CBSEClass 9th NCERT PunjabiEducationPunjab School Education Board(PSEB)

ਮੈਂ ਪੰਜਾਬੀ – ਪਾਠ ਨਾਲ ਸੰਬੰਧਿਤ ਪ੍ਰਸ਼ਨ – ਉੱਤਰ


ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਕਵਿਤਾ – ਭਾਗ (ਜਮਾਤ ਨੌਵੀਂ)

ਮੈਂ ਪੰਜਾਬੀ – ਫੀਰੋਜ਼ਦੀਨ ਸ਼ਰਫ਼


ਪ੍ਰਸ਼ਨ 1 . ‘ਮੈਂ ਪੰਜਾਬੀ’ ਕਵਿਤਾ ਵਿੱਚ ਕਵੀ ਕਿਹੜੇ –  ਕਿਹੜੇ ਕਵੀਆਂ ਨੂੰ ਯਾਦ ਕਰਦਾ ਹੈ ?

ਉੱਤਰ : ‘ਮੈਂ ਪੰਜਾਬੀ’ ਕਵਿਤਾ ਵਿੱਚ ਕਵੀ ਫੀਰੋਜ਼ਦੀਨ ਸ਼ਰਫ਼, ‘ਵਾਰਿਸ ਸ਼ਾਹ’ ਅਤੇ ‘ਬੁਲ੍ਹੇ ਸ਼ਾਹ’ ਵਰਗੇ ਕਵੀਆਂ ਨੂੰ ਯਾਦ ਕਰਦਾ ਹੈ।

ਪ੍ਰਸ਼ਨ 2 . ‘ਮੈਂ ਪੰਜਾਬੀ’ ਕਵਿਤਾ ਵਿੱਚ ਕਵੀ ਮੁੱਢ – ਕਦੀਮ ਤੋਂ ਕਿਸ ਗੱਲ ਦਾ ਆਸ਼ਕ ਹੈ ?

ਉੱਤਰ : ‘ਮੈਂ ਪੰਜਾਬੀ’ ਕਵਿਤਾ ਵਿੱਚ ਕਵੀ ਫੀਰੋਜ਼ਦੀਨ ਸ਼ਰਫ਼ ਮੁੱਢ – ਕਦੀਮ ਤੋਂ ਹੀ ਇਸ  ਗੱਲ ਦਾ ਆਸ਼ਕ ਰਿਹਾ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਆਪਣੇ ਦੇਸ ਵਿੱਚ ਪੂਰਾ ਮਾਣ ਸਤਿਕਾਰ ਮਿਲੇ।

ਕਵੀ ਕਿਸੇ ਵੀ ਰੂਪ ਵਿੱਚ ਪੰਜਾਬੀ ਬੋਲੀ ਦਾ ਤਿਆਗ ਕਰਨ ਦੇ ਹੱਕ ਵਿੱਚ ਨਹੀਂ।

ਪ੍ਰਸ਼ਨ 3 . ‘ਮੈਂ ਪੰਜਾਬੀ’ ਕਵਿਤਾ ਦਾ ਕੇਂਦਰੀ ਭਾਵ ਲਿਖੋ।

ਉੱਤਰ : ਪੰਜਾਬ ਦੇ ਵਸਨੀਕ ਹੋਣ ਕਰਕੇ ਕਵੀ ਆਪਣੀ ਮਾਂ – ਬੋਲੀ ਪੰਜਾਬੀ ਨਾਲ਼ ਬਹੁਤ ਪਿਆਰ ਕਰਦਾ ਹੈ। ਉਹ ਸਦਾ ਹੀ ਇਹ ਚਾਹੁੰਦਾ ਹੈ ਕਿ ਉਸ ਦੀ ਮਾਂ – ਬੋਲੀ ਪੰਜਾਬੀ ਨੂੰ ਆਪਣੇ ਦੇਸ਼ ਵਿੱਚ ਪੂਰਾ ਸਹਿਯੋਗ ਅਤੇ ਸਤਿਕਾਰ ਮਿਲੇ। ਉਹ ਮਾਂ – ਬੋਲੀ ਪੰਜਾਬੀ ਦਾ ਸੇਵਕ ਬਣ ਕੇ ਮਾਂ – ਬੋਲੀ ਦੀ ਸਦਾ ਖ਼ੈਰ ਮੰਗਦਾ ਹੈ।

