ਬਿਨੈ ਪੱਤਰ : ਇਲਾਕੇ ਵਿੱਚ ਲੁੱਟ-ਖੋਹ ਅਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਸੰਬੰਧੀ ਪੁਲਸ ਕਮਿਸ਼ਨਰ ਨੂੰ ਬਿਨੈ-ਪੱਤਰ
ਤੁਹਾਡੇ ਇਲਾਕੇ ਵਿੱਚ ਲੁੱਟ-ਖੋਹ ਅਤੇ ਗੁੰਡਾਗਰਦੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਇਸ ਸੰਬੰਧੀ ਪੁਲਸ ਕਮਿਸ਼ਨਰ ਨੂੰ ਬਿਨੈ-ਪੱਤਰ ਲਿਖੋ।
ਪਰੀਖਿਆ ਭਵਨ
………………………… ਸ਼ਹਿਰ
ਮਿਤੀ : 20 ਮਈ, 20……
ਸੇਵਾ ਵਿਖੇ
ਪੁਲਿਸ ਕਮਿਸ਼ਨਰ ਸਾਹਿਬ
………………………………ਪੁਲਿਸ ਲਾਈਨ
…………………………….ਸ਼ਹਿਰ
ਵਿਸ਼ਾ : ਕੂਲ ਰੋਡ ਤੇ ਲੁੱਟ-ਖੋਹ ਤੇ ਵੱਧ ਰਹੀ ਗੁੰਡਾਗਰਦੀ ਬਾਰੇ ਅਰਜ਼ੀ
ਸ੍ਰੀਮਾਨ ਜੀ
ਬੇਨਤੀ ਇਹ ਹੈ ਕਿ ਮੈਂ ਇਲਾਕਾ ਕੂਲ ਰੋਡ ਜੋ ਕੈਂਟ ਰੋਡ ਉੱਤੇ ਹੈ, ਦਾ ਰਹਿਣ ਵਾਲਾ ਹਾਂ। ਮੈਂ ਇਸ ਪੱਤਰ ਰਾਹੀਂ ਆਪ ਜੀ ਦਾ ਧਿਆਨ ਸਾਡੇ ਇਲਾਕੇ ਵਿੱਚ ਦਿਨੋਂ-ਦਿਨ ਵੱਧ ਰਹੀ ਲੁੱਟ-ਖੋਹ ਅਤੇ ਗੁੰਡਾਗਰਦੀ ਵੱਲ ਦਿਵਾਉਣਾ ਚਾਹੁੰਦਾ ਹਾਂ। ਸਾਡੇ ਇਲਾਕੇ ਵਿੱਚ ਪਿਛਲੇ ਇੱਕ ਮਹੀਨੇ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ ਬਹੁਤ ਵੱਧ ਗਈਆਂ ਹਨ। ਕੁਝ ਗੁੰਡੇ ਅਕਸਰ ਦਿਨ-ਦਿਹਾੜੇ ਔਰਤਾਂ ਦੇ ਕੰਨਾਂ ਦੀਆਂ ਵਾਲੀਆਂ, ਚੇਨਾਂ, ਪਰਸ ਆਦਿ ਖੋਹ ਰਹੇ ਹਨ ਅਤੇ ਉਨ੍ਹਾਂ ਨਾਲ ਅਭੱਦਰ ਵਿਹਾਰ ਵੀ ਕਰਦੇ ਹਨ। ਇਸ ਲਈ ਧੀਆਂ-ਭੈਣਾਂ ਦਾ ਆਉਣਾ – ਜਾਣਾ ਮੁਹਾਲ ਹੋ ਗਿਆ ਹੈ। ਉਹ ਡਰਦੀਆਂ ਮਾਰੀਆਂ ਘਰਾਂ ਅੰਦਰ ਲੁਕੀ ਬੈਠੀਆਂ ਹਨ ਅਤੇ ਜ਼ਰੂਰੀ ਕੰਮਾਂ ਲਈ ਵੀ ਬਹੁਤ ਡਰ-ਡਰ ਕੇ ਜਾਂਦੀਆਂ ਹਨ। ਬੱਚੇ ਵੀ ਡਰਦੇ ਮਾਰੇ ਅੰਦਰੀਂ ਦੁਬਕੇ ਰਹਿੰਦੇ ਹਨ।
ਕਮਿਸ਼ਨਰ ਸਾਹਿਬ, ਸਾਡੇ ਇਲਾਕੇ ਵਿੱਚ ਨਸ਼ੀਲੇ ਪਦਾਰਥ ਜਿਵੇਂ ਅਫ਼ੀਮ, ਸ਼ਰਾਬ, ਚਰਸ, ਗਾਂਜਾ, ਸਮੈਕ ਆਦਿ ਧੜੱਲੇ ਨਾਲ ਵਿਕ ਰਹੇ ਹਨ। ਕੁਝ ਗੁੰਡਿਆਂ ਦਾ ਗਰੁੱਪ ਇਹ ਚੀਜ਼ਾਂ ਆਮ ਵੇਚਦਾ ਹੈ ਅਤੇ ਉਹ ਆਪ ਵੀ ਨਸ਼ੇ ਵਿੱਚ ਟੁੰਨ ਹੁੰਦੇ ਹਨ। ਇਨ੍ਹਾਂ ਨੇ ਸਾਡੇ ਇਲਾਕੇ ਦੇ ਕਈ ਚੰਗੇ-ਚੰਗੇ ਨੌਜਵਾਨਾਂ ਨੂੰ ਆਪਣੇ ਚੁੰਗਲ ਵਿੱਚ ਫਸਾ ਲਿਆ ਹੋਇਆ ਹੈ।
ਸਾਡੇ ਇਲਾਕੇ ਦੇ ਨਾਲ ਲੱਗਦੀ ਪੁਲਿਸ ਚੌਕੀ ਵਿੱਚੋਂ ਕਈ ਵਾਰੀ ਪੁਲਿਸ ਆਈ ਵੀ ਹੈ, ਪਰ ਉਹ ਉਨ੍ਹਾਂ ਨੂੰ ਵੇਖ ਕੇ ਆਸੇ-ਪਾਸੇ ਛਿਪ ਜਾਂਦੇ ਹਨ ਤੇ ਜਦੋਂ ਪੁਲਿਸ ਚਲੀ ਜਾਂਦੀ ਹੈ ਤਾਂ ਗੁੰਡਾ ਰਾਜ ਫਿਰ ਸ਼ੁਰੂ ਹੋ ਜਾਂਦਾ ਹੈ। ਹੁਣ ਤਾਂ ਅੱਤ ਹੀ ਹੋਈ ਪਈ ਹੈ। ਸਾਰੇ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਕਿਰਪਾ ਕਰਕੇ ਪੁਲਿਸ ਲਗਾ ਦਿਓ ਤਾਂ ਜੋ ਨਸ਼ਿਆਂ ਦੀ ਆਮ ਵਿਕਰੀ ਤੇ ਰੋਕ ਲਗਾਈ ਜਾ ਸਕੇ ਤੇ ਅਜਿਹੇ ਦਹਿਸ਼ਤ ਗਰਦਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਸਕੇ। ਇਨ੍ਹਾਂ ਦੇਸ-ਧ੍ਰੋਹੀਆਂ ਨੂੰ ਸਖ਼ਤ ਤੋਂ ਸਖਤ ਸਜ਼ਾ ਮਿਲੇ। ਸਾਡੀ ਬੇਨਤੀ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ। ਅਸੀਂ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ।
ਆਪ ਜੀ ਦਾ ਵਿਸ਼ਵਾਸ ਪਾਤਰ
ਗੁਰਨਾਮ ਸਿੰਘ (ਪ੍ਰਧਾਨ)