ਕਵਿਤਾ : ਅਜ਼ਾਦੀ


ਅਜ਼ਾਦੀ : ਡਾ. ਗੁਰਮਿੰਦਰ ਸਿੱਧ


ਕੀ ਹੋਇਆ ਅਜ਼ਾਦੀ ਦਾ ਰੰਗ ਫਿੱਕਾ,

ਕੀ ਹੋਇਆ ਚੁੰਨੀ ਲੀਰੋ-ਲੀਰ ਹੋ ਗਈ।

ਰੰਗੀ ਜਿਹੜੀ ਸ਼ਹੀਦਾਂ ਦੇ ਲਹੂ ਅੰਦਰ,

ਟੁਕੜੇ-ਟੁਕੜੇ ਉਹ ਸੂਹੀ ਤਸਵੀਰ ਹੋ ਗਈ। 

ਜਿਹੜੇ ਦੀਵਿਆਂ ਨੂੰ ਸ਼ੌਕ ਭਾਂਬੜਾਂ ਦਾ,

ਹੱਥ ਉਨ੍ਹਾਂ ਦੇ ਸਾਡੀ ਤਕਦੀਰ ਹੋ ਗਈ।

ਸਾਡੀ ਗੋਰੀ ਦੁਪਹਿਰ ਦੀ ਤਲੀ ਉੱਤੇ,

ਧੂੰਏਂ-ਰੰਗੀ ਹਰੇਕ ਲੰਕੀਰ ਹੋ ਗਈ |

ਦੇਸ਼ ਵਾਸੀਓ ! ਨਹੀਂ ਉਦਾਸ ਹੋਣਾ,

ਆਪਾਂ ਸਦੀਆਂ ਤੋਂ ਏਦਾਂ ਹੀ ਅੜੇ ਹੋਏ ਹਾਂ।

ਹਮਲੇ ਅੰਦਰੋਂ ਵੀ, ਹਮਲੇ ਬਾਹਰ ਤੋਂ ਵੀ,

ਆਪਾਂ ਜੰਗ ਦੀ ਭੱਠੀ ‘ਚ ਰੁੜੇ ਹੋਏ ਹਾਂ।

ਜੱਗ ਮੇਟਦਾ ਰਿਹਾ ਨਿਸ਼ਾਨ ਆਪਣੇ,

ਆਪਾਂ ਸਾਲਮ ਸਬੂਤੇ ਹੀ ਖੜ੍ਹੇ ਹੋਏ ਹਾਂ।

ਆਪਣੀ ਮੁਕਤਲਾਂ ਵਿੱਚ ਬਰਾਤ ਉਤਰੇ,

ਆਪਾਂ ਮੌਤ ਦੀ ਚੌਂਕੀ ’ਤੇ ਚੜੇ ਹੋਏ ਹਾਂ।

ਜਦੋਂ ਨ੍ਹੇਰ ਹਰ ਤਰਫ਼ ਅਸਵਾਰ ਹੋ ਜਾਏ,

ਉਦੋਂ ਸਰਘੀ ਵੀ ਬੜੀ ਕਰੀਬ ਹੁੰਦੀ।

ਜਦੋਂ ਝੂਠ ਹੱਦਾਂ ਬੰਨੇ ਪਾਰ ਹੋ ਜਾਏ,

ਉਦੋਂ ਸੱਚ ਦੇ ਹੱਥ ਜ਼ਰੀਬ ਹੁੰਦੀ।

ਜਦੋਂ ਅੱਖ ਦਾ ਹੰਝੂ ਪਨਾਹ ਮੰਗੇ,

ਉਦੋਂ ਅੱਖ ਨੂੰ ਖ਼ੁਸ਼ੀ ਨਸੀਬ ਹੁੰਦੀ।

ਅੰਨ੍ਹੀ ਗਲੀ ਦੇ ਮੋੜ ਤੋਂ ਰਤਾ ਓਹਲੇ,

ਡਿੱਗੀ ਟੁਕੜਿਆਂ ਵਿੱਚ ਸਲੀਬ ਹੁੰਦੀ।

ਭਰ-ਭਰ ਕੇ ਫੇਰ ਹਾਂ ਜੁੜ ਜਾਂਦੇ,

ਮਿੱਟੀ ਦੇਸ਼ ਦੀ ਵਿੱਚ ਜਾਦੂਗਰੀ ਹੈ ਇਹ।

ਸਾਨੂੰ ਮਾਣ ਬਸੰਤੀ ਚੋਲਿਆਂ ‘ਤੇ,

ਮਰ-ਜਿਊੜਿਆਂ ਦੀ ਕਾਰੀਗਰੀ ਹੈ ਇਹ।

ਦੇਸ਼ ਭਗਤੀ ਨਾ ਅਸਲੋ ਅਲੋਪ ਹੋਈ,

ਖੰਡਰਾਂ ਖੋਲਿਆਂ ਵਿੱਚ ਲੁਕ ਕੇ ਖੜ੍ਹੀ ਹੈ ਇਹ।

ਜਿੰਨੀ ਮਰਜ਼ੀ ਗੱਦਾਰਾਂ ਨੇ ਛਾਂਗ ਦਿੱਤੀ,

ਟਾਹਲੀ ਜੜਾਂ ਕੋਲੋਂ ਹਰੀਂ- ਭਰੀ ਹੈ ਇਹ।

ਪੂੰਝੋ ਅੱਥਰੂ, ਪੈਰਾਂ ਨੂੰ ਸਫ਼ਰ ਦੇ ਦਿਓ,

ਵਰਕਾ ਹਾਰ ਦਾ ਪਾੜੋ ਕਿਤਾਬ ਵਿੱਚੋਂ।

ਤਰਕਸ਼ ਧਰੋ ਕਮਾਨ ਦੀ ਜੀਭ ਉੱਤੇ,

ਖ਼ੁਸ਼ੀ ਕੱਢੋ ਬਘਿਆੜ ਦੀ ਜਾਭ ਵਿੱਚੋਂ।

ਜ਼ਖ਼ਮ ਬਾਲ ਕੇ ਰੱਖੋ ਕਿਨਾਰਿਆਂ ‘ਤੇ,

ਚੰਦ ਆਏਗਾ ਬਾਹਰ ਚਨਾਬ ਵਿੱਚੋਂ।

ਜਿਹੜਾ ਹਿੰਦ ਦੀ ਫੇਰ ਤਕਦੀਰ ਬਦਲੂ,

ਉੱਠ ਫੇਰ ਅਵਾਜ਼ ਪੰਜਾਬ ਵਿੱਚੋਂ।

ਡਾ. ਗੁਰਮਿੰਦਰ ਸਿੱਧ