ਪ੍ਰਸ਼ਨ 4 . ਹੇਠ ਲਿਖੀਆਂ ਕਾਵਿ ਸਤਰਾਂ ਦੀ ਵਿਆਖਿਆ ਕਰੋ –

ਮਿਲ਼ੇ ਮਾਣ ਪੰਜਾਬੀ ਨੂੰ ਦੇਸ ਅੰਦਰ,
ਆਸ਼ਕ ਮੁਢੋਂ ਮੈਂ ਏਸ ਉਮੰਗ ਦਾ ਹਾਂ।

ਉੱਤਰ : ਕਵੀ ਕਹਿੰਦਾ ਹੈ ਕਿ ਮੇਰੀ ਮਾਂ – ਬੋਲੀ ਪੰਜਾਬੀ ਨੂੰ ਮੇਰੇ ਦੇਸ ਪੰਜਾਬ ਦੇ ਅੰਦਰ ਉਹ ਮਾਣ ਹਾਸਿਲ ਹੋਣਾ ਚਾਹੀਦਾ ਹੈ ਜੋ ਕਿ ਇੱਕ ਮਾਂ ਨੂੰ ਹੁੰਦਾ ਹੈ। ਮੈਂ ਮੁੱਢ ਤੋਂ ਹੀ ਇਸ ਗੱਲ ਦਾ ਚਾਹਵਾਨ ਹਾਂ ਕਿ ਮਾਂ – ਬੋਲੀ ਪੰਜਾਬੀ ਨੂੰ ਪੂਰਾ – ਪੂਰਾ ਮਾਣ ਮਿਲੇ।


‘ਵਾਰਿਸ ਸ਼ਾਹ’ ਤੇ ‘ਬੁੱਲ੍ਹੇ ਸ਼ਾਹ’ ਦੇ ਰੰਗ ਅੰਦਰ,
ਡੋਬ – ਡੋਬ ਕੇ ਜ਼ਿੰਦਗੀ ਰੰਗਦਾ ਹਾਂ।

ਉੱਤਰ : ਕਵੀ ਕਹਿੰਦਾ ਹੈ ਕਿ ਉਹ ਪੰਜਾਬੀ ਦੇ ਮਹਾਨ ਕਵੀਆਂ ਵਾਰਸ ਸ਼ਾਹ ਅਤੇ ਬੁੱਲ੍ਹੇ ਸ਼ਾਹ ਵਾਂਗ ਹੀ ਆਪਣੀ ਜ਼ਿੰਦਗੀ ਨੂੰ ਪੰਜਾਬ ਅਤੇ ਪੰਜਾਬੀਅਤ ਦੇ ਰੰਗ ਵਿੱਚ ਡੋਬ ਕੇ ਰੰਗਦਾ ਹੈ ਅਤੇ ਉਨ੍ਹਾਂ ਵਾਂਗ ਪੰਜਾਬੀ ਬੋਲੀ ਵਿੱਚ ਕਵਿਤਾ ਕਹਿੰਦਾ ਹੈ ਕਿਉਂਕਿ ਉਹ ਪੰਜਾਬੀ ਹੈ ਅਤੇ ਪੰਜਾਬੀ ਬੋਲੀ ਨੂੰ ਬਹੁਤ ਪਿਆਰ ਕਰਦਾ ਹੈ।


ਮੈਂ ਪੰਜਾਬੀ, ਪੰਜਾਬ ਦਾ ‘ਸ਼ਰਫ਼’ ਸੇਵਕ,
ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ।

ਉੱਤਰ : ਕਵੀ ਫੀਰੋਜ਼ਦੀਨ ਸ਼ਰਫ਼ ਕਹਿੰਦਾ ਹੈ ਕਿ ਉਹ ਪੰਜਾਬ ਅਤੇ ਪੰਜਾਬੀ ਬੋਲੀ ਨਾਲ਼ ਬਹੁਤ ਪਿਆਰ ਕਰਦਾ ਹੈ। ਉਹ ਪੰਜਾਬੀ ਹੈ ਅਤੇ ਪੰਜਾਬ ਦਾ ਸੱਚਾ ਸੇਵਕ ਹੈ ਅਤੇ ਉਸ ਨੂੰ ਆਪਣੇ ਪੰਜਾਬੀ ਹੋਣ ਦਾ ਮਾਣ ਹੈ।

ਉਹ ਇਹ ਇੱਛਾ ਕਰਦਾ ਹੈ ਕਿ ਮਾਂ – ਬੋਲੀ ਪੰਜਾਬੀ ਨੂੰ ਦੇਸ਼ ਵਿੱਚ ਪੂਰਾ ਮਾਣ ਅਤੇ ਸਤਿਕਾਰ ਮਿਲ਼ੇ।

ਪ੍ਰਸ਼ਨ 5 . ਸ਼ਰਫ਼ ਪੂਰੀ ਤਰ੍ਹਾਂ ਨਾਲ ਪੰਜਾਬ ਤੇ ਪੰਜਾਬੀ ਸੱਭਿਆਚਾਰ ਨਾਲ਼ ਜੁੜਿਆ ਹੋਇਆ ਹੈ। ਇਹ ਕਥਨ ਸਪਸ਼ਟ ਕਰੋ।

ਉੱਤਰ : ‘ਮੈਂ ਪੰਜਾਬੀ’ ਕਵਿਤਾ ਵਿੱਚ ਕਵੀ ਫੀਰੋਜ਼ਦੀਨ ਸ਼ਰਫ਼ ਪੂਰਨ ਤੌਰ ‘ਤੇ ਪੰਜਾਬ ਅਤੇ ਉਸ ਦੇ ਸੱਭਿਆਚਾਰ ਨਾਲ਼ ਜੁੜਿਆ ਹੋਇਆ ਹੈ। ਉਹ ਇਸ ਕਵਿਤਾ ਵਿੱਚ ਦੱਸਦਾ ਹੈ ਕਿ ਉਹ ਪੰਜਾਬੀ ਹੈ। ਭਾਵੇਂ ਉਹ ਪੇਂਡੂ ਹੈ ਪਰ ਉਸ ਦਾ ਰਹਿਣ – ਸਹਿਣ ਸ਼ਹਿਰੀ ਹੈ।

ਉਹ ਉਰਦੂ ਖ਼ੂਬ ਬੋਲ ਲੈਂਦਾ ਹੈ ਤੇ ਫ਼ਾਰਸੀ ਵੀ ਸਮਝਦਾ ਹੈ, ਪਰ ਇਸ ਦੇ ਬਾਵਜੂਦ ਉਹ ਇਹ ਗੱਲ ਕਹਿਣ ਤੋਂ ਰਤਾ ਸੰਕੋਚ ਨਹੀਂ ਕਰਦਾ ਕਿ ਉਹ ਆਪਣੀ ਮਾਂ – ਬੋਲੀ ਪੰਜਾਬੀ ਨਾਲ਼ ਸੱਭ ਤੋਂ ਜ਼ਿਆਦਾ ਪਿਆਰ ਕਰਦਾ ਹੈ ਤੇ ਚਾਹੁੰਦਾ ਹੈ ਕਿ ਪੰਜਾਬੀ ਨੂੰ ਆਪਣੇ ਦੇਸ਼ ਵਿੱਚ ਵੀ ਪੂਰਾ ਮਾਣ – ਸਨਮਾਨ ਪ੍ਰਾਪਤ ਹੋਵੇ।

ਪ੍ਰਸ਼ਨ 6. “ਮੈਂ ਪੰਜਾਬੀ” ਕਵਿਤਾ ਵਿੱਚ ਕਵੀ ਕਿਹੜੇ-ਕਿਹੜੇ ਸੂਫ਼ੀ ਕਵੀਆਂ ਨੂੰ ਯਾਦ ਕਰਦਾ ਹੈ ਅਤੇ ਕਿਉਂ?

ਉੱਤਰ : ‘ਮੈਂ ਪੰਜਾਬੀ’ ਕਵਿਤਾ ਵਿੱਚ ਕਵੀ ਫ਼ੀਰੋਜ਼ਦੀਨ ਸ਼ਰਫ, ‘ਵਾਰਿਸ ਸ਼ਾਹ’ ਅਤੇ ‘ਬੁੱਲ੍ਹੇ ਸ਼ਾਹ’ ਵਰਗੇ ਕਵੀਆਂ ਨੂੰ ਯਾਦ ਕਰਦਾ ਹੈ ਕਿਉਂਕਿ ਇਹਨਾਂ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਪੰਜਾਬੀ ਸਾਹਿਤ ਅਤੇ ਮਾਂ-ਬੋਲੀ ਪੰਜਾਬੀ ਨੂੰ ਨਵੀਂਆਂ ਉਚਾਈਆਂ ਬਖਸ਼ੀਆਂ ਹਨ। ਕਵੀ ਵੀ ਉਹਨਾਂ ਦੇ ਹੀ ਨਕਸ਼ੇ ਕਦਮ ‘ਤੇ ਚਲਦਾ ਹੋਇਆ ਆਪਣੀ ਮਾਂ-ਬੋਲੀ ਨਾਲ ਬਹੁਤ ਪਿਆਰ ਕਰਦਾ ਹੈ।

ਪ੍ਰਸ਼ਨ 7. “ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ।” ਇਸ ਤੁਕ ਤੋਂ ਕਵੀ ਦਾ ਕੀ ਭਾਵ ਹੈ?

ਉੱਤਰ : ਕਵੀ ਫ਼ੀਰੋਜ਼ਦੀਨ ਸ਼ਰਫ਼ ਮੁੱਢ-ਕਦੀਮ ਤੋਂ ਹੀ ਇਸ ਗੱਲ ਦਾ ਆਸ਼ਕ ਰਿਹਾ ਹੈ ਕਿ ਮਾਂ ਬੋਲੀ ਪੰਜਾਬੀ ਨੂੰ ਆਪਣੇ ਦੇਸ਼ ਵਿੱਚ ਪੂਰਾ ਮਾਣ ਸਤਿਕਾਰ ਮਿਲੇ। ਕਵੀ ਦੀ ਇਹ ਦਿਲੀ ਇੱਛਾ ਹੈ ਕਿ ਪੰਜਾਬੀ ਬੋਲੀ ਨੂੰ ਦੇਸ਼
ਵਿੱਚ ਪੂਰਾ ਸਤਿਕਾਰ ਮਿਲੇ ਅਤੇ ਹਰ ਪੰਜਾਬੀ ਜੋ ਕਿ ਪੰਜਾਬ ਵਿੱਚ ਰਹਿੰਦਾ ਹੈ, ਆਪਣੀ ਮਾਂ-ਬੋਲੀ ਨੂੰ ਹੀ ਅਪਣਾਵੇ। ਕਵੀ ਕਿਸੇ ਵੀ ਰੂਪ ਵਿੱਚ ਪੰਜਾਬੀ ਬੋਲੀ ਦਾ ਤਿਆਗ ਕਰਨ ਦੇ ਹੱਕ ਵਿੱਚ ਨਹੀਂ ਹੈ।

ਪ੍ਰਸ਼ਨ 8. “ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ।” ਇਸ ਤੁਕ ਤੋਂ ਕਵੀ ਦਾ ਕੀ ਭਾਵ ਹੈ? ਸਪਸ਼ਟ ਕਰੋ।

ਉੱਤਰ : ਕਵੀ ਇਸ ਤੁਕ ਰਾਹੀਂ ਸਪਸ਼ਟ ਕਰ ਰਿਹਾ ਹੈ ਕਿ ਭਾਵੇਂ ਉਹ (ਕਵੀ) ਪਿੰਡ ਵਿੱਚ ਰਹਿਣ ਵਾਲ ਇੱਕ ਸਿੱਧਾ-ਸਾਦਾ ਇਨਸਾਨ ਹੈ, ਉਸ ਦਾ ਖਾਣ-ਪਾਣ, ਰਹਿਣ-ਸਹਿਣ ਇੱਕ ਪੇਂਡੂ ਪੰਜਾਬੀ ਵਰਗਾ ਹੈ ਪਰ ਉਸ ਦੀ ਸੋਚ ਅਤੇ ਮਾਨਸਿਕਤਾ ਇੱਕ ਸ਼ਹਿਰੀ ਵਰਗੀ ਭਾਵ ਪੜ੍ਹੇ-ਲਿਖੇ ਇਨਸਾਨ ਵਰਗੀ ਹੈ। ਉਸ ਨੂੰ ਪੰਜਾਬੀ ਤੋਂ ਇਲਾਵਾ ਹਿੰਦੀ, ਉਰਦੂ, ਫ਼ਾਰਸੀ ਅਤੇ ਥੋੜ੍ਹੀ ਬਹੁਤ ਅੰਗਰੇਜ਼ੀ ਵੀ ਆਉਂਦੀ ਹੈ। ਪਰ ਉਸ ਨੂੰ ਆਪਣੀ ਮਾਂ-ਬੋਲੀ ਨਾਲ ਬਹੁਤ ਪਿਆਰ ਹੈ।