ਲੇਖ – ਰੇਡੀਓ ਤੇ ਟੈਲੀਵਿਜ਼ਨ


ਰੇਡੀਓ ਤੇ ਟੈਲੀਵਿਜ਼ਨ ਦੀ ਵਿਦਿਅਕ ਉਪਯੋਗਤਾ


ਵੀਹਵੀਂ ਸਦੀ ਦੀਆਂ ਵਿਗਿਆਨਕ ਕਾਢਾਂ ਵਿੱਚੋਂ ਰੇਡੀਓ ਸਭ ਤੋਂ ਵਧ ਹੈਰਾਨ ਕਰਨ ਵਾਲੀ ਕਾਢ ਹੈ ਤੇ ਪਿਛਲੇ ਪੰਜਾਹ ਸਾਲਾਂ ਵਿਚ ਟੈਲੀਵਿਜ਼ਨ ਦੇ ਪਸਾਰ ਨੇ ਰੇਡਿਓ ਨੂੰ ਵੀ ਮਾਤ ਪਾ ਦਿੱਤਾ ਹੈ। ਜਿੱਥੇ ਰੇਡੀਓ ਤੋਂ ਅਸੀਂ ਸੰਸਾਰ ਦੇ ਹਰੇਕ ਹਿੱਸੇ ਤੋਂ ਪਲ-ਪਲ ਮਗਰੋਂ ਤਾਜ਼ੀਆਂ ਖਬਰਾਂ ਸੁਣ ਸਕਦੇ ਹਾਂ, ਉਥੇ ਟੈਲੀਵਿਜ਼ਨ ਤੋਂ ਸਮਾਚਾਰ ਸੁਣਨ ਦੇ ਨਾਲ ਬੋਲਣ ਵਾਲੇ ਦੀ ਸ਼ਕਲ ਅਤੇ ਉਸ ਥਾਂ ਦੇ ਦ੍ਰਿਸ਼ ਤੇ ਘਟਨਾਵਾਂ ਜਿਓਂ ਦੀਆਂ ਤਿਓਂ ਵਾਪਰਦੀਆਂ ਵੇਖ ਲੈਂਦੇ ਹਾਂ। ਸਮਝੋ, ਦੂਰਦਰਸ਼ਨ ਵਿਚ ਰੇਡਿਓ ਤੇ ਸਿਨਮਾ ਦੋਹਾਂ ਦੀਆਂ ਖੂਬੀਆਂ ਇਕੱਠੀਆਂ ਹੋ ਗਈਆਂ ਹਨ। ਪਰ ਸਿਨਮਾਂ ਨਾਲੋਂ ਇਸ ਦਾ ਇਕ ਵਾਧਾ ਇਹ ਹੈ ਕਿ ਸਿਨਮਾਂ ਦੀ ਪਿਕਚਰ ਵੇਖਣ ਲਈ ਸਾਨੂੰ ਸਿਨਮਾ ਜਾਣਾ ਪੈਂਦਾ ਹੈ ਤੇ ਟੈਲੀਵਿਜ਼ਨ ਵਿਚ ਅਸੀਂ ਘਰ ਬੈਠੇ ਹੀ ਪਿਕਚਰ ਦਾ ਆਨੰਦ ਮਾਣ ਸਕਦੇ ਹਾਂ। ਵਾਧਾ ਇਹ ਕਿ ਟੈਲੀਵਿਜ਼ਨ ਰਾਹੀਂ ਆਮ ਤੌਰ ਤੇ ਉਹੋ ਫਿਲਮਾਂ ਵਿਖਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿਚ ਕਾਮ-ਭੜਕਾਊ ਗੱਲਾਂ ਨਹੀਂ ਹੁੰਦੀਆਂ।

