ਪ੍ਰਾਰਥਨਾ : ਛੋਟੇ ਉੱਤਰਾਂ ਵਾਲੇ ਪ੍ਰਸ਼ਨ


ਪ੍ਰਾਰਥਨਾ : ਛੋਟੇ ਉੱਤਰਾਂ ਵਾਲੇ ਪ੍ਰਸ਼ਨ (25-30 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ)


ਪ੍ਰਸ਼ਨ 1. ਬੰਦੇ ਲਈ ਅਰਦਾਸ ਕਿਉਂ ਜ਼ਰੂਰੀ ਹੈ ?

ਉੱਤਰ : ਜੀਵਨ ਵਿੱਚ ਕਈ ਮੌਕੇ ਆਉਂਦੇ ਹਨ ਜਦੋਂ ਵੱਡੇ ਰਾਠ ਵਿਅਕਤੀ ਲਈ ਵੀ ਇੱਕ ਅਰਦਾਸ ਤੋਂ ਬਿਨਾਂ ਹੋਰ ਹੋਏ ਆਸਰਾ ਨਹੀਂ ਰਹਿ ਜਾਂਦਾ। ਇਸ ਲਈ ਬੰਦੇ ਲਈ ਅਰਦਾਸ ਜ਼ਰੂਰੀ ਹੈ।

ਪ੍ਰਸ਼ਨ 2. ਤੁਹਾਡੀ ਪਾਠ-ਪੁਸਤਕ ਵਿੱਚ ਸੁਕਰਾਤ ਬਾਰੇ ਕਿਹੜੀ ਜਾਣਕਾਰੀ ਦਰਜ ਹੈ?

ਜਾਂ

ਪ੍ਰਸ਼ਨ. ਸੁਕਰਾਤ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : ਸੁਕਰਾਤ ਸਭ ਤੋਂ ਸਿਆਣਾ ਵਿਅਕਤੀ ਗਿਣਿਆ ਜਾਂਦਾ ਹੈ। ਉਹ ਯੂਨਾਨ ਦਾ ਪ੍ਰਸਿੱਧ ਫ਼ਿਲਾਸਫ਼ਰ ਸੀ। ਉਹ ਮੌਤ ਤੋਂ ਨਹੀਂ ਸੀ ਡਰਦਾ। ਉਸ ਨੇ ਜ਼ਹਿਰ ਦਾ ਪਿਆਲਾ ਸ਼ਰਬਤ ਵਾਂਗ ਪੀ ਲਿਆ ਸੀ। ਉਹ ਵੀ ਅਰਦਾਸ ਵਿੱਚ ਯਕੀਨ ਰੱਖਦਾ ਸੀ।

ਪ੍ਰਸ਼ਨ 3. ਸੁਕਰਾਤ ਨੇ ਕੀ ਪ੍ਰਾਰਥਨਾ ਕੀਤੀ?

ਉੱਤਰ : ਇੱਕ ਥਾਂ ਸੁਕਰਾਤ ਨੇ ਪੈਨ ਦੇਵਤਾ ਅਤੇ ਇਸ ਥਾਂ ਦੇ ਹੋਰ ਦੇਵਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਉਹ ਉਸ ਦੀ ਇਹ ਬੇਨਤੀ ਮਨਜ਼ੂਰ/ਪ੍ਰਵਾਨ ਕਰਨ ਕਿ ਉਸ ਦੇ ਅੰਦਰ ਉਸ ਦੀ ਰੂਹ ਸੁੰਦਰ ਬਣ ਜਾਵੇ ਅਤੇ ਉਸ ਦੀਆਂ ਸਾਰੀਆਂ ਬਾਹਰਲੀਆਂ ਵਸਤਾਂ ਇਸ ਅੰਦਰਲੀ ਜੀਵ-ਆਤਮਾ ਨਾਲ ਇਕਸੁਰ ਹੋ ਜਾਣ।

ਪ੍ਰਸ਼ਨ 4. ਸਿੱਖ ਧਰਮ ਵਿੱਚ ਅਰਦਾਸ ਦੀ ਕੀ ਵਿਸ਼ੇਸ਼ਤਾ ਹੈ?

ਉੱਤਰ : ਸਿੱਖ ਧਰਮ ਵਿੱਚ ਅਰਦਾਸ ਦੀ ਖ਼ਾਸ ਵਿਸ਼ੇਸ਼ਤਾ ਹੈ। ਸਾਰੀਆਂ ਰੀਤਾਂ-ਰਸਮਾਂ ਦੀ ਥਾਂ ‘ਤੇ ਸਿੱਖ ਦੀ ਇੱਕ ਅਰਦਾਸ ਹੀ ਕਾਫ਼ੀ ਹੈ। ਸਾਰੇ ਪਰਮਾਰਥਿਕ ਸਾਧਨਾਂ ਦੀ ਥਾਂ ‘ਤੇ ਇੱਕ ਅਰਦਾਸ ਹੀ ਲੁੜੀਂਦੀ ਵਸਤ ਹੈ।

ਪ੍ਰਸ਼ਨ 5. ਅਰਦਾਸ ਦੀ ਜ਼ਰੂਰਤ ਕਿਸ ਮੌਕੇ ‘ਤੇ ਹੈ?

ਉੱਤਰ : ਅਰਦਾਸ ਦੀ ਜ਼ਰੂਰਤ ਕਿਸੇ ਇੱਕ ਮੌਕੇ ‘ਤੇ ਨਹੀਂ ਸਗੋਂ ਹਰ ਸੰਸਾਰਿਕ ਮੌਕੇ ‘ਤੇ ਇਸ ਦੀ ਜ਼ਰੂਰਤ ਹੈ। ਜਨਮ, ਮਰਨ, ਵਿਆਹ, ਜੰਗ ਆਦਿ ਮੌਕਿਆਂ ‘ਤੇ ਇਸ ਦੀ ਜ਼ਰੂਰਤ ਹੈ। ਸਿੱਖ ਲਈ ਤਾਂ ਕੋਈ ਵੀ ਅਜਿਹਾ ਮੌਕਾ ਨਹੀਂ ਜੋ ਬਿਨਾਂ ਅਰਦਾਸ ਦੇ ਹੋਵੇ।

ਪ੍ਰਸ਼ਨ 6. ਖ਼ਾਲਸਾ ਟ੍ਰੈੱਕਟ ਸੁਸਾਇਟੀ ਦੇ ਮੁੱਢ ਅਤੇ ਇਸ ਦੇ ਮੋਢੀ ਬਾਰੇ ਜਾਣਕਾਰੀ ਦਿਓ।

ਉੱਤਰ : ਖ਼ਾਲਸਾ ਟ੍ਰੈੱਕਟ ਸੁਸਾਇਟੀ ਦਾ ਮੁੱਢ 1893 ਈ. ਵਿੱਚ ਬੱਝਾ। ਇਸ ਸੁਸਾਇਟੀ ਦੁਆਰਾ ਛਾਪੇ ਗਏ ਪਹਿਲੇ ਟ੍ਰੈੱਕਟ ਦਾ ਨਾਂ ਪ੍ਰਾਰਥਨਾ ਸੀ। ਖ਼ਾਲਸਾ ਟ੍ਰੈੱਕਟ ਸੁਸਾਇਟੀ ਦਾ ਮੁੱਢ ਭਾਈ ਵੀਰ ਸਿੰਘ ਦੇ ਯਤਨ ਨਾਲ ਬੱਝਾ।

ਪ੍ਰਸ਼ਨ 7. ਖ਼ਾਲਸਾ ਟ੍ਰੈੱਕਟ ਸੁਸਾਇਟੀ ਦੁਆਰਾ ਛਾਪੇ ਗਏ ਪਹਿਲੇ ਟ੍ਰੈੱਕਟ ਬਾਰੇ ਜਾਣਕਾਰੀ ਦਿਓ।

ਉੱਤਰ : ਖ਼ਾਲਸਾ ਟ੍ਰੈੱਕਟ ਸੁਸਾਇਟੀ ਦੁਆਰਾ ਜਿਹੜਾ ਪਹਿਲਾ ਟ੍ਰੈੱਕਟ ਛਾਪਿਆ ਗਿਆ ਉਸ ਦਾ ਨਾਂ ‘ਪ੍ਰਾਰਥਨਾ’ ਸੀ। ਇਸ ਟ੍ਰੈੱਕਟ ਵਿੱਚ ਅਰਦਾਸ ਦੀ ਕੇਵਲ ਜ਼ਰੂਰਤ ਹੀ ਨਹੀਂ ਦਰਸਾਈ ਗਈ ਸਗੋਂ ਸੰਕੇਤਿਕ ਤੌਰ ‘ਤੇ ਇਹ ਦੱਸਿਆ ਗਿਆ ਕਿ ਹਰ ਕੰਮ ਦਾ ਅਰੰਭ ਅਰਦਾਸ ਨਾਲ ਹੋਣਾ ਚਾਹੀਦਾ ਹੈ।

