ਲੇਖ – ਵਿਦਿਆਰਥੀ ਤੇ ਅਨੁਸ਼ਾਸਨਹੀਣਤਾ


ਵਿਦਿਆਰਥੀ ਤੇ ਅਨੁਸ਼ਾਸਨਹੀਣਤਾ


ਇਸ ਗੱਲ ਨੂੰ ਹਰ ਕੋਈ ਮੰਨਦਾ ਹੈ ਕਿ ਵਿਦਿਆਰਥੀ ਹਰ ਕੌਮ ਦੀ ਕੀਮਤੀ ਜਾਇਦਾਦ ਤੇ ਸੰਪੱਤੀ ਹੁੰਦੇ ਹਨ। ਇਹ ਰਾਸ਼ਟਰ ਦੀ ਨਵੀਂ ਪੀੜ੍ਹੀ ਦੇ ਪ੍ਰਤਿਨਿਧ ਹਨ ਤੇ ਇਨ੍ਹਾਂ ਨੇ ਹੀ ਕਲ੍ਹ ਨੂੰ ਸਮਾਜ ਦੀ ਵਾਗ-ਡੋਰ ਆਪਣੇ ਹੱਥਾਂ ਵਿਚ ਲੈਣੀ ਹੈ। ਪਰ ਅਸੀਂ ਵੇਖ ਰਹੇ ਹਾਂ ਕਿ ਅੱਜ ਦਾ ਸਮੁੱਚਾ ਵਿਦਿਆਰਥੀ ਵਰਗ ਬੇਚੈਨ ਤੇ ਅਸੰਤੁਸ਼ਟ ਹੈ। ਇਹ ਬੇਚੈਨੀ ਹੀ ਅਨੁਸ਼ਾਸਨਹੀਣਤਾ ਦਾ ਕਾਰਨ ਬਣ ਰਹੀ ਹੈ। ਕਈ ਥਾਵਾਂ ਤੇ ਵਿਸ਼ਵ-ਵਿਦਿਆਲੇ ਬੰਦ ਪਏ ਹਨ। ਕਾਲਜਾਂ ਵਿਚ ਹੜਤਾਲਾਂ ਦਾ ਜ਼ੋਰ ਹੈ। ਹਰ ਰੋਜ਼ ਜਲਸੇ, ਜਲੂਸ ਤੇ ਪ੍ਰਦਰਸ਼ਨ ਵੇਖਣ ਵਿਚ ਆਉਂਦੇ ਹਨ। ਵਿਦਿਆਰਥੀ ਜਮਾਤਾਂ ਵਿਚ ਬਹਿ ਕੇ ਰਾਜ਼ੀ ਨਹੀਂ। ਬਹੁਤੀਆਂ ਹਾਲਤਾਂ ਵਿਚ ਉਹ ਹਿੰਸਾ ਤੇ ਉਤਾਰੂ ਹੋ ਜਾਂਦੇ ਹਨ, ਰੋੜਿਆਂ-ਪੱਥਰਾਂ ਦੀ ਵੀ ਵਰਤੋਂ ਕਰਦੇ ਹਨ, ਬੱਸਾਂ ਨੂੰ ਅੱਗਾਂ ਲਾਉਂਦੇ ਹਨ, ਸ਼ੀਸ਼ੇ ਭੰਨਦੇ ਤੇ ਪੁਲਸ ਨਾਲ ਟਕਰਾਉਂਦੇ ਹਨ। ਵੇਖਿਆਂ ਗਿਆ ਹੈ ਕਿ ਪੁਲੀਸ ਦੀ ਸਖਤੀ ਵੀ ਇਸ ਹਿੰਸਾ ਨੂੰ ਨਹੀਂ ਦਬਾ ਸਕਦੀ, ਸਗੋਂ ਇਸ ਦਾ ਉਲਟਾ ਅਸਰ ਹੁੰਦਾ ਹੈ ਤੇ ਸਮੱਸਿਆਵਾਂ ਹੋਰ ਉਲਝ ਜਾਂਦੀਆਂ ਹਨ।

ਗਹੁ ਨਾਲ ਵੇਖਿਆਂ ਪਤਾ ਲੱਗੇਗਾ ਕਿ ਵਿਦਿਆਰਥੀਆਂ ਵਿਚ ਜ਼ਬਤ ਦੀ ਘਾਟ ਉਸ ਸਮੁੱਚੀ ਅਨੁਸ਼ਾਸਨਹੀਣਤਾ ਦਾ ਹੀ ਇੱਕ ਹਿੱਸਾ ਹੈ, ਜੋ ਅੱਜ ਕਲ੍ਹ ਸਾਡੇ ਸਾਰੇ ਸਮਾਜ ਤੇ ਵਿਸ਼ੇਸ਼ ਕਰਕੇ ਸਮਾਜ ਕਥਿਤ ਆਗੂਆਂ ਵਿਚ ਫੈਲੀ ਹੋਈ ਹੈ। ਸਾਡੇ ਆਗੂ ਸਦਾਚਾਰ ਤੋਂ ਕੋਹਾਂ ਦੂਰ ਹੋ ਗਏ ਹਨ : ਉਨ੍ਹਾ ਨੇ ਅਸੂਲਾਂ ਦੀ ਮਿੱਟੀ ਪਲੀਤ ਕਰ ਛੱਡੀ ਹੈ। ਉਨ੍ਹਾਂ ਦੀ ਕਥਨੀ ਤੇ ਕਰਨੀ ਵਿਚ ਬੜਾ ਅੰਤਰ ਹੈ। ਸਾਡੇ ਚੁਣੇ ਹੋਏ ਪ੍ਰਤਿਨਿਧੀ ਅਸੈਂਬਲੀਆਂ ਤੇ ਪਾਰਲੀਮੈਂਟ ਵਿਚ ਹੁਲੜਬਾਜ਼ੀ ਕਰਦੇ ਹਨ। ਇਕ ਦੂਜੇ ਉੱਤੇ ਕੁਰਸੀਆਂ ਸੁੱਟਦੇ ਤੇ ਪ੍ਰਸਪਰ ਹੱਥੋ-ਪਾਈ ਹੁੰਦੇ ਹਨ ਅਤੇ ਸਮਾਗਮ ਦੀ ਕਾਰਵਾਈ ਦਾ ਚਲਣਾ ਅਸੰਭਵ ਬਣਾ ਦੇਂਦੇ ਹਨ। ‘ਜਥਾ ਰਾਜਾ ਤਥਾ ਪਰਜਾ’ ਇਕ ਮੰਨੀ – ਪ੍ਰਮੰਨੀ ਸਚਾਈ ਹੈ। ਸੋ ਜੇ ਵਿਦਿਆਰਥੀ ਜਾਣੇ ਜਾਂ ਅਣਜਾਣੇ ਆਪਣੇ ਲੀਡਰਾਂ ਦੀ ਨਕਲ ਕਰਦੇ ਹਨ : ਤਾਂ ਉਨਾਂ ਨੂੰ ਬਹੁਤ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ।

ਵਿਦਿਆਰਥੀਆਂ ਦੀ ਬੇਚੈਨੀ ਦਾ ਮੁਖ ਕਾਰਨ ਉਨ੍ਹਾਂ ਦਾ ਧੁੰਧਲਾ ਤੇ ਅਨਿਸ਼ਚਿਤ ਭਵਿੱਖ ਹੈ। ਪੜ੍ਹਾਈ ਤੇ ਸਮੇਂ ਹਰੇਕ ਵਿਦਿਆਰਥੀ ਭਾਵੀ ਜੀਵਨ ਦੇ ਬੜੇ ਰੰਗੀਨ ਸੁਪਨੇ ਵੇਖਦਾ ਹੈ। ਪਰ ਜਦ ਉਹ ਆਸੇ-ਪਾਸੇ ਨਜ਼ਰ ਮਾਰਦਾ ਹੈ, ਤਾਂ ਉਸ ਨੂੰ ਪਤਾ ਲਗਦਾ ਹੈ ਕਿ ਬੀ.ਏ., ਐਮ.ਏ.ਤੇ ਇੰਜਨੀਅਰੀ ਤਕ ਦੀ ਉਚ ਪੜ੍ਹਾਈ ਕਰਕੇ ਵੀ ਹਜ਼ਾਰਾਂ ਬਦਕਿਸਮਤ ਨੌਜਵਾਨ ਘਰਾਂ ਵਿਚ ਵਿਹਲੇ ਬੈਠੇ ਮੱਖੀਆਂ ਮਾਰ ਰਹੇ ਹਨ, ਅਤੇ ਹਜ਼ਾਰਾਂ ਅਜਿਹੇ ਹਨ, ਜਿਨ੍ਹਾਂ ਨੂੰ ਗੁਜ਼ਾਰੇ-ਮਾਤਰ ਵੇਤਨ ਵੀ ਨਹੀਂ ਮਿਲ ਰਿਹਾ। ਇਹ ਬੇਰੁਜ਼ਗਾਰੀ ਉਨ੍ਹਾਂ ਦੇ ਅੰਦਰ ਪੜ੍ਹਾਈ ਵੱਲੋਂ ਅਰੁਚੀ ਤੇ ਉਦਾਸੀਨਤਾ ਪੈਦਾ ਕਰਦੀ ਹੈ ਤੇ ਉਹ ਪੜ੍ਹਾਈ ਵੱਲੋਂ ਲਾਪਰਵਾਹ ਹੋ ਕੇ ਢਾਊ ਸਰਗਰਮੀਆਂ ਵਿਚ ਹਿੱਸਾ ਲੈਣ ਲਗ ਪੈਂਦੇ ਹਨ। ਇਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਹੜਤਾਲਾਂ ਤੇ ਮੁਜ਼ਾਹਰਿਆਂ ਲਈ ਕੋਈ ਨਾ ਕੋਈ ਯੋਗ ਜਾਂ ਅਯੋਗ ਬਹਾਨਾ ਮਿਲ ਹੀ ਜਾਂਦਾ ਹੈ। ਉਂਜ ਵਿਦਿਆਰਥੀਆਂ ਦੇ ਸਾਹਮਣੇ ਹਰ ਵੇਲੇ ਇਕ ਹੀ ਗੱਲ ਰਹਿੰਦੀ ਹੈ ਕਿ :

ਕਰਕੇ ਸੋਲਾਂ ਸਾਲ ਪੜ੍ਹਾਈ ਬੇਰੁਜ਼ਗਾਰੀ ਪੱਲੇ ਪਾਈ।

ਇਹ ਬੇਰੁਜ਼ਗਾਰੀ ਦਾ ਵੱਡਾ ਕਾਰਨ ਹੈ, ਸਾਡੀ ਦੂਸ਼ਿਤ ਤੇ ਤਰੁੱਟਿਆਂ ਭਰਪੂਰ ਸਿੱਖਿਆ ਪ੍ਰਣਾਲੀ। ਭਾਵੇਂ ਤੀਹ ਬੱਤੀ ਆਜ਼ਾਦੀ ਦੇ ਵਰ੍ਹਿਆਂ ਵਿਚ ਸਾਡੀ ਸਿੱਖਿਆ – ਪ੍ਰਣਾਲੀ ਵਿਚ ਕੁਝ ਮਾੜੇ-ਮੋਟੇ ਸੁਧਾਰ ਹੋਏ ਹਨ, ਪਰ ਮੂਲ ਰੂਪ ਵਿਚ ਇਹ ਅਜੇ ਵੀ ਓਹੀ ਹੈ, ਜੋ ਸਾਡੇ ਅੰਗਰੇਜ਼ ਹਾਕਮਾਂ ਨੇ ਆਪਣੀ ਹਕੂਮਤ ਚਲਾਉਣ ਲਈ ਅਫਸਰ ਤੇ ਕਲਰਕ ਪੈਦਾ ਕਰਨ ਵਾਸਤੇ ਚਾਲੂ ਕੀਤੀ ਸੀ। ਇਹ ਸਿੱਖਿਆ ਪ੍ਰਣਾਲੀ ਸਾਡੀਆਂ ਮੌਜੂਦਾ ਲੋੜਾਂ ਨੂੰ ਪੂਰੀਆਂ ਨਹੀਂ ਕਰਦੀ। ਇਸ ਵੇਲੇ ਲੋੜ ਇਹ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਅਜਿਹੀ ਪੜ੍ਹਾਈ ਕਰਾਈਏ, ਜੋ ਉਨ੍ਹਾਂ ਨੂੰ ਆਮ ਪੜ੍ਹਾਈ ਦੇ ਨਾਲ-ਨਾਲ ਕਿਸੇ ਨਾ ਕਿਸੇ ਕੰਮ ਵਿਚ ਨਿਪੁੰਨ ਕਰੇ, ਚੰਗੇ ਕਿਸਾਨ ਤੇ ਸੁਸਿਖਿਅਤ ਦਸਤਕਾਰ ਬਣਾਏ, ਤਾਂ ਜੋ ਉਹ ਪੜ੍ਹ ਕੇ ਕਿਸੇ ਧੰਦੇ ਤੇ ਕਾਰ ਵਿਹਾਰ ਵਿਚ ਪੈ ਸਕਣ। ਸਾਡੀ ਸਿੱਖਿਆ ਦਾ ਰੁਖ ਵੱਖ-ਵੱਖ ਕਿੱਤਿਆਂ ਵੱਲ ਹੋਣਾ ਚਾਹੀਦਾ ਹੈ।

ਸੱਚ ਤਾਂ ਇਹ ਹੈ ਕਿ ਸਾਡੇ ਦੇਸ਼ ਵਿਚ ਕਾਲਜੀ ਵਿਦਿਆ ਦਾ ਬੇਤਹਾਸ਼ਾ ਤੇ ਬੇਮੁਹਾਰਾ ਪਸਾਰ ਹੋ ਰਿਹਾ ਹੈ। ਲੱਖਾਂ ਵਿਦਿਆਰਥੀ ਅਜਿਹੇ ਹਨ, ਜਿਨ੍ਹਾਂ ਨੂੰ ਮੌਜੂਦਾ ਉੱਚ ਪੜਾਈ ਦੀ ਨਾ ਲੋੜ ਹੈ ਤੇ ਨਾ ਹੀ ਉਹ ਇਹਦੇ ਯੋਗ ਹਨ। ਲੋੜ ਇਸ ਗੱਲ ਦੀ ਹੈ ਕਿ ਦਸਵੀਂ ਜਾਂ ਹਾਇਰ ਸੈਕੰਡਰੀ ਪਾਸ ਕਰਨ ਤੋਂ ਬਾਅਦ ਬਹੁਤੇ ਵਿਦਿਆਰਥੀਆਂ ਨੂੰ ਪਾਲੀਟੈਕਨਿਕ ਸਕੂਲਾਂ ਵਿਚ ਦਾਖ਼ਲਾ ਦਿੱਤਾ ਜਾਏ।

ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਵਿਦਿਆਰਥੀਆਂ ਦੀਆਂ ਕਈ ਜਾਇਜ਼ ਮੰਗਾ ਵੀ ਹੁੰਦੀਆ ਹਨ। ਉਨ੍ਹਾਂ ਨੂੰ ਹਮਦਰਦੀ ਨਾਲ ਨਾ ਵਿਚਾਰਨਾ ਜਾਂ ਉਨ੍ਹਾਂ ਨੂੰ ਦੂਰ ਨਾ ਕਰਨਾ ਵਿਦਿਆਰਥੀਆਂ ਵਿਚ ਬੇਚੈਨੀ ਤੇ ਅਨੁਸ਼ਾਸਨਹੀਣਤਾ ਨੂੰ ਜਨਮ ਦੇਂਦਾ ਹੈ। ਅੱਜ ਕੱਲ੍ਹ ਪ੍ਰਾਈਵੇਟ ਕਾਲਜਾਂ ਤੇ ਸਰਕਾਰੀ ਕਾਲਜਾਂ ਦੀਆਂ ਫੀਸਾਂ ਵਿਚ ਬੜਾ ਫਰਕ ਹੈ। ਇਹ ਫਰਕ ਦੂਰ ਕਰਨ ਦੀ ਮੰਗ ਬੜੀ ਜਾਇਜ਼ ਹੈ। ਇਸੇ ਤਰ੍ਹਾਂ ਕੈਟੀਨ ਵਿਚ ਚੀਜ਼ਾਂ ਦਾ ਮਹਿੰਗੇ ਮੁੱਲ ਮਿਲਣਾ ਜਾਂ ਹੋਸਟਲਾਂ ਵਿਚ ਖਾਣੇ ਦਾ ਘਟੀਆ ਪ੍ਰਬੰਧ, ਬੱਸਾਂ ਵਿਚ ਰਿਆਇਤੀ ਟਿਕਟਾਂ ਨਾ ਮਿਲਣਾ ਜਾਂ ਵਿਦਿਆਰਥੀਆਂ ਨੂੰ ਬੱਸਾਂ ਵਿਚ ਨਾ ਚੜਾਉਣਾ ਅਸੰਤੋਸ਼ ਦਾ ਕਾਰਨ ਬਣ ਜਾਂਦਾ ਹੈ। ਇਹ ਛੋਟੀਆਂ-ਮੋਟੀਆਂ ਸ਼ਿਕਾਇਤਾਂ ਦੂਰ ਕਰਨ ਲਈ ਕਾਲਜ ਦੇ ਅਧਿਆਪਕਾਂ, ਪ੍ਰਿੰਸੀਪਲ, ਪ੍ਰਬੰਧਕ ਤੇ ਸਰਕਾਰ ਨੂੰ ਮਿਲ ਕੇ ਤੇ ਠੰਡੇ ਵਾਤਾਵਰਨ ਵਿਚ ਵਿਦਿਆਰਥੀਆਂ ਨਾਲ ਵਿਚਾਰ- ਵਟਾਂਦਰਾ ਕਰਨਾ ਚਾਹੀਦਾ ਹੈ।

ਵਿਦਿਆਰਥੀਆਂ ਦੀ ਇਸ ਬੇਚੈਨੀ ਦਾ ਹਕੂਮਤੀ ਪਾਰਟੀ ਦੀਆਂ ਵਿਰੋਧੀ ਰਾਜਨੀਤਿਕ ਪਾਰਟੀਆਂ ਅਯੋਗ ਲਾਭ ਉਠਾਉਂਦੀਆਂ ਹਨ। ਉਹ ਸਰਕਾਰ ਨੂੰ ਮੁਸ਼ਕਲ ਵਿਚ ਪਾ ਕੇ ਆਪਣੇ ਰਾਜਨੀਤਿਕ ਮਨੋਰਥ ਸਿੱਧ ਕਰਨ ਲਈ ਵਿਦਿਆਰਥੀਆਂ ਨੂੰ ਹੜਤਾਲਾਂ ਤੇ ਮੁਜ਼ਾਹਿਰੇ ਕਰਨ ਲਈ ਉਕਸਾਉਂਦੀਆ ਹਨ। ਇਥੋਂ ਤੱਕ ਕਿ ਵਿਦਿਆਰਥੀ ਆਗੂਆਂ ਨੂੰ ਖੁੱਲ੍ਹੇ ਦਿਲ ਪੈਸੇ ਤੇ ਹੋਰ ਕਈ ਤਰ੍ਹਾਂ ਦੇ ਲਾਲਚ ਵੀ ਦੇਂਦੀਆਂ ਹਨ। ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਹਰੇਕ ਰਾਜਨੀਤਿਕ ਪਾਰਟੀ ਦੋ ਵਿਦਿਆਰਥੀ ਵਿੰਗ ਹਨ, ਜੋ ਆਪੋ-ਆਪਣੀਆਂ ਪਾਰਟੀਆਂ ਦੀਆਂ ਹਦਾਇਤਾਂ ਉਤੇ ਚਲਦੇ ਹਨ। ਇਸ ਵਿੱਚ ਮਜ਼ੇ ਦੀ, ਪਰ ਹਾਸੋਹੀਣੀ ਗੱਲ ਇਹ ਹੈ ਕਿ ਜਦ ਇਹੀ ਵਿਰੋਧੀ ਆਗੂ ਆਪ ਹਕੂਮਤੀ ਪਾਰਟੀ ਬਣ ਜਾਂਦੇ ਹਨ, ਤਾਂ ਉਨ੍ਹਾਂ ਹੀ ਵਿਦਿਆਰਥੀਆਂ ਨੂੰ ਨਸੀਹਤਾਂ ਦੇਣ ਲਗ ਜਾਂਦੇ ਹਨ ਕਿ ਤੁਹਾਨੂੰ ਗੁੰਡਾਗਰਦੀ ਨਹੀਂ ਕਰਨੀ ਚਾਹੀਦੀ ਤੇ ਅਨੁਸ਼ਾਸਨ ਵਿਚ ਰਹਿਣਾ ਚਾਹੀਦਾ ਹੈ। ਭਲਾ ਬੱਚੇ ਇਹੋ-ਜਿਹੇ ਆਗੂਆਂ ਦੀ ਗੱਲ ਸੁਣਨਗੇ, ਤਾਂ ਕਿਉਂ? ਜੇ ਨੀਤੀਵਾਨ ਵਿਦਿਅਕ ਸੰਸਥਾਵਾਂ ਵਿਚ ਦਖਲ ਦੇਣਾ ਬੰਦ ਦਰ ਦੇਣ, ਤਾਂ ਵਿਦਿਆਰਥੀਆਂ ਵਿਚ ਜ਼ਬਤ ਦੀ ਅਣਹੋਂਦ ਬਹੁਤ ਹਦ ਤਕ ਆਪਣੇ ਆਪ ਖਤਮ ਹੋ ਸਕਦੀ ਹੈ।

ਆਪਣਾ ਰਾਜ ਆਉਣ ਤੋਂ ਆਮ ਲੋਕਾਂ ਵਿਚ ਵੀ ਸੋਝੀ ਆਈ ਹੈ, ਪਰ ਕੁਦਰਤੀ ਤੌਰ ਤੇ ਪੜ੍ਹਿਆ ਲਿਖਿਆ ਵਰਗ ਵਧੇਰੇ ਚੇਤੰਨ ਤੇ ਸੋਝੀਵਾਨ ਹੋ ਗਿਆ ਹੈ। ਵਿਦਿਆਰਥੀਆਂ ਦੇ ਦਿਲਾਂ ਵਿਚ ਇਹ ਗੱਲ ਬਹਿ ਗਈ ਹੈ ਕਿ ਸਾਡੇ ਆਗੂਆਂ ਤੇ ਸ਼ਾਸਕਾਂ ਨੂੰ ਵਿਦਿਆਰਥੀਆਂ ਦਾ ਤਾਂ ਕੀ ਦੇਸ਼ ਦਾ ਭਵਿੱਖ ਬਣਾਉਣ ਦਾ ਹੀ ਕੋਈ ਖਿਆਲ ਨਹੀਂ। ਪਿਛਲੇ ਕੁਝ ਸਾਲਾਂ ਵਿਚ ਜਨਤਾ ਦੇ ਪ੍ਰਤਿਨਿਧ ਬਹੁਤ ਜ਼ਿਆਦਾ ਚਰਿਤਰਹੀਣ ਹੋ ਗਏ ਹਨ। ਅਸੂਲਾਂ ਦੀ ਖਾਤਰ ਨਹੀਂ, ਗੱਦੀਆਂ ਦੇ ਲਾਲਚ ਤੇ ਸੁਆਰਥ ਦੀ ਖਾਤਰ ਵੱਡੇ ਪੈਮਾਨੇ ਉਤੇ ਦਲ-ਬਦਲੀ ਹੋ ਰਹੀ ਹੈ। ਇਹ ਸਭ ਕੁਝ ਵੇਖ ਕੇ ਵਿਦਿਆਰਥੀ ਨਿਰਾਸ਼ ਤੇ ਉਪਰਾਮ ਹੋ ਗਏ ਹਨ। ਜਿਹੜੇ ਆਗੂ ਸੱਤਾ ਵਿਚ ਨਹੀਂ, ਉਨ੍ਹਾਂ ਨੇ ਦਿਲਾਂ ਵਿਚ ਇਹ ਗਲਤ ਗੱਲ ਬਿਠਾ ਦਿੱਤੀ ਹੈ ਕਿ ਇਹ ਬੁਰੀ ਹਾਲਤ ਹਿੰਸਕ ਤੇ ਤੋੜਫੋੜ ਦੀਆਂ ਕਾਰਵਾਈਆਂ ਨਾਲ ਹੀ ਸੁਧਰੇਗੀ।

ਵਿਦਿਆਰਥੀਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਭਾਵੇਂ ਇਸ ਵੇਲੇ ਦੀ ਹਾਲਤ ਚਿੰਤਾਜਨਕ ਹੈ, ਪਰ ਹਿੰਸਾ ਲਾਕਾਨੂੰਨੀ ਜਾਂ ਅਨੁਸੂਚਿਤ ਹੜਤਾਲਾਂ ਤੇ ਮੁਜ਼ਾਹਿਰੇ ਤੇ ਹੋਰ ਢਾਊ ਕਾਰਵਾਈਆਂ ਨਾਲ ਇਹ ਹਾਲਤ ਸੁਧਰੇਗੀ ਨਹੀਂ, ਸਗੋਂ ਹੋਰ ਗੰਭੀਰ ਹੋਵੇਗੀ। ਅੱਗੇ ਹੀ ਇਹ ਹਿੰਸਾ ਅਜਿਹਾ ਰੂਪ ਧਾਰਣ ਕਰ ਗਈ ਹੈ ਕਿ ਵਿਦਿਆਰਥੀਆਂ ਦੇ ਵੱਖ-ਵੱਖ ਗਰੁੱਪ ਆਪੋ ਵਿਚ ਹੀ ਸਿਰ ਫਟੋਲ ਕਰਨ ਲਗ ਪਏ ਹਨ। ਚਰਿਤਰਹੀਣ ਤੇ ਗੁੰਡੇ ਵਿਦਿਆਰਥੀ ਨੇ ਆਪਣੀਆਂ ਸਹਿਪਾਠੀ ਕੁੜੀਆਂ ਦੀ ਨਕ-ਜਿੰਦ ਆਂਦੀ ਹੋਈ ਹੈ। ਸਾਊ ਵਿਦਿਆਰਥੀ, ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਕੁਝ ਅੱਖੜਖਾਂਦ ਵਿਦਿਆਰਥੀਆਂ ਦੇ ਡਰ ਨਾਲ ਸਹਿਮੇ ਰਹਿੰਦੇ ਹਨ। ਜਦ ਕਦੀ ਪੁਲੀਸ ਲਾਕਾਨੂੰਨੀ ਕਰਨ ਵਾਲੇ ਕਿਸੇ ਵਿਦਿਆਰਥੀ ਨੂੰ ਹੱਥ ਪਾਂਦੀ ਹੈ, ਤਾਂ ਉਨ੍ਹਾਂ ਦੇ ਸਾਥੀ ਉਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਹੜਤਾਲਾਂ ਕਰਾ ਦਿੰਦੇ ਹਨ। ਇਸ ਤਰ੍ਹਾਂ ਪੜ੍ਹਾਈ ਦਾ ਸਤਿਆਨਾਸ ਹੋ ਰਿਹਾ ਹੈ। ਅਜਿਹੀ ਅਨੁਸ਼ਾਸਨਹੀਣਤਾ ਨਾਲ ਨਾ ਕੇਵਲ ਵਿਦਿਆਰਥੀਆਂ ਦਾ ਵਿਅਕਤੀਗਤ ਨੁਕਸਾਨ ਹੋਵੇਗਾ, ਸਗੋਂ ਸਾਰਾ ਦੇਸ਼ ਸਦਾਚਾਰਿਕ, ਆਰਥਿਕ ਤੇ ਰਾਜਨੀਤਿਕ ਤੌਰ ਤੇ ਰਸਾਤਲ ਵਿਚ ਜਾਏਗਾ। ਵਿਦਿਆਰਥੀ ਜ਼ਬਤ ਵਿਚ ਰਹਿ ਕੇ ਪੜ੍ਹਾਈ ਵਿਚ ਦਿਲ ਲਾ ਕੇ ਅਤੇ ਉਸਾਰੂ ਸ਼ਾਂਤਮਈ ਢੰਗ ਵਰਤ ਕੇ ਦੁਰਦਸ਼ਾ ਦਾ ਸੁਧਾਰ ਕਰ ਸਕਦੇ ਹਨ।