CBSEEducationNCERT class 10thPunjab School Education Board(PSEB)

ਮੇਰੇ ਵੱਡੇ ਵਡੇਰੇ : ਛੋਟੇ ਉੱਤਰਾਂ ਵਾਲੇ ਪ੍ਰਸ਼ਨ


ਪ੍ਰਸ਼ਨ 1. ਲੇਖਕ (ਗਿਆਨੀ ਗੁਰਦਿੱਤ ਸਿੰਘ) ਕਿਨ੍ਹਾਂ ਨੂੰ ਪੁਰਾਣੇ ਪੰਜਾਬ ਦੇ ‘ਨਮੂਨੇ ਦੇ ਪੁਰਖੇ’ ਆਖਦਾ ਹੈ?

ਉੱਤਰ : ਲੇਖਕ ਆਪਣੇ ਦਾਦੇ-ਪੜਦਾਦਿਆਂ ਅਥਵਾ ਵੱਡੇ-ਵਡੇਰਿਆਂ ਨੂੰ ਆਪਣੇ ਜ਼ਮਾਨੇ ਦੇ ਮਨੁੱਖ ਦੱਸਦਾ ਹੈ। ਉਹ ਆਪਣੇ ਵੱਡੇ-ਵਡੇਰਿਆਂ ਨੂੰ ਪੁਰਾਣੇ ਪੰਜਾਬ ਦੇ ਇੱਕ ਨਮੂਨੇ ਦੇ ਪੁਰਖੇ ਆਖਦਾ ਹੈ।

ਪ੍ਰਸ਼ਨ 2. ਲੇਖਕ (ਗਿਆਨੀ ਗੁਰਦਿੱਤ ਸਿੰਘ) ਦੇ ਦਾਦਿਆਂ-ਬਾਬਿਆਂ ਦੀਆਂ ਕਹਾਣੀਆਂ ਕਿਸ ਤੋਂ ਸੁਣੀਆਂ ਜਾ ਸਕਦੀਆਂ ਸਨ?

ਉੱਤਰ : ਲੇਖਕ (ਗਿਆਨੀ ਗੁਰਦਿੱਤ ਸਿੰਘ) ਨੇ ਆਪਣੇ ਦਾਦੇ-ਬਾਬੇ ਆਪਣੀਆਂ ਅੱਖਾਂ ਨਾਲ ਨਹੀਂ ਸਨ ਦੇਖੇ ਸਗੋਂ ਉਹਨਾਂ ਦੀਆਂ ਕਹਾਣੀਆਂ ਹੀ ਸੁਣੀਆਂ ਸਨ। ਹੁਣ ਵੀ ਇਹ ਕਥਾਵਾਂ ਪਿੰਡ ਦੇ ਕਿਸੇ ਵੀ ਪੁਰਾਣੇ ਵਿਅਕਤੀ ਤੋਂ ਸੁਣੀਆਂ ਜਾ ਸਕਦੀਆਂ ਹਨ।

ਪ੍ਰਸ਼ਨ 3. ਲੇਖਕ (ਗਿਆਨੀ ਗੁਰਦਿੱਤ ਸਿੰਘ) ਨੂੰ ‘ਕਾਗ਼ਜ਼ੀ ਭਲਵਾਨ’ ਕੌਣ ਅਤੇ ਕਿਉਂ ਕਹਿੰਦਾ ਸੀ?

ਉੱਤਰ : ਲੇਖਕ ਦੱਸਦਾ ਹੈ ਕਿ ਜਦੋਂ ਉਹ ਪਿੰਡ ਰਹਿੰਦਾ ਸੀ ਤਾਂ ਉਸ ਦੀਆਂ ਪਾਈਆ ਕੁ ਦੀਆਂ ਹੱਡੀਆਂ ਦੇ ਇਕਹਿਰੇ ਪਿੰਜਰ ਵਾਲੇ ਜੁੱਸੇ (ਸਰੀਰ) ਨੂੰ ਦੇਖ ਕੇ ਪਿੰਡ ਦੇ ਪੁਰਾਣੇ ਲੋਕ ਉਸ ਨੂੰ ‘ਕਾਗ਼ਜ਼ੀ ਭਲਵਾਨ’ ਕਹਿੰਦੇ ਸਨ।

