ਪਿਤਾ ਜੀ ਨੂੰ ਪੱਤਰ


ਪਿਤਾ ਜੀ ਨੂੰ ਟੂਰ ਦੇ ਨਾਲ ਜਾਣ ਦੀ ਆਗਿਆ ਮੰਗਣ ਲਈ ਚਿੱਠੀ।


25, ਪੁਰਾਣਾ ਹੋਸਟਲ,

ਸਤੀਸ਼ ਧਵਨ ਗੌਰਮਿੰਟ ਕਾਲਜ

ਲੁਧਿਆਣਾ।

ਦਸੰਬਰ 7, 2022

ਮੇਰੇ ਪਿਆਰੇ ਪਿਤਾ ਜੀ,

ਤੁਸੀਂ ਇਹ ਸੁਣ ਕੇ ਪ੍ਰਸੰਨ ਹੋਵੇਗੇ ਕਿ ਸਾਡੇ ਇਤਿਹਾਸ ਵਿਭਾਗ ਦੇ ਮੁਖੀ ਨੇ ਵੱਡੇ ਦਿਨਾਂ ਦੀਆਂ ਛੁੱਟੀਆਂ ਵਿਚ ਦਿੱਲੀ ਆਗਰੇ ਦੀਆਂ ਇਤਿਹਾਸਕ ਥਾਵਾਂ ਵੇਖਣ ਲਈ ਟੂਰ ਲਿਜਾਣ ਦਾ ਪ੍ਰਬੰਧ ਕੀਤਾ ਹੈ। ਐਮ.ਏ. ਭਾਗ ਪਹਿਲਾ ਦੇ ਮੇਰੇ ਸਾਰੇ ਜਮਾਤੀ ਟੂਰ ਦੇ ਨਾਲ ਜਾ ਰਹੇ ਹਨ।

ਟੂਰ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ ਕਿ 23 ਦਸੰਬਰ ਨੂੰ ਰਾਤ ਦੀ ਗੱਡੀ ਵਿੱਚ ਅਸੀਂ ਦਿੱਲੀ ਜਾਵਾਂਗੇ। ਸਾਡੇ ਕਾਲਜ ਨੇ ਅੱਧੇ ਕਰਾਏ ਉਤੇ ਟਿਕਟਾਂ ਲੈਣ ਅਤੇ ਸੀਟਾਂ ਰੀਜ਼ਰਵ ਕਰਾਉਣ ਲਈ ਦਰਖਾਸਤ ਦੇ ਦਿੱਤੀ ਹੈ। ਇਸੇ ਤਰ੍ਹਾਂ ਦਿੱਲੀ ਤੋਂ ਆਗਰੇ ਤਕ ਦੀਆਂ ਟਿਕਟਾਂ ਲਈਆਂ ਜਾਣਗੀਆਂ ਅਤੇ ਵਾਪਸੀ ਉਤੇ ਵੀ ਕਿਰਾਏ ਵਿਚ ਇਹ ਰਿਆਇਤ ਮਿਲੇਗੀ। ਦਿੱਲੀ ਦੇ ਇਕ ਕਾਲਜ ਵਿਚ ਰਿਹਾਇਸ਼ ਦਾ ਪ੍ਰਬੰਧ ਕਰ ਲਿਆ ਗਿਆ ਹੈ। ਬਿਸਤਰੇ ਅਸੀਂ ਨਾਲ ਲਿਜਾਵਾਂਗੇ। ਦਿੱਲੀ ਤੇ ਆਗਰੇ ਵਿਚ ਬੱਸਾਂ ਅਤੇ ਸਕੂਟਰਾਂ ਆਦਿ ਤੇ ਹੋਇਆ ਅੱਧਾ ਖਰਚ ਬੁਆਇਜ਼ ਫੰਡ ਵਿੱਚੋਂ ਮਿਲੇਗਾ। ਇਸ ਤਰ੍ਹਾਂ ਅੱਠ ਦਿਨ ਦੇ ਟੂਰ ਲਈ ਸਾਨੂੰ ਆਪਣੇ ਕੋਲੋਂ ਲਗਭਗ ਇਕ ਸੌ ਰੁਪਿਆ ਹੀ ਖਰਚ ਕਰਨਾ ਪਏਗਾ।

ਦਿੱਲੀ ਵਿਚ ਚਾਰ ਦਿਨ ਰਹਿ ਕੇ ਅਸੀਂ ਲਾਲ ਕਿਲ੍ਹਾ, ਸ਼ਾਹੀ ਮਸਜਿਦ, ਗੁਰਦੁਆਰਾ ਸੀਸ ਗੰਜ, ਰਾਜ ਘਾਟ, ਸ਼ਾਂਤੀ ਵਣ, ਜੰਤਰ ਮੰਤਰ, ਪਾਰਲੀਮੈਂਟ ਹਾਊਸ, ਰੇਡੀਓ ਸਟੇਸ਼ਨ, ਹਮਾਯੂੰ ਦਾ ਮਕਬਰਾ, ਪੁਰਾਣਾ ਕਿਲ੍ਹਾ, ਕੁਤਬ ਦੀ ਲਾਠ ਤੇ ਹੋਰ ਕਈ ਇਤਿਹਾਸਕ ਥਾਵਾਂ ਦੀ ਯਾਤਰਾ ਕਰਾਂਗੇ। 28 ਦਸੰਬਰ ਨੂੰ ਅਸੀਂ ਆਗਰੇ ਜਾਵਾਂਗੇ ਤੇ ਦੋ ਦਿਨ ਉਥੇ ਠਹਿਰਾਂਗੇ। ਉਥੇ ਅਸੀਂ ਤਾਜ ਮਹੱਲ, ਅਕਬਰ ਦਾ ਕਿਲ੍ਹਾ, ਸਿਕੰਦਰਾਬਾਦ ਆਦਿ ਵੇਖਣ ਤੋਂ ਛੁਟ ਫ਼ਤਿਹਪੁਰ ਸੀਕਰੀ ਵੀ ਜਾਵਾਂਗੇ। 29 ਤਰੀਕ ਰਾਤ ਨੂੰ ਦਿੱਲੀ ਰਹਾਂਗੇ। ਦੂਜੇ ਦਿਨ ਸਾਢੇ ਬਾਰਾਂ ਵਜੇ ਫਲਾਈਂਗ ਮੇਲ ਉਤੇ ਵਾਪਸ ਲੁਧਿਆਣੇ ਪਹੁੰਚਣ ਦਾ ਪ੍ਰੋਗਰਾਮ ਹੈ।

ਇਹ ਟੂਰ ਨਿਰਾ ਮੌਜ-ਮੇਲਾ ਜਾਂ ਮਨੋਰੰਜਨ ਲਈ ਨਹੀਂ ਕੀਤਾ ਜਾ ਰਿਹਾ, ਸਗੋਂ ਇਹ ਚੋਖਾ ਸਿੱਖਿਆ-ਪੂਰਤ ਤੇ ਜ਼ਰੂਰੀ ਜਾਣਕਾਰੀ ਦੇਣ ਦਾ ਸਾਧਨ ਹੋਵੇਗਾ। ਉਮੀਦ ਹੈ, ਤੁਸੀਂ ਮੈਨੂੰ ਇਹਦੇ ਵਿਚ ਸ਼ਾਮਲ ਹੋਣ ਦੀ ਆਗਿਆ ਦੇ ਕੇ ਲੋੜੀਂਦੀ ਰਕਮ ਛੇਤੀ ਭੇਜਣ ਦੀ ਕਿਰਪਾ ਕਰੋਗੇ।

ਮਾਤਾ ਜੀ ਨੂੰ ਨਮਸਕਾਰ । ਭੋਲੂ ਤੇ ਨੈਣਾਂ ਨੂੰ ਪਿਆਰ।

ਤੁਹਾਡਾ ਆਗਿਆਕਾਰ ਪੁੱਤਰ,

ਸਤਿੰਦਰ ਪਾਲ।