ਛੋਟੇ ਭਰਾ ਨੂੰ ਪੱਤਰ


ਵੱਡੇ ਭਰਾ ਵੱਲੋਂ ਛੋਟੇ ਨੂੰ ਚਿੱਠੀ ਕਿ ਪੜ੍ਹਾਈ ਦੇ ਨਾਲ ਸਿਹਤ ਦਾ ਵੀ ਖਿਆਲ ਰੱਖੇ ਤੇ ਖੇਡਾਂ ਵਿਚ ਹਿੱਸਾ ਲਿਆ ਕਰੇ।



15, ਨਾਭਾ ਹੋਸਟਲ,

ਖਾਲਸਾ ਕਾਲਜ,

ਅੰਮ੍ਰਿਤਸਰ।

15 ਅਗਸਤ, 2023,

ਮੇਰੇ ਪਿਆਰੇ ਰਾਜੂ,

ਪਿਤਾ ਜੀ ਦੀ ਚਿੱਠੀ ਤੋਂ ਇਹ ਜਾਣ ਕੇ ਮੈਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ ਕਿ ਤੂੰ ਅੱਜ ਕਲ੍ਹ ਢਿੱਲਾ-ਮੱਠਾ ਰਹਿੰਦਾ ਹੈ। ਕੀ ਤੂੰ ਆਪ ਮੈਨੂੰ ਵਿਸਥਾਰ ਨਾਲ ਲਿਖੇਗਾ ਕਿ ਇਹ ਕੀ ਮਾਮਲਾ ਹੈ।

ਮੈਨੂੰ ਤਾਂ ਜਾਪਦਾ ਹੈ ਕਿ ਤੂੰ ਪੜ੍ਹਾਈ ਵਿਚ ਲੋੜ ਨਾਲੋਂ ਕੁਝ ਵਧੇਰੇ ਹੀ ਵਕਤ ਦੇਣ ਲਗ ਪਿਆ ਹੈ ਤੇ ਨਿਰਾ ਕਿਤਾਬੀ ਕੀੜਾ ਬਣਦਾ ਜਾਂਦਾ ਹੈ। ਆਪਣੇ ਖਾਣ-ਪੀਣ, ਆਰਾਮ, ਖੇਡਣ ਤੇ ਕਸਰਤ ਦਾ ਉਕਾ ਕੋਈ ਖਿਆਲ ਨਹੀਂ ਕਰਦਾ। ਇਹ ਠੀਕ ਹੈ ਕਿ ਹਰੇਕ ਵਿਦਿਆਰਥੀ ਨੂੰ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ ਤੋਂ ਮੈਨੂੰ ਇਹ ਗੱਲ ਦੀ ਖੁਸ਼ੀ ਹੈ ਕਿ ਤੂੰ ਹਮੇਸ਼ਾ ਜਮਾਤ ਵਿਚ ਪਹਿਲੇ ਨੰਬਰ ਤੇ ਆਉਂਦਾ ਹੈ। ਪਰ ਤੈਨੂੰ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਜੀਵਨ ਵਿਚ ਨਿਰੀ ਵਿਦਿਅਕ ਯੋਗਤਾ ਹੀ ਸਭ ਕੁਝ ਨਹੀਂ, ਵਿਸ਼ੇਸ਼ ਕਰਕੇ ਜਦ ਇਹ ਅਰੋਗਤਾ ਦਾ ਸਤਿਆਨਾਸ ਕਰਕੇ ਪ੍ਰਾਪਤ ਕੀਤੀ ਜਾਏ। ਸਿਆਣਿਆਂ ਦਾ ਕਥਨ ਹੈ, ‘ਸਰੀਰ ਅਰੋਗ ਤੇ ਮਨ ਅਰੋਗ ਇਹ ਇਕ ਅਟਲ ਸੱਚਾਈ ਹੈ। ਜੋ ਆਦਮੀ ਹਰ ਵੇਲੇ ਸਿਰ ਪੀੜ ਜਾਂ ਲੋਕ ਪੀੜ ਨਾਲ ਦੁਖੀ ਰਹੇ, ਉਹ ਪੜ੍ਹਾਈ ਵੱਲ ਕੀ ਧਿਆਨ ਦੇਵੇਗਾ। ਜਿਸ ਮਨੁੱਖ ਦੀ ਸਿਹਤ ਖ਼ਰਾਬ ਹੋ ਜਾਏ, ਉਹ ਅੰਤ ਪੜ੍ਹਾਈ ਵਿਚ ਤਾਂ ਕੀ, ਹਰ ਗੱਲ ਵਿਚ ਫਾਡੀ ਰਹਿ ਜਾਂਦਾ ਹੈ।

ਰਾਜੂ ! ਇਹ ਸਮਝਣਾ ਭੁੱਲ ਹੈ ਕਿ ਖੇਡਾਂ ਵਿਚ ਹਿੱਸਾ ਲੈਣ ਨਾਲ ਵਕਤ ਜਾਇਆ ਹੁੰਦਾ ਹੈ। ਇਸ ਦੇ ਉਲਟ ਇਹ ਮਨੋਰੰਜਨ ਦਾ ਇਕ ਵਧੀਆਂ ਸਾਧਨ ਹੈ। ਖੇਡਣ ਤੋਂ ਬਾਅਦ ਮਨੁੱਖ ਤਾਜ਼ਾ ਦਮ ਹੁੰਦਾ ਹੈ ਅਤੇ ਮਾਨਸਿਕ ਤੌਰ ਤੇ ਵੀ ਚੁਸਤ ਹੋ ਜਾਂਦਾ ਹੈ। ਉਹਨੂੰ ਪੜ੍ਹਨ ਲਈ ਵਧੇਰੇ ਬੱਲ ਮਿਲਦਾ ਹੈ ਤੇ ਪੜ੍ਹਿਆ ਹੋਇਆ ਠੀਕ ਤਰ੍ਹਾਂ ਪਿੜ-ਪੱਲੇ ਪੈਂਦਾ ਹੈ। ਸੋ ਮੈਂ ਤੈਨੂੰ ਬੜੇ ਜ਼ੋਰ ਨਾਲ ਸਲਾਹ ਦੇਂਦਾ ਹਾਂ ਕਿ ਤੂੰ ਹਰ ਰੋਜ਼ ਘੰਟੇ ਪੌਣੇ ਘੰਟੇ ਲਈ ਆਪਣੇ ਮਨਪਸੰਦ ਦੀ ਕਿਸੇ ਖੇਡ ਵਿਚ ਜ਼ਰੂਰ ਹਿੱਸਾ ਲਿਆ ਕਰ। ਜਦ ਤਕ ਤੂੰ ਕੁਝ ਢਿੱਲਾ-ਮੱਠਾ ਹੈਂ, ਖੁਲ੍ਹੀ ਹਵਾ ਵਿਚ ਸੈਰ ਹੀ ਕਾਫ਼ੀ ਹੈ। ਪਰ ਇਸ ਤੋਂ ਬਾਅਦ ਨੇਮ ਨਾਲ ਖੇਡਣਾ ਸ਼ੁਰੂ ਕਰ ਦੇ। ਆਪਣੀ ਖ਼ੁਰਾਕ ਤੇ ਆਰਾਮ ਦਾ ਵੀ ਪੂਰਾ ਧਿਆਨ ਰਖਿਆ ਕਰ। ਇਸ ਨਾਲ ਨਾ ਕੇਵਲ ਤੇਰਾ ਸਰੀਰ ਚੁਸਤ ਰਹੇਗਾ, ਸਗੋਂ ਮਾਨਸਿਕ ਤੌਰ ਤੇ ਵੀ ਤੂੰ ਵਧੇਰੇ ਯੋਗ ਹੋ ਜਾਏਂਗਾ। ਮੈਂ ਆਸ ਰੱਖਦਾ ਹਾਂ ਕਿ ਤੂੰ ਇਸ ਉਤੇ ਪੂਰੀ ਤਰ੍ਹਾਂ ਅਮਲ ਕਰੇਂਗਾ।

ਪਿਤਾ ਜੀ ਤੇ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ, ਤੈਨੂੰ ਤੇ ਪ੍ਰੀਤ ਨੂੰ ਪਿਆਰ।

ਤੇਰਾ ਵੀਰ,

ਕੰਵਲ ਜੀਤ ਸਿੰਘ |