ਪ੍ਰਸ਼ਨ 4. ਲੇਖਕ ਨੂੰ ‘ਬਲੂੰਗੜਾ ਪਹਿਲਵਾਨ’ ਕਿਸ ਪ੍ਰਸੰਗ ਵਿੱਚ ਕਿਹਾ ਗਿਆ ਹੈ?

ਉੱਤਰ : ਲੇਖਕ ਦੇ ਪਿੰਡ ਦੇ ਪੁਰਾਣੇ ਲੋਕ ਉਸ ਨੂੰ ‘ਕਾਗ਼ਜ਼ੀ ਭਲਵਾਨ’ ਕਹਿੰਦੇ ਸਨ। ਉਹ ਕਹਿੰਦੇ ਰਹਿੰਦੇ ਸਨ ਕਿ ਜੇਕਰ ਅੱਜ ਲੇਖਕ ਦੇ ਦਾਦੇ-ਬਾਬੇ ਆ ਕੇ ਦੇਖਣ ਕਿ ਉਹਨਾਂ ਦੀ ਉਲਾਦ ਵਿੱਚੋਂ ਇਹ (ਲੇਖਕ) ਵੀ ਇੱਕ ‘ਚੰਨ-ਚਰਾਗ’ ਹੈ ਤਾਂ ਉਹ ਦੋਹਾਂ ਹੱਥਾਂ ਨਾਲ ਪਿੱਟਣ। ਕਿੱਥੇ ਵੱਡੇ ਕੱਦ-ਕਾਠ ਵਾਲ਼ੇ ਲੇਖਕ ਦੇ ਦਾਦੇ-ਬਾਬੇ ਸਨ ਤੇ ਕਿੱਥੇ ਇਹ (ਲੇਖਕ) ‘ਬਲੂੰਗੜਾ ਪਹਿਲਵਾਨ’।

ਪ੍ਰਸ਼ਨ 5. ਲੇਖਕ ਦੇ ਦਾਦਿਆਂ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਲੇਖਕ ਦੇ ਦਾਦੇ ਚਾਰ ਭਰਾ ਸਨ। ਇਹਨਾਂ ਦੇ ਨਾਂ ਸਨ : ਦਾਸ, ਪੁਨੂੰ, ਰਾਮ ਦਿੱਤਾ ਤੇ ਸਾਹਿਬ ਸਿੰਘ। ਇਹਨਾਂ ਵਿੱਚੋਂ ਦਾਸ ਸਭ ਤੋਂ ਵੱਡਾ ਸੀ। ਉਹ ਰੱਜ ਕੇ ਖਾਣ ਅਤੇ ਦੱਬ ਕੇ ਵਾਹੁਣ ਵਾਲੇ ਸਨ ਜੋ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕਾਂ ਲਈ ਹਊਆ ਬਣੇ ਹੋਏ ਸਨ। ਬਾਬੇ ਪੁਨੂੰ ਨੇ ਨਾਮੀ ਪਹਿਲਵਾਨ ਨੂੰ ਭਜਾ ਕੇ ਪਿੰਡ ਦੀ ਇੱਜ਼ਤ ਰੱਖੀ ਸੀ। ਬਾਬਾ ਦਾਸ ਇਕੱਲਾ ਹੀ ਕਿੱਕਰ ਦੀ ਬਹੁਤ ਭਾਰੀ ਗੋਲੀ ਚੁੱਕ ਲਿਆਇਆ ਸੀ।

ਪ੍ਰਸ਼ਨ 6. ਲੇਖਕ ਦੇ ਪਿੰਡ ਆਏ ਪਹਿਲਵਾਨ ਨੇ ਪੱਕੀ ਰਸਦ ਕਿਉਂ ਮੰਗੀ?

ਉੱਤਰ : ਲੇਖਕ ਦਾ ਛੋਟਾ ਜਿਹਾ ਪਿੰਡ ਦੇਖ ਕੇ ਪਹਿਲਵਾਨ ਹੰਕਾਰ ਵਿੱਚ ਆ ਗਿਆ ਸੀ। ਉਹ ਘੜੀ-ਮੁੜੀ ਕਹਿੰਦਾ ਸੀ ਕਿ ਇਸ ਪਿੰਡ ਦਾ ਤਾਂ ਕੋਈ ਪਹਿਲਵਾਨ ਸੁਣਿਆ ਹੀ ਨਹੀਂ। ਇਸ ਲਈ ਉਹ ਪੱਕੀ ਰਸਦ ਦੇ ਕੇ ਉਸ ਨੂੰ ਤੋਰ ਦੇਣ।

ਪ੍ਰਸ਼ਨ 7. ਪੱਕੀ ਰਸਦ ਮੰਗਣ ‘ਤੇ ਪਿੰਡ ਦੇ ਚੌਧਰੀ ਨੇ ਕੀ ਜਵਾਬ ਦਿੱਤਾ?

ਉੱਤਰ : ਪਿੰਡ ਦਾ ਚੌਧਰੀ ਸਿਆਣਾ ਸੀ। ਉਸ ਨੇ ਕਿਹਾ ਕਿ ਉਹ ਰਸਦ ਦੇਣ ਤੋਂ ਨਾਂਹ-ਨੁਕਰ ਨਹੀਂ ਕਰਦੇ। ਚੰਗੀ ਕਿਸਮਤ ਨੂੰ ਮਸੀਂ-ਮਸੀਂ ਤਾਂ ਪਿੰਡ ਵਿੱਚ ਭਲਵਾਨ ਦੇ ਚਰਨ ਪਏ ਹਨ। ਉਹ ਰਾਤ ਲਈ ਰਸਦ ਭੇਜ ਦਿੰਦੇ ਹਨ ਅਤੇ ਦਿਨ ਚੜ੍ਹਦੇ ਹੀ ਸਾਰੀ ਗੱਲ ਨਜਿੱਠ ਲੈਣਗੇ।

ਪ੍ਰਸ਼ਨ 8. ਪੁਰਾਣੇ ਜ਼ਮਾਨੇ ਵਿੱਚ ਪਿੰਡਾਂ ਦੇ ਲੋਕ ਪਹਿਲਵਾਨਾਂ ਨੂੰ ਕੀ ਕੁਝ ਦਿੰਦੇ ਸਨ?

ਉੱਤਰ : ਪੁਰਾਣੇ ਜਮਾਨੇ ਵਿੱਚ ਪਿੰਡਾਂ ਦੇ ਲੋਕ ਪਹਿਲਵਾਨਾਂ ਨੂੰ ਘਿਓ ਇਕੱਠਾ ਕਰ ਕੇ ਦਿੰਦੇ ਸਨ। ਉਹ ਗੁੜ ਤੇ ਕੱਪੜਿਆਂ ਦੇ ਥਾਨਾਂ ਦੀਆਂ ਪੰਡਾਂ ਬੰਨ੍ਹ ਦਿੰਦੇ ਸਨ। ਉਹਨਾਂ ਨੂੰ ਪੀਰਾਂ-ਫ਼ਕੀਰਾਂ ਵਾਂਗ ਹੀ ਨਕਦੀ ਚੜ੍ਹਾਈ ਜਾਂਦੀ ਸੀ।

ਪ੍ਰਸ਼ਨ 9. ਪਹਿਲਵਾਨ ਨੂੰ ਦਿੱਤੀ ਜਾਂਦੀ ਪੱਕੀ ਰਸਦ ਵਿੱਚ ਕੀ ਕੁਝ ਹੁੰਦਾ ਸੀ?

ਉੱਤਰ : ਪਹਿਲਵਾਨ ਨੂੰ ਦਿੱਤੀ ਜਾਂਦੀ ਪੱਕੀ ਰਸਦ ਵਿੱਚ ਘੱਟੋ-ਘੱਟ ਧੜੀ ਘਿਓ ਅਤੇ ਏਨੀ ਹੀ ਖੰਡ ਦਿੱਤੀ ਜਾਂਦੀ ਸੀ। ਇਸ ਤੋਂ ਬਿਨਾਂ ਬਦਾਮ ਅਤੇ ਆਟਾ ਆਦਿ ਸਮਗਰੀ ਵੀ ਹੁੰਦੀ ਸੀ।

ਪ੍ਰਸ਼ਨ 10. ਚੌਧਰੀ ਚੜ੍ਹਤ ਸਿੰਘ ਨੇ ਬਾਬੇ ਪੁਨੂੰ ਨੂੰ ਹੀ ਪਹਿਲਵਾਨ ਦਾ ਮੁਕਾਬਲਾ ਕਰਨ ਲਈ ਕਿਉਂ ਤਿਆਰ ਕੀਤਾ?

ਉੱਤਰ : ਚੌਧਰੀ ਚੜ੍ਹਤ ਸਿੰਘ ਨੇ ਬਾਬੇ ਪੁਨੂੰ ਨੂੰ ਹੀ ਪਹਿਲਵਾਨ ਦਾ ਮੁਕਾਬਲਾ ਕਰਨ ਲਈ ਇਸ ਲਈ ਤਿਆਰ ਕੀਤਾ ਕਿਉਂਕਿ ਉਹ ਬਾਬੇ ਦੀ ਤਾਕਤ ਨੂੰ ਜਾਣਦਾ ਸੀ। ਚੌਧਰੀ ਨੂੰ ਪਤਾ ਸੀ ਕਿ ਉਹ ਕਈ ਪਹਿਲਵਾਨਾਂ ਨਾਲੋਂ ਵੱਧ ਤਾਕਤਵਾਰ ਹੈ। ਉਹ ਹੀ ਪਿੰਡ ਦੀ ਲਾਜ ਰੱਖ ਸਕਦਾ ਹੈ।

ਪ੍ਰਸ਼ਨ 11. ‘ਦੇਖੀਂ ਚੌਧਰੀ ਕਿੱਤੇ ਸੁੱਕੇ ਹੱਡੀਂ ਮਰਵਾ ਦੇਵੇਂ।” ਇਹ ਸ਼ਬਦ ਕਿਸ ਨੇ ਕਿਸ ਨੂੰ ਅਤੇ ਕਿਉਂ ਕਹੇ?

ਉੱਤਰ : ਚੌਧਰੀ ਚੜ੍ਹਤ ਸਿੰਘ ਬਾਬੇ ਪੁਨੂੰ ਨੂੰ ਪਹਿਲਵਾਨ ਦੇ ਮੁਕਾਬਲੇ ਲਈ ਤਿਆਰ ਕਰਨ ਆਇਆ ਸੀ। ਇਹ ਸ਼ਬਦ ਬਾਬੇ ਪੁਨੂੰ ਨੇ ਚੌਧਰੀ ਨੂੰ ਕਹੇ। ਉਸ ਨੇ ਇਹ ਸ਼ਬਦ ਇਸ ਲਈ ਕਹੇ ਕਿਉਂਕਿ ਪਹਿਲਵਾਨ ਦਾ ਮੁਕਾਬਲਾ ਕਰਨ ਲਈ ਚੰਗੀ ਖੁਰਾਕ ਦੀ ਲੋੜ ਹੁੰਦੀ ਹੈ ਪਰ ਉਸ ਨੂੰ (ਬਾਬੇ ਪੁਨੂੰ ਨੂੰ) ਤਾਂ ਖਾਣ-ਪੀਣ ਨੂੰ ਚੱਜ-ਹਾਲ ਦੀ ਰੋਟੀ ਵੀ ਨਹੀਂ ਸੀ ਜੁੜਦੀ।

ਪ੍ਰਸ਼ਨ 12. ਪਹਿਲਵਾਨ ਅਤੇ ਬਾਬੇ ਪੁਨੂੰ ਦਾ ਘੋਲ਼ ਦੇਖਣ ਲਈ ਲੋਕ ਵੱਡੀ ਗਿਣਤੀ ਵਿੱਚ ਕਿਉਂ ਇਕੱਠੇ ਹੋਏ?

