ਸਿਹਾਰੀ ਦੀ ਵਰਤੋਂ ਦੇ ਨਿਯਮ
ਪ੍ਰਸ਼ਨ. ਸਿਹਾਰੀ ਦੀ ਵਰਤੋਂ ਦੇ ਮੁਢਲੇ ਨਿਯਮਾਂ ਬਾਰੇ ਉਦਾਹਰਨਾਂ ਸਹਿਤ ਦੱਸੋ।
ਉੱਤਰ : ਸਿਹਾਰੀ ਦੀ ਵਰਤੋਂ ਦੇ ਮੁਢਲੇ ਨਿਯਮ ਹੇਠ ਲਿਖੇ ਅਨੁਸਾਰ ਹਨ :
(i) ਜਿਹੜੇ ਸ਼ਬਦਾਂ ਦੇ ਉਚਾਰਨ ਵਿੱਚ ਛੋਟੀ (ਲਘੂ) ‘ੲ’ (ਇ) ਦੀ ਅਵਾਜ਼ ਆਵੇ, ਉਥੇ ਸਿਹਾਰੀ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ :
ਇਨ੍ਹਾਂ, ਸਿਫ਼ਤ, ਮਿਰਚਾਂ, ਮਿਰਜ਼ਾ, ਜ਼ਿੰਦਗੀ, ਸਿਪਾਹੀ, ਵਿਦਵਾਨ, ਅਧਿਆਪਕ, ਇਤਬਾਰ ਆਦਿ।
(ii) ਸਵਰਾਂ ਵਿੱਚੋਂ ਕੇਵਲ ‘ੲ’ ਨਾਲ ਹੀ ਸਿਹਾਰੀ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ :
ਇਸਤਰੀ, ਇੱਜੜ, ਇੰਜਣ, ਇੱਜ਼ਤ, ਇਨਕਾਰ ਆਦਿ।
(iii) ਜੇ ‘ਹ’ ਜਾਂ ‘ਅ’ ਤੋਂ ਪਹਿਲਾਂ ਵਾਲੇ ਅੱਖਰ ਦੀ ਅਵਾਜ਼ ‘ਲਾਂ’ ਵਾਲੀ ਹੋਵੇ, ਤਾਂ ਪਹਿਲੇ ਅੱਖਰ ਨਾਲ ‘ਲਾਂ’ ਦੀ ਥਾਂ ਸਿਹਾਰੀ ਦੀ ਵਰਤੋਂ ਹੀ ਕੀਤੀ ਜਾਂਦੀ ਹੈ; ਜਿਵੇਂ
ਮਿਹਨਤ (ਮੇਹਨਤੀ), ਸਿਹਤ, ਕਿਹੜਾ, ਮਿਹਰ, ਫਤਿਹ, ਗਿਆਨ, ਵਿਆਕਰਨ, ਖ਼ਿਆਲ, ਵਿਆਹ ਆਦਿ।
(iv) ਜੇਕਰ ‘ਹ’ ਤੋਂ ਪਹਿਲੇ ਅੱਖਰ ਦੀ ਅਵਾਜ਼ ਦੁਲਾਵਾਂ ਵਾਲੀ ਹੋਵੇ, ਤਾਂ ‘ਹ’ ਨਾਲ ਹੀ ਸਿਹਾਰੀ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ :
ਸ਼ਹਿਰ, ਕਹਿਰ, ਨਹਿਰ, ਨਹਿਰੂ, ਸਹਿਮਤ, ਕਚਹਿਰੀ, ਦੁਪਹਿਰ ਆਦਿ।
(v) ਅਰਬੀ ਫਾਰਸੀ ਤੋਂ ਪੰਜਾਬੀ ਵਿਚ ਤਤਸਮ ਸ਼ਬਦਾਂ ਵਿਚ ਸਿਹਾਰੀ ਨਹੀਂ ਲਾਈ ਜਾਂਦੀ; ਜਿਵੇਂ :
ਸ਼ਾਮਲ (ਸ਼ਾਮਿਲ), ਹਾਜ਼ਰ, ਮੁਸ਼ਕਲ, ਮੁਜਰਮ, ਕਾਤਲ, ਜ਼ਾਲਮ ਆਦਿ।