CBSEclass 11 PunjabiClass 12 PunjabiClass 9th NCERT PunjabiEducationHistoryHistory of PunjabNCERT class 10thParagraphPunjab School Education Board(PSEB)Punjabi Viakaran/ Punjabi Grammar

ਲੇਖ : ਸ਼ਹੀਦ ਬਾਬਾ ਦੀਪ ਸਿੰਘ ਜੀ


ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਪਹੂਵਿੰਡ ਵਿੱਚ ਮਾਤਾ ਜਿਊਣੀ ਜੀ ਅਤੇ ਪਿਤਾ ਭਗਤਾ ਜੀ ਦੇ ਘਰ ਹੋਇਆ। 1699 ਵਿੱਚ ਜਦੋਂ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਸਿੱਖ ਸੰਗਤ ਨੂੰ ਆਉਣ ਲਈ ਆਖਿਆ ਸੀ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ-ਪਿਤਾ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਏ ਸਨ। ਉਦੋਂ ਹੀ ਉਹ ਅੰਮ੍ਰਿਤ ਦੀ ਦਾਤ ਹਾਸਲ ਕਰ ਕੇ ‘ਦੀਪੇ ਤੋਂ ‘ਦੀਪ ਸਿੰਘ’ ਬਣ ਗਏ। ਉਨ੍ਹਾਂ ਦੇ ਨਾਂ ਨਾਲ ‘ਬਾਬਾ’ ਸ਼ਬਦ ਕਾਫੀ ਦੇਰ ਬਾਅਦ ਜੁੜਿਆ। ਕਾਫ਼ੀ ਸਮਾਂ ਉਹ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੀ ਗੁਰੂ ਗੋਬਿੰਦ ਸਿੰਘ ਜੀ ਕੋਲ ਰਹੇ।

ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਨਾਲ ਵੀ ਕਾਫੀ ਸਮਾਂ ਗੁਜ਼ਾਰਿਆ। ਇਥੇ ਹੀ ਉਨ੍ਹਾਂ ਨੇ ਗੁਰਮੁਖੀ ਪੜ੍ਹਨੀ ਤੇ ਲਿਖਣੀ ਸਿੱਖੀ। ਨਾਲ ਹੀ ਉਨ੍ਹਾਂ ਸ਼ਸਤਰ ਵਿਦਿਆ ਵੀ ਹਾਸਲ ਕੀਤੀ। ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਆਪਣੇ ਹੱਥਾਂ ਨਾਲ ਉਤਾਰਾ ਕਰ ਕੇ ਵੱਖ-ਵੱਖ ਥਾਵਾਂ ‘ਤੇ ਭੇਜਿਆ ਕਰਦੇ। ਬਾਬਾ ਜੀ ਨੇ ਗੁਰੂ ਸਾਹਿਬਾਨ ਦੀ ਬਾਣੀ ਤੇ ਸ਼ਬਦਾਂ ਦੀ ਵਿਆਖਿਆ ਕੀਤੀ।

ਦੋ ਸਾਲ ਆਨੰਦਪੁਰ ਸਾਹਿਬ ਰਹਿ ਕੇ ਉਹ ਆਪਣੇ ਪਿੰਡ ਪਰਤ ਆਏ। ਇਧਰ ਆਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਤਾਂ ਗੁਰੂ ਜੀ ਨੇ ਕਿਲ੍ਹਾ ਖਾਲੀ ਕਰ ਦਿੱਤਾ। ਬਾਬਾ ਦੀਪ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਅਤੇ ਆਨੰਦਪੁਰ ਸਾਹਿਬ ਦੇ ਸਮੇਂ ਨਾਲ ਨਾ ਰਹਿਣ ਦੀ ਮੁਆਫ਼ੀ ਮੰਗੀ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਗਲ ਨਾਲ ਲਾਇਆ ਅਤੇ ਕਿਹਾ, “ਆਪ ਦੇ ਹਿੱਸੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਅਜੇ ਬਾਕੀ ਹਨ, ਜੋ ਤੁਸੀਂ ਪੂਰੀਆ ਕਰਨੀਆਂ ਹਨ।”

ਧੀਰਮੱਲੀਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਆਦਿ ਬੀੜ ਦੇਣ ਤੋਂ ਮੁੱਕਰ ਗਏ ਤਾਂ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਨੂੰ ਸੇਵਾ ਸੌਂਪ ਕੇ ਬੀੜ ਤਿਆਰ ਕਰਵਾਈ ਅਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕੀਤੀ। ਬਾਬਾ ਜੀ ਨੇ ਉਸ ਬੀੜ ਦਾ ਪਾਠ ਸਿੱਖਾਂ ਨੂੰ ਅਰਥਾਂ ਸਮੇਤ ਪੜ੍ਹਾਇਆ। ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਤੋਂ ਦੱਖਣ ਨੂੰ ਜਾਣ ਲੱਗੇ ਤਾਂ ਉਨ੍ਹਾਂ ਨੇ ਭਾਈ ਮਨੀ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਸੇਵਾ ਸੰਭਾਲ ਲਈ ਭੇਜ ਦਿੱਤਾ ਅਤੇ ਬਾਬਾ ਦੀਪ ਸਿੰਘ ਤਲਵੰਡੀ ਸਾਬੋ ਵਿਖੇ ਰਹਿ ਕੇ ਗੁਰਬਾਣੀ ਲਿਖਵਾਉਣ ਅਤੇ ਪੜ੍ਹਾਉਣ ਦੀ ਸੇਵਾ ਕਰਨ ਲੱਗੇ।

1748 ਨੂੰ ਵਿਸਾਖੀ ਵਾਲੇ ਦਿਨ ਦਲ ਖਾਲਸਾ ਦੇ 65 ਜਥਿਆਂ ਨੂੰ 12 ਮਿਸਲਾਂ ‘ਚ ਪੁਨਰਗਠਿਤ ਕੀਤਾ ਗਿਆ ਤੇ ਉਨ੍ਹਾਂ 12 ਮਿਸਲਾਂ ‘ਚੋਂ ਬਾਬਾ ਦੀਪ ਸਿੰਘ ਜੀ ਨੂੰ ‘ਸ਼ਹੀਦ ਮਿਸਲ’ ਦਾ ਮੁਖੀ ਥਾਪਿਆ ਗਿਆ। ਇਸ ਤੋਂ ਪਹਿਲਾਂ ਜਦੋਂ 1746 ਈਸਵੀ ਵਿੱਚ ਯਹੀਆ ਖਾਨ ਨੇ
ਦੀਵਾਨ ਲਖਪਤ ਰਾਏ ਦੀ ਅਗਵਾਈ ਵਿੱਚ ਸਿੱਖਾਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਉਹ ਉਸ ਸਮੇਂ ਆਪਣੀ ਫੌਜੀ ਟੁਕੜੀ ਲੈ ਕੇ ਤਲਵੰਡੀ ਸਾਬੋ ਅਤੇ
ਕਾਨੂਵਾਲ ਦੇ ਜੰਗਲਾਂ ਵਿੱਚ ਲੜਨ ਲਈ ਪਹੁੰਚੇ ਸਨ। ਇਸ ਲੜਾਈ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ।

1756 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ
ਭਾਰਤ ‘ਤੇ ਚੌਥਾ ਹਮਲਾ ਕੀਤਾ। ਜਦੋਂ ਉਹ ਇੱਥੇ ਲੁੱਟ ਕਰ ਕੇ ਕਾਬਲ ਪਰਤ ਰਿਹਾ ਸੀ ਤਾਂ ਬਾਬਾ ਦੀਪ ਸਿੰਘ ਦੀ ‘ਸ਼ਹੀਦ ਮਿਸਲ’ ਨੇ ਕੁਰੂਕਸ਼ੇਤਰ ਦੇ ਕੋਲ ਪਿਪਲੀ ਅਤੇ ਮਾਰਕੰਡੇ ਦੇ ਦਰਿਆ ਤੋਂ ਲਗਪਗ ਤਿੰਨ ਸੌ ਔਰਤਾਂ ਦੇ ਬਹੁਤ ਸਾਰਾ ਕੀਮਤੀ ਸਮਾਨ ਚ ਨਾਲ ਨਾਲ ਬਹੁਤ ਸਾਰਾ ਕੀਮਤੀ ਸਮਾਨ ਵਾਪਸ ਕਰਵਾਇਆ। ਇਸ ਦਾ ਬਦਲਾ ਲੈਣ ਲਈ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕਰ ਕੇ ਸਿੱਖਾਂ ਨੂੰ ਖ਼ਤਮ ਕਰਨ ਅਤੇ ਗੁਰਦੁਆਰਿਆਂ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਬਾਰੇ ਪਤਾ ਲੱਗਣ ‘ਤੇ ਬਾਬਾ ਦੀਪ ਸਿੰਘ ਨੇ ਤੈਮੂਰ ਸ਼ਾਹ ਨਾਲ ਦੋ ਹੱਥ ਕਰਨ ਦਾ ਫ਼ੈਸਲਾ ਕਰ ਲਿਆ। ਬਾਬਾ ਜੀ ਦਮਦਮਾ ਸਾਹਿਬ ਤੋਂ 500 ਸਿੰਘਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਸਾਹਿਬ ਵੱਲ ਤੁਰ ਪਏ। ਅੰਮ੍ਰਿਤਸਰ ਤਕ ਆਉਂਦਿਆ ਇਹ ਜਥਾ ਪੰਜ ਹਜ਼ਾਰ ਸਿੰਘਾਂ ਦਾ ਹੋ ਗਿਆ। ਤਰਨ ਤਾਰਨ ਤੋਂ ਥੋੜੀ ਦੂਰ ਆ ਕੇ ਉਨ੍ਹਾਂ ਆਪਣੀ ਤਲਵਾਰ ਨਾਲ ਜ਼ਮੀਨ ‘ਤੇ ਲਕੀਰ ਖਿੱਚੀ ਅਤੇ ਕਿਹਾ ਕਿ ਜਿਹੜੇ ਸਿੰਘ ਕੁਰਬਾਨੀਆਂ ਲਈ ਤਿਆਰ ਹਨ, ਉਹ ਇਹ ਲਕੀਰ ਟੱਪ ਕੇ ਉਨ੍ਹਾਂ ਵੱਲ ਆ ਜਾਣ ਅਤੇ ਜਿਨ੍ਹਾਂ ਨੇ ਘਰ ਜਾਣਾ ਹੈ, ਉਹ ਦੂਜੇ ਪਾਸੇ ਹੀ ਰਹਿਣ। ਇਸ ਦੌਰਾਨ ਕਾਫੀ ਸਿੰਘ ਬਾਬਾ ਜੀ ਨਾਲ ਤੁਰੇ।

ਲਾਹੌਰ ਦਰਬਾਰ ਵਿੱਚ ਜਦੋਂ ਪਤਾ ਲੱਗਾ ਤਾਂ ਜਹਾਨ ਖਾਨ ਨੇ ਘਬਰਾ ਕੇ ਇਸ ਲੜਾਈ ਨੂੰ ‘ਇਸਲਾਮ ਖਤਰੇ ਵਿੱਚ ਹੈ’ ਕਹਿ ਕੇ 20 ਹਜ਼ਾਰ ਫ਼ੌਜੀਆਂ ਨਾਲ ਅੰਮ੍ਰਿਤਸਰ ਵੱਲ ਕੂਚ ਕਰ ਦਿੱਤਾ। ਸਿੰਘ ਇਸ ਵੇਲੇ ਆਰ-ਪਾਰ ਦੀ ਲੜਾਈ ਲਈ ਤੁਲੇ ਹੋਏ ਸਨ। ਬਾਬਾ ਦੀਪ ਸਿੰਘ ਅਤੇ ਬਾਕੀ ਸਿੱਖ ਅਜਿਹੀ ਬਹਾਦਰੀ ਨਾਲ ਜੰਗ ਦੇ ਮੈਦਾਨ ਵਿੱਚ ਨਿੱਤਰੇ ਕਿ ਜਹਾਨ ਖਾਨ ਦੀ ਫੌਜ ਵਿੱਚ ਭਾਜੜ ਮਚ ਗਈ। ਦੂਜੇ ਪਾਸੇ ਜਹਾਨ ਖਾਨ ਦਾ ਨਾਇਬ ਫ਼ੌਜੀ ਜਮਾਲ ਸ਼ਾਹ ਅੱਗੇ ਵਧਿਆ ਅਤੇ ਬਾਬਾ ਜੀ ਨੂੰ ਲਲਕਾਰਨ ਲਗਾ। ਦੋਹਾਂ ਵਿੱਚ ਘਮਾਸਾਨ ਲੜਾਈ ਹੋਈ। ਉਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਦੀ ਸੀ, ਜਦੋਂ ਕਿ ਜਮਾਲ ਸ਼ਾਹ ਦੀ ਲਗਪਗ 40 ਸਾਲ ਸੀ। ਬਾਬਾ ਜੀ ਨੇ ਪੈਂਤਰਾ ਬਦਲ ਕੇ ਇੱਕ ਖੰਡੇ ਦਾ ਵਾਰ ਜਮਾਲ ਸ਼ਾਹ ਦੀ ਗਰਦਨ ‘ਤੇ ਕੀਤਾ ਪਰ ਇਸ ਦੌਰਾਨ ਜਮਾਲ ਸ਼ਾਹ ਨੇ ਬਾਬਾ ਜੀ ‘ਤੇ ਵੀ ਪੂਰੇ ਜੋਸ਼ ਨਾਲ ਤਲਵਾਰ ਦਾ ਵਾਰ ਕਰ ਦਿੱਤਾ, ਜਿਸ ਕਾਰਨ ਦੋਹਾਂ ਦੀਆਂ ਗਰਦਨਾਂ ਇੱਕੋ ਵੇਲੇ ਜ਼ਮੀਨ ‘ਤੇ ਡਿੱਗ ਪਈਆਂ। ਉਦੋਂ ਕੋਲ ਖੜ੍ਹੇ ਬਾਬਾ ਦਿਆਲ ਸਿੰਘ ਨੇ ਬਾਬਾ ਜੀ ਨੂੰ ਕਿਹਾ, “ਖਾਲਸਾ ਜੀ ਤੁਸੀਂ ਤਾਂ ਕਿਹਾ ਸੀ ਕਿ ਮੈਂ ਆਪਣਾ ਸਿਰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਭੇਟ ਕਰਾਂਗਾ। ਤੁਸੀ ਤਾਂ ਇੱਥੇ ਰਸਤੇ ਵਿੱਚ ਸਰੀਰ ਤਿਆਗ ਰਹੇ ਹੋ?” ਉਸੇ ਵੇਲੇ ਬਾਬਾ ਜੀ ਉੱਠ ਖੜ੍ਹੇ ਹੋਏ ਅਤੇ ਆਪਣਾ ਖੰਡਾ ਅਤੇ ਕੱਟਿਆ ਹੋਇਆ ਸੀਸ ਹਥੇਲੀ ‘ਤੇ ਚੁੱਕ ਕੇ ਦਰਬਾਰ ਸਾਹਿਬ ਵੱਲ ਚਾਲੇ ਪਾ ਦਿੱਤੇ। ਇਸ ਢੰਗ ਨਾਲ ਰਣਭੂਮੀ ਵਿੱਚ ਜੂਝਦੇ ਵੇਖ ਕੇ ਦੁਸ਼ਮਣ ਫ਼ੌਜਾਂ ਵਿੱਚ ਭਗਦੜ ਮਚ ਗਈ।

ਆਪਣੇ ਦੋਧਾਰੀ 18 ਸੇਰ ਦੇ ਖੰਡੇ ਨਾਲ ਦੁਸ਼ਮਣ ਫ਼ੌਜ ਨਾਲ ਲੜਦੇ ਹੋਏ ਬਾਬਾ ਜੀ ਅੰਤ ਦਰਬਾਰ ਸਾਹਿਬ ਪਹੁੰਚ ਗਏ। ਪਰਿਕਰਮਾ ਵਿੱਚ ਜਾ ਕੇ ਗੁਰੂਘਰ ਨੂੰ ਨਮਸਕਾਰ ਕੀਤਾ ਅਤੇ ਉਥੇ ਹੀ ਉਹ 13 ਨਵੰਬਰ 1757 ਨੂੰ ਸ਼ਹੀਦੀ ਪ੍ਰਾਪਤ ਕਰ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 26 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸ਼ਹੀਦਾਂ ਸਾਹਿਬ ਤੇ ਜਨਮ ਅਸਥਾਨ ਪਹੂਵਿੰਡ ਸਾਹਿਬ ਵਿਖੇ ਉਨ੍ਹਾਂ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ।