ਉਪਮਾ ਅਲੰਕਾਰ


ਉਪਮਾ ਇੱਕ ਅਰਥ ਅਲੰਕਾਰ ਹੈ। ‘ਉਪਮਾ’ ਦਾ ਆਮ ਤੌਰ ‘ਤੇ ਅਰਥ ਹੁੰਦਾ ਹੈ : ਜਸ, ਕੀਰਤੀ, ਵਡਿਆਈ, ਪ੍ਰਸੰਸਾ ਆਦਿ।

ਪਰ ਅਲੰਕਾਰਾਂ ਦੇ ਪ੍ਰਸੰਗ ਵਿੱਚ ਉਪਮਾ ਦਾ ਇਹ ਆਮ ਅਰਥ ਨਹੀਂ ਲਿਆ ਜਾਂਦਾ ਸਗੋਂ ਇੱਥੇ ਉਪਮਾ ਇੱਕ ਅਲੰਕਾਰ ਦਾ ਨਾਂ ਹੈ, ਜਿਸ ਦਾ ਅਰਥ ਹੈ : ਤੁਲਨਾ।

ਜਦੋਂ ਕਿਸੇ ਚੀਜ਼ ਦੀ ਤੁਲਨਾ ਉਸ ਨਾਲ ਮਿਲਦੀ-ਜੁਲਦੀ ਵਸਤੂ ਨਾਲ ਕੀਤੀ ਜਾਵੇ ਅਤੇ ਉਸ ਵਿੱਚ ਸਾਂਝੇ ਗੁਣਾਂ ਦੀ ਸਮਾਨਤਾ ਦੱਸੀ ਜਾਵੇ ਤਾਂ ਉੱਥੇ ਉਪਮਾ ਅਲੰਕਾਰ ਹੁੰਦਾ ਹੈ। ਦੋ ਸਮਾਨ ਗੁਣਾਂ ਵਾਲੀ ਵਸਤੂ ਦੀ ਤੁਲਨਾ ਲਈ, ਵਾਂਗ, ਵਾਂਗੂ, ਜਿਉਂ, ਜਿਹਾ, ਵਰਗਾ ਆਦਿ ਸ਼ਬਦ ਵਰਤੇ ਜਾਂਦੇ ਹਨ।

1. ਉਸ ਦਾ ਮੁਖੜਾ ਚੰਦ ਵਰਗਾ ਸੋਹਣਾ ਹੈ।

2. ਉਸ ਦਾ ਰੰਗ ਦੁੱਧ ਵਾਂਗ ਚਿੱਟਾ ਹੈ।

3. ਕਣਕ ਸੋਨੇ ਵਾਂਗ ਚਮਕਦੀ ਹੈ।

4. ਇਹ ਉਹੋ ਜਿਹਾ ਹੀ ਹੈ। ਆਦਿ ਵਾਕਾਂ ‘ਚ ਉਪਮਾ ਅਲੰਕਾਰ ਹਨ।

ਉਪਮਾ ਅਲੰਕਾਰ ਵਿੱਚ ਚਾਰ ਤੱਤ (ਉਪਮੇਯ, ਉਪਮਾਨ, ਸਾਂਝਾ ਗੁਣ, ਵਾਚਕ ਸ਼ਬਦ) ਸ਼ਾਮਲ ਹੁੰਦੇ ਹਨ।

1. ਉਪਮੇਯ : ਉਹ ਚੀਜ਼ ਜਿਸ ਦੀ ਉਪਮਾ (ਤੁਲਨਾ) ਕੀਤੀ ਗਈ ਹੋਵੇ; ਜਿਵੇਂ ਉਪਰੋਕਤ ਵਾਕਾਂ ਵਿੱਚ ਮੁਖੜਾ, ਰੰਗ, ਕਣਕ ਆਦਿ।

2. ਉਪਮਾਨ : ਉਹ ਵਸਤੂ ਜਿਸ ਨਾਲ ਉਪਮਾ ਕੀਤੀ ਗਈ ਹੋਵੇ; ਜਿਵੇਂ ਉਪਰੋਕਤ ਵਾਕਾਂ ਵਿੱਚ ਚੰਦ, ਦੁੱਧ, ਸੋਨੇ, ਸ਼ਬਦ ਆਦਿ

3. ਸਾਂਝਾ ਗੁਣ (ਧਰਮ) : ਉਹ ਗੁਣ ਜੋ ਦੋਵਾਂ ਵਿੱਚ ਇੱਕੋ ਜਿਹਾ ਸਾਂਝਾ ਹੋਵੇ; ਜਿਵੇਂ ਉਪਰੋਕਤ ਵਾਕਾਂ ਵਿੱਚ ਸੋਹਣਾ, ਚਿੱਟਾ, ਚਮਕਦਾ ਸ਼ਬਦ ਆਦਿ।

4. ਵਾਚਕ : ਉਹ ਸ਼ਬਦ ਜੋ ਟਾਕਰਾ ਕਰਨ ਲਈ ਜਾਂ ਉਪਮਾ ਨੂੰ ਪ੍ਰਗਟ ਕਰਨ ਲਈ ਵਰਤੇ ਜਾਣ; ਜਿਵੇਂ ਵਰਗਾ, ਵਾਂਗ, ਜਿਹਾ ਆਦਿ।

ਉਪਮਾ ਅਲੰਕਾਰ ਦੀ ਪਰਿਭਾਸ਼ਾ

ਡਾ. ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ, “ਜਿੱਥੇ ਉਪਮਾਉਣ ਯੋਗ ਵਸਤੂ (ਉਪਮੇਯ) ਦੀ ਕਿਸੇ ਹੋਰ ਮਿਲਦੀ-ਜੁਲਦੀ ਵਸਤੂ (ਉਪਮਾਨ) ਨਾਲ ਸਾਂਝੇ ਗੁਣਾਂ ਦੀ ਸਮਾਨਤਾ ਦੱਸੀ ਜਾਵੇ, ਉਥੇ ਉਪਮਾ ਅਲੰਕਾਰ ਹੁੰਦਾ ਹੈ।” ਉਦਾਹਰਨਾਂ :

1. ਸੋਹਣਾ ਦੇਸ਼ਾਂ ਅੰਦਰ ਦੇਸ਼ ਪੰਜਾਬ ਨੀ ਸਈਓ।

ਜਿਵੇਂ ਫੁੱਲਾਂ ਅੰਦਰ ਫੁੱਲ ਗੁਲਾਬ ਨੀ ਸਈਓ।

(1) ਉਪਮੇਯ : ਪੰਜਾਬ

(2) ਉਪਮਾਨ : ਗੁਲਾਬ ਦਾ ਫੁੱਲ

(3) ਸਾਂਝਾ ਗੁਣ/ਧਰਮ : ਸੋਹਣਾ (ਪੰਜਾਬ ਤੇ ਫੁੱਲ ਵਿਚਕਾਰ ਸਾਂਝਾ ਗੁਣ ਸੁੰਦਰਤਾ ਹੈ)

(4) ਵਾਚਕ : ਜਿਵੇਂ

2. ਨੀ ਅੱਜ ਕੋਈ ਆਇਆ ਸਾਡੇ ਵਿਹੜੇ,

ਤੱਕਣ ਚੰਨ ਸੂਰਜ ਢੁੱਕ-ਢੁੱਕ ਨੇੜੇ।

ਲੱਸੇ ਨੀ ਉਹਦਾ ਮੱਥਾ ਤਾਰਿਆ ਵਾਂਗੂ

ਆਇਆ ਨੀ ਖੋਰੇ ਅੰਬਰ ਘੁੰਮ-ਘੁੰਮ ਕਿਹੜੇ।

ਇੱਥੇ : ਲੱਸੋ ਨੀ ਉਹਦਾ ਮੱਥਾ ਤਾਰਿਆਂ ਵਾਂਗੂ ਉਪਮਾ ਅਲੰਕਾਰ ਹੈ।

(1) ਉਪਮਯ : ਮੱਥਾ

(2) ਉਪਮਾਨ : ਤਾਰੇ

(3) ਸਾਂਝਾ ਗੁਣ/ਧਰਮ: ਲੱਸੇ (ਲਿਸ਼ਕਣਾ)

(4) ਵਾਚਕ : ਵਾਂਗੂ

3. ਉਹਦਾ ਨਾਜ਼ੁਕ ਜੁੱਸਾ ਮਖਮਲੋਂ, ਵਾਂਗ ਗੁਲਾਬੇ ਰੰਗ।

ਕੱਦ ਬੁਲੰਦੀ ਸਰਵ ਦੀ, ਗਰਦਨ ਮਿਸਲ ਕੁਲੰਗ।

ਕੇਲੇ ਵਾਂਗੂ ਪਿੰਨੀਆਂ, ਮਤਲਸ ਭਿੰਨੀ ਰੰਗ।

ਦੇਖ ਝੜਨ ਪਰਿੰਦੇ ਕਾਦਰਾ, ਜਿਵੇਂ ਮਸ਼ਾਲ ਪਤੰਗ।

(ਸੋਹਣੀ, ਕਾਦਰਯਾਰ)

(1) ਉਪਮੇਯ = ਉਹ (ਸੋਹਣੀ)

(2) ਉਪਮਾਨ = ਮਖ਼ਮਲ, ਗੁਲਾਬ

(3) ਸਾਂਝਾ ਗੁਣ = ਜਿਸਮ ਤੇ ਮਖਮਲ ਦੀ ਨਾਜ਼ੁਕਤਾ

(4) ਵਾਚਕ = ਵਾਂਗੂ/ਜਿਵੇਂ

4. ਬੂਹੇ ਦੇ ਵਿਚ ਚੁੱਪ ਖੜ੍ਹੀ ਸੀ ਜਾਇਦਾਦ

ਚਿੱਟੀ ਸੰਗਮਰਮਰ ਦੀ ਥੰਮ੍ਹੀ ਵਾਂਗਰਾਂ

ਸੀਨੇ ਜਿਉਂ ਰਿਮ-ਬਧ ਹੋਏ ਪੰਖੇਰੂ

ਅੱਖੀਂ ਜਿਉਂ ਸੈਲ-ਪੱਥਰ ਜੁਗਨੂੰ

(ਪ੍ਰੋ. ਮੋਹਨ ਸਿੰਘ)

5. ਫੁੱਲ-ਫੁੱਲ ਤੇ ਭੌਰਿਆਂ ਵਾਂਗ ਫਿਰਨ,

ਇਨ੍ਹਾਂ ਮਰਦਾਂ ਦਾ ਰਿਹਾ ਦਸਤੂਰ ਮਾਹੀਆ

(ਪ੍ਰੋ. ਮੋਹਨ ਸਿੰਘ)

ਉਪਮਾ ਅਲੰਕਾਰ ਦੀਆਂ ਕਿਸਮਾਂ

ਉਪਮਾ ਅਲੰਕਾਰ ਪੰਜ ਪ੍ਰਕਾਰ ਦਾ ਹੁੰਦਾ ਹੈ :

1. ਪੂਰਨ ਉਪਮਾ : ਜਿਸ ਉਪਮਾ ਵਿੱਚ ਉਸ ਦੇ ਚਾਰੇ ਤੱਤ (ਉਪਮੇਯ, ਉਪਮਾਨ, ਧਰਮ ਤੇ ਵਾਚਕ) ਮੌਜੂਦ ਹੋਣ, ਉਸ ਨੂੰ ਪੂਰਨ ਉਪਮਾ ਕਿਹਾ ਜਾਂਦਾ ਹੈ; ਜਿਵੇਂ :

1. ਉਸ ਦਾ ਮੁਖੜਾ ਸੇਬ ਵਰਗਾ ਲਾਲ ਹੈ।

(1) ਉਪਮੇਯ : ਮੁਖੜਾ

(2) ਉਪਮਾਨ : ਸੇਬ

(3) ਸਾਂਝਾ ਗੁਣ : ਲਾਲ

(4) ਵਾਚਕ : ਵਰਗਾ

ਨੋਟ : ਇੱਥੇ ਉਪਮਾ ਦੇ ਚਾਰੇ ਤੱਤ ਸ਼ਾਮਲ ਹਨ।

2. ਲੁਪਤ ਅਲੰਕਾਰ : ਜਦੋਂ ਉਪਮਾ ਦੇ ਚਾਰ ਤੱਤਾਂ (ਉਪਮੇਯ, ਉਪਮਾਨ, ਧਰਮ, ਵਾਚਕ) ਵਿੱਚੋਂ ਕੋਈ ਇੱਕ ਤੱਤ ਲੁਪਤ ਹੋਵੇ, ਉਸ ਨੂੰ ਲੁਪਤ ਅਲੰਕਾਰ ਕਿਹਾ ਜਾਂਦਾ ਹੈ; ਜਿਵੇਂ :

1. ਉਸ ਦਾ ਮੁਖੜਾ ਸੇਬ ਵਰਗਾ ਹੈ।

ਨੋਟ : ਇੱਥੇ ਉਪਮਾ ਅਲੰਕਾਰ ਦਾ ਇੱਕ ਤੱਤ ਸਾਂਝਾ ਗੁਣ ਲੁਪਤ ਹੈ ਭਾਵ ਨਹੀਂ ਹੈ।

2. ਮਾਲ ਉਪਮਾ (ਬਹੁ-ਉਪਮਾ) : ਜਿੱਥੇ ਇੱਕ ਉਪਮੇਯ ਲਈ ਬਹੁਤ ਸਾਰੇ ਉਪਮਾਨ ਹੋ ਜਾਣ; ਜਿਵੇਂ:

ਮੁੱਖ ਖਿੜਿਆ ਵਾਂਗ ਗੁਲਾਬ ਦੇ, ਸੋਹਣਾ ਜੀਕਰ ਚੰਦ।

ਨੋਟ : ਇਥੇ ਇੱਕ ਉਪਮੇਯ (ਮੁੱਖੜਾ) ਲਈ ਬਹੁਤ ਸਾਰੇ ਉਪਮਾਨ (ਗੁਲਾਬ, ਚੰਦ) ਸ਼ਾਮਲ ਹਨ।

3. ਰਸਨ ਉਪਮਾ (ਸੰਗਲੀ ਵਤ ਉਪਮਾ) : ਜਿੱਥੇ ਇੱਕ ਉਪਮੇਯ ਨੂੰ ਦੂਜੀ ਦਾ ਉਪਮਾਨ ਤੇ ਦੂਜੀ ਦੇ ਉਪਮੇਯ ਨੂੰ ਤੀਜੀ ਦਾ ਉਪਮਾਨ ਬਣਨ ਨਾਲ ਉਪਮੇਯ-ਉਪਮਾਨਾਂ ਦੀ ਇੱਕ ਲੜੀ ਜਿਹੀ ਬੱਝ ਜਾਵੇ, ਉੱਥੇ ਰਸਨ ਉਪਮਾ ਹੁੰਦਾ ਹੈ; ਜਿਵੇਂ :

ਬੀਰ ਗੱਜਦੇ ਨੇ ਸ਼ੇਰ ਵਾਂਗ,

ਸ਼ੇਰ ਸੰਢੇ ਦੇ ਅਕਾਰ ਦੇ

ਸੰਢੇ ਵੀ ਉਹ ਹਾਥੀ ਵਾਂਗ ਵੱਡੇ-ਵੱਡੇ,

ਹਾਥੀ ਵੀ ਨੇ ਵਾਂਗਰਾਂ ਪਹਾੜਾਂ ਦੇ।

ਨੋਟ : ਇੱਥੇ ਪਹਿਲਾਂ ਉਪਮੇਯ (ਬੀਰ) ਨੂੰ ਉਪਮਾਨ ਸ਼ੇਰ, ਫਿਰ ਸ਼ੇਰ ਨੂੰ ਸੰਢੇ, ਫਿਰ ਸੰਢੇ ਨੂੰ ਹਾਥੀ ਤੇ ਫਿਰ ਹਾਥੀ ਨੂੰ ਪਹਾੜਾਂ ਜਿਹਾ ਕਿਹਾ ਗਿਆ ਹੈ।

4. ਉਪਮੇਯ-ਉਪਮਾਨ : ਜਿੱਥੇ ਇੱਕ ਉਪਮਾ ਦੇ ਉਪਮੇਯ ਨੂੰ ਦੂਜੀ ਦਾ ਉਪਮਾਨ ਤੇ ਉਪਮਾਨ ਨੂੰ ਉਪਮੇਯ ਬਣਾਇਆ ਜਾਵੇ; ਜਿਵੇਂ :

ਗੋਬਿੰਦ ਸਮ ਗੁਰੂ ਜਾਣ,

ਗੋਬਿੰਦ ਗੁਰੂ ਸਮ ਜਾਣੀਏ।