ਲੇਖ ਰਚਨਾ : ਲਾਲਾ ਲਾਜਪਤ ਰਾਏ
ਲਾਲਾ ਲਾਜਪਤ ਰਾਏ
ਜਾਣ-ਪਛਾਣ : ਲਾਲਾ ਲਾਜਪਤ ਰਾਏ ਉਨ੍ਹਾਂ ਸੱਚੇ ਤੇ ਸੁੱਚੇ ਦੇਸ-ਭਗਤਾਂ ਵਿੱਚੋਂ ਸਨ ਜਿਨ੍ਹਾਂ ਨੇ ਭਾਰਤ ਦੀ ਅਜ਼ਾਦੀ ਦੇ ਘੋਲ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ। ਭਾਰਤ ਦੇ ਅਜ਼ਾਦੀ ਦੇ ਇਤਿਹਾਸ ਵਿਚ ਲਾਲਾ ਲਾਜਪਤ ਰਾਏ ਦਾ ਨਾਂ ਬੜੇ ਮਾਣ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਲਾਲਾ ਜੀ ਇਕ ਸਾਹਸੀ, ਤਿਆਗੀ ਅਤੇ ਬਲਿਦਾਨੀ ਦੇਸ ਭਗਤ ਸਨ।
ਜਨਮ ਅਤੇ ਬਚਪਨ : ਲਾਲਾ ਲਾਜਪਤ ਰਾਏ ਜੀ ਦਾ ਜਨਮ 1865 ਈ. ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਢੁੱਡੀਕੇ ਵਿਖੇ ਹੋਇਆ। ਆਪ ਦੇ ਪਿਤਾ ਜੀ ਦਾ ਨਾਂ ਸ੍ਰੀ ਰਾਧਾ ਕ੍ਰਿਸ਼ਨ ਸੀ। ਆਪ ਜੀ ਦੇ ਪਿਤਾ ਸਰਕਾਰੀ ਅਧਿਆਪਕ ਸਨ। ਆਪ ਜੀ ਦੇ ਮਾਤਾ ਜੀ ਧਾਰਮਕ ਵਿਚਾਰਾਂ ਵਾਲੇ ਅਤੇ ਨੇਕ ਸੁਭਾਅ ਦੇ ਸਨ। ਲਾਲਾ ਲਾਜਪਤ ਰਾਏ ਜੀ ਨੇ ਇਕ ਵਾਰ ਆਖਿਆ ਸੀ, “ਜੋ ਕੁਝ ਵੀ ਮੈਂ ਹਾਂ ਆਪਣੀ ਮਾਤਾ ਕਾਰਨ ਹੀ ਹਾਂ।”
ਵਿੱਦਿਆ ਪ੍ਰਾਪਤੀ : ਲਾਲਾ ਜੀ ਪੜ੍ਹਨ ਵਿਚ ਬਹੁਤ ਲਾਇਕ ਸਨ। ਇਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਹ ਹਰੇਕ ਪ੍ਰੀਖਿਆ ਵਿਚ ਅਵੱਲ ਰਹਿੰਦੇ ਸਨ। ਉਨ੍ਹਾਂ ਨੇ ਆਪਣੇ ਵਿਦਿਆਰਥੀ ਜੀਵਨ ਵਿਚ ਕਈ ਵਜੀਫ਼ੇ ਪ੍ਰਾਪਤ ਕੀਤੇ। ਉਨ੍ਹਾਂ ਨੇ ਮੈਟ੍ਰਿਕ ਪਾਸ ਕਰਕੇ ਮੁਖ਼ਤਾਰੀ ਦੀ ਪ੍ਰੀਖਿਆ ਪਾਸ ਕੀਤੀ। ਇਸ ਤੋਂ ਬਾਅਦ ਆਪ ਨੇ ਵਕਾਲਤ ਦੀ ਪੜ੍ਹਾਈ ਕਰਨੀ ਸ਼ੁਰੂ ਕੀਤੀ। ਆਪ ਨੇ ਵਕਾਲਤ ਦੀ ਪੜ੍ਹਾਈ ਦੀ ਪ੍ਰੀਖਿਆ ਵੀ ਅਵੱਲ ਰਹਿ ਕੇ ਪਾਸ ਕੀਤੀ।
ਵਕਾਲਤ ਸ਼ੁਰੂ ਕਰਨੀ : ਲਾਲਾ ਜੀ ਨੇ ਵਕਾਲਤ ਦੀ ਪੜ੍ਹਾਈ ਕਰਨ ਤੋਂ ਬਾਅਦ ਵਕਾਲਤ ਦੀ ਪ੍ਰੈਕਟਸ ਸ਼ੁਰੂ ਕਰ ਦਿੱਤੀ। ਕੁਝ ਹੀ ਸਮੇਂ ਵਿਚ ਆਪ ਇਕ ਪ੍ਰਸਿੱਧ ਵਕੀਲ ਬਣ ਗਏ। ਵਕਾਲਤ ਦੇ ਪੇਸ਼ੇ ਵਿਚ ਆਪ ਨੇ ਕਾਫੀ ਧਨ ਕਮਾਇਆ। ਆਪ ਇਹ ਸਾਰਾ ਧਨ ਦੇਸ-ਸੇਵਾ ਵਿੱਚ ਲਗਾ ਦਿੰਦੇ ਸਨ, ਕਿਉਂਕਿ ਦੇਸ ਨੂੰ ਅਜ਼ਾਦ ਕਰਾਉਣ ਦੀ ਸਧਰ ਉਨ੍ਹਾਂ ਦੇ ਮਨ ਵਿੱਚ ਸਮਾਈ ਹੋਈ ਸੀ।
ਵਿਆਹ : ਲਾਲਾ ਲਾਜਪਤ ਰਾਏ ਦੇ ਚਾਰ ਭਰਾ ਅਤੇ ਇੱਕ ਭੈਣ ਸੀ। ਉਨ੍ਹਾਂ ਦਾ ਵਿਆਹ ਮਿਡਲ ਪ੍ਰੀਖਿਆ ਪਾਸ ਕਰਨ ਤੋਂ ਪਹਿਲਾਂ ਹੀ 13 ਸਾਲ ਦੀ ਛੋਟੀ ਉਮਰ ਵਿੱਚ ਹੋ ਗਿਆ। ਉਨ੍ਹਾਂ ਦੀ ਪਤਨੀ ਰਾਧਾ ਦੇਵੀ ਹਿਸਾਰ ਦੇ ਇਕ ਰੱਜੇ-ਪੁੱਜੇ ਅਗਰਵਾਲ ਪਰਿਵਾਰ ਦੀ ਲੜਕੀ ਸੀ।
ਆਰੀਆ ਸਮਾਜੀ ਸੰਸਥਾਵਾਂ ਵਿੱਚ ਯੋਗਦਾਨ : ਲਾਲਾ ਜੀ ਦੇ ਪਿਤਾ ਮਹਾਨ ਆਰੀਆ ਸਮਾਜੀ ਸਨ। ਆਪ ‘ਤੇ ਆਪਣੇ ਪਿਤਾ ਦਾ ਕਾਫ਼ੀ ਅਸਰ ਸੀ। ਇਸ ਲਈ ਆਪ ਦਾ ਰੁਝਾਨ ਵੀ ਆਰੀਆ ਸਮਾਜੀ ਸੰਸਥਾਵਾਂ ਵੱਲ ਹੋਣ ਲੱਗਾ। ਇਕ ਵਾਰ ਲਾਹੌਰ ਵਿਖੇ ਆਰੀਆ ਸਮਾਜ ਦੇ ਸਲਾਨਾ ਉਤਸਵ ਤੇ ਆਪਣਾ ਵਧੇਰੇ ਸਮਾਂ ਆਰੀਆ ਸਮਾਜ ਵਿਦਿਅਕ ਸੰਸਥਾਵਾਂ ਅਤੇ ਦੇਸ ਦੀ ਸੇਵਾ ਵਿੱਚ ਲਗਾਉਣ ਦਾ ਐਲਾਨ ਕੀਤਾ। ਡੀ.ਏ.ਵੀ. ਕਾਲਜ ਲਾਹੌਰ ਵਿੱਚ ਉਨ੍ਹਾਂ ਨੇ ਤਿੰਨ ਮਹੀਨੇ ਤੱਕ ਅਧਿਆਪਕ ਦੇ ਰੂਪ ਵਿੱਚ ਕੰਮ ਕੀਤਾ। ਉਹ ਆਪਣੀ ਆਮਦਨ ਦਾ ਜ਼ਿਆਦਾਤਰ ਹਿੱਸਾ ਆਰੀਆ ਸਮਾਜ ਅਤੇ ਡੀ.ਏ.ਵੀ. ਕਾਲਜ ਨੂੰ ਦਾਨ ਦੇ ਦਿੰਦੇ ਸਨ।
ਰਾਜਸੀ ਜੀਵਨ : 1907 ਈ. ਵਿੱਚ ਕਾਂਗਰਸ ਦੇ ਦੋ ਦਲ ਬਣ ਗਏ—ਗਰਮ ਦਲ ਅਤੇ ਨਰਮ ਦਲ। ਨਰਮ ਦਲ ਮਹਾਤਮਾ ਗਾਂਧੀ ਜੀ ਦਾ ਅਨੁਆਈ ਸੀ। ਇਸ ਦਲ ਦਾ ਵਿਚਾਰ ਸੀ ਕਿ ