ਲੇਖ – ਸੁਜਾਨ ਸਿੰਘ


ਸੁਜਾਨ ਸਿੰਘ


ਸੁਜਾਨ ਸਿੰਘ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਪ੍ਰਮੁੱਖ ਕਹਾਣੀਕਾਰ ਹੋਣ ਦੇ ਨਾਤੇ 1972 ਵਿਚ ਸਟੇਟ ਅਵਾਰਡ ਦੇ ਕੇ ਸਤਿਕਾਰਿਆ ਹੈ। ਉਹ ਆਧੁਨਿਕ ਪੰਜਾਬੀ ਨਿੱਕੀ ਕਹਾਣੀ ਦੇ ਪਹਿਲੇ ਚਾਰ ਪੰਜ ਲੇਖਕਾਂ ਵਿੱਚੋਂ ਹਨ। ਪ੍ਰਿੰਸੀਪਲ ਸੰਤ ਸਿੰਘ ‘ਸੇਖੋਂ’ ਤੇ ਸ. ਕਰਤਾਰ ਸਿੰਘ ‘ਦੁੱਗਲ’ ਨਿੱਕੀ ਕਹਾਣੀ ਦੇ ਮੰਨੇ-ਪ੍ਰਮੰਨੇ ਲਿਖਾਰੀ ਹਨ, ਪਰ ਸੁਜਾਨ ਸਿੰਘ ਦਾ ਪਹਿਲਾ ਕਹਾਣੀ ਸੰਗ੍ਰਹਿ ਦੁਖ-ਸੁਖ ਉਨ੍ਹਾਂ ਦੇ ਸੰਗ੍ਰਹਿਆਂ ਤੋਂ ਵੀ ਪਹਿਲਾਂ 1939 ਵਿਚ ਪ੍ਰਕਾਸ਼ਿਤ ਹੋ ਗਿਆ ਸੀ। ਉਸ ਤੋਂ ਬਾਅਦ ਉਹ ਅਜ ਤਕ ਲਗਾਤਾਰ ਲਿਖਦਾ ਆ ਰਿਹਾ ਹੈ। ਹੁਣ ਤਕ ਉਨ੍ਹਾਂ ਦੇ ਨੌਂ ਕਹਾਣੀ-ਸੰਗ੍ਰਹਿ ਦੁਖ – ਸੁਖ ਤੋਂ ਪਿੱਛੋਂ, ਮਨੁੱਖ ਤੇ ਪਸੂ, ਡੇਢ ਆਦਮੀ, ਨਰਕਾਂ ਦੇ ਦੇਵਤੇ, ਸੁਆਲ-ਜੁਆਬ ਤੇ ਨਵਾਂ ਰੰਗ ਆਦਿ ਪ੍ਰਕਾਸ਼ਿਤ ਹੋ ਚੁੱਕੇ ਸਨ।

ਸੁਜਾਨ ਸਿੰਘ ਦਾ ਜਨਮ 29 ਜੁਲਾਈ 1909 ਨੂੰ ਡੇਰਾ ਬਾਬਾ ਨਾਨਕ ਵਿਖੇ ਹੋਇਆ ਸੀ। ਉਨ੍ਹਾਂ ਦੇ ਪਿਤਾ ਸ. ਹਾਕਮ ਸਿੰਘ ਬੰਗਾਲ ਵਿਚ ਠੇਕੇਦਾਰ ਸਨ, ਇਸ ਲਈ ਉਨ੍ਹਾਂ ਦਾ ਬਚਪਨ ਬਹੁਤਾ ਕਰਕੇ ਉਸੇ ਪ੍ਰਾਂਤ ਵਿਚ ਹੀ ਗੁਜਰਿਆ ਤੇ ਉਨ੍ਹਾਂ ਨੇ ਮੁੱਢਲੀ ਵਿਦਿਆ ਵੀ ਕਲਕੱਤੇ ਦੇ ਇਕ ਪੰਜਾਬੀ ਸਕੂਲ ਵਿਚ ਪ੍ਰਾਪਤ ਕੀਤੀ। ਬਚਪਨ ਵਿਚ ਹੀ ਪਿਤਾ ਦੇ ਗੁਜਰ ਜਾਣ ਦੇ ਕਾਰਨ ਉਨ੍ਹਾਂ ਨੂੰ ਬਹੁਤ ਤੰਗੀ ਦੇ ਦਿਨ ਵੇਖਣੇ ਪਏ, ਪਰ ਇਸ ਤੰਗੀ ਵਿਚ ਹੀ ਉਨ੍ਹਾਂ ਨੇ 1931 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਏ. ਪਾਸ ਕਰ ਲਈ। ਭਾਰਤ ਵਿਚ ਇਹ ਦਿਨ ਅਸਾਧਾਰਨ ਮੰਦੇ ਦੇ ਸਨ। ਇਸ ਲਈ ਬੀ.ਏ. ਹੋਣ ਤੋਂ ਬਾਅਦ ਵੀ ਸੁਜਾਨ ਸਿੰਘ ਨੂੰ ਕਈ ਸਾਲ ਜੀਵਨ ਨਿਰਬਾਹ ਲਈ ਕਰੜਾ ਸੰਘਰਸ਼ ਕਰਨਾ ਪਿਆ। ਬੈਂਕ ਵਿਚ ਕਲਰਕੀ ਕੀਤੀ, ਹੋਟਲ ਚਲਾਇਆ ਤੇ ਗਿਆਨੀ ਦੀਆਂ ਜਮਾਤਾਂ ਪੜ੍ਹਾਈਆਂ। ਇਹ ਘੋਲ ਉਦੋਂ ਕੁਝ ਸੁਖੌਲਾ ਹੋ ਗਿਆ, ਜਦ 1945 ਵਿਚ ਉਹ ਟਰੇਨਿੰਗ ਕਾਲਜ ਲਾਹੌਰ ਤੋਂ ਟਰੇਨਿੰਗ ਲੈ ਕੇ ਪਹਿਲਾਂ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਅਧਿਆਪਕ ਤੇ ਫਿਰ ਜਨਤਾ ਹਾਈ ਸਕੂਲ ਵਿਚ ਮੁਖ ਅਧਿਆਪਕ ਲਗ ਗਏ। 1956 ਵਿਚ ਉਨ੍ਹਾਂ ਨੇ ਪੰਜਾਬੀ ਦੀ ਐਮ.ਏ. ਕਰ ਲਈ ਤੇ ਉਹ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਚ ਪ੍ਰੋਫੈਸਰ ਬਣੇ। 1969 ਵਿਚ ਉਹ ਗੁਰਦਾਸਪੁਰ ਦੇ ਗੁਰੂ ਨਾਨਕ ਕਾਲਜ ਵਿਚ ਪ੍ਰਿੰਸੀਪਲ ਨਿਯੁਕਤ ਹੋਏ, ਜਿੱਥੇ ਪੰਜ ਸਾਲ ਬਾਅਦ ਉਹ ਰੀਟਾਇਰ ਹੋ ਗਏ ।

ਪਹਿਲਾ ਕਹਾਣੀ ਸੰਗ੍ਰਹਿ ‘ਦੁਖ-ਸੁਖ` ਛਪਣ ਦੇ ਨਾਲ ਹੀ ਸੁਜਾਨ ਸਿੰਘ ਪੰਜਾਬੀ ਦੇ ਕਹਾਣੀ ਲੇਖਕਾਂ ਦੀ ਪਹਿਲੀ ਕਤਾਰ ਵਿਚ ਆ ਖੜ੍ਹੇ ਹੋਏ ਸਨ। ਇਸ ਤੋਂ ਬਾਅਦ ਪੰਜਾਬੀ ਵਿਚ ਚੋਣਵੀਆਂ ਤੇ ਪ੍ਰਤੀਨਿਧ ਕਹਾਣੀਆਂ ਦਾ ਸ਼ਾਇਦ ਹੀ ਕੋਈ ਅਜਿਹਾ ਕਹਾਣੀ-ਸੰਗ੍ਰਹਿ ਛਪਿਆ ਹੋਵੇ, ਜਿਸ ਵਿਚ ਸੁਜਾਨ ਸਿੰਘ ਦੀ ਕੋਈ ਕਹਾਣੀ ਸ਼ਾਮਿਲ ਨਾ ਕੀਤੀ ਗਈ ਹੋਵੇ। ਇਥੇ ਹੀ ਬਸ ਨਹੀਂ, ਉਨ੍ਹਾਂ ਦੀਆਂ ਕਹਾਣੀਆਂ ਦੀ ਰੋਚਕਤਾ ਤੇ ਗੌਰਵਤਾ ਤੇ ਉਤੇ ਮੁਗਧ ਹੋ ਕੇ ਉਰਦੂ ਤੇ ਹਿੰਦੀ ਦੇ ਸਾਹਿਤਕਾਰਾਂ ਨੇ ਉਨ੍ਹਾਂ ਦੀਆਂ ਕਈ ਕਹਾਣੀਆਂ ਦਾ ਆਪੋ-ਆਪਣੀਆਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਹੈ ਅਤੇ ਕਈ ਭਾਰਤ ਤੋਂ ਬਾਹਰਲੇ ਦੇਸ਼ਾਂ ਦੀਆਂ ਬੋਲੀਆਂ ਵਿਚ ਵੀ ਅਨੁਵਾਦ ਹੋ ਕੇ ਛਪ ਚੁੱਕੀਆਂ ਹਨ।

ਸੁਜਾਨ ਸਿੰਘ ਸੂਖਮ ਰੁਚੀ ਰੱਖਣ ਵਾਲੇ ਸਾਹਿਤਕਾਰ ਹਨ, ਜਿਨ੍ਹਾਂ ਨੇ ਜੀਵਨ-ਘੋਲ ਨੂੰ ਬਹੁਤ ਨੇੜਿਓ ਹੋ ਕੇ ਵੇਖਿਆ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿਚ ਕਲਪਣਾ ਨਾਲੋਂ ਯਥਾਰਥ ਦਾ ਤੱਤ ਵਧੇਰੇ ਹੁੰਦਾ ਹੈ। ਉਨ੍ਹਾਂ ਦੀਆਂ ਸਭ ਤੋਂ ਸ੍ਰੇਸ਼ਟ ਤੇ ਉੱਤਮ ਕਹਾਣੀਆਂ ਉਹ ਹਨ ਜੋ ਉਨ੍ਹਾਂ ਦੇ ਨਿੱਜੀ ਜੀਵਨ, ਉਨ੍ਹਾਂ ਦੇ ਪਰਿਵਾਰਕ ਹਾਲਾਤ ਜਾਂ ਉਨ੍ਹਾਂ ਦੇ ਅਨੁਭਵ ਨਾਲ ਸੰਬੰਧ ਰਖਦੀਆਂ ਹਨ, ਜਿਹਾ ਕਿ ਰਜ਼ਾਈ, ਗਰਮ ਕੋਟ ਤੇ ਕੁਲਫੀ ਆਦਿ।

ਸੁਜਾਨ ਸਿੰਘ ਮਧ ਸ਼੍ਰੇਣੀ ਦੀ ਜੰਮ-ਪਲ ਹਨ, ਪਰ ਉਨ੍ਹਾਂ ਦੇ ਭਾਗਾਂ ਵਿਚ ਨਿਰਧਨਤਾ, ਔਕੜਾਂ ਤੇ ਦੁੱਖ ਲਿਖੇ ਸਨ। ਸੋ, ਉਹ ਜਮਾਂਦਰੂ ਸੰਸਕਾਰ ਛੱਡ ਕੇ ਗਰੀਬਾਂ ਤੇ ਦੁਖੀਆਂ ਨਾਲ ਇਕ-ਮਿੱਕ ਹੋ ਗਏ ਤੇ ਯਥਾਰਥ ਨਾਲ ਜੂਝਣ ਲਈ ਅਖਾੜੇ ਵਿਚ ਉਤਰ ਪਏ। ਉਨ੍ਹਾਂ ਦੀ ਸਮਾਜਕ ਸੂਝ ਦਾ ਹੌਲੀ-ਹੌਲੀ ਵਿਕਾਸ ਹੋਇਆ, ਜੋ ‘ਦੁਖ-ਸੁਖ’ ਤੋਂ ਪਿਛੋਂ ਦੀਆਂ ਕਹਾਣੀਆਂ ਵਿਚ ਸਪਸ਼ਟ ਦਿਸਦੀ ਹੈ। ਦੁੱਖ-ਸੁੱਖ ਦੀਆ ਕਹਾਣੀਆਂ ਬਾਰੇ ਪ੍ਰੋਫੈਸਰ ਟੀ.ਆਰ.ਵਿਨੋਦ ਨੇ ਲਿਖਿਆ ਹੈ ਕਿ ਉਹ ਉਸ ਸਮੇਂ ਦੇ ਆਦਰਸ਼ਵਾਦ, ਸੁਧਾਰਵਾਦੀ ਅਸਲੀਅਤ ਤੋਂ ਪਰੇ, ਰੋਮਾਂਟਿਕ ਵਾਯੂ ਮੰਡਲ ਵਿਚ ਉਡਾਰੀਆਂ ਲਾਣ ਪਿਆਰ ਵਰਗੇ ਕੋਮਲ ਭਾਵਾਂ ਦੇ ਸਾਗਰ ਵਿਚ ਤਾਰੀਆਂ ਲਾਣ ਵਾਲੇ ਅਤੇ ਸਮੂਹਕ ਦੁੱਖ-ਸੁੱਖਾਂ ਦੀ ਥਾਂ ਵਿਅਕਤੀਗਤ ਦੁੱਖਾਂ-ਸੁੱਖਾਂ ਦਾ ਵਧੇਰੇ ਇਹਸਾਸ ਰੱਖਣ ਵਾਲੇ ਲਿਖਾਰੀ ਸਨ।

ਪਰ ਇਸ ਤੋਂ ਬਾਅਦ ਸੁਜਾਨ ਸਿੰਘ ਇਕ ਸੁਚੇਤ ਅਗਾਂਹ ਵਧੂ ਕਹਾਣੀਕਾਰ ਦੇ ਰੂਪ ਵਿਚ ਸਾਡੇ ਸਾਹਮਣੇ ਆਉਂਦੇ ਹਨ। ਉਨ੍ਹਾਂ ਨੂੰ ਸਮਾਜ ਵਿਚ ਹੋ ਰਹੇ ਘੋਲ ਦਾ ਪੂਰਾ-ਪੂਰਾ ਗਿਆਨ ਹੋ ਰਿਹਾ ਹੈ ਤੇ ਪਿਛਲੀਆਂ ਹੰਢ-ਚੁੱਕੀਆਂ ਤੇ ਘਿੱਸੀਆਂ-ਪਿੱਟੀਆਂ ਜੀਵਨ ਦੀਆਂ ਗਲਤ ਕਦਰਾਂ-ਕੀਮਤਾਂ ਨੂੰ ਨਿੰਦਿਆਂ ਤੇ ਭੰਡਿਆ ਹੈ, ਗਰੀਬਾਂ ਲਈ ਸੱਚੀ ਹਮਦਰਦੀ ਪ੍ਰਗਟਾਈ ਹੈ ਤੇ ਇਸਤਰੀ ਜਾਤੀ ਦੀ ਤਰਸਯੋਗ ਹਾਲਤ ਨੂੰ ਸੁਧਾਰਨ ਲਈ ਵੀ ਹੰਭਲਾ ਮਾਰਿਆ ਹੈ। ਉਹ ਜਾਣਦਾ ਹੈ ਕਿ ਅਮੀਰ ਹਰ ਢੰਗ ਵਰਤ ਕੇ ਧਨ ਇਕੱਠਾ ਕਰਦਾ ਹੈ, ਉਹ ਸਦਾ ਨਿਰਦਈ, ਕਠੋਰ ਤੇ ਬੇਕਿਰਕ ਹੁੰਦਾ ਹੈ, ਅਤੇ ਗਰੀਬਾਂ ਦੀਆਂ ਨੂੰਹਾਂ-ਧੀਆਂ ਦੀ ਇੱਜ਼ਤ ਲੁਟਦਾ ਹੈ। ‘ਰੱਬ ਦੀ ਮੌਤ’, ‘ਗਊ ਮਾਤਾ’, ਬਾਗਾਂ ਦਾ ਰਾਖਾ’, ‘ਕਪੂਰ ਤੇ ਮਜ਼ਦੂਰ ਅਤੇ ਸਿੱਟਾ’ ਆਦਿ ਕਹਾਣੀਆਂ ਵਿਚ ਉਨ੍ਹਾਂ ਨੇ ਲੋਟੂ ਤੇ ਲੁੱਟੀ ਜਾ ਰਹੀ ਸ੍ਰੇਣੀ ਦਾ ਹੀ ਜ਼ਿਕਰ ਕੀਤਾ ਹੈ। ਇਸਤਰੀ ਉਨ੍ਹਾਂ ਨੂੰ ਹਰ ਥਾਂ ਮਜ਼ਲੂਮ ਨਜ਼ਰ ਆਈ ਹੈ ਤੇ ਉਨ੍ਹਾਂ ਨੇ ਔਰਤ ਦੀ ਇਸ ਮਾੜੀ ਹਾਲਤ ਦਾ ਜ਼ਿੰਮੇਵਾਰ ਮਰਦ ਨੂੰ ਦੱਸਿਆ ਹੈ।

ਸੁਜਾਨ ਸਿੰਘ ਕਹਾਣੀ ਦੀ ਰੋਚਕਤਾ ਵਿਚ ਗਵਾਚ ਕੇ ਇਸ ਦੇ ਮਨੋਰਥ ਨੂੰ ਨਹੀਂ ਭੁੱਲਦੇ ਤੇ ਨਾ ਪਾਠਕ ਨੂੰ ਇਹਦੇ ਵਿਚ ਗਵਾਚਣ ਦਿੰਦੇ ਹਨ। ਉਨ੍ਹਾਂ ਦੀ ਹਰੇਕ ਕਹਾਣੀ ਪਾਠਕ ਦੀ ਸੋਚ ਨੂੰ ਟੁੰਬਦੀ ਹੈ। ਸਮਾਜ ਵਿਚ ਪਾਈ ਨਾ-ਬਰਾਬਰੀ ਅਨਿਆਂ, ਦੌਲਤ ਦੀ ਕਾਣੀ ਵੰਡ ਤੇ ਮੋਟੇ ਢਿੱਡਾਂ ਵਾਲਿਆਂ ਦੀ ਲੁੱਟ – ਖਸੁੱਟ ਨੂੰ ਨੰਗਾ ਕਰਦੀ ਅਤੇ ਪਾਠਕ ਨੂੰ ਸਮਾਜਕ ਨਿਆਂ ਤੇ ਮਨੁੱਖੀ ਸਮਾਨਤਾ ਲਈ ਜੂਝਣ ਵਾਸਤੇ ਉਤਸਾਹ ਦੇਂਦੀ ਹੈ। ਗੱਲ ਕੀ ਸੁਜਾਨ ਸਿੰਘ ਦੀ ਹਰੇਕ ਕਹਾਣੀ ਉਨ੍ਹਾਂ ਦੀ ਵਿਚਾਰਧਾਰਾ ਤੇ ਪਰਚਾਰ ਦਾ ਸਾਧਨ ਹੁੰਦੀ ਹੈ। ਕਈ ਵਾਰੀ ਤਾਂ ਉਹ ਖੁਲ੍ਹ ਕੇ ਪਰਚਾਰ ਕਰਦੇ ਹੋਏ ਉਪਦੇਸ਼ਕ ਦਾ ਰੂਪ ਧਾਰ ਲੈਂਦੇ ਹਨ ਤੇ ਉਹਦੇ ਵਿਚ ਕਲਾ ਪਖ ਕਮਜ਼ੋਰ ਹੋ ਜਾਂਦਾ ਹੈ ਜਿਵੇਂ ‘ਮਜਬੂਰੀ’, ‘ਪ੍ਰਾਹੁਣਾ’ ‘ਹੱਲ’ ਤੇ ‘ਬਾਗਾਂ ਦਾ ਰਾਖਾ’ ਆਦਿ ਵਿਚ।

ਸੁਜਾਨ ਸਿੰਘ ਨੇ ਘਟਨਾ ਪ੍ਰਧਾਨ, ਪਾਤਰ ਤੇ ਵਾਯੂ-ਮੰਡਲ ਪ੍ਰਧਾਨ ਤਿੰਨੇ ਪਰਕਾਰ ਦੀਆਂ ਕਹਾਣੀਆਂ ਲਿਖੀਆਂ ਹਨ, ਪਰ ਉਨ੍ਹਾਂ ਦੀਆਂ ਬਹੁਤੀਆਂ ਕਹਾਣੀਆਂ ਘਟਨਾ ਪ੍ਰਧਾਨ ਹੀ ਹਨ, ਭਾਵੇਂ ਉਨ੍ਹਾਂ ਦੀਆਂ ਘਟਨਾਵਾਂ ਵਿਚ ਵੀ ਪਾਤਰਾਂ ਦੇ ਸੁਭਾਵਾਂ ਨੂੰ ਉਘਾੜਿਆ ਜਾਂਦਾ ਹੈ। ‘ਮੋਤੀ ਤੇ ਟੌਮੀ’ ਅਜਿਹੀਆਂ ਪਾਤਰ-ਪ੍ਰਧਾਨ ਕਹਾਣੀਆਂ ਹਨ, ਜਿਨ੍ਹਾਂ ਵਿਚ ਪਸ਼ੂਆਂ ਦੇ ਜ਼ਜ਼ਬਿਆਂ ਨੂੰ ਸਾਕਾਰ ਕੀਤਾ ਗਿਆ ਹੈ। ‘ਐਕਸੀਡੈਂਟ’ ਤੇ ‘ਭੁੱਖ’ ਵੀ ਮਨੋਵਿਗਿਆਨਿਕ ਕਹਾਣੀਆਂ ਹਨ। ‘ਰਾਸ ਲੀਲ੍ਹਾ’ ਇਕ ਹੋਰ ਸੁੰਦਰ ਕਹਾਣੀ ਹੈ, ਜਿਸ ਵਿਚ ਕੋਮਲ-ਚਿਤ ਬੰਗਾਲਣ ਮੁਟਿਆਰ ਦੀ ਮਾਨਸਿਕ ਅਵੱਸਥਾ ਬਿਆਨ ਕੀਤੀ ਗਈ ਹੈ। ਇਹ ਕਹਾਣੀ ਇਕ ਸਰੋਦੀ ਕਵਿਤਾ ਦਾ ਪ੍ਰਭਾਵ ਪਾਂਦੀ ਹੈ। ‘ਪਠਾਣ ਦੀ ਧੀ’, ਤੇ ‘ਚਿੱਠੀ ਦੀ ਉਡੀਕ’ ਉਨ੍ਹਾਂ ਦੀਆਂ ਸਫਲ ਪਾਤਰ-ਪ੍ਰਧਾਨ ਕਹਾਣੀਆਂ ਹਨ। ‘ਬੁੱਤ ਦੀ ਅੜਾਉਣੀ’ ਅਤੇ ‘ਰਾਖਸ ਗੁਫਾ ਦਾ ਭੇਤ’ ਵਾਯੂ-ਮੰਡਲ ਪ੍ਰਧਾਨ ਕਹਾਣੀਆਂ ਹਨ। ਇਨ੍ਹਾਂ ਵਿਚ ਵਿਸਮਾਦ ਜਨਕ ਤੇ ਭਿਆਨਕ ਵਾਤਾਵਰਨ ਦੀ ਸਿਰਜਨਾ ਹੈ।

ਸੁਜਾਨ ਸਿੰਘ ਦਾ ਲਿਖਣ-ਢੰਗ ਨਿੱਜੀ ਤੇ ਸਰਲ ਹੈ। ਬੋਲੀ ਉਤੇ ਉਨ੍ਹਾਂ ਦਾ ਪੂਰਾ ਕਾਬੂ ਹੈ, ਪਰ ਉਹ ਕਈ ਵਾਰੀ ਅੰਗਰੇਜ਼ੀ, ਉਰਦੂ ਤੇ ਫਾਰਸੀ ਦੇ ਵੀ ਸੌਖੇ – ਸੌਖੇ ਸ਼ਬਦ ਵਰਤ ਲੈਂਦੇ ਹਨ। ਕਹਾਣੀ ਵਿਚ ਉਹ ਵਾਰਤਾਲਾਪ ਨੂੰ ਕਾਫੀ ਥਾਂ ਦਿੰਦੇ ਹਨ ਤੇ ਉਸ ਵੇਲੇ ਉਨ੍ਹਾਂ ਦੀ ਬੋਲੀ ਪ੍ਰਾਂਤਾਂ ਅਨੁਸਾਰ ਢੁੱਕਵੀਂ ਹੁੰਦੀ ਹੈ, ਜਿਵੇਂ ‘ਗਊ ਮਾਤਾ’ ਵਿਚ ਖੈਰ ਦੀਨ ਦੀ ਅਤੇ ‘ਭੀਸ਼ਮ ਤਪੱਸਿਆ’ ਵਿਚ ਹਾਜ਼ੀ ਤੇ ਪ੍ਰੇਮ ਪ੍ਰਕਾਸ਼ ਦੀ। ਸੁਜਾਨ ਸਿੰਘ ਦੀਆਂ ਕਹਾਣੀਆਂ ਵਿਚ ਇਕ ਹੋਰ ਵਾਧਾ ਇਹ ਹੈ ਕਿ ਉਹ ਕਹਾਣੀਆਂ ਵਿਚ ਪਿੰਡਾਂ, ਸ਼ਹਿਰਾਂ ਤੇ ਇਲਾਕਿਆਂ ਦੇ ਅਸਲੀ ਜਾਂ ਫਰਜ਼ੀ ਨਾਂ ਦੇ ਕੇ ਅਤੇ ਸਮੇਂ ਅਨੁਸਾਰ ਸਥਾਨਕ ਹਾਲਤਾਂ, ਕੁਦਰਤੀ ਨਜ਼ਾਰਿਆਂ ਤੇ ਰਸਮਾਂ-ਰਿਵਾਜ਼ਾਂ ਦਾ ਬਿਆਨ ਕਰਕੇ ਕਹਾਣੀ ਨੂੰ ਅਸਲੀਅਤ ਦਾ ਰੰਗ ਦੇ ਦਿੰਦੇ ਹਨ। ਉਨ੍ਹਾਂ ਦੀਆਂ ਕਈ ਕਹਾਣੀਆਂ ਦਾ ਪਿੜ ਪੰਜਾਬ ਤੋਂ ਬਾਹਰ ਕਾਲੇ ਪਾਣੀ, ਬਰਮਾ ਤੇ ਆਸਨਸੋਲ ਆਦਿ ਵਿਚ ਵੀ ਹੈ ਤੇ ਇਨ੍ਹਾਂ ਥਾਵਾਂ ਦਾ ਵੀ ਉਨ੍ਹਾਂ ਨੇ ਹੂਬਹੂ ਚਿਤਰਨ ਕੀਤਾ ਹੈ।

ਸੁਜਾਨ ਸਿੰਘ ਇਕ ਪ੍ਰਗਤੀਵਾਦੀ, ਚੇਤੰਨ ਤੇ ਆਸ਼ਾਵਾਦੀ ਕਹਾਣੀਕਾਰ ਹਨ। ਮਨੁੱਖਤਾ ਦੀ ਅੰਤਿਮ ਜਿੱਤ ਵਿਚ ਉਨ੍ਹਾਂ ਦਾ ਅਟੱਲ ਵਿਸ਼ਵਾਸ ਹੈ। ਇਸ ਲਈ ਪਾਠਕ ਉਨ੍ਹਾਂ ਦੀਆਂ ਕਹਾਣੀਆਂ ਪੜ੍ਹ ਕੇ ਚੜ੍ਹਦੀਆਂ ਕਲਾਂ ਵਿਚ ਜਾਂਦੇ ਹਨ ਤੇ ਉਚਾ ਉਠੱਣ ਲਈ ਹੰਭਲਾ ਮਾਰਦੇ ਹਨ।