ਪਿਤਾ ਜੀ ਨੂੰ ਪੱਤਰ


ਪਿਤਾ ਜੀ ਨੂੰ ਚਿੱਠੀ ਕਿ ਆਪਣੇ ਵਿਆਹ ਵਿਚ ਤੁਸੀਂ ਕੀ ਸੁਧਾਰ ਕਰਨਾ ਚਾਹੁੰਦੇ ਹੋ।


ਗੌਰਮਿੰਟ ਕਾਲਜ,

ਮੋਹਾਲੀ।

2 ਮਈ, 2023

ਸਤਿਕਾਰਯੋਗ ਪਿਆਰੇ ਪਿਤਾ ਜੀ,

ਤੁਹਾਡੀ ਚਿੱਠੀ ਮਿਲ ਗਈ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਤੁਸਾਂ ਮੇਰੀ ਇੱਛਾ ਅਨੁਸਾਰ ਮੇਰੀ ਸ਼ਾਦੀ ਦੀ ਤਰੀਕ 15 ਮਈ ਨਿਯਤ ਕਰ ਦਿੱਤੀ ਹੈ। ਜਿਵੇਂ ਪਹਿਲਾਂ ਲਿਖਿਆ ਸੀ, ਮੈਂ ।। ਮਈ ਨੂੰ ਪ੍ਰੀਖਿਆ ਕੇਂਦਰ ਵਿਚ ਲੱਗੀ ਡਿਊਟੀ ਤੋਂ ਵਿਹਲਾ ਹੋ ਜਾਵਾਂਗਾ, ਤੇ ਉਸੇ ਦਿਨ ਸ਼ਾਮ ਘਰ ਪਹੁੰਚ ਜਾਵਾਂਗਾ।

ਤੁਸਾਂ ਆਪਣੇ ਵੱਲੋਂ ਵਿਆਹ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੋਵੇਗੀ। ਤੁਸੀਂ ਮੇਰੇ ਖ਼ਿਆਲਾਂ ਤੋਂ ਜਾਣੂ ਹੋ। ਕੁੜੀ ਵਾਲਿਆਂ ਨਾਲ ਵੀ ਅਸਾਂ ਪਹਿਲਾ ਗੱਲ ਕਰ ਲਈ ਸੀ ਅਸੀਂ ਕਿਸੇ ਕਿਸਮ ਦਾ ਕੋਈ ਦਾਜ ਨਹੀਂ ਲਵਾਂਗੇ। ਤੁਸੀਂ ਵੀ ਕਿਰਪਾ ਕਰਕੇ ਗਹਿਣਾ ਕਪੜਾ ਬਣਾਉਣ ਦੀ ਖੇਚਲ ਨਾ ਕਰਨੀ ਤੇ ਨਾ ਹੀ ਕੋਈ ਵਰੀ ਲਿਜਾਣੀ। ਜਦ ਵਿਆਹ ਤੋਂ ਬਾਅਦ ਕੁੜੀ ਘਰ ਆ ਜਾਏਗੀ, ਤਾਂ ਉਹਦੀ ਰੁਚੀ, ਸ਼ੋਕ ਤੇ ਪਸੰਦ ਅਨੁਸਾਰ ਕੋਈ ਛੋਟਾ ਗਹਿਣਾ ਤੇ ਕਪੜੇ ਬਣਵਾ ਲਏ ਜਾਣਗੇ।

ਆਪ ਦੀ ਹੋਰ ਵੀ ਕਿਰਪਾ ਹੋਵੇਗੀ, ਜੇ ਤੁਸੀਂ ਪੁਰਾਣੀਆਂ ਫ਼ਜ਼ੂਲ ਰੀਤਾਂ-ਰਸਮਾਂ ਤੇ ਵਡਿਆਈ ਦੱਸਣ ਲਈ ਕੋਈ ਵਿਖਾਲਾ ਕਰਨ ਤੋਂ ਸੰਕੋਚ ਕਰੋ। ਵਿਆਹ ਇਕ ਪਰਿਵਾਰਕ ਮਾਮਲਾ ਹੈ। ਇਸ ਨੂੰ ਜਿੰਨਾ ਸਾਦਾ ਬਣਾਇਆ ਜਾਏ ਤੇ ਜਿੰਨਾ ਘੱਟ ਸਮਾਜਕ ਰੰਗ ਦਿੱਤਾ ਜਾਏ, ਉਨਾਂ ਹੀ ਚੰਗਾ ਹੈ। ਮੇਰੀ ਇੱਛਾ ਹੈ ਕਿ ਉਸ ਦਿਨ ਤੁਸੀਂ, ਮਾਤਾ ਜੀ ਤੇ ਅਸੀਂ ਤਿੰਨੇ ਭੈਣ ਭਰਾ ਇਕ ਕਾਰ ਦੇ ਰਾਹੀਂ ਸਵੇਰੇ ਸੰਤ ਵਜੇ ਕੁੜੀ ਵਾਲਿਆਂ ਦੇ ਘਰ ਜਾਈਏ। ਨਾ ਘੋੜੀ ਦੀ ਰਸਮ ਕਰਨ ਦੀ ਲੋੜ ਹੈ, ਨਾ ਸਿਹਰਾਬੰਦੀ ਦੀ। ਮੇਰੇ ਗਲ ਵਿਚ ਫੁੱਲਾਂ ਦਾ ਹਾਰ ਇਹ ਦੱਸਣ ਲਈ ਕਾਫ਼ੀ ਹੈ ਕਿ ਮੈਂ ਵਿਆਹ ਕਰਨ ਜਾ ਰਿਹਾ ਹਾਂ। ਕੋਈ ਬੈਂਡ-ਵਾਜਾ ਲਿਜਾਣ ਦੀ ਉਕਾ ਹੀ ਲੋੜ ਨਹੀਂ। ਤੁਸੀਂ ਕੁੜੀ ਵਾਲਿਆਂ ਨੂੰ ਵੀ ਪ੍ਰੇਮ ਤੇ ਨਿੰਮਰਤਾ ਨਾਲ ਬੇਨਤੀ ਕਰ ਦਿਓ ਕਿ ਉਹ ਵੀ ਝੰਡੀਆਂ ਲਗਾ ਕੇ ਤੇ ਦਰਵਾਜੇ ਆਦਿ ਬਣਾ ਕੇ ਕੋਈ ਠਾਠ-ਬਾਠ ਵਾਲਾ ਆਡੰਬਰ ਨਾ ਕਰਨ ਅਤੇ ਜਿੰਨੇ ਘਟ ਆਦਮੀ ਸੱਦ ਸਕਦੇ ਹਨ, ਸੱਦਣ।

ਕੁੜੀ ਵਾਲਿਆਂ ਦੇ ਘਰ ਪਹੁੰਚ ਕੇ ਅਸੀਂ ਨਾਸ਼ਤਾ ਕਰਨ ਤੋਂ ਬਾਅਦ ਆਨੰਦ ਕਾਰਜ ਤੇ ਬੈਠ ਜਾਈਏ, ਘੰਟੇ ਪੌਣੇ ਘੰਟੇ ਲਈ ਕੀਰਤਨ ਦਾ ਆਨੰਦ ਮਾਣੀਏ ਤੇ ਫਿਰ ਫੇਰੇ ਹੋ ਜਾਣ। ਨਾ ਕੋਈ ਸਿਹਰਾ ਪੜ੍ਹਨ ਦੀ ਲੋੜ ਤੇ ਨਾ ਕਿਸੇ ਲੰਮੀ-ਚੌੜੀ ਸਿਖਿਆ ਦੀ। ਤੁਹਾਡੇ ਬਜ਼ੁਰਗਾਂ ਦੇ ਅਸ਼ੀਰਵਾਦ ਨਾਲ ਵਿਆਹ ਦੀ ਰਸਮ ਸਮਾਪਤ ਹੋ ਜਾਏ। ਪਰਸ਼ਾਦ ਛਕ ਕੇ ਇਕ ਵਜੇ ਤਕ ਅਸੀਂ ਘਰ ਵਾਪਸ ਆ ਜਾਈਏ। ਚਾਰ ਵਜੇ ਤੁਸੀਂ ਆਪਣੇ ਨਿਕਟਵਰਤੀਆਂ ਲਈ ਛੋਟੀ ਜਿਹੀ ਪਾਰਟੀ ਦਾ ਪ੍ਰਬੰਧ ਕਰ ਸਕਦੇ ਹੋ। ਅੱਜ ਕਲ੍ਹ ਦੇ ਆਰਥਿਕ ਮੰਦਵਾੜੇ ਵਿਚ ਫ਼ਜ਼ੂਲ ਖਰਚੀ ਤੋਂ ਜਿੰਨਾ ਬਚਿਆ ਜਾਏ, ਉਨਾ ਹੀ ਚੰਗਾ ਹੈ।

ਆਸ ਹੈ ਆਪ ਮੇਰੀਆਂ ਬੇਨਤੀਆਂ ਵੱਲ ਯੋਗ ਧਿਆਨ ਦੇਣ ਦੀ ਕਿਰਪਾ ਕਰੋਗੇ। ਮਾਤਾ ਜੀ ਨੂੰ ਸਨਿਮਰ ਸਤਿ ਸ੍ਰੀ ਅਕਾਲ ਅਤੇ ਰੋਜ਼ੀ ਤੇ ਬੰਟੀ ਨੂੰ ਪਿਆਰ।

ਆਪ ਦਾ ਆਗਿਆਕਾਰ ਪੁੱਤਰ,

ਸੋਹਿੰਦਰ ਜੀਤ ਸਿੰਘ।