ਤਾਜ਼ਾ ਖਬਰਾਂ ਦੇਣ ਤੋਂ ਛੁਟ ਰੇਡੀਓ ਤੇ ਦੂਰ ਦਰਸ਼ਨ ਮਨੋਰੰਜਨ ਦਾ ਵਧੀਆ ਸਾਧਨ ਹਨ। ਇਨ੍ਹਾਂ ਤੋਂ ਅਸੀਂ ਕੱਚੇ-ਪੱਕੇ ਰਾਗ, ਹਲਕੇ-ਫੁਲਕੇ, ਤੰਤੀ ਸਾਜ਼ਾਂ ਦਾ ਸੰਗੀਤ, ਫਿਲਮੀ ਗਾਣੇ, ਨਾਟਕ ਰੂਪਕ, ਕਹਾਣੀਆਂ, ਹਸਾਉਣੇ ਸਾਂਗ ਤੇ ਚੁਟਕਲੇ ਆਦਿ ਸੁਣਦੇ ਹਾਂ। ਦੂਰ-ਦਰਸ਼ਨ ਤੋਂ ਸਾਨੂੰ ਸੁਣਨ ਦੇ ਨਾਲ ਬੋਲਣ ਵਾਲਿਆਂ ਦੀਆਂ ਸ਼ਕਲਾਂ, ਉਨ੍ਹਾਂ ਦੇ ਹਾਵ-ਭਾਵ ਤੇ ਅਮਲ ਵੀ ਵਿਖਾਈ ਦੇਂਦੇ ਹਨ। ਇਸ ਤਰ੍ਹਾਂ ਰੇਡੀਓ ਤੇ ਟੈਲੀਵਿਜ਼ਨ ਦਿਨ ਭਰ ਦੇ ਅਕੇਵੇਂ-ਥਕੇਵੇਂ ਨੂੰ ਦੂਰ ਕਰਨ ਤੇ ਵਿਹਲੇ ਸਮੇਂ ਨੂੰ ਸਫਲਤਾ ਨਾਲ ਬਿਤਾਉਣ ਵਿਚ ਸਹਾਇਤਾ ਕਰਦੇ ਹਨ।

ਪਰੰਤੂ ਰੇਡੀਓ ਤੇ ਦੂਰ ਦਰਸ਼ਨ ਤਾਜਾ ਖਬਰਾਂ ਦੇਣ ਤੇ ਮਨ-ਪਰਚਾਵੇ ਦੇ ਵਸੀਲੇ ਹੀ ਨਹੀਂ, ਸਗੋਂ ਇਨ੍ਹਾਂ ਦਾ ਇਕ ਹੋਰ ਵੱਡਾ ਉਦੇਸ਼ ਵਿਦਿਆ ਤੇ ਸਿੱਖਿਆ ਦਾ ਪਸਾਰ ਅਤੇ ਲੋਕਾਂ ਦੇ ਗਿਆਨ ਤੇ ਸੂਝ-ਬੂਝ ਵਿਚ ਵਾਧਾ ਕਰਨਾ ਹੈ। ਇਨ੍ਹਾਂ ਰਾਹੀਂ ਸਾਨੂੰ ਹਰੇਕ ਵਿਸ਼ੇ ਬਾਬਤ ਮਾਹਿਰਾਂ ਤੋਂ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇੱਥੋਂ ਸਮਾਜਕ, ਵਿਦਿਅਕ, ਆਰਥਿਕ ਤੇ ਰਾਜਨੀਤਿਕ ਮਾਮਲਿਆਂ ਬਾਰੇ ਦੁਨੀਆਂ ਭਰ ਦੇ ਵਿਦਵਾਨ ਤੇ ਖੋਜੀ ਆਪਣੇ ਆਧੁਨਿਕ ਵਿਚਾਰ ਤੇ ਖੋਜਾਂ ਪੇਸ਼ ਕਰਦੇ ਹਨ। ਆਪੋ-ਆਪਣੇ ਕਲਾ ਦੇ ਪ੍ਰਬੀਨ ਤੇ ਨਿਪੁੰਨ ਵਿਅਕਤੀਆਂ ਦੀ ਵਾਰਤਾਲਾਪ ਕਰਵਾਈ ਜਾਂਦੀ ਹੈ। ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਰੇਡੀਓ ਤੇ ਦੂਰ-ਦਰਸ਼ਨ ਦੀ ਵਰਤੋਂ ਦਿਨੋਂ-ਦਿਨ ਵਧ ਰਹੀ ਹੈ। ਹਰੇਕ ਰੇਡੀਓ ਸਟੇਸ਼ਨ ਤੇ ਦੂਰ-ਦਰਸ਼ਨ ਕੇਂਦਰ ਤੋਂ ਹਰ ਰੋਜ਼ ਘੰਟਾ-ਪੌਣਾ ਘੰਟਾ ਵਿਦਿਆਰਥੀਆਂ ਲਈ ਰਾਖਵਾਂ ਹੁੰਦਾ ਹੈ। ਸਕੂਲ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਦੇ ਵਿਸ਼ਿਆਂ ਬਾਰੇ ਪਾਠ ਪੜ੍ਹਾਏ ਜਾਂਦੇ ਹਨ। ਅਰਥ-ਸ਼ਾਸਤਰ, ਇਤਿਹਾਸ, ਭੂਗੋਲ, ਵਿਗਿਆਨ ਤੇ ਸਮਾਜ-ਵਿਗਿਆਨ ਆਦਿ ਵਿਸ਼ਿਆਂ ਨੂੰ ਬੜੇ ਸੌਖ ਨਾਲ ਟੈਲੀਵਿਜਨ ਰਾਹੀਂ ਪੜ੍ਹਾਇਆ ਜਾ ਸਕਦਾ ਹੈ। ਕਾਲਜਾਂ ਤੇ ਯੂਨਿਵਰਸਿਟੀਆਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਪ੍ਰਕਰਣਾਂ ਉਤੇ ਭਾਸ਼ਨ ਹੁੰਦੇ ਹਨ। ਇਹ ਪਾਠ ਤੇ ਭਾਸ਼ਨ ਸੰਬੰਧਿਤ ਵਿਸ਼ਿਆਂ ਦੇ ਸਿਆਣੇ ਤੋਂ ਸਿਆਣੇ ਅਤੇ ਨਿਪੁੰਨ ਆਧਿਆਪਕਾਂ ਪਾਸੋਂ ਕਰਾਏ ਜਾਂਦੇ ਹਨ, ਜੋ ਪੂਰੀ ਤਿਆਰੀ ਨਾਲ ਵਿਦਿਆਰਥੀਆਂ ਨੂੰ ਨਿਗਰ ਵਾਕਫੀ ਦੇਂਦੇ ਹਨ।

ਯੂਰਪ, ਕਨੇਡਾ ਤੇ ਅਮਰੀਕਾ ਵਰਗੇ ਉਨੱਤ ਦੇਸ਼ਾਂ ਵਿਚ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਰੇਡੀਓ ਉੱਤੇ ਦੂਰ ਦਰਸ਼ਨ ਤੋਂ ਵਿਦਿਆਰਥੀਆਂ ਲਈ ਬੜੇ ਵਧੀਆ ਪ੍ਰੋਗਰਾਮ ਪੇਸ਼ ਕਰਕੇ ਵਿਦਿਆ ਦਾ ਪਰਸਾਰ ਕਰ ਰਹੀਆਂ ਹਨ। ਉਥੋਂ ਦੇ ਸਕੂਲਾਂ ਤੇ ਕਾਲਜਾਂ ਕੋਲ ਰੋਡੀਓ ਤੇ ਟੈਲੀਵਿਜ਼ਨ ਜੰਤਰਾਂ ਦੇ ਵਿਸ਼ਾਲ ਪ੍ਰਬੰਧ ਹਨ। ਹੁਣ ਤਾਂ ਸੰਯੁਕਤ ਰਾਸ਼ਟਰ ਸੰਘ ਇਕ ਅੰਤਰ-ਰਾਸ਼ਟਰੀ ਰੇਡੀਓ ਯੂਨੀਵਰਸਿਟੀ ਬਣਾਉਣ ਬਾਬਤ ਵਿਚਾਰ ਕਰ ਰਿਹਾ ਹੈ, ਜਿੱਥੋਂ ਹਰੇਕ ਮਜ਼ਮੂਨ ਦੇ ਧੁਰੰਦਰ ਤੇ ਸੁਯੋਗ ਵਿਦਵਾਨ ਚੋਣਵੇਂ ਵਿਸ਼ਿਆਂ ਬਾਰੇ ਲੈਕਚਰ ਦਿਆ ਕਰਨਗੇ। ਇਸ ਹਵਾਈ ਯੂਨੀਵਰਸਿਟੀ ਤੋਂ ਦੁਨੀਆਂ ਭਰ ਦੇ ਵਿਦਿਆਰਥੀ ਲਾਭ ਉਠਾ ਸਕਣਗੇ।

ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀ ਇਤਿਹਾਸਕ ਥਾਂਵਾਂ, ਸੁੰਦਰ ਇਮਾਰਤਾਂ, ਕਲਾ ਦੇ ਅਦਭੂਤ ਨਮੂਨੇ, ਬੁੱਤ, ਪਹਾੜ, ਦਰਿਆ, ਸਮੁੰਦਰ ਅਤੇ ਕੁਦਰਤ ਦੇ ਮਨੋਰੰਜਨ ਦ੍ਰਿਸ਼ ਤੇ ਕਾਰਖਾਨੇ ਆਦਿ ਦੇਖਣ ਲਈ ਟੂਰ ਤੇ ਜਾਂਦੇ ਹਨ। ਪਰੰਤੂ ਟੈਲੀਵਿਜ਼ਨ ਤੋਂ ਸਾਨੂੰ ਬੈਠੇ-ਬਿਠਾਏ ਦੁਨੀਆਂ ਭਰ ਦੀਆਂ ਮਹੱਤਵਪੂਰਨ ਥਾਂਵਾਂ, ਇਮਾਰਤਾਂ ਦੇ ਕੁਦਰਤੀ ਦ੍ਰਿਸ਼ਾਂ ਦੇ ਦਰਸ਼ਨ ਹੋ ਜਾਂਦੇ ਹਨ। ਟੈਲੀਵਿਜ਼ਨ ਵਾਲੇ ਨਾ ਕੇਵਲ ਕਾਰਖਾਨਿਆਂ, ਪਹਾੜਾਂ ਜਾਂ ਪਿਕਨਿਕ ਵਾਲੀਆਂ ਥਾਂਵਾਂ ਦੇ ਦ੍ਰਿਸ਼ ਫਿਲਮਾਂ ਕੇ ਲਿਆਉਂਦੇ ਹਨ, ਸਗੋਂ ਉਹ ਮੇਲਿਆਂ, ਖੇਡ-ਮੈਦਾਨਾਂ ਜਲਸਿਆਂ ਅਤੇ ਵਿਦਿਅਕ ਆਸ਼ਰਮਾਂ ਵਿਚ ਹੋ ਰਹੇ ਸਭਿਆਚਾਰਕ ਸਮਾਗਮਾਂ ਦੇ ਪ੍ਰੋਗਰਾਮ ਜਿਓ ਦੇ ਤਿਉਂ ਸਾਡੇ ਲਈ ਟੇਪ ਕਰ ਲੈਂਦੇ ਹਨ ਅਤੇ ਬਾਅਦ ਵਿਚ ਮਿੱਥੇ ਹੋਏ ਸਮੇਂ ‘ਤੇ ਵਿਦਿਆਰਥੀਆਂ ਤੇ ਹੋਰ ਲੋਕਾਂ ਦੇ ਲਾਭ ਲਈ ਪਰਸਾਰਿਤ ਕਰਦੇ ਹਨ।

ਵਿਦਿਆਰਥੀਆਂ ਤੋਂ ਛੁਟ ਆਮ ਲੋਕਾਂ ਨੂੰ ਸੁਸਿਖਿਅਤ ਕਰਨ ਲਈ ਵੀ ਰੇਡੀਓ ਤੇ ਟੈਲੀਵਿਜ਼ਨ ਤੋਂ ਬੜਾ ਕੰਮ ਲਿਆ ਜਾਂਦਾ ਹੈ। ਖੇਤੀਬਾੜੀ ਸੰਬੰਧੀ ਪ੍ਰੋਗਰਾਮ ਕਿਸਾਨਾਂ ਦੀ ਜਾਣਕਾਰੀ ਵਿਚ ਵਾਧਾ ਕਰਦੇ ਹਨ। ਇਨ੍ਹਾਂ ਨੂੰ ਨਵੇਂ ਸੰਦਾਂ, ਨਰੋਏ ਬੀਜ਼ਾਂ, ਰਸਾਇਣਕ ਖਾਦਾਂ, ਕੀੜੇ-ਮਾਰ ਦਵਾਈਆਂ, ਵਾਹੀ ਦੇ ਨਵੀਨਤਮ ਢੰਗਾਂ ਅਤੇ ਜਾਨਵਰਾਂ ਤੇ ਫਸਲਾਂ ਦੀਆਂ ਬੀਮਾਰੀਆਂ ਬਾਬਤ ਲਾਭਦਾਇਕ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਆਧੁਨਿਕ ਵਾਕਫ਼ੀ ਬੋਧ ਤੇ ਸੋਝੀ ਆਮ ਤੌਰ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਹਰੇਕ ਵਿਸ਼ੇ ਦੇ ਮਾਹਿਰ ਖੋਜੀ ਦੇਂਦੇ ਹਨ, ਇਸ ਲਈ ਇਹ ਪ੍ਰਮਾਣਿਕ ਤੇ ਵਧ ਤੋਂ ਵਧ ਲਾਭਦਾਇਕ ਹੁੰਦੀ ਹੈ। ਇਸੇ ਤਰ੍ਹਾਂ ਰੇਡੀਓ ਤੇ ਦੂਰ ਦਰਸ਼ਨ ਤੋਂ ਇਸਤਰੀਆਂ ਲਈ ਗ੍ਰਹਿ ਪ੍ਰਬੰਧ, ਬੱਚੇ ਪਾਲਣ, ਰਸੋਈ, ਸੂਈ-ਸਿਲਾਈ ਤੇ ਬੁਣਾਈ-ਕਢਾਈ ਆਦਿ ਬਾਰੇ ਲਾਭਦਾਇਕ ਜਾਣਕਾਰੀ ਦਿੱਤੀ ਜਾਂਦੀ ਹੈ। ਅਨਪੜ੍ਹ ਜਾਂ ਘਟ ਸਮਝਦਾਰ ਪੁਰਸ਼ਾਂ ਵਿੱਚੋਂ ਵਹਿਮ-ਭਰਮ ਤੇ ਫਜ਼ੂਲ ਰੀਤਾਂ-ਰਸਮਾਂ ਨੂੰ ਹਟਾਉਣ ਅਤੇ ਸਮਾਜ ਸੁਧਾਰ ਤੇ ਨਵੀਨ ਵਿਚਾਰਾਂ ਦੇ ਪਰਚਾਰ ਲਈ ਰੇਡੀਓ ਤੇ ਟੈਲੀਵਿਜ਼ਨ ਸਭ ਤੋਂ ਉਤਮ ਵਸੀਲਾ ਹਨ।

ਗਿਆਨ ਤੇ ਸਿੱਖਿਆ ਦੇਣ ਦੇ ਹੋਰ ਵੀ ਕਈ ਸਾਧਨ ਹਨ, ਜਿਹਾ ਕਿ ਅਖਬਾਰਾਂ, ਕਿਤਾਬਾਂ, ਵਿਦਵਾਨਾਂ ਦੇ ਭਾਸ਼ਨ, ਸਕੂਲ, ਕਾਲਜ ਤੇ ਸਿਨਮਾ ਆਦਿ। ਪਰੰਤੂ ਦੂਰ-ਦਰਸ਼ਨ ਇਨ੍ਹਾਂ ਸਭਨਾਂ ਤੋਂ ਵਧੇਰੇ ਪ੍ਰਭਾਵਕ ਤੇ ਸਹਿਲ ਹਨ। ਕਿਤਾਬਾਂ ਤੇ ਅਖਬਾਰਾਂ ਕੇਵਲ ਪੜ੍ਹੇ-ਲਿਖੇ ਹੀ ਪੜ੍ਹ ਸਕਦੇ ਹਨ, ਪਰ ਰੇਡੀਓ ਤੋਂ ਅਨਪੜ੍ਹ ਵੀ ਫਾਇਦਾ ਉਠਾ ਸਕਦਾ ਹੈ। ਸਕੂਲਾਂ, ਕਾਲਜਾਂ ਵਿਚ ਸਿੱਖਿਆ ਪ੍ਰਾਪਤ ਕਰਨ, ਲੈਕਚਰ ਸੁਣਨ ਅਤੇ ਸਿਨਮਾ ਵੇਖਣ ਲਈ ਪੁਰਸ਼ ਨੂੰ ਉਚੇਰੇ ਤਿਆਰ ਹੋ ਕੇ ਦੂਰ-ਦੁਰਾਡੇ ਜਾਣਾ ਪੈਂਦਾ ਹੈ, ਪਰ ਰੇਡੀਓ-ਟੈਲੀਵੀਜ਼ਨ ਦੇ ਪ੍ਰੋਗਰਾਮ ਅਸੀਂ ਘਰ ਬੈਠੇ ਬਿਠਾਏ ਤੇ ਹੋਰ ਕੰਮ ਕਰਦੇ ਹੋਏ ਵੀ ਸੁਣ-ਵੇਖ ਸਕਦੇ ਹਾਂ। ਅਸੀਂ ਕਿਸੇ ਵੀ ਹਾਲਤ ਵਿਚ ਹੋਈਏ, ਕਿਸੇ ਕੰਮ ਵਿਚ ਰੁੱਝੇ ਹੋਈਏ ਜਾਂ ਰਜਾਈ ਦੀ ਨਿੱਘ ਵਿਚ ਬੈਠੇ-ਲੇਟੇ ਹੋਈਏ, ਪ੍ਰੋਗਰਾਮ ਤੁਰੀ ਆਉਂਦੇ ਹਨ। ਇਸਤ੍ਰੀਆਂ ਰਸੋਈ ਵਿਚ ਕੰਮ ਕਰਦੀਆਂ ਜਾਂ ਸੂਈ-ਸਿਲਾਈ ਤੇ ਕਢਾਈ ਬੁਣਾਈ ਦੇ ਕੰਮ ਵਿਚ ਰੁਝੀਆਂ ਵਿਦਿਅਕ ਤੇ ਸਿਖਿਆ ਦਾਇਕ ਪ੍ਰੋਗਰਾਮ ਤੋਂ ਲਾਭ ਉਠਾ ਸਕਦੀਆਂ ਹਨ। ਇਕ ਹੋਰ ਵਾਧਾ ਇਹ ਕਿ ਰੇਡੀਓ ਤੇ ਦੂਰਦਰਸ਼ਨ ਸਰਕਾਰੀ ਜਾਂ ਨੀਮ-ਸਰਕਾਰੀ ਪ੍ਰਬੰਧ ਹੇਠ ਹੁੰਦੇ ਹਨ, ਇਸ ਲਈ ਉਨ੍ਹਾਂ ਦੇ ਪ੍ਰੋਗਰਾਮ ਲੋਕ-ਹਿਤ ਨੂੰ ਮੁਖ ਰਖ ਕੇ ਇਕ ਸੋਚੀ- ਸਮਝੀ ਵਿਉਂਤ ਅਨੁਸਾਰ ਬਣਾਏ ਜਾਂਦੇ ਹਨ। ਇਨ੍ਹਾਂ ਨੂੰ ਤਿਆਰ ਕਰਨ ਵਾਲੇ ਆਪੋ-ਆਪਣੇ ਵਿਸ਼ੇ ਦੇ ਮਾਹਿਰ ਹੁੰਦੇ ਹਨ ਤੇ ਉਹ ਇਨ੍ਹਾਂ ਵਿਚ ਰੋਚਕਤਾ ਦਾ ਵਿਸ਼ੇਸ਼ ਖਿਆਲ ਰਖਦੇ ਹਨ ਤਾਂ ਕਿ ਲੋਕ ਇਨ੍ਹਾਂ ਤੋਂ ਖੁਸ਼ੀ-ਖੁਸ਼ੀ ਫਾਇਦਾ ਉਠਾਉਣ। ਇਸ ਤਰ੍ਹਾਂ ਆਧੁਨਿਕ ਸਮੇਂ ਰੇਡੀਓ ਤੇ ਟੈਲੀਵਿਜ਼ਨ ਵਿਦਿਆ ਦੇ ਪਰਸਾਰ ਤੇ ਸਿੱਖਿਆ ਦਾ ਅਦੁੱਤੀ ਸਾਧਨ ਬਣ ਗਏ ਹਨ ਅਤੇ ਨਾਲ ਹੀ ਸਾਡੀ ਇਕਸਾਰ, ਰੁੱਖੀ ਤੇ ਬੇਰਸੀ ਜ਼ਿੰਦਗੀ ਵਿਚ ਰਸ ਤੇ ਆਨੰਦ ਭਰਦੇ ਹਨ।