ਪ੍ਰਸ਼ਨ 8. ਪੜ੍ਹੇ-ਲਿਖੇ ਨੌਜਵਾਨ ਅਰਦਾਸ ਦੇ ਪ੍ਰਸੰਗ ਵਿੱਚ ਕਿਹੜੇ ਪ੍ਰਸ਼ਨ ਪੁੱਛਦੇ ਹਨ?

ਉੱਤਰ : ਅਰਦਾਸ ਦੇ ਪ੍ਰਸੰਗ ਵਿੱਚ ਪੜ੍ਹੇ-ਲਿਖੇ ਨੌਜਵਾਨ ਇਹ ਪ੍ਰਸ਼ਨ ਪੁੱਛਦੇ ਹਨ ਕਿ ਕੀ ਅਰਦਾਸ ਸੁਣੀ ਜਾਂਦੀ ਹੈ? ਕੀ ਅਰਦਾਸ ਦਾ ਕੋਈ ਉੱਤਰ ਮਿਲਦਾ ਹੈ? ਲੇਖਕ ਅਨੁਸਾਰ ਸ਼ਾਇਦ ਇਸ ਅਰਦਾਸ ਦਾ ਉੱਤਰ ਮਿਲ਼ਦਾ ਹੋਵੇ ਪਰ ਇਸ ਉੱਤਰ ਦੀ ਲੋੜ ਨਹੀਂ ਕਿਉਂਕਿ ਅਰਦਾਸ ਇੱਕ ਫ਼ਰਜ਼ ਹੈ ਅਤੇ ਇਸ ਦਾ ਉੱਤਰ ਗ਼ੈਰਜ਼ਰੂਰੀ ਹੈ।

ਪ੍ਰਸ਼ਨ 9. ਔਸਕਰ ਵਾਇਲਡ ਨੇ ਅਰਦਾਸ ਦੇ ਉੱਤਰ ਬਾਰੇ ਕੀ ਕਿਹਾ ਹੈ?

ਉੱਤਰ : ਔਸਕਰ ਵਾਇਲਡ ਨੇ ਕਿਹਾ ਹੈ ਕਿ ਅਰਦਾਸ ਦਾ ਉੱਤਰ ਮਿਲਨਾ ਹੀ ਨਹੀਂ ਚਾਹੀਦਾ। ਜੇਕਰ ਅਰਦਾਸ ਦਾ ਉੱਤਰ ਮਿਲ ਜਾਵੇ ਤਾਂ ਇਹ ਅਰਦਾਸ ਹੀ ਨਹੀਂ ਰਹਿੰਦੀ ਸਗੋਂ ਖ਼ਤੋ-ਕਿਤਾਬਰ ਦਾ ਸਿਲਸਿਲਾ ਬਣ ਜਾਂਦੀ ਹੈ।

ਪ੍ਰਸ਼ਨ 10. ਸਿੱਖ ਦੀ ਅਰਦਾਸ ਨਿਰਾਲੀ ਕਿਵੇਂ ਹੈ?

ਉੱਤਰ : ਸਿੱਖ ਦੀ ਅਰਦਾਸ ਨਿਰਾਲੀ ਹੈ। ਇਹ ਨਿੱਜੀ/ਵਿਅਕਤੀਗਤ ਪ੍ਰਾਰਥਨਾ ਦੀ ਮੰਗ ਕਰਦਿਆਂ ਹੋਇਆਂ ਵੀ ਨਿੱਜ ਦੇ ਪ੍ਰਾਈਵੇਟ ਪੱਧਰ ਤੋਂ ਉੱਪਰ ਹੋ ਜਾਂਦੀ ਹੈ ਕਿਉਂਕਿ ਇਹ ਸਰਬੱਤ ਦੇ ਭਲੇ ਦੀ ਮੰਗ ਵਿੱਚ ਖ਼ਤਮ ਹੁੰਦੀ ਹੈ।

ਪ੍ਰਸ਼ਨ 11. ਸਿੱਖ ਦੀ ਅਰਦਾਸ ਕਦੋਂ ਸਫਲ ਹੁੰਦੀ ਹੈ?

ਉੱਤਰ : ਸਿੱਖ ਦੀ ਅਰਦਾਸ ਤਾਂ ਹੀ ਸਫਲ ਹੁੰਦੀ ਹੈ ਜੇਕਰ ਇਹ ਆਪਣੀ ਨਿੱਕੀ ਜਿਹੀ ਹਸਤੀ ਦੀਆਂ ਛੋਟੀਆਂ ਲੋੜਾਂ ਤੋਂ ਉੱਪਰ ਉੱਠ ਕੇ ਸਰਬੱਤ ਦੇ ਭਲੇ ਵਿੱਚ ਲੀਨ ਹੋ ਜਾਵੇ।

ਪ੍ਰਸ਼ਨ 12. ਹੇਠ ਦਿੱਤੀਆਂ ਸਤਰਾਂ/ਤੁਕਾਂ ਦੀ ਵਿਆਖਿਆ ਕਰੋ :

ਤੂੰ ਠਾਕੁਰੁ ਤੁਮ ਪਹਿ ਅਰਦਾਸਿ॥

ਜੀਉ ਪਿੰਡੁ ਸਭੁ ਤੇਰੀ ਰਾਸਿ॥

ਉੱਤਰ : ਇਹ ਤੁਕਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਹਨ। ਇਹਨਾਂ ਤੁਕਾਂ ਵਿੱਚ ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਹੇ ਪ੍ਰਭੂ! ਤੂੰ ਮਾਲਕ ਹੈਂ। ਸਾਡੀ ਜੀਵਾਂ ਦੀ ਤੇਰੇ ਅੱਗੇ ਹੀ ਅਰਦਾਸ ਹੈ। ਇਹ ਜਿੰਦ ਅਤੇ ਸਰੀਰ ਤੇਰੀ ਹੀ ਬਖ਼ਸ਼ੀਸ਼ ਹੈ।

ਪ੍ਰਸ਼ਨ 13. ਹੇਠ ਦਿੱਤੀ ਤੁਕ ਦੀ ਵਿਆਖਿਆ ਕਰੋ :

ਸਦ ਬਖਸਿੰਦੁ ਸਦਾ ਮਿਹਰਵਾਨਾ

ਸਭਨਾ ਦੇਇ ਅਧਾਰੀ॥

ਉੱਤਰ : ਇਹ ਤੁਕ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਹੈ। ਇਸ ਤੁਕ ਵਿੱਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਪ੍ਰਭੂ ਹਮੇਸ਼ਾਂ ਬਖ਼ਸ਼ਸ਼ ਕਰਨ ਵਾਲਾ ਅਤੇ ਮਿਹਰ ਕਰਨ ਵਾਲਾ ਹੈ। ਉਹ ਪਰਮਾਤਮਾ ਸਾਰੇ ਜੀਵਾਂ ਨੂੰ ਆਸਰਾ ਦਿੰਦਾ ਹੈ।

ਪ੍ਰਸ਼ਨ 14. ਕੈਦੀ ਨੂੰ ਕੀ ਪਛਤਾਵਾ ਹੋਇਆ?

ਉੱਤਰ : ਕੈਦੀ ਨੂੰ ਇਹ ਪਛਤਾਵਾ ਹੋਇਆ ਕਿ ਉਸ ਨੇ ਆਪਣੀ ਜਵਾਨੀ ਦੇ ਦਿਨਾਂ ਵਿੱਚ ਕਈ ਬੇਦੋਸ਼ੇ ਵਿਅਕਤੀਆਂ ਨੂੰ ਮਾਰਿਆ। ਉਸ ਨੇ ਸੈਂਕੜੇ ਇਸਤਰੀਆਂ ਨੂੰ ਵਿਧਵਾ ਅਤੇ ਅਣਗਿਣਤ ਬਾਲਾਂ ਨੂੰ ਅਨਾਥ ਕੀਤਾ। ਅੰਤ ਉਹ ਉਸ ਪਾਤਸ਼ਾਹ ਦਾ ਵੀ ਦੁਸ਼ਮਣ ਬਣ ਗਿਆ ਜਿਸ ਨੇ ਉਸ ਨੂੰ ਧਾੜਵੀ ਤੋਂ ਸਰਦਾਰ ਬਣਾਇਆ।

ਪ੍ਰਸ਼ਨ 15. ਕੈਦੀ ਨੇ ਆਪਣੇ ਪਾਪ ਬਖ਼ਸ਼ਾਉਣ ਲਈ ਕੀ ਪ੍ਰਾਰਥਨਾ ਕੀਤੀ?

ਉੱਤਰ : ਕੈਦੀ ਨੇ ਆਪਣੇ ਪਾਪ ਬਖ਼ਸ਼ਾਉਣ ਲਈ ਪ੍ਰਭੂ-ਪਿਤਾ ਅੱਗੇ ਇਹ ਪ੍ਰਾਰਥਨਾ ਕੀਤੀ ਕਿ ਉਸ ਤੋਂ ਵਧ ਕੇ ਕੋਈ ਪਾਪੀ ਨਹੀਂ। ਉਹ ਕੁੰਭੀ ਨਰਕ ਦੇ ਯੋਗ ਹੈ। ਕੈਦੀ ਪ੍ਰਭੂ ਅੱਗੇ ਪ੍ਰਾਰਥਨਾ ਕਰਦਾ ਕਹਿੰਦਾ ਹੈ ਕਿ ਉਹ (ਪਰਮਾਤਮਾ) ਬਖ਼ਸ਼ਣਹਾਰ ਹੈ। ਇਸ ਲਈ ਉਹ ਇਸ ਪਾਪੀ ਨੂੰ ਵੀ ਬਖ਼ਸ਼ ਦੇਵੇ।

ਪ੍ਰਸ਼ਨ 16. ਮਹਾਰਾਜਾ ਰਣਜੀਤ ਸਿੰਘ ਨੇ ਇੱਕ ਰਾਤ ਨੀਂਦ ਨਾ ਆਉਣ ‘ਤੇ ਕੀ ਕੀਤਾ?

ਉੱਤਰ : ਰੁਹਤਾਸ ਆਉਣ ‘ਤੇ ਰਾਤ ਸਮੇਂ ਮਹਾਰਾਜਾ ਰਣਜੀਤ ਸਿੰਘ ਢਿੱਲੇ ਹੋ ਗਏ। ਦਵਾਈਆਂ ਦਾ ਕੋਈ ਅਸਰ ਨਾ ਹੋਇਆ। ਜਦ ਉਹਨਾਂ ਨੂੰ ਅੱਧੀ ਰਾਤ ਤੱਕ ਨੀਂਦ ਨਾ ਆਈ ਤਾਂ ਉਹਨਾਂ ਕਰਤਾਰ ਅੱਗੇ ਨੀਂਦ ਦੀ ਬਖ਼ਸ਼ਸ਼ ਲਈ ਬੇਨਤੀ ਕੀਤੀ। ਝੱਟ ਉਹਨਾਂ ਦੀ ਅੱਖ ਲੱਗ ਗਈ ਤੇ ਆਪ ਸਵੇਰੇ ਰਾਜ਼ੀ-ਖ਼ੁਸ਼ੀ ਉੱਠੇ।

ਪ੍ਰਸ਼ਨ 17. ਪਰਮੇਸ਼ਰ ਦੀ ਸੇਵਾ ਵਿੱਚ ਪ੍ਰਾਰਥਨਾ ਕਰਨ ਦਾ ਕੀ ਫਲ ਮਿਲਦਾ ਹੈ?

ਉੱਤਰ : ਪਰਮੇਸ਼ਰ ‘ਤੇ ਵਿਸ਼ਵਾਸ ਕਰਨ ਅਤੇ ਉਸ ਦੀ ਸੇਵਾ ਵਿੱਚ ਪ੍ਰਾਰਥਨਾ ਕਰਨ ‘ਤੇ ਮਨ ਨੂੰ ਸ਼ਾਂਤੀ ਮਿਲਦੀ ਹੈ।  ਦੁੱਖ, ਸੰਕਟ, ਕਸ਼ਟ ਆਦਿ ਦੁਖਦਾਇਕ ਮਹਿਸੂਸ ਨਹੀਂ ਹੁੰਦੇ।

ਪ੍ਰਸ਼ਨ 18. ਹੇਠ ਦਿੱਤੀਆਂ ਕਾਵਿ-ਤੁਕਾਂ ਦੀ ਵਿਆਖਿਆ ਕਰੋ :

ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ॥

ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੇ॥

ਉੱਤਰ : ਇਹਨਾਂ ਤੁਕਾਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ ਕਿ ਬੱਚਾ ਆਪਣੇ ਪਿਆਰ (ਆਪਣੀ ਲਗਨ) ਅਤੇ ਆਪਣੇ ਸੁਭਾਅ ਅਨੁਸਾਰ ਲੱਖਾਂ ਅਪਰਾਧ/ਗ਼ਲਤੀਆਂ ਕਰਦਾ ਹੈ। ਉਸ ਦਾ ਬਾਪ ਉਸ ਨੂੰ ਉਪਦੇਸ਼ ਦੇ ਕਈ ਢੰਗਾਂ ਨਾਲ ਝਿੜਕਦਾ ਵੀ ਹੈ ਪਰ ਉਸ ਨੂੰ ਫਿਰ ਆਪਣੇ ਗਲ ਨਾਲ ਲਾ ਲੈਂਦਾ ਹੈ।

ਪ੍ਰਸ਼ਨ 19. ‘ਪ੍ਰਾਰਥਨਾ’ ਨਾਂ ਦੀ ਰਚਨਾ ਨੂੰ ਇੱਕ ਲੇਖ/ਨਿਬੰਧ ਵਜੋਂ ਪਰਖੋ।

ਉੱਤਰ : ‘ਪ੍ਰਾਰਥਨਾ’ ਲੇਖ ਵਿੱਚ ਲੇਖਕ ਨੇ ਅਰਦਾਸ ਦੇ ਮਹੱਤਵ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਇਆ ਹੈ। ਲੇਖਕ ਨੇ ਛੋਟੇ-ਛੋਟੇ ਪ੍ਰਸੰਗਾਂ ਵਿੱਚ ਲੇਖ/ਨਿਬੰਧ ਦੀ ਉਸਾਰੀ ਕੀਤੀ ਹੈ। ਲੇਖਕ ਦੀ ਸ਼ੈਲੀ ਦਲੀਲਮਈ ਹੈ। ਲੇਖਕ ਨੇ ਉਦਾਹਰਨਾਂ ਅਤੇ ਗੁਰਬਾਣੀ ਦੀਆਂ ਤੁਕਾਂ ਰਾਹੀਂ ਆਪਣੇ ਵਿਚਾਰਾਂ ਨੂੰ ਸਪਸ਼ਟ ਕੀਤਾ ਹੈ। ਸਮੁੱਚੇ ਰੂਪ ਵਿੱਚ ਇਹ ਲੇਖ/ਨਿਬੰਧ ਸਫਲ ਹੈ।

ਪ੍ਰਸ਼ਨ 20. ‘ਪ੍ਰਾਰਥਨਾ’ ਨਾਂ ਦੇ ਲੇਖ ਦੇ ਲੇਖਕ ਦੇ ਜਨਮ ਅਤੇ ਮਾਤਾ-ਪਿਤਾ ਬਾਰੇ ਜਾਣਕਾਰੀ ਦਿਓ।

ਉੱਤਰ : ‘ਪ੍ਰਾਰਥਨਾ’ ਲੇਖ ਦੇ ਲੇਖਕ ਡਾ. ਬਲਬੀਰ ਸਿੰਘ ਦਾ ਜਨਮ 10 ਦਸੰਬਰ, 1896 ਈ. ਨੂੰ ਅੰਮ੍ਰਿਤਸਰ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਸ. ਚਰਨ ਸਿੰਘ ਅਤੇ ਮਾਤਾ ਦਾ ਨਾਂ ਸਰਦਾਰਨੀ ਉੱਤਮ ਕੌਰ ਸੀ।