ਉੱਤਰ : ਪਹਿਲਵਾਨ ਅਤੇ ਬਾਬੇ ਪੁਨੂੰ ਦਾ ਘੋਲ ਦੇਖਣ ਲਈ ਪਿੰਡਾਂ ਦੇ ਪਿੰਡ ਤਮਾਸ਼ਾ ਦੇਖਣ ਲਈ ਆ ਗਏ। ਲੋਕ ਵੱਡੀ ਗਿਣਤੀ ਵਿੱਚ ਇਸ ਲਈ ਇਕੱਠੇ ਹੋਏ ਕਿਉਂਕਿ ਉਹਨਾਂ ਨੂੰ ਹੈਰਾਨੀ ਇਸ ਗੱਲ ਦੀ ਸੀ ਕਿ ਇਸ ਟਿੱਡੇ ਜਿੱਡੇ ਪਿੰਡ ਵਿੱਚ ਨਾਮੀ ਪਹਿਲਵਾਨ ਦਾ ਮੁਕਾਬਲਾ ਕਰਨ ਵਾਲਾ ਕਿਹੜਾ ਜੰਮ ਪਿਆ ਹੈ!

ਪ੍ਰਸ਼ਨ 13. ‘ਜੇ ਤੂੰ ਖਿੱਚ ਕੇ ਲੈ ਜਾਵੇਂ ਤਾਂ ਸ਼ਹਿਤੂਤ ਤੇਰਾ ਹੋਇਆ”। ਇਹ ਸ਼ਬਦ ਕਿਸ ਨੇ, ਕਿਸ ਨੂੰ ਅਤੇ ਕਿਸ ਪ੍ਰਸੰਗ ਵਿੱਚ ਕਹੇ?

ਉੱਤਰ : ਇਹ ਸ਼ਬਦ ਹਨੇਰੀ ਨਾਲ ਡਿੱਗੇ ਸ਼ਹਿਤੂਤ ਦੇ ਦਰਖ਼ਤ ਕੋਲ ਖੜ੍ਹੇ ਇੱਕ-ਦੋ ਬੰਦਿਆਂ ਵੱਲੋਂ ਕੋਲੋਂ ਲੰਘਦੇ ਬੁੱਢੇ ਬਾਬੇ ਨੂੰ ਕਹੇ ਗਏ। ਇਹਨਾਂ ਬੰਦਿਆਂ ਨੇ ਬਾਬੇ ਤੋਂ ਸ਼ਹਿਤੂਤ ਦੀ ਛਾਂਗ-ਛੰਗਾਈ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਇਸ ਨੂੰ ਖਿੱਚ ਕੇ ਘਰ ਲੈ ਜਾਣ। ਛਾਂਗ-ਛੰਗਾਈ ਆਪੇ ਹੁੰਦੀ ਰਹੇਗੀ। ਇਹ ਸ਼ਬਦ ਇਸੇ ਪ੍ਰਸੰਗ ਵਿੱਚ ਕਹੇ ਗਏ ਹਨ।

ਪ੍ਰਸ਼ਨ 14. “ਉਸ ਦਾ ਜੇਹੜਾ ਲੈ ਜਾਵੇ।” ‘ਮੇਰੇ ਵੱਡੇ-ਵਡੇਰੇ’ ਲੇਖ ਵਿੱਚ ਇਹ ਸ਼ਬਦ ਕਿਸ ਨੇ, ਕਿਸ ਨੂੰ ਅਤੇ ਕਦੋਂ ਕਹੇ?

