ਲੇਖ ਰਚਨਾ : ਵੱਧਦੀ ਅਬਾਦੀ ਦੀ ਸਮੱਸਿਆ
ਵੱਧਦੀ ਅਬਾਦੀ ਦੀ ਸਮੱਸਿਆ
ਜਾਣ-ਪਛਾਣ : ਅੱਜ ਸਾਡਾ ਦੇਸ ਜਿਨ੍ਹਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਉਨ੍ਹਾਂ ਵਿੱਚੋਂ ਦਿਨੋਂ-ਦਿਨ ਵੱਧ ਰਹੀ ਅਬਾਦੀ ਦੀ ਸਮੱਸਿਆ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ। ਵੱਧਦੀ ਅਬਾਦੀ ਹੀ ਹੋਰ ਸਮੱਸਿਆਵਾਂ ਦੀ ਜਨਮਦਾਤੀ ਹੈ। ਭਾਰਤ ਵਿੱਚ ਇਸ ਸਮੱਸਿਆ ਨੇ ਇੱਕ ਗੰਭੀਰ ਅਤੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ।
ਵੱਧਦੀ ਅਬਾਦੀ ਦੇ ਅਸਰ : ਅਬਾਦੀ ਦੇ ਵਾਧੇ ਦਾ ਸਭ ਤੋਂ ਵਧੇਰੇ ਅਸਰ ਅਨਾਜ ਤੇ ਪੈਂਦਾ ਹੈ। ਅਬਾਦੀ ਦੇ ਵਾਧੇ ਦੀ ਰਫ਼ਤਾਰ ਨਾਲ ਅੰਨ ਦਾ ਉਤਪਾਦਨ ਨਹੀਂ ਹੋ ਰਿਹਾ, ਕਿਉਂਕਿ ਜ਼ਮੀਨ ਤਾਂ ਉਨੀ ਹੀ ਹੈ। ਰਿਹਾਇਸ਼ੀ ਇਲਾਕਿਆਂ ਦੇ ਵਧਣ ਨਾਲ ਖੇਤੀਬਾੜੀ ਦੀ ਜ਼ਮੀਨ ਘਟਦੀ ਜਾ ਰਹੀ ਹੈ। ਅਬਾਦੀ ਦੇ ਵਧਣ ਨਾਲ ਬੇਰੁਜ਼ਗਾਰੀ ਵਧੀ ਹੈ ਅਤੇ ਨੌਜਵਾਨਾਂ ਦਾ ਭਵਿੱਖ ਹਨੇਰੇ ਵਿੱਚ ਭਟਕ ਰਿਹਾ ਹੈ। ਕਈ ਪਰਿਵਾਰਕ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਬਹੁਤੇ ਵੱਡੇ ਪਰਿਵਾਰਾਂ ਦਾ ਜੀਵਨ ਪੱਧਰ ਨੀਵਾਂ ਹੁੰਦਾ ਹੈ। ਬੱਚਿਆਂ ਦੇ ਖਾਣ, ਪੀਣ, ਪਹਿਨਣ, ਰਹਿਣ ਅਤੇ ਪੜ੍ਹਾਈ ਆਦਿ ਲੋੜਾਂ ਦੀ ਪੂਰਤੀ ਨਹੀਂ ਹੁੰਦੀ।
ਅਬਾਦੀ ਦੇ ਵਾਧੇ ਦੀ ਦਰ : ਅਜ਼ਾਦੀ ਤੋਂ ਬਾਅਦ ਭਾਰਤ ਦੀ ਜਨਸੰਖਿਆ ਕੇਵਲ 30 ਕਰੋੜ ਸੀ। 