ਸਹੇਲੀ/ਮਿੱਤਰ ਨੂੰ ਪੱਤਰ


ਸਹੇਲੀ (ਮਿੱਤਰ) ਨੂੰ ਉਸ ਦੇ ਪਿਤਾ ਦੇ ਸ੍ਵਰਗਵਾਸ ਹੋਣ ਤੇ ਅਫਸੋਸ ਦੀ ਚਿੱਠੀ।


13/11 ਵੈਸਟ ਪਟੇਲ ਨਗਰ,

ਨਵੀਂ ਦਿੱਲੀ।

12 ਸਤੰਬਰ, 2023

ਮੇਰੀ ਪਿਆਰੀ ਸਰਲਾ,

ਤੇਰੀ ਚਿੱਠੀ ਤੋਂ ਚਾਚਾ ਜੀ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਖਬਰ ਪੜ੍ਹ ਦੇ ਮੇਰੀ ਜੋ ਹਾਲਤ ਹੋਈ, ਉਹ ਸ਼ਬਦਾਂ ਵਿਚ ਬਿਆਨ ਨਹੀਂ ਹੋ ਸਕਦੀ। ਇਹ ਠੀਕ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ, ਪਰ ਕਿਸੇ ਦੇ ਚਿਤ-ਚੇਤੇ ਵੀ ਨਹੀਂ ਸੀ ਕਿ ਉਨ੍ਹਾਂ ਦਾ ਅੰਤ ਇੰਨਾ ਨੇੜੇ ਹੈ। ਪਿਛਲੀ ਵਾਰੀ ਜਦ ਮੈਂ ਉਨ੍ਹਾਂ ਨੂੰ ਮਿਲਣ ਆਈ, ਤਾਂ ਉਹ ਕਾਫੀ ਠੀਕ ਮਾਲੂਮ ਦੇਂਦੇ ਸਨ ਤੇ ਚੋਖਾ ਚਿਰ ਮੇਰੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਵੀ ਕਰਦੇ ਰਹੇ। ਸੋ ਚਾਣਚਕ ਇਹ ਅਣਹੋਣੀ ਖਬਰ ਪੜ੍ਹ ਕੇ ਮੈਨੂੰ ਸਖਤ ਧੱਕਾ ਲੱਗਾ। ਤੂੰ ਜਾਣਦੀ ਹੈਂ, ਉਹ ਹਮੇਸ਼ਾ ਮੈਨੂੰ ਧੀਆਂ ਵਰਗਾ ਪਿਆਰ ਦੇਂਦੇ ਸਨ ਤੇ ਮੇਰੇ ਲਈ ਪਿਤਾ ਸਮਾਨ ਸਨ। ਸੋ ਉਨ੍ਹਾਂ ਦਾ ਵਿਛੋੜਾ ਮੇਰਾ ਜ਼ਾਤੀ ਦੁਖ ਹੈ।

ਸਰਲਾ ਭੈਣ ਮੈਂ ਤੇਰੇ ਦੁਖ ਨੂੰ ਚੰਗੀ ਤਰ੍ਹਾਂ ਮਹਿਸੂਸ ਕਰ ਰਹੀ ਹਾਂ। ਚਾਚਾ ਜੀ ਦੇ ਬੇਵਕਤ ਚਲਾਣੇ ਨਾਲ ਬਚਪਨ ਵਿਚ ਹੀ ਤੇਰੇ ਸਿਰ ਤੋਂ ਪਿਆਰੇ ਪਿਤਾ ਜੀ ਦਾ ਸਾਇਆ ਉੱਠ ਗਿਆ ਹੈ। ਪਰ ਕੀਤਾ ਕੀ ਜਾਏ, ਪਰਮਾਤਮਾ ਦੇ ਹੁਕਮ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ।’ਮਰਨਾ ਸੱਚ ਤੇ ਜੀਉਣਾ ਝੂਠ ਇਹ ਅਟੱਲ ਸਚਾਈ ਹੈ। ਇਸ ਅਨੁਸਾਰ ਸੰਸਾਰ ਤੋਂ ਅਖੀਰ ਸਭ ਨੇ ਚਲੇ ਜਾਣਾ ਹੈ ਤੇ ਸਾਨੂੰ ਤੁੱਛ ਜੀਵਾਂ ਨੂੰ ਭਾਣਾ ਮੰਨਣ ਤੇ ਸਬਰ-ਸ਼ੁਕਰ ਤੋਂ ਸਿਵਾ ਕੋਈ ਚਾਰਾ ਨਹੀਂ। ਸੋ ਆਪ ਵੀ ਸਬਰ ਕਰੋ ਤੇ ਮਾਤਾ ਜੀ ਨੂੰ ਹੋਸਲਾ ਦਿਓ।

ਇਸ ਭਾਰੀ ਦੁਖ ਵਿਚ ਮੈਂ ਵੀ ਤੁਹਾਡੀ ਭਿਆਲ ਹਾਂ। ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਚਾਚਾ ਜੀ ਦੀ ਆਤਮਾ ਨੂੰ ਸ਼ਾਂਤੀ ਦੇਵੇ, ਸਾਨੂੰ ਸਾਰਿਆਂ ਨੂੰ ਇਹ ਭਾਰੀ ਸਦਮਾ ਸਹਿਣ ਦਾ ਬਲ ਬਖ਼ਸੇ ਤੇ ਤੁਹਾਡੇ ਪਰਿਵਾਰ ਵਿਚ ਅੱਗੇ ਸੁਖ ਵਰਤਾਏ। ਮਾਤਾ ਜੀ ਨੂੰ ਮੇਰੇ ਵੱਲੋਂ ਅਫਸੋਸ ਕਰਨਾ। ਅੰਤਿਮ ਸੰਸਕਾਰ ਵਿਚ ਸ਼ਾਮਲ ਹੋ ਕੇ ਜਾਤੀ ਤੌਰ ਤੇ ਆਪਣੀ ਸ਼ਰਧਾਂਜਲੀ ਭੇਂਟ ਕਰਨ ਲਈ ਮੈਂ ਇਕ ਦਿਨ ਪਹਿਲਾਂ ਪਹੁੰਚ ਜਾਵਾਂਗੀ।

ਤੇਰੇ ਦੁਖ ਦੀ ਭਿਆਲ

ਕਾਂਤਾ।

ਕੁਮਾਰੀ ਸਰਲਾ ਸੱਭਰਵਾਲ
408-ਏ, ਸਦਰ ਬਾਜ਼ਾਰ
ਕਰਨਾਲ (ਹਰਿਆਣਾ)।