਲੰਕਾਰ ਕਵਿਤਾ ਨੂੰ ਚਮਤਕਾਰੀ ਤੇ ਪ੍ਰਭਾਵਸ਼ਾਲੀ ਬਣਾਉਂਦੇ ਹਨ।

3. ਅਲੰਕਾਰ ਕਵਿਤਾ ਵਿਚਲੇ ਅਰਥਾਂ ਵਿੱਚ ਸਪਸ਼ਟਤਾ ਤੇ ਬਹੁ-ਅਰਥਕਤਾ ਪੈਦਾ ਕਰਦੇ ਹਨ।

4. ਅਲੰਕਾਰ ਕਵਿਤਾ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ।

ਕਵਿਤਾ ਵਿੱਚ ਕਵੀ ਆਪਣੀ ਅਨੋਖੀ ਕਲਪਨਾ ਤੇ ਵਚਿੱਤਰ ਸ਼ੈਲੀ ਦੁਆਰਾ ਨਵੀਆਂ-ਨਵੀਆਂ ਅਲੰਕਾਰਕ ਜੁਗਤਾਂ ਨੂੰ ਉਜਾਗਰ ਕਰਦਾ ਹੈ। ਉਹ ਆਪਣੀਆਂ ਕਾਵਿ-ਕਿਰਤਾਂ ਵਿੱਚ ਵਰਨਾਂ, ਅੱਖਰਾਂ, ਸ਼ਬਦਾਂ, ਵਾਕਾਂ ਤੇ ਮੁਹਾਵਰਿਆਂ ਨੂੰ ਇਸ ਤਰ੍ਹਾਂ ਜੋੜਦਾ ਹੈ ਕਿ ਉਨ੍ਹਾਂ ਦੇ ਜੋੜ-ਸੰਯੋਗ ਤੋਂ ਇੱਕ ਨਿਵੇਕਲਾ ਤੇ ਚਮਤਕਾਰੀ ਸੁਹਜ ਉੱਭਰ ਕੇ ਸਾਹਮਣੇ ਆਉਂਦਾ ਹੈ। ਇਹੋ ਚਮਤਕਾਰੀ ਸੁਹਜ ਹੀ ਅਲੰਕਾਰਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਈ ਵਾਰੀ ਕਵੀ ਸ਼ਬਦਾਂ ਰਾਹੀਂ ਕੁਝ ਹੋਰ ਅਤੇ ਉਸ ਦੇ ਅਰਥਾਂ ਰਾਹੀਂ ਕੁਝ ਹੋਰ ਚਮਤਕਾਰੀ ਪ੍ਰਭਾਵ ਛੱਡ ਜਾਂਦਾ ਹੈ, ਜਿਸ ਨੂੰ ਪੜ੍ਹ, ਸੁਣ ਕੇ ਪਾਠਕ ਤੇ ਸਰੋਤੇ ਕੀਲੇ ਜਾਂਦੇ ਹਨ। ਉਹ ਜੁਗਤਾਂ ਅਤੇ ਸੁਹਜ ਵਿਧੀਆਂ ਨੂੰ ਵਿਦਵਾਨਾਂ ਨੇ ‘ਅਲੰਕਾਰ’ ਦਾ ਨਾਂ ਦਿੱਤਾ ਹੈ।

ਪੰਜਾਬੀ ਦੇ ਪ੍ਰਸਿੱਧ ਕਵੀ ਪ੍ਰੋ. ਮੋਹਨ ਸਿੰਘ ਦੀ ਗ਼ਜ਼ਲ ਦਾ ਇਹ ਬੰਦ ਅਲੰਕਾਰਾਂ ਦੀ ਉਦਾਹਰਨ ਲਈ ਸਮਝਿਆ ਜਾ ਸਕਦਾ ਹੈ :

‘ਚਿੱਟੇ ਚਾਨਣ ਦਾ ਦੁੱਧ ਡੁੱਲ੍ਹਿਆ,

ਤੇ ਮਟਕੀ ਭੱਜੀ ਹਨੇਰੇ ਦੀ।

ਛੱਡ ਰਾਤਾਂ ਦੀਆਂ ਹਕਾਇਤਾਂ ਨੂੰ,

ਕੋਈ ਗੱਲ ਕਰ ਨਵੇਂ ਸਵੇਰੇ ਦੀ।

ਇਸ ਬੰਦ ਵਿੱਚ ਕਵੀ ਨੇ ਚਿੱਟੇ-ਚਾਨਣ ਨੂੰ ਦੁੱਧ ਬਣਾਇਆ ਹੈ ਅਤੇ ਹਨੇਰੇ ਨੂੰ ਮਟਕੀ ਕਿਹਾ ਹੈ। ਉਸ ਦਾ ਵਿਚਾਰ ਹੈ ਕਿ ਜਦੋਂ ਹਨੇਰੇ ਦੀ ਮਟਕੀ ਟੁੱਟ ਗਈ ਤਾਂ ਇਸ ਵਿੱਚੋਂ ਚਾਨਣ ਦਾ ਦੁੱਧ ਡੁੱਲ੍ਹ ਗਿਆ ਭਾਵ ਮਨੁੱਖ ਅਗਿਆਨਤਾ ਦੇ ਹਨੇਰੇ ਵਿੱਚੋਂ ਨਿਕਲ ਕੇ ਗਿਆਨ ਦੇ ਚਾਨਣ (ਰੋਸ਼ਨੀ) ਵਿੱਚ ਆਇਆ ਹੈ। ਹੁਣ ਗਿਆਨ ਦਾ ਨਵਾਂ ਸਵੇਰਾ ਆ ਗਿਆ ਹੈ। ਇੱਥੇ ਚਾਨਣ ਅਤੇ ਦੁੱਧ ਦਾ ਰੰਗ ਚਿੱਟਾ ਹੈ ਅਤੇ ਹਨੇਰੇ ਅਤੇ ਮਟਕੀ ਦਾ ਰੰਗ ਕਾਲਾ ਹੈ। ਦੁੱਧ ਗਿਆਨ ਦਾ ਪ੍ਰਤੀਕ ਹੈ, ਮਟਕੀ ਅਗਿਆਨਤਾ ਦਾ। ਕਵੀ ਨੇ ਚਾਨਣ ਤੇ ਹਨੇਰੇ ਦੀ ਗੱਲ ਕਰਨ ਲਈ ਦੁੱਧ ਅਤੇ ਮਟਕੀ ਦੀ ਉਪਮਾ ਪੇਸ਼ ਕੀਤੀ ਹੈ ਤੇ ਇਨ੍ਹਾਂ ਦੋਵਾਂ ਵਿੱਚ ਇਕਰੂਪਤਾ ਹੋਣ ਕਰਕੇ ਇਹ ਰੂਪਕ ਅੰਲਕਾਰ ਦੀ ਸੁੰਦਰ ਉਦਾਹਰਨ ਹੈ।

ਇਸੇ ਤਰ੍ਹਾਂ, ਮੋਹਨ ਸਿੰਘ ਦੀ ਕਵਿਤਾ ਦਾ ਇੱਕ ਹੋਰ ਬੰਦ ਹੈ :

ਲੋਪ ਹੋ ਗਈ ਚੰਨ ਦੀ ਦਾਤੀ

ਵਾਢੀ ਕਰਕੇ ਨੇਰ੍ਹੇ ਦੀ।

ਪੂਰਬ ਦੀ ਨਿਰਮਲ ਨੈਂ ਉੱਤੇ

ਕੇਸਰ-ਤੁਰੀਆਂ ਤਰੀਆਂ ਨੇ।

ਇੱਥੇ ਕਵੀ ਨੇ ਚੰਨ ਦੀ ਦਾਤਰੀ, ਹਨੇਰੇ ਨੂੰ ਫ਼ਸਲ ਅਤੇ ਪੂਰਬ ਦਿਸ਼ਾ ਨੂੰ ਨਦੀ ਬਣਾਇਆ ਹੈ। ਚੰਨ ਨੂੰ ਦਾਤੀ ਕਹਿ ਕੇ ਉਸ ਨੂੰ ਅਭੇਦ ਕਰ ਦਿੱਤਾ ਹੈ। ਦਾਤਰੀ ਦਾ ਕੰਮ ਹੈ ਵੱਢਣਾ। ਇੱਥੇ ਚੰਨ ਦੀ ਦਾਤਰੀ ਹਨੇਰੇ ਦੀ ਫ਼ਸਲ ਨੂੰ ਵੱਢ ਰਹੀ ਹੈ ਭਾਵ ਚੰਦਰਮਾ ਚੜ੍ਹਨ ਨਾਲ ਰਾਤ ਦਾ ਹਨੇਰਾ ਖ਼ਤਮ ਹੋ ਗਿਆ ਹੈ। ਪੂਰਬੀ ਦਿਸ਼ਾ ਵੱਲ ਪਹੁ-ਫੁਟਾਲੇ ਦਾ ਦ੍ਰਿਸ਼ ਇਉਂ ਹੈ ਜਿਵੇਂ ਪਵਿੱਤਰ ਨਦੀ ਉੱਤੇ ਕੇਸਰ ਦੀਆਂ ਤੁਰੀਆਂ ਤੈਰ ਰਹੀਆਂ ਹੋਣ। ਇੰਝ ਇਹ ਵੀ ਰੂਪਕ ਅਲੰਕਾਰ ਹੈ।

ਅਲੰਕਾਰਾਂ ਨੂੰ ਤਿੰਨ ਪ੍ਰਮੁੱਖ ਵਰਗਾਂ ਵਿਚ ਵੰਡਿਆ ਗਿਆ ਹੈ :

1. ਸ਼ਬਦ ਅਲੰਕਾਰ

2. ਅਰਥ ਅਲੰਕਾਰ

3. ਸ਼ਬਦਾਰਥ ਅਲੰਕਾਰ

(1) ਸ਼ਬਦਾਂ ਦੀ ਸਹਾਇਤਾ ਨਾਲ ਕਵਿਤਾ ਨੂੰ ਚਮਤਕਾਰ ਬਖ਼ਸ਼ਣਾ ਹੀ ਸ਼ਬਦ ਅਲੰਕਾਰ ਦੇ ਘੇਰੇ ਵਿੱਚ ਆਉਂਦਾ ਹੈ।

(2) ਜਿਹੜੇ ਅਲੰਕਾਰ ਕਵਿਤਾ ਦੇ ਅਰਥਾਂ ਉੱਤੇ ਨਿਰਭਰ ਹੁੰਦੇ ਹਨ, ਉਨ੍ਹਾਂ ਨੂੰ ਅਰਥ ਅਲੰਕਾਰ ਕਿਹਾ ਜਾਂਦਾ ਹੈ।

(3) ਜਿਹੜੇ ਸ਼ਬਦ ਅਤੇ ਅਰਥ ਦੋਵਾਂ ‘ਤੇ ਨਿਰਭਰ ਹੁੰਦੇ ਹਨ, ਉਨ੍ਹਾਂ ਨੂੰ ਸ਼ਬਦਾਰਥ ਅਲੰਕਾਰ ਕਿਹਾ ਜਾਂਦਾ ਹੈ।