ਅਣਡਿੱਠਾ ਪੈਰਾ : ਮਹਾਰਾਜਾ ਰਣਜੀਤ ਸਿੰਘ ਦਾ ਕੇਂਦਰੀ ਸ਼ਾਸਨ
ਮਹਾਰਾਜਾ ਰਣਜੀਤ ਸਿੰਘ ਕੇਂਦਰੀ ਸ਼ਾਸਨ ਦੀ ਧੁਰੀ ਸਨ। ਉਹ ਅਸੀਮ ਸ਼ਕਤੀਆਂ ਦੇ ਮਾਲਕ ਸਨ। ਉਨ੍ਹਾਂ ਦੇ ਮੁੱਖ ਤੋਂ ਨਿਕਲਿਆ ਹਰ ਸ਼ਬਦ ਕਾਨੂੰਨ ਸਮਝਿਆ ਜਾਂਦਾ ਸੀ। ਮਹਾਰਾਜਾ ਰਣਜੀਤ ਸਿੰਘ ਆਪਣੀਆਂ ਸ਼ਕਤੀਆਂ ਦੀ ਵਰਤੋਂ ਪਰਜਾ ਦੀ ਭਲਾਈ ਲਈ ਕਰਦੇ ਸਨ।
ਪ੍ਰਸ਼ਾਸਨ ਪ੍ਰਬੰਧ ਵਿਚ ਸਹਿਯੋਗ ਪ੍ਰਾਪਤ ਕਰਨ ਲਈ ਮਹਾਰਾਜੇ ਨੇ ਕਈ ਮੰਤਰੀਆਂ ਨੂੰ ਨਿਯੁਕਤ ਕੀਤਾ ਹੋਇਆ ਸੀ। ਇਨ੍ਹਾਂ ਵਿਚੋਂ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ, ਮੁੱਖ ਸੈਨਾਪਤੀ ਅਤੇ ਡਿਉੜੀਵਾਲਾ ਨਾਂ ਦੇ ਮੰਤਰੀ ਪ੍ਰਮੁੱਖ ਸਨ। ਇਨ੍ਹਾਂ ਮੰਤਰੀਆਂ ਦੀ ਸਲਾਹ ਨੂੰ ਮੰਨਣਾ ਜਾਂ ਨਾ ਮੰਨਣਾ ਰਣਜੀਤ ਸਿੰਘ ਜੀ ਮਰਜ਼ੀ ‘ਤੇ ਨਿਰਭਰ ਕਰਦਾ ਸੀ। ਪ੍ਰਸ਼ਾਸਨ ਦੀ ਕੁਸ਼ਲਤਾ ਲਈ ਮਹਾਰਾਜਾ ਰਣਜੀਤ ਸਿੰਘ ਆਮ ਤੌਰ ‘ਤੇ ਆਪਣੇ ਮੰਤਰੀਆਂ ਦੀ ਸਲਾਹ ਨੂੰ ਮੰਨ ਲੈਂਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਪ੍ਰਸ਼ਾਸਨ ਦੀ ਚੰਗੀ ਦੇਖ-ਭਾਲ ਲਈ 12 ਦਫ਼ਤਰਾਂ (ਵਿਭਾਗਾਂ) ਦੀ ਸਥਾਪਨਾ ਕੀਤੀ ਸੀ।
ਇਨ੍ਹਾਂ ਦਫ਼ਤਰਾਂ ਵਿਚੋਂ ਦਫ਼ਤਰ-ਏ-ਅਬਵਾਬ-ਉਲ-ਮਾਲ, ਦਫ਼ਤਰ-ਏ-ਤੋਜਿਹਾਤ, ਦਫ਼ਤਰ-ਏ-ਮਵਾਜ਼ਿਬ ਅਤੇ ਦਫ਼ਤਰ- ਏ-ਰੋਜ਼ਨਾਮਚਾ-ਏ-ਇਖਰਾਜਾਤ ਪ੍ਰਮੁਖ ਸਨ। ਨਿਸਚਿਤ ਤੌਰ ‘ਤੇ ਮਹਾਰਾਜਾ ਰਣਜੀਤ ਸਿੰਘ ਦਾ ਕੇਂਦਰੀ ਸ਼ਾਸਨ ਪ੍ਰਬੰਧ ਬਹੁਤ ਚੰਗਾ ਸੀ।
ਪ੍ਰਸ਼ਨ 1. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੇਂਦਰੀ ਸ਼ਾਸਨ ਦਾ ਧੁਰਾ ਕੌਣ ਹੁੰਦਾ ਸੀ?
ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਕੇਂਦਰੀ ਸ਼ਾਸਨ ਦਾ ਧੁਰਾ ਮਹਾਰਾਜਾ ਆਪ ਹੁੰਦੇ ਸਨ।
ਪ੍ਰਸ਼ਨ 2. ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਕੌਣ ਸਨ?
ਉੱਤਰ : (i) ਮਹਾਰਾਜਾ ਰਣਜੀਤ ਸਿੰਘ ਦਾ ਪ੍ਰਧਾਨ ਮੰਤਰੀ ਰਾਜਾ ਧਿਆਨ ਸਿੰਘ ਸੀ।
(ii) ਮਹਾਰਾਜਾ ਰਣਜੀਤ ਸਿੰਘ ਦਾ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜ਼ਉੱਦੀਨ ਸੀ।
ਪ੍ਰਸ਼ਨ 3. ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਸ਼ਾਸਨ ਦੀ ਚੰਗੀ ਦੇਖਭਾਲ ਲਈ ਕਿੰਨੇ ਦਫ਼ਤਰਾਂ ਦੀ ਸਥਾਪਨਾ ਕੀਤੀ ਗਈ ਸੀ?
ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪ੍ਰਸ਼ਾਸਨ ਦੀ ਚੰਗੀ ਦੇਖਭਾਲ ਲਈ 12 ਦਫ਼ਤਰਾਂ ਦੀ ਸਥਾਪਨਾ ਕੀਤੀ ਗਈ ਸੀ।
ਪ੍ਰਸ਼ਨ 4. ਦਫ਼ਤਰ-ਏ-ਤੋਜਿਹਾਤ ਦਾ ਕੀ ਕੰਮ ਹੁੰਦਾ ਸੀ?
ਉੱਤਰ : ਦਫ਼ਤਰ-ਏ-ਤੋਜਿਹਾਤ ਸ਼ਾਹੀ ਘਰਾਣੇ ਦਾ ਹਿਸਾਬ-ਕਿਤਾਬ ਰੱਖਦਾ ਸੀ।