ਲੇਖ : ਵਕਤ


ਵਕਤ / ਸਮਾਂ / TIME


ਕੱਲ੍ਹ, ਅੱਜ ਤੇ ਭਲਕ ਦੇ ਅੱਥਰੇ ਘੋੜੇ ‘ਤੇ ਸਵਾਰ ਹੋ ਕੇ ਮਨੁੱਖ ਆਪਣੀ ਜ਼ਿੰਦਗੀ ਦੇ ਪੰਧ ਨੂੰ ਮੁਕਾਉਂਦਾ ਹੈ। ਵਕਤ ਦਾ ਪਹੀਆ ਕਦੇ ਪਿੱਛੇ ਨਹੀਂ ਮੁੜਦਾ, ਹਮੇਸ਼ਾ ਅੱਗੇ ਨੂੰ ਹੀ ਵੱਧਦਾ ਹੈ ਅਤੇ ਨਾ ਹੀ ਇਹ ਪਹੀਆ ਕਦੇ ਇੱਕ ਥਾਂ ‘ਤੇ ਖਲੋ ਸਕਦਾ ਹੈ। ਬਚਪਨ ਦੀਆਂ ਲੋਰੀਆਂ ਕੇਵਲ ਬਚਪਨ ਵਿੱਚ ਹੀ ਲਈਆਂ ਜਾ ਸਕਦੀਆਂ ਹਨ। ਦੁਬਾਰਾ ਇਹ ਲੋਰੀਆਂ ਨਸੀਬ ਨਹੀਂ ਹੁੰਦੀਆਂ। ਸਕੂਲ ਅਤੇ ਕਾਲਜ ਵਿੱਚ ਗੁਜ਼ਾਰੇ ਹੋਏ ਪਲ ਕੇਵਲ ਯਾਦਾਂ ਬਣ ਕੇ ਰਹਿ ਜਾਂਦੇ ਹਨ, ਦੋਬਾਰਾ ਨਹੀਂ ਆਉਂਦੇ। ਛੋਟੇ ਹੁੰਦਿਆਂ ਉੱਡਦੀਆਂ ਪਤੰਗਾਂ ਦੇ ਪਿੱਛੇ ਦੌੜਨਾ, ਚਾਨਣੀਆਂ ਰਾਤਾਂ ਨੂੰ ਸਾਥੀ ਦੋਸਤਾਂ ਨਾਲ ਖੇਡਾਂ ਖੇਡਣੀਆਂ, ਸ਼ਾਮਾਂ ਨੂੰ ਭੱਠੀਆਂ ਤੋਂ ਦਾਣੇ ਭੁਨਾ-ਭੁਨਾ ਖਾਣੇ, ਢਾਡੀਆਂ ਕਵੀਸ਼ਰਾਂ ਅਤੇ ਲੋਕ ਗਾਇਕਾਂ ਦੀਆਂ ਆਵਾਜ਼ਾਂ ਨੂੰ ਸੁਣਨ ਲਈ ਉਨ੍ਹਾਂ ਦੀਆਂ ਸੁਰਾਂ ਦੇ ਮਗਰ ਦੌੜਨਾ, ਬਾਗਾਂ ਵਿੱਚ ਜਾ ਕੇ ਜਾਮਣ, ਸ਼ਹਿਤੂਤ ਤੇ ਬੇਰਾਂ ਦੀਆਂ ਝੋਲੀਆਂ ਭਰ-ਭਰ ਖਾਣੀਆਂ ਆਦਿ ਕੱਲ੍ਹ ਦੇ ਬੀਤੇ ਸਮੇਂ ਵਿੱਚ ਗੁਆਚ ਜਾਂਦੇ ਹਨ। ਗੁਜ਼ਰੇ ਹੋਏ ਇਸ ਕੱਲ੍ਹ ਦੀ ਯਾਦ ਕੇਵਲ ਹੂਕ ਬਣ ਕੇ ਹੀ ਦਿਲਾਂ ਨੂੰ ਤੜਪਾ ਸਕਦੀ ਹੈ, ਦੁਬਾਰਾ ਇਹ ਦਿਨ ਨਹੀਂ ਆ ਸਕਦੇ। ਇਸ ਲਈ ਹੀ ਤਾਂ ਇਲਜ਼ਬੈਬ ਐਲਨ ਨੇ ਇਸ ਤੜਪ ਨੂੰ ਮਹਿਸੂਸ ਕਰਦੇ ਹੋਏ ਕਿਹਾ ਹੈ, “ਹੇ ਵਕਤ ਆਪਣੀ ਉਡਾਰੀ ਪਿੱਛੇ ਵੱਲ ਵੀ ਲਾ, ਮੈਨੂੰ ਕੇਵਲ ਇੱਕ ਰਾਤ ਲਈ ਹੀ ਬੱਚਾ ਬਣਾ ਦੇ।”

