ਸੰਖੇਪ ਰਚਨਾ

ਜੀਵਨ ਦਾ ਇਸ਼ਟ

ਆਮ ਤੌਰ ‘ਤੇ ਵੇਖਣ ਵਿੱਚ ਆਉਂਦਾ ਹੈ ਕਿ ਬਹੁਤੇ ਲੋਕਾਂ ਦੀ ਪਰਿਵਰਤਨ ਬਾਰੇ ਦ੍ਰਿਸ਼ਟੀ ਜਾਂ ਸੋਚ ਬੜੀ ਸਹੀ ਤੇ
ਸੀਮਤ ਕਿਸਮ ਦੀ ਹੁੰਦੀ ਹੈ। ਅਜਿਹੇ ਲੋਕ ਬਾਹਰੀ ਵਿਖਾਵੇ ਵਿੱਚ ਤਬਦੀਲੀਆਂ ਨੂੰ ਹੀ ਜੀਵਨ ਦਾ ਮੂਲ ਮੰਤਵ ਮੰਨ ਕੇ ਸਾਰੀ ਉਮਰ ਇਹਨਾਂ ‘ਤੇ ਹੀ ਜ਼ੋਰ ਲਾਉਂਦੇ ਰਹਿੰਦੇ ਹਨ। ਨਵੇਂ ਕੱਪੜੇ, ਨਵੇਂ ਫ਼ਰਨੀਚਰ ਜਾਂ ਹੋਰ ਇਹੋ-ਜਿਹੇ ਨਿੱਕ ਸੁੱਕ ਇਕੱਠਾ ਕਰਨ ਨੂੰ ਹੀ ਉਹ ਜੀਵਨ ਵਿੱਚ ਅਗਾਂਹ ਵਧਣ ਦਾ ਨਾਂ ਸਮਝੀ ਬੈਠੇ ਹਨ। ਉਹਨਾਂ ਲਈ ਵਿਕਸਤ ਮਨੁੱਖੀ ਸ਼ਖ਼ਸੀਅਤ ਦਾ ਅਰਥ ਚਮਕ-ਦਮਕ ਵਾਲੇ ਪਹਿਰਾਵੇ ਤੋਂ ਅੱਗੇ ਨਹੀਂ ਜਾਂਦਾ। ਇਹ ਠੀਕ ਹੈ ਕਿ ਜੀਵਨ-ਲੋੜਾਂ ਪੂਰੀਆਂ ਕਰਨ ਅਤੇ ਠੀਕ ਢੰਗ ਦਾ ਪਹਿਰਾਵਾ ਧਾਰਨ ਕਰਨਾ ਵੀ ਮਨੁੱਖ ਦੀਆਂ ਜ਼ਰੂਰੀ ਸਰਗਰਮੀਆਂ ਵਿੱਚ ਸ਼ਾਮਲ ਹਨ ਪਰ ਸਾਰਾ ਕੁਝ ਇਥੇ ਹੀ ਖ਼ਤਮ ਨਹੀਂ ਹੋ ਜਾਂਦਾ। ਮਨੁੱਖ ਦੀ ਸਿਫ਼ਤ ਇਹ ਹੈ ਕਿ ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ
ਕਿਤੇ ਵੱਡਾ ਹੁੰਦਾ ਹੈ, ਜੇ ਉਸ ਨੂੰ ਆਪਣੀ ਬੌਧਕ, ਮਾਨਸਕ ਤੇ ਆਤਮਕ ਸਮਰੱਥਾ ਤੇ ਉੱਚਤਾ ਦੀ ਸਮਝ ਪੈ ਜਾਵੇ। ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਸਾਡੇ ਬਹੁ-ਗਿਣਤੀ ਦੇਸ਼ਵਾਸੀਆਂ ਨੇ ਅਜੇ ਵੀ ਇਸ ਜੀਵਨ-ਤੱਤ ਪ੍ਰਤੀ ਅੱਖਾਂ ਮੀਟੀਆਂ ਹੋਈਆਂ ਹਨ ਅਤੇ ਉਹ ਸਹੂਲਤਾਂ ਇਕੱਠੀਆਂ ਕਰਨ ਅਤੇ ਬਾਹਰੀ ਚਮਕ-ਦਮਕ ਨੂੰ ਹੀ ਜੀਵਨ ਦਾ ਇਸ਼ਟ ਮੰਨੀ ਬੈਠੇ ਹਨ।

ਸਿਰਲੇਖ : ਜੀਵਨ ਦਾ ਇਸ਼ਟ

ਸੰਖੇਪ : ਪਰਿਵਰਤਨ ਬਾਰੇ ਬਹੁਤੇ ਲੋਕ ਬਾਹਰਲੇ ਵਿਖਾਵੇ ਵਿੱਚ ਤਬਦੀਲੀਆਂ ਨੂੰ ਹੀ ਅਗਾਂਹ ਵਧਣਾ ਸਮਝਦੇ ਹਨ। ਨਿਰਸੰਦੇਹ ਇਹ ਚੀਜ਼ਾਂ ਵੀ ਅਵੱਸ਼ਕ ਹਨ, ਪਰ ਮਨੁੱਖ ਇਸ ਤੋਂ ਕਿਤੇ ਵੱਡਾ ਹੈ ਜੇ ਉਸ ਨੂੰ ਆਪਣੀ ਬੌਧਕ, ਮਾਨਸਕ ਤੇ ਆਤਮਕ ਸਮਰੱਥਾ ਦੀ ਸਮਝ ਪੈ ਜਾਏ। ਪਰੰਤੂ ਸਾਡੇ ਬਹੁ-ਗਿਣਤੀ ਦੇਸ਼-ਵਾਸੀ ਇਸ ਜੀਵਨ-ਤੱਤ ਨੂੰ ਸਮਝੇ ਬਗ਼ੈਰ ਬਾਹਰਲੀ ਚਮਕ-ਦਮਕ ਹੀ ਜੀਵਨ ਦਾ ਇਸ਼ਟ ਮੰਨੀ ਬੈਠੇ ਹਨ।

ਮੂਲ-ਰਚਨਾ ਦੇ ਸ਼ਬਦ = 181
ਸੰਖੇਪ-ਰਚਨਾ ਦੇ ਸ਼ਬਦ = 59