ਉੱਤਰ : ‘ਮੇਰੇ ਵੱਡੇ-ਵਡੇਰੇ’ ਲੇਖ ਵਿੱਚ ਇਹ ਸ਼ਬਦ ਚੌਧਰੀ ਨੇ ਬਾਬੇ ਦਾਸ ਨੂੰ ਕਹੇ। ਬਾਬੇ ਦਾਸ ਦੀ ਨਿਗਾਹ ਕਿੱਕਰ ਦੀ ਇੱਕ ਗੋਲੀ ‘ਤੇ ਪਈ ਸੀ। ਉਸ ਨੇ ਇਸ ਗੋਲੀ ਲਈ ਟੰਬਾ (ਅਨਘੜ ਡੰਡਾ) ਸ਼ਬਦ ਵਰਤਦਿਆਂ ਚੌਧਰੀ ਤੋਂ ਪੁੱਛਿਆ ਕਿ ਇਹ ਟੰਬਾ ਜਿਹਾ ਕਿਸ ਦਾ ਹੈ? ਜਵਾਬ ਵਿੱਚ ਚੌਧਰੀ ਨੇ ਇਹ ਸ਼ਬਦ ਕਹੇ।

ਪ੍ਰਸ਼ਨ 15. ਪਹਿਲਵਾਨ ਨੇ ਬਾਬਿਆਂ ਦੀ ਚੜਿੱਕ ਵਿਆਹੀ ਭੈਣ ਨੂੰ ਨਜ਼ਰਾਨਾ ਕਿਉਂ ਭੇਟ ਕੀਤਾ?

ਉੱਤਰ : ਬਾਬਿਆਂ ਦੀ ਪਿੰਡ ਚੜਿੱਕ ਵਿਆਹੀ ਹੋਈ ਭੈਣ ਨੇ ਜਦ ਦੂਜੀ ਵਾਰ ਪਹਿਲਵਾਨ ਦਾ ਮੁਗਦਰ ਵਗਾਹ ਮਾਰਿਆ ਤਾਂ ਅਗਲੇ ਖੋਲੇ ਦੀ ਕੰਧ ਢਹਿ ਗਈ। ਇਹ ਜਾਣ ਕੇ ਪਹਿਲਵਾਨ ਘਬਰਾ ਗਿਆ। ਇਸ ਲਈ ਉਸ ਨੇ ਬਾਬਿਆਂ ਦੀ ਇਸ ਭੈਣ ਨੂੰ ਨਜ਼ਰਾਨਾ (ਇੱਕ ਸੌ ਇੱਕ ਰੁਪਈਆ ਅਤੇ ਸੁੱਚਾ ਤਿਓਰ) ਭੇਟ ਕੀਤਾ ਅਤੇ ਪਹਿਲਵਾਨੀ ਛੱਡ ਦਿੱਤੀ।

ਪ੍ਰਸ਼ਨ 16. “ਮੈਂ ਤਾਂ ਬੱਸ ਦਰਸ਼ਨਾਂ ਲਈ ਆਇਆ ਹਾਂ, ਵਈ ਅਜੇਹੀ ਸ਼ਕਤੀ ਵਾਲ਼ੀ ਦੇਵੀ ਏਥੇ ਕੌਣ ਹੈ?” ਇਹ ਸ਼ਬਦ ਕਿਸ ਨੇ, ਕਿਸ ਨੂੰ ਅਤੇ ਕਿਸ ਪ੍ਰਸੰਗ ਵਿੱਚ ਕਹੇ?

ਉੱਤਰ : ਇਹ ਸ਼ਬਦ ਪਹਿਲਵਾਨ ਨੇ ਬਾਬਿਆਂ ਦੀ ਪਿੰਡ ਚੜਿੱਕ ਵਿਆਹੀ ਹੋਈ ਭੈਣ ਨੂੰ ਕਹੇ। ਇਸ ਭੈਣ ਨੇ ਪਹਿਲਵਾਨ ਦਾ ਮੁਗਦਰ ਦੂਜੀ ਵਾਰ ਵਗਾਹ ਮਾਰਿਆ ਸੀ ਜਿਸ ਕਾਰਨ ਨਾਲ ਦੇ ਖੋਲ਼ੇ ਦੀ ਕੰਧ ਢਹਿ ਗਈ ਸੀ। ਇਹ ਸ਼ਬਦ ਘਬਰਾਏ ਹੋਏ ਪਹਿਲਵਾਨ ਵੱਲੋਂ ਇਸੇ ਪ੍ਰਸੰਗ ਵਿੱਚ ਕਹੇ ਗਏ ਸਨ।

ਪ੍ਰਸ਼ਨ 17. “ਬਾਬਾ ! ਥੋਡਾ ਭਾਣਜਾ ਆਇਆ ਹੋਇਆ, ਕਿਸੇ ਦਿਨ ਉਸ ਦਾ ਕਰਤਬ ਦੇਖ ਕੇ ਹੌਸਲਾ-ਅਫ਼ਜ਼ਾਈ ਤਾਂ ਕਰ ਆਵੋ।” ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ਅਤੇ ਦੱਸੋ ਕਿ ‘ਭਾਣਜਾ’ ਸ਼ਬਦ ਕਿਸ ਲਈ ਵਰਤਿਆ ਗਿਆ ਹੈ?

ਉੱਤਰ : ਇਹ ਸ਼ਬਦ ਚੌਧਰੀ ਚੜ੍ਹਤ ਸਿੰਘ ਵੱਲੋਂ ਲੇਖਕ ਦੇ ਬਾਬੇ ਨੂੰ ਕਹੇ ਗਏ। ‘ਭਾਣਜਾ’ ਸ਼ਬਦ ਬਾਬਿਆਂ ਦੀ ਪਿੰਡ ਚੜਿੱਕ ਵਿਆਹੀ ਹੋਈ ਭੈਣ ਦੇ ਪੁੱਤਰ ਮੰਗਲ ਸਿੰਘ ਲਈ ਵਰਤਿਆ ਗਿਆ ਹੈ ਜੋ ਨਾਮੀ ਪਹਿਲਵਾਨ ਸੀ।

ਪ੍ਰਸ਼ਨ 18. “ਪੁੱਤਰਾ ! ਤੂੰ ਲਾਜ ਰੱਖੇਂਗਾ, ਸਾਡੀ।” ‘ਮੇਰੇ ਵੱਡੇ-ਵਡੇਰੇ’ ਲੇਖ ਵਿੱਚ ਇਹ ਸ਼ਬਦ ਕਿਸ ਨੇ, ਕਿਸ ਨੂੰ ਅਤੇ ਕਦੋਂ ਕਹੇ?

ਉੱਤਰ : ਇਹ ਸ਼ਬਦ ਲੇਖਕ ਦੇ ਬਾਬੇ ਵੱਲੋਂ ਆਪਣੇ ਭਾਣਜੇ ਮੰਗਲ ਸਿੰਘ (ਜੋ ਨਾਮੀ ਪਹਿਲਵਾਨ ਸੀ) ਨੂੰ ਕਹੇ ਗਏ। ਮੰਗਲ ਸਿੰਘ ਆਪਣੇ ਮਾਮਿਆਂ ਨੂੰ ਮਿਲਨ ਲਈ ਆਇਆ ਹੋਇਆ ਸੀ। ਇੱਕ ਦਿਨ ਜਦ ਮਾਮਾ ਉਸ ਦੇ ਕਰਤਬ ਦੇਖਣ ਲਈ ਗਿਆ ਤਾਂ ਉਸ ਨੇ ਖ਼ੁਸ਼ ਹੋ ਕੇ ਆਪਣੇ ਭਾਣਜੇ ਨੂੰ ਇਹ ਸ਼ਬਦ ਕਹੇ।