ਜ਼ਿੰਦਗੀ ਦੇ ਕਾਫਲੇ ਨੇ ਤਾਂ ਵਕਤ ਨਾਲ ਅੱਗੇ ਹੀ ਵਧਣਾ ਹੈ। ਵਕਤ ਦੀਆਂ ਵਾਗਾਂ ਨੂੰ ਬੜਾ ਸੰਭਲ ਕੇ ਫੜਨ ਦੀ ਲੋੜ ਹੁੰਦੀ ਹੈ, ਜੇ ਇਸ ਅੱਥਰੇ ਘੋੜੇ ਦੀਆਂ ਵਾਗਾਂ ਨੂੰ ਖੁੱਲੀਆਂ ਛੱਡ ਦੇਈਏ ਤਾਂ ਵਕਤ ਤਾਂ ਕਿਸੇ ਨੂੰ ਬਖਸ਼ਦਾ ਨਹੀਂ। ਜਵਾਨੀ ਦੇ ਇਸ ਵਕਤ ਵਿੱਚ ਹੀ ਮਨੁੱਖ ਨੂੰ ਆਪਣੇ ਦਿਲ, ਦਿਮਾਗ ਤੇ ਮਨ ਦੀਆਂ ਵਾਗਾਂ ਨੂੰ ਕੱਸਣ ਦੀ ਲੋੜ ਹੁੰਦੀ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਵਰਤਮਾਨ ਦੀ ਕੁੱਖ ਵਿੱਚੋਂ ਭਵਿੱਖ ਜਨਮ ਲੈ ਰਿਹਾ ਹੁੰਦਾ ਹੈ। ਜਿਸ ਤਰ੍ਹਾਂ ਦਾ ਸਮਾਂ ਅਸੀਂ ਮਿਹਨਤ ਨਾਲ ਕੋਈ ਆਦਰਸ਼ ਮਿੱਥ ਕੇ ਬਤੀਤ ਕਰਾਂਗੇ। ਉਸ ਤਰ੍ਹਾਂ ਦਾ ਭਵਿੱਖ ਸਾਨੂੰ ਮਿਲਦਾ ਹੈ। ਪੁਰਸ਼ ਅਤੇ ਇਸਤਰੀ ਦੇ ਆਦਰਸ਼ ਇਸ ਸਮੇਂ ਵੱਖ-ਵੱਖ ਹੋ ਸਕਦੇ ਹਨ। ਪੁਰਸ਼ ਨੇ ਆਪਣੀ ਰੋਜ਼ੀ ਲਈ ਕਿਸੇ ਕੰਮ ਜਾਂ ਪੜ੍ਹਾਈ ‘ਤੇ ਆਧਾਰਿਤ ਕਿਸੇ ਕੋਰਸ ਨੂੰ ਅਪਨਾਉਣਾ ਹੁੰਦਾ ਹੈ। ਇਸ ਲਈ ਕਿਸੇ ਉੱਚ ਆਦਰਸ਼ ਦੀ ਪ੍ਰਾਪਤੀ ਲਈ ਜਿਵੇਂ ਡਾਕਟਰ, ਇੰਜਨੀਅਰ ਜਾਂ ਕੋਈ ਵੱਡਾ ਅਫ਼ਸਰ ਬਣਨ ਲਈ ਜਵਾਨੀ ਦੇ ਸਮੇਂ ਦਾ ਪ੍ਰਯੋਗ ਕਰਨਾ ਹੁੰਦਾ ਹੈ, ਜਿਸ ਲਈ ਕਈ ਵਾਰੀ ਰਾਤਾਂ ਦੀ ਨੀਂਦ ਵੀ ਕੁਰਬਾਨ ਕਰਨੀ ਹੁੰਦੀ ਹੈ। ਪੁਰਸ਼ ਵਾਂਗ ਲੜਕੀ ਨੂੰ ਵੀ ਅੱਜ ਦੇ ਸਮੇਂ ਦੇ ਬਰਾਬਰ ਤੁਰਨ ਲਈ ਕਿਸੇ ਨੌਕਰੀ ਨੂੰ ਹੀ ਪਹਿਲਾਂ ਆਪਣਾ ਆਦਰਸ਼ ਚੁਨਣਾ ਪੈਂਦਾ ਹੈ। ਲੜਕੀ ਨੂੰ ਸਵੈਮਾਣ ਦਾ ਜੀਵਨ ਬਤੀਤ ਕਰਨ ਲਈ ਪੁਰਸ਼ ਵਾਂਗ ਹੀ ਕਿਸੇ ਰੁਜ਼ਗਾਰ ਦੇ ਕਾਬਲ ਹੋਣ ਦੀ ਲੋੜ ਹੈ। ਚੰਗੀ ਨੌਕਰੀ ਨਾਲ ਹੀ ਕਈ ਵਾਰੀ ਚੰਗੇ ਘਰ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਜਵਾਨੀ ਦਾ ਇਹ ਸਮਾਂ ਜਿਹੜਾ ਇੱਕ ਹਨੇਰੀ ਦੀ ਤਰ੍ਹਾਂ ਆਉਂਦਾ ਹੈ ਤੇ ਛੇਤੀ ਬੀਤਦਾ ਲੱਗਦਾ ਹੈ, ਇਸ ਦੇ ਇੱਕ-ਇੱਕ ਪਲ ਨੂੰ ਸਾਂਭ ਕੇ ਰੱਖਣ ਦੀ ਲੋੜ ਹੈ।

ਜਵਾਨੀ ਦਾ ਇਹ ਸਮਾਂ ਇੰਨਾ ਤਿਲਕਵਾਂ ਹੁੰਦਾ ਹੈ ਕਿ ਪਲ-ਪਲ ‘ਤੇ ਇਸਤਰੀ-ਪੁਰਸ਼ ਦਾ ਪੈਰ ਫਿਸਲਦਾ ਹੈ। ਇਸ ਨਾਜ਼ੁਕ ਸਮੇਂ ਵਿੱਚ ਹੀ ਦਿਲ ਦਾ ਕੰਵਲ ਖਿੜ ਉੱਠਦਾ ਹੈ ਤੇ ਪਿਆਰ ਦੀ ਲੀਲਾ ਰਚਾਉਣ ਲਈ ਮਨ ਵਿਆਕੁਲ ਹੈ ਜਾਂਦਾ ਹੈ। ਜੇ ਪਿਆਰ ਦੀ ਇਹ ਲੀਲਾ ਕੇਵਲ ਇੱਕ ਵਿਅਕਤੀ ਤੱਕ ਹੀ ਸੀਮਤ ਹੋਏ ਤੇ ਫੁੱਲ-ਫੁੱਲ ‘ਤੇ ਭੌਰਿਆਂ ਵਾਂਗ ਨਾ ਭਟਕਣਾ ਹੋਵੇ ਤਾਂ ਆਪਣੇ ਭਵਿੱਖ ਦੇ ਸੁਪਨੇ ਨੂੰ ਪਾਉਣ ਲਈ ਇਸ ਪਿਆਰ ਦੇ ਸੋਮੇ ਵਿੱਚੋਂ ਸ਼ਕਤੀ ਮਿਲਦੀ ਹੈ ਤੇ ਜੇ ਉਹ ਭਟਕ ਜਾਵੇ ਤਾਂ ਭਵਿੱਖ ਵਿੱਚ ਨਿਰਾਸ਼ਤਾ ਦੀ ਡੂੰਘੀ ਖਾਈ ਵਿੱਚ ਜਾ ਡਿੱਗਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਵਰਤਮਾਨ ਵਿੱਚ ਪਾਇਆ ਹੋਇਆ ਬੀਜ ਫੁੱਲ ਬਣ ਕੇ ਭਵਿੱਖ ਵਿੱਚ ਖਿੜਦਾ ਹੈ ਤੇ ਸਾਰੇ ਜੀਵਨ ਵਿੱਚ ਖੁਸ਼ਬੋ ਭਰ ਦਿੰਦਾ ਹੈ। ਇਸ ਲਈ ਜਵਾਨੀ ਤੇ ਮਿਹਨਤ ਦੇ ਸਮੇਂ ਨੂੰ ਸਭ ਤੋਂ ਖੂਬਸੂਰਤ ਸਮਾਂ ਮੰਨਿਆ ਗਿਆ ਹੈ।

ਡਾ. ਮਹਿੰਦਰ ਸਿੰਘ ਰੰਧਾਵਾ ਕਿਹਾ ਕਰਦੇ ਸਨ ਕਿ ਉਨ੍ਹਾਂ ਦਾ ਸਭ ਤੋਂ ਵਧੀਆ ਸਮਾਂ ਕੋਈ ਵੱਡਾ ਅਫ਼ਸਰ ਰਹਿਣ ਵੇਲੇ ਦਾ ਨਹੀਂ ਸਗੋਂ ਉਹ ਸਮਾਂ ਹੈ, ਜਦੋਂ ਉਹ ਆਈ. ਸੀ. ਐਸ. ਦੀ ਤਿਆਰੀ ਲਈ ਅੰਬਾਂ ਦੀ ਛਾਂ ਥੱਲੇ ਸਾਰਾ-ਸਾਰਾ ਦਿਨ ਪੜ੍ਹਿਆ ਕਰਦੇ ਸਨ।

ਜਿੰਨਾ ਤੇਜ਼ੀ ਨਾਲ ਵਕਤ ਦਾ ਪਹੀਆ ਬਚਪਨ ਤੇ ਜਵਾਨੀ ਵਿੱਚ ਦੌੜਦਾ ਲੱਗਦਾ ਹੈ, ਉਹ ਬੁਢਾਪੇ ਵਿੱਚ ਆ ਕੇ ਉਸ ਰਫ਼ਤਾਰ ਵਿੱਚ ਦੌੜਦਾ ਹੋਇਆ ਨਹੀਂ ਲੱਗਦਾ। ਇਹ ਉਹ ਸਮਾਂ ਹੁੰਦਾ ਹੈ ਜਦੋਂ ਸਾਨੂੰ ਆਪਣੇ ਆਦਰਸ਼ ਦਾ ਉਘੜਵਾਂ ਤੇ ਸੁਨਹਿਰੀ ਮੀਲ ਪੱਥਰ ਨਜ਼ਰ ਆਉਂਦਾ ਹੈ, ਵਕਤ ਦਾ ਘੋੜਾ ਇੱਥੇ ਵੀ ਖਲੋਂਦਾ ਨਹੀਂ ਪਰ ਇਸ ਅਵਸਥਾ ਤੋਂ ਇਹ ਸੁਣਨ ਲਈ ਉਤਸੁਕ ਹੁੰਦੇ ਹਾਂ ਕਿ ਅਸੀਂ ਆਪਣੀ ਮੰਜਲ ਪਾ ਲਈ ਹੈ ਜਾਂ ਨਹੀਂ? ਜਿਹੜੇ ਸੁਪਨੇ ਅਸੀਂ ਬੀਤੇ ਹੋਏ ਕੱਲ੍ਹ ਵਿੱਚ ਬੀਜੇ ਸਨ, ਉਨ੍ਹਾਂ ਦਾ ਫਲ ਸਾਨੂੰ ਮਿਲ ਗਿਆ ਹੈ ਜਾਂ ਨਹੀਂ? ਕੁੱਝ ਪਲ ਸਾਹ ਲੈ ਕੇ ਅਸੀਂ ਆਪਣੇ ਸੁਪਨਿਆਂ ਦੀ ਅਗਲੀ ਫ਼ਸਲ ਬੀਜਣ ਲਈ ਤਿਆਰ ਹੁੰਦੇ ਹਾਂ।

ਜਵਾਨੀ ਸਮੇਂ ਦਿਨ ਛੋਟੇ ਮਹਿਸੂਸ ਹੁੰਦੇ ਹਨ ਤੇ ਸਾਲ ਵੱਡੇ ਤਾਂ ਬੁਢਾਪੇ ਵਿੱਚ ਆ ਕੇ ਸਾਲ ਛੋਟੇ ਹੋ ਜਾਂਦੇ ਹਨ ਤੇ ਦਿਨ ਵੱਡੇ। ਜੇ ਬੀਤੇ ਕੱਲ੍ਹ ਵਿੱਚ ਮਨੁੱਖ ਨੇ ਸੇਵਾ, ਭਰਾਵਾਲੀ ਤੇ ਮਿਲਵਰਤਣ ਦੀ ਪੂੰਜੀ ਲੋਕਾਂ ਨਾਲ ਵਿਵਹਾਰ ਕਰਦੇ ਹੋਏ ਉਨ੍ਹਾਂ ਦੇ ਦਿਲਾਂ ਵਿੱਚ ਜਮ੍ਹਾਂ ਕਰਾਈ ਹੈ ਤਾਂ ਇਹ ਪਿਆਰ ਮਿਲਵਰਤਣ ਭਵਿੱਖ ਵਿੱਚ ਆ ਕੇ ਅਰਥਾਤ ਬੁਢਾਪੇ ਵਿੱਚ ਸਾਨੂੰ ਦੁੱਗਣਾ ਹੋ ਕੇ ਮਿਲਦਾ ਹੈ। ਫਿਰ ‘ਬੱਚਾ, ਬੁੱਢਾ ਦੋਵੇਂ ਬਰਾਬਰ’ ਦਾ ਵਿਅੰਗ ਸਾਨੂੰ ਸੁਣਨ ਨੂੰ ਨਹੀਂ ਮਿਲੇਗਾ। ਜੇ ਅਸੀਂ ਲੱਖ ਯਤਨ ਕਰਨ ਉੱਤੇ ਚਿਹਰੇ ਉੱਤੇ ਝੁਰੜੀਆਂ ਪੈਣ ਤੋਂ ਨਹੀਂ ਰੋਕ ਸਕਦੇ ਪ੍ਰੰਤੂ ਨਿਸਚੈ ਹੀ ਅਸੀਂ ਦਿਲ ਅਤੇ ਮਨ ਉੱਤੇ ਇਹ ਝੁਰੜੀਆਂ ਪੈਣ ਤੋਂ ਰੋਕ ਸਕਦੇ ਹਾਂ। ਸ਼ੈਕਸਪੀਅਰ ਜਦੋਂ ਬੁਢਾਪੇ ਨੂੰ ਦੂਸਰਾ ਬਚਪਨ ਕਹਿੰਦਾ ਹੈ ਤਾਂ ਉਸ ਤੋਂ ਮੁਰਾਦ ਮਨੁੱਖ ਦੀ ਇਹ ਸੋਚ ਹੀ ਹੋ ਸਕਦੀ ਹੈ ਕਿ ਹੁਣ ਅੰਤ ਨੇੜੇ ਆ ਗਿਆ ਹੈ ਤੇ ਪਿਛਲਾ ਦੂਰ ਰਹਿ ਗਿਆ ਨਜ਼ਰ ਆਉਂਦਾ ਹੈ। ਮਨੁੱਖੀ ਜ਼ਿੰਦਗੀ ਜੀਉਣ ਸਮੇਂ ਸਭ ਤੋਂ ਮੁਸ਼ਕਲ ਕਾਂਡ ਇਹ ਜਾਣਨਾ ਹੀ ਹੁੰਦਾ ਹੈ ਕਿ ਮਨੁੱਖ ਦਾ ਵਕਤ ਦੇ ਬੀਤਣ ਨਾਲ ਵਿਕਾਸ ਕਿਸ ਤਰ੍ਹਾਂ ਸੰਭਵ ਹੈ। ਬੁਢਾਪੇ ਬਾਰੇ ਬੜੀਆਂ ਰੌਚਿਕ ਰਾਵਾਂ ਮਿਲਦੀਆਂ ਹਨ।

ਡਿਜ਼ਰੇਲੀ ਦਾ ਕਥਨ ਹੈ ਕਿ ਜੇ ਜਵਾਨੀ ਗਲਤੀ ਦਾ ਨਾਂ ਹੈ, ਮੱਧ ਉਮਰ ਸੰਘਰਸ਼ ਦਾ ਤੇ ਬੁਢਾਪਾ ਆਪਣੇ ਕੀਤੇ ਕੰਮਾਂ ‘ਤੇ ਅਫ਼ਸੋਸ ਕਰਨ ਦਾ।

ਦੂਜੇ ਪਾਸੇ ਪ੍ਰਸਿੱਧ ਨਿੰਬਧਕਾਰ ਬੇਕਨ ਬੁਢਾਪੇ ਸੰਬੰਧੀ ਕਹਿੰਦਾ ਹੈ ਕਿ ਪੁਰਾਣਾ ਲੱਕੜੀ ਜਲਾਣ ਲਈ, ਪੁਰਾਣੀ ਸ਼ਰਾਬ ਪੀਣ ਲਈ ਤੇ ਬੁਢਾਪੇ ਵਿੱਚ ਪੁਰਾਣੇ ਦੋਸਤ ਵਿਸ਼ਵਾਸ ਕਰਨ ਲਈ ਤੇ ਪੁਰਾਣੇ ਲੇਖਕ ਪੜ੍ਹਨ ਲਈ ਸਭ ਤੋਂ ਵਧੀਆ ਹੁੰਦੇ ਹਨ।

ਸ਼ੋਪਨਰ ਹੋਵਰ ਕਹਿੰਦਾ ਹੈ ਕਿ ਜ਼ਿੰਦਗੀ ਦੇ ਪਹਿਲੇ ਚਾਲੀ ਸਾਲ ਤਾਂ ਅਸੀਂ ਜ਼ਿੰਦਗੀ ਨੂੰ ਪਾਠ ਪੁਸਤਕ ਦੀ ਤਰ੍ਹਾਂ ਪੜ੍ਹਦੇ ਹਾਂ, ਤੇ ਅਗਲੇ ਤੀਹ ਸਾਲ ਉਸ ‘ਤੇ ਵਿਆਖਿਆ ਤੇ ਟੀਕਾ-ਟਿੱਪਣੀ ਕਰਦੇ ਹਾਂ। ਬੀਤੇ ਵਕਤ ਦੀ ਚਾਦਰ ਨਾਲ ਢਕਿਆ ਹੋਇਆ ਸਾਡਾ ਵਿਅਕਤੀਤਵ ਸ਼ੀਸ਼ੇ ਦੀ ਤਰ੍ਹਾਂ ਪ੍ਰਤੱਖ ਹੋ ਕੇ ਸਾਨੂੰ ਨਜ਼ਰ ਆਉਂਦਾ ਹੈ।

ਜ਼ਿੰਦਗੀ ਦੀ ਰਫ਼ਤਾਰ ਇੰਨੀ ਤੇਜ਼ ਹੋ ਗਈ ਹੈ ਕਿ ਹੁਣ ਮਿੰਟਾਂ, ਸਕਿੰਟਾਂ ਦਾ ਵੀ ਬਹੁਤ ਮਹੱਤਵ ਹੋ ਗਿਆ ਹੈ। ਕੁੱਝ ਮਿੰਟਾਂ ਵਿੱਚ ਹੀ ਲੱਖਾਂ ਦੇ ਕਾਰੋਬਾਰ ਹੋ ਜਾਂਦੇ ਹਨ। ਅੱਜ ਦਾ ਮਨੁੱਖ ਇਹ ਸੋਚਦਾ ਹੈ ਕਿ ਕੱਲ੍ਹ ਕਿਸ ਨੇ ਦੇਖਿਆ ਹੈ।

ਕੱਲ੍ਹ-ਕੱਲ੍ਹ ਦੀ ਮੁਹਾਰਨੀ ਤਾਂ ਕੇਵਲ ਸੁਸਤ ਪੁਰਸ਼ ਹੀ ਉਚਾਰਣ ਕਰਦੇ ਹਨ। ਅੱਜ ਦਾ ਮਨੁੱਖ ਵਰਤਮਾਨ ਸਮੇਂ ਦੀ ਕੰਨੀ ਘੁੱਟ ਕੇ ਰੱਖਦਾ ਹੈ ਤੇ ਪਲ-ਪਲ ਦਾ ਹਿਸਾਬ ਰੱਖਦਾ ਹੋਇਆ ਕੱਲ੍ਹ ਨੂੰ ਕਲ੍ਹਾ ਦਾ ਰੂਪ ਮੰਨਦਾ ਹੋਇਆ ਹਰ ਸਮੇਂ ਕੰਮ ਨਿਪਟਾਣ ਲਈ ਤਿਆਰ ਰਹਿੰਦਾ ਹੈ। ਉਸ ਨੂੰ ਸਮੇਂ ਸਿਰ ਕੀਤਾ ਹੋਇਆ ਕੰਮ ਨਿਮਾਜ਼ ਜਾਂ ਬੰਦਗੀ ਵਰਗਾ ਲੱਗਦਾ ਹੈ, ਨਹੀਂ ਤਾਂ ਉਸ ਨੂੰ ਪਤਾ ਹੈ ਕਿ ਜੇ ਉਹ ਕੰਮ ਕੱਲ੍ਹ ‘ਤੇ ਛੱਡੇਗਾ ਤਾਂ ਕੁਵੇਲੇ ਦੀਆਂ ਟੱਕਰਾਂ ਹੀ ਨਸੀਬ ਹੋਣਗੀਆਂ।

ਕੱਲ੍ਹ, ਅੱਜ ਤੇ ਭਲਕ ਦੇ ਅੱਥਰੇ ਘੋੜੇ ਦੀਆਂ ਵਾਗਾਂ ਨੂੰ ਕੱਸ ਕੇ ਫੜਨ ਲਈ ਮਨੁੱਖ ਕੁਦਰਤ ਤੋਂ ਬਹੁਤ ਕੁੱਝ ਸਿੱਖ ਸਕਦਾ ਹੈ। ਕੁਦਰਤ ਦਾ ਕੰਮ ਨਿਯਮਬੱਧ ਅਤੇ ਸਮੇਂਬੱਧ ਹੁੰਦਾ ਹੈ। ਇੱਕ ਮਾਂ ਆਪਣੇ ਬੱਚੇ ਨੂੰ ਨੌਂ ਮਹੀਨੇ ਗਰਭ ਵਿੱਚ ਰੱਖ ਕੇ ਹੀ ਜਨਮ ਦੇ ਸਕਦੀ ਹੈ, ਭਾਵੇਂ ਕੋਈ ਇਸਤਰੀ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਕਿਉਂ ਨਾ ਸੁਸ਼ੋਭਿਤ ਹੋਵੇ, ਉਸ ਨੂੰ ਸਮੇਂ ਦੀ ਮੰਗ ਨੂੰ ਪੂਰਾ ਕਰਨਾ ਹੁੰਦਾ ਹੈ, ਪ੍ਰਾਕ੍ਰਿਤੀ ਦੀ ਹਰ ਜਨਮ ਪ੍ਰੀਕ੍ਰਿਆ ਪੂਰਾ ਸਮਾਂ ਬਿਤਾ ਕੇ ਹੋਂਦ ਵਿੱਚ ਆਉਂਦੀ ਹੈ। ਬ੍ਰਿਛਾਂ ‘ਤੇ ਪੱਤੇ ਨਿਸਚਿਤ ਸਮੇਂ ‘ਤੇ ਹੀ ਪੁੰਗਰਦੇ ਹਨ। ਫੁੱਲਾਂ ‘ਤੇ ਖੇੜਾ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਲਿਆ ਸਕਦੇ, ਸਮੇਂ ਸਿਰ ਹੀ ਬਹਾਰ ਦੀ ਰੁੱਤ ਆਉਂਦੀ ਹੈ ਤੇ ਸਮੇਂ ਨਾਲ ਹੀ ਬ੍ਰਿਛਾਂ ਦੇ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਹਨ। ਮਨੁੱਖ ਵਿਗਿਆਨ ਦੀ ਭਾਵੇਂ ਕਿੰਨੀ ਵੀ ਸਹਾਇਤਾ ਕਿਉਂ ਨਾ ਲੈ ਲਵੇ, ਉਹ ਸਮੇਂ ਤੋਂ ਪਹਿਲਾਂ ਸਿਆਲ ਦੀ ਰੁੱਤ ਨਹੀਂ ਲਿਆ ਸਕਦਾ। ਪ੍ਰਕ੍ਰਿਤੀ ਨੇ ਵਕਤ ਦੇ ਘੋੜੇ ਨੂੰ ਨੱਥ ਪਾ ਕੇ ਰੱਖਿਆ ਹੋਇਆ ਹੈ, ਜਿਸ ਨਾਲ ਸਾਰੇ ਕੰਮ ਨਿਸਚਿਤ ਸਮੇਂ ਅਨੁਸਾਰ ਹੁੰਦੇ ਹਨ।

ਬੀਤਿਆ ਸਮਾਂ ਦੁੱਖਾਂ ਤਕਲੀਫਾਂ ਨੂੰ ਭੁਲਾਉਣ ਲਈ ਮੱਲ੍ਹਮ ‘ਤੇ ਦਵਾ ਦਾ ਕੰਮ ਕਰਦਾ ਹੈ, ਭਾਣਾ ਮਨੁੱਖ ਅਸਲ ਵਿੱਚ ਵਕਤ ਦੇ ਲੰਘਣ ਨਾਲ ਹੀ ਮੰਨਦਾ ਹੈ, ਜਦੋਂ ਆਪਣੇ ਆਲੇ-ਦੁਆਲੇ ਆਪਣੇ ਵਰਗਾ ਦੁਖਾਂਤ ਵੇਖਦਾ ਹੈ। ਜਦੋਂ ਇਹ ਕਿਹਾ ਜਾਂਦਾ ਹੈ ਕਿ ਮਾੜੀ ਘੜੀ ਕਿਸੇ ‘ਤੇ ਨਾ ਆਵੇ, ਇਹ ਮਾੜੀ ਘੜੀ ਵਕਤ ਹੀ ਹੈ, ਮਨੁੱਖ ਨੂੰ ਸੁਚੇਤ ਹੋ ਕੇ ਮਾੜੀ ਘੜੀ ਨੂੰ ਟਾਲਣ ਦਾ ਆਪਣੇ ਵੱਲੋਂ ਸੁਚੇਤ ਯਤਨ ਕਰਨਾ ਚਾਹੀਦਾ ਹੈ।

ਕੁੱਝ ਘੜੀਆਂ ਅਟੱਲ ਹੁੰਦੀਆਂ ਹਨ, ਉਹ ਘੱਟ ਕੇ ਹੀ ਰਹਿੰਦੀਆਂ ਹਨ। ਜਿਸ ਘੜੀ ਅੱਗੇ ਕੋਈ ਚਾਰਾ ਨਹੀਂ, ਉਸ ਨੂੰ ਭੁਲਾਉਣਾ ਹੀ ਚੰਗਾ ਹੁੰਦਾ ਹੈ। ਕਈ ਵਾਰੀ ਕੋਈ ਘੜੀ ਟਲ ਜਾਵੇ ਤਾਂ ਦੁਖਾਂਤ ਹੋਣ ਤੋਂ ਟਲ ਜਾਂਦਾ ਹੈ। ਆਤਮ-ਹੱਤਿਆ ਕਰਨ ਵਾਲੇ ‘ਤੇ ਜਦੋਂ ਨਿਰਾਸ਼ ਸੋਚ ਦੀ ਘੜੀ ਕਿਸੇ ਕਾਰਨ ਟਲ ਜਾਵੇ ਤਾਂ ਉਹ ਆਤਮਘਾਤ ਦੇ ਰਸਤੇ ‘ਤੇ ਜਾਣ ਤੋਂ ਟਲ ਜਾਂਦਾ ਹੈ। ਹੋਣੀ ਇਸ ਨੂੰ ਹੀ ਕਹਿੰਦੇ ਹਨ ਜਦੋਂ ਕੋਈ ਘੜੀ ਦੁਖਾਂਤ ਦਾ ਰੂਪ ਧਾਰਨ ਕਰਕੇ ਆਉਂਦੀ ਹੈ। ਹੀਰੋਸ਼ੀਮਾ ਤੇ ਨਾਗਾਸਾਕੀ ਉੱਤੇ ਜਿਹੜੇ ਐਟਮ ਬੰਬ ਚਲਾਏ ਗਏ ਉਹ ਹੋਣੀ ਬਣ ਕੇ ਆਏ ਤੇ ਲੱਖਾਂ ਲੋਕ ਮਾਰੇ ਗਏ। ਸੈਨਿਕਾਂ ਦਾ ਕਥਨ ਹੈ ਕਿ ਇੱਕ ਯੁੱਗ ਸ਼ਹਿਰ ਆਬਾਦ ਕਰਦਾ ਹੈ ਤੇ ਇੱਕ ਘੰਟਾ ਬਰਬਾਦ ਕਰਦਾ ਹੈ।

ਇਹ ਠੀਕ ਹੈ ਕਿ ਕਿਸੇ ਸ਼ਕਤੀ ਨੇ ਇਹ ਜਗਤ ਬਣਾਇਆ ਹੈ ਪਰ ਵਕਤ ਬਣਾਉਣ ਤੇ ਉਸ ਨੂੰ ਕੋਈ ਨਾਂ ਦੇਣਾ ਮਨੁੱਖੀ ਸੋਚ ਦਾ ਹੀ ਸਿੱਟਾ ਹੈ। ਮਨੁੱਖ ਦੀ ਬੁੱਧੀ ਨੇ ਹੀ ਸਮੇਂ ਦੀ ਕਾਲ-ਵੰਡ ਕੀਤੀ ਹੈ ਤੇ ਇਸ ਨੂੰ ਕਲ੍ਹ, ਅੱਜ ਤੇ ਭਲਕ ਵਿੱਚ ਵੰਡਿਆ ਹੈ। ਫਿਰ ਸਦੀਆਂ ਬਣਾਈਆਂ ਹਨ, ਸਦੀਆਂ ਨੂੰ ਦਹਾਕਿਆਂ ਵਿੱਚ ਵੰਡਿਆ ਹੈ। ਫਿਰ ਦਹਾਕਿਆਂ ਨੂੰ ਸਾਲਾਂ ਵਿੱਚ, ਸਾਲਾਂ ਨੂੰ ਮਹੀਨਿਆਂ ਵਿੱਚ ਅਤੇ ਮਹੀਨਿਆਂ ਨੂੰ ਹਫਤਿਆਂ ਵਿੱਚ ਤੇ ਅੰਤ ਹਫਤਿਆਂ ਨੂੰ ਦਿਨਾਂ ਵਿੱਚ। ਘੰਟਿਆਂ, ਮਿੰਟਾਂ ਅਤੇ ਸਕਿੰਟਾਂ ਵਿੱਚ ਵੰਡ ਕੇ ਮਨੁੱਖ ਲਈ ਸਮੇਂ ਦੇ ਪਾਬੰਦ ਹੋਣ ਲਈ ਘੜੀ ਬਣਾਈ ਹੈ। ਦਿਨ ਰਾਤ ਦਾ ਚੱਕਰ ਕੁਦਰਤ ਦੀ ਦੇਣ ਹੈ, ਇਸ ਨੂੰ 24 ਘੰਟੇ ਵਿੱਚ ਵੰਡਣਾ ਮਨੁੱਖ ਦੀ ਦੇਣ।

ਮਹਾਂ-ਕਵੀ ਕੀਟਸ ਕਹਿੰਦਾ ਹੈ ਕਿ ਅੱਧੀ ਰਾਤ ਦੇ ਸਮੇਂ ਕੱਲ੍ਹ ਜਨਮ ਲੈਂਦਾ ਹੈ। ਪਿਛਲੇ ਸਮੇਂ ਵਿੱਚ ਸੂਰਜ ਦੇ ਚੜ੍ਹਨ, ਉਤਰਨ, ਦਰਖਤਾਂ ਦੀ ਛਾਂ ਦੇ ਅੱਗੇ ਪਿੱਛੇ ਹੋਣ ਕਰਕੇ ਸਮੇਂ ਦਾ ਪਤਾ ਚਲਾਇਆ ਜਾਂਦਾ ਸੀ ਹੁਣ ਮਨੁੱਖ ਨੇ ਇਸ ਨੂੰ ਵਿਭਾਜਤ ਕਰਕੇ ਇਸ ਨੂੰ ਨਵੀਂ ਸ਼ਬਦਾਵਲੀ ਦੇ ਦਿੱਤੀ ਹੈ।

ਅੱਜ ਕੱਲ੍ਹ ਜੀਵਨ ਦੇ ਹਰ ਖੇਤਰ ਵਿੱਚ ਵਕਤ ਨੇ ਆਪਣੀ ਅਹਿਮ ਥਾਂ ਬਣਾ ਲਈ ਹੈ। ਦੇਸ਼ ਦੀ ਸਰਕਾਰ ਸਮੇਂ ਦੀ ਮਿਆਦ ਮੁਤਾਬਿਕ ਹੀ ਚਲਦੀ ਹੈ, ਸਮਾਂ ਪੁੱਗਣ ‘ਤੇ ਫਿਰ ਨਵੀਂ ਸਰਕਾਰ ਜਨਮ ਲੈਂਦੀ ਹੈ। ਖੇਡਾਂ ਵਿੱਚ ਮਿੰਟਾਂ, ਸਕਿੰਟਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ, ਅੱਗੋਂ ਸਕਿੰਟਾਂ ਦੀ ਵੰਡ ਵੀ ਆਧੁਨਿਕ ਘੜੀਆਂ ਨੇ ਕਰ ਦਿੱਤੀ ਹੈ। ਕਈ ਵਾਰ ਦੌੜਾਂ ਵਿੱਚ ਕੁੱਝ ਸਕਿੰਟਾਂ ਦੀ ਦੂਰੀ ਹੀ ਬਹੁਤ ਵੱਡੀ ਦੂਰੀ ਬਣੀ ਰਹਿੰਦੀ ਹੈ। ਅੱਜ ਦਾ ਵਿਗਿਆਨ ਯੁੱਗ ਆਪਣੇ ਹੁਣ ਦੇ ਪਲਾਂ ਨੂੰ ਸਾਭਣ ਦਾ ਸਮਾ ਹੈ। ਵਿਗਿਆਨ ਨੇ ਸਾਰੀ ਦੁਨੀਆਂ ਨੂੰ ਇੱਕ ਪਰਿਵਾਰ ਦੇ ਰੂਪ ਵਿੱਚ ਪੇਸ਼ ਕਰਨ ਦੀ ਸੰਭਾਵਨਾ ਪੈਦਾ ਕਰ ਦਿੱਤੀ ਹੈ। ‘ਵਿਸ਼ਵ ਇੱਕ ਪਿੰਡ’ ਦਾ ਖਿਆਲ ਜ਼ੋਰ ਫੜ ਰਿਹਾ ਹੈ। ਵਕਤ ਦਾ ਘੋੜਾ ਸਰਪਟ ਇੱਕੀਵੀਂ ਸਦੀ ਨੂੰ ਛੁਹਣ ਲਈ ਆਪਣੇ ਕਦਮਾਂ ਨੂੰ ਤੇਜ਼ ਕਰ ਰਿਹਾ ਹੈ। ਅਸੀਂ ਆਪਣੇ ਬੀਤੇ ਕੱਲ੍ਹ ਵਿੱਚੋਂ ਆਪਣੇ ਭਲਕ ਨੂੰ ਸੰਵਾਰਨ ਲਈ ਆਪਣੇ ‘ਅੱਜ’ ਦਾ ਪ੍ਰਯੋਗ ਸਾਰਥਿਕ ਕੰਮਾਂ ਲਈ ਕਰਨਾ ਹੈ।