1951 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਅਬਾਦੀ 36 ਕਰੋੜ ਹੋ ਗਈ, 1991 ਦੀ ਜਨਗਣਨਾ ਦੇ ਅਨੁਸਾਰ 96 ਕਰੋੜ ਤੋਂ ਉੱਪਰ ਪਹੁੰਚ ਗਈ, ਸਦੀ ਦੇ ਅੰਤ ਵਿੱਚ ਇੱਕ ਅਰਬ ਤੋਂ ਉੱਤੇ ਅਤੇ ਹੁਣ ਇਹ ਇੱਕ ਅਰਬ-ਤੀਹ ਕਰੋੜ ਹੈ। ਲਗਾਤਾਰ ਤੇਜ਼ ਵਾਧੇ ਦੇ ਕਾਰਨ ਦੇਸ਼ ਦਾ ਆਰਥਕ ਢਾਂਚਾ ਕਾਫ਼ੀ ਹੱਦ ਤੱਕ ਵਿਗੜ ਗਿਆ ਹੈ। ਇਸ ਦੇ ਵਧਣ ਨਾਲ ਬਰੁਜ਼ਗਾਰੀ ਅਤੇ ਮਹਿੰਗਾਈ ਵਿੱਚ ਬਹੁਤ ਵਾਧਾ ਹੋਇਆ ਹੈ ਤੇ ਜੀਵਨ ਜਿਊਣਾ ਬਹੁਤ ਕਠਨ ਹੋ ਗਿਆ ਹੈ। ਅੱਜ ਘਰ-ਘਰ ਅੰਦਰ ਖਰਚਿਆਂ ਦੀ ਪੂਰਤੀ ਲਈ ਲੋਕ ਪਰੇਸ਼ਾਨ ਵਿਖਾਈ ਦਿੰਦੇ ਹਨ।ਅੱਜ ਦਾ ਭਾਰਤੀ ਮਨੁੱਖ ਜੀ ਨਹੀਂ ਰਿਹਾ ਸਗੋਂ ਦਿਨ ਕੱਟੀ ਕਰ ਰਿਹਾ ਹੈ।
ਅਬਾਦੀ ਦੇ ਵਾਧੇ ਦੇ ਕਾਰਨ : ਅਬਾਦੀ ਦੇ ਵਾਧੇ ਦਾ ਮੁੱਖ ਕਾਰਨ ਹੈ – ਬਿਮਾਰੀਆਂ ਤੇ ਕਾਬੂ ਅਤੇ ਡਾਕਟਰੀ ਸਹੂਲਤਾਂ ਕਾਰਨ ਮੌਤ ਦਰ ਦਾ ਘੱਟਣਾ। ਅੱਜ ਸਾਡੇ ਡਾਕਟਰੀ ਵਿਗਿਆਨ ਨੇ ਬਹੁਤ ਕਾਰਨਾਮੇ ਕਰ ਵਿਖਾਏ ਹਨ। ਅੱਜ ਪਿੰਡ-ਪਿੰਡ, ਸ਼ਹਿਰ-ਸ਼ਹਿਰ ਡਾਕਟਰੀ ਸਹੂਲਤਾਂ ਦੀ ਭਰਮਾਰ ਹੈ। ਸਾਡੇ ਦੇਸ ਵਿੱਚ ਇੱਕ ਸਕਿੰਟ ਵਿੱਚ ਤਿੰਨ ਬੱਚੇ ਪੈਦਾ ਹੁੰਦੇ ਹਨ ਤੇ ਦੋ ਮਰਦੇ ਹਨ। ਜਨਮ-ਦਰ ਵਿੱਚ ਵਾਧਾ ਅਬਾਦੀ ਦੇ ਵਾਧੇ ਦਾ ਮੁੱਖ ਕਾਰਨ ਹੈ। ਗ਼ਰੀਬੀ ਅਤੇ ਅਨਪੜ੍ਹਤਾ ਵੀ ਅਬਾਦੀ ਦੇ ਵਾਧੇ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਹਨ। ਇਹ ਲੋਕ ਬੱਚਿਆਂ ਨੂੰ ਰੱਬ ਦੀ ਦੇਣ ਸਮਝ ਕੇ ਬੱਚੇ ਪੈਦਾ ਕਰੀ ਜਾ ਰਹੇ ਹਨ। ਜੇ ਆਪਾਂ ਆਲੇ-ਦੁਆਲੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਪੜ੍ਹੇ ਲਿਖੇ ਲੋਕਾਂ ਦੇ ਘਰਾਂ ਵਿੱਚ ਇੱਕ ਜਾਂ ਦੋ ਬੱਚੇ ਹਨ, ਪਰ ਅਨਪੜ੍ਹਾਂ ਦੇ ਘਰਾਂ ਵਿੱਚ ਛੇ-ਸੱਤ ਤੋਂ ਘੱਟ ਨਹੀਂ। ਇਹ ਬੱਚਿਆਂ ਨੂੰ ਆਮਦਨੀ ਦੇ ਵਾਧੇ ਦਾ ਕਾਰਨ ਸਮਝਦੇ ਹਨ ਅਤੇ ਛੋਟੇ-ਛੋਟੇ ਬੱਚਿਆਂ ਨੂੰ ਕਈ ਪ੍ਰਕਾਰ ਦੇ ਕੰਮਾਂ ਵਿੱਚ ਲਗਾ ਦਿੰਦੇ ਹਨ। ਛੋਟੀ ਉਮਰ ਵਿੱਚ ਵਿਆਹ ਵੀ ਅਬਾਦੀ ਦੇ ਵਾਧੇ ਦਾ ਮੁੱਖ ਕਾਰਨ ਹੈ। ਹੁਣ ਭਾਵੇਂ ਕੁੜੀ ਦੀ ਵਿਆਹ ਦੀ ਉਮਰ 18 ਸਾਲ ਅਤੇ ਮੁੰਡੇ ਦੀ ਉਮਰ 21 ਸਾਲਾਂ ਦੀ ਕਰ ਦਿੱਤੀ ਹੈ, ਪਰ ਇਹ ਉਮਰ ਵੀ ਵਿਆਹ ਕਰਨ ਲਈ ਘੱਟ ਹੈ। ਮਨੋਰੰਜਨ ਦੇ ਸਾਧਨਾਂ ਦੀ ਕਮੀ ਵੀ ਅਬਾਦੀ ਦੇ ਵਾਧੇ ਦਾ ਇੱਕ ਹੋਰ ਕਾਰਨ ਹੈ।
ਅਬਾਦੀ ਦੇ ਵਾਧੇ ਦੀ ਰੋਕਥਾਮ : ਅਬਾਦੀ ਦਾ ਵਾਧਾ ਸਰਕਾਰ ਦੇ ਯਤਨਾਂ ਨਾਲ ਅਤੇ ਮਨੁੱਖ ਦੇ ਆਪਣੇ ਯਤਨਾਂ ਨਾਲ ਹੀ ਰੋਕਿਆ ਜਾ ਸਕਦਾ ਹੈ। ਲੋਕਾਂ ਨੂੰ ਛੋਟੇ ਪਰਿਵਾਰਾਂ ਦੇ ਮਹਤੱਵ ਬਾਰੇ ਦੱਸਣਾ ਚਾਹੀਦਾ ਹੈ। ਲੋਕਾਂ ਨੂੰ ਦੱਸਿਆ ਜਾਵੇ ਕਿ ਵੱਧਦੀ ਅਬਾਦੀ ਨਾਲ ਕਿੰਨੇ ਸੰਕਟ ਪੈਦਾ ਹੁੰਦੇ ਹਨ। ਸਕੂਲਾਂ-ਕਾਲਜਾਂ ਵਿੱਚ ਪਰਿਵਾਰ ਨਿਯੋਜਨ ਦੇ ਵਿਸ਼ੇ ਰੱਖੇ ਜਾਣ। ਪਰਿਵਾਰ ਭਲਾਈ ਸਕੀਮਾਂ ਅਧੀਨ ਛੋਟੇ ਪਰਿਵਾਰ ਵਾਲਿਆਂ ਨੂੰ ਪੜ੍ਹਾਈ ਅਤੇ ਨੌਕਰੀਆਂ ਦੀਆਂ ਸਹੂਲਤਾਂ ਦਿੱਤੀਆਂ ਜਾਣ। ਹਰੇਕ ਮਾਧਿਅਮ ਰਾਹੀਂ ਛੋਟੇ ਪਰਿਵਾਰ ਬਾਰੇ ਦੱਸਿਆ ਜਾਵੇ।
ਸਾਰ ਅੰਸ਼ : ਸਾਨੂੰ ਇਸ ਸਮੱਸਿਆ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਸਮੇਂ ਦੀ ਮੰਗ ਹੈ ਕਿ ਪਰਿਵਾਰ ਨਿਯੋਜਨ ਨੂੰ ਖ਼ੁਸ਼ੀ-ਖ਼ੁਸ਼ੀ ਅਪਣਾਇਆ ਜਾਵੇ। ਅਨਪੜ੍ਹ ਲੋਕਾਂ ਦੇ ਘਰ ਜਾ ਕੇ ਪਰਿਵਾਰ ਨਿਯੋਜਨ ਲਈ ਦੱਸਿਆ ਜਾਵੇ, ਕਿਉਂਕਿ ਉਨ੍ਹਾਂ ਨੂੰ ਵੀ ਇਸਦੀ ਮਹੱਤਤਾ ਬਾਰੇ ਬਹੁਤਾ ਪਤਾ ਨਹੀਂ ਹੈ। ਭਾਵੇਂ ਸਾਡੇ ਦੇਸ ਵਿੱਚ ਪੜ੍ਹੇ-ਲਿਖੇ ਨੌਜਵਾਨਾਂ ਦੀ ਗਿਣਤੀ ਵਧੀ ਹੈ, ਪਰ ਕਈ ਥਾਵਾਂ ‘ਤੇ ਜਾ ਕੇ ਅਜੇ ਵੀ ਪ੍ਚਾਰ ਕਰਨ ਦੀ ਲੋੜ ਹੈ। ਇਸ ਨਾਅਰੇ ਨੂੰ ਅਪਣਾਉਣ ਦੀ ਸਖ਼ਤ ਲੋੜ ਮਹਿਸੂਸ ਹੋ ਰਹੀ ਹੈ – ਅਸੀਂ ਦੋ ਸਾਡੇ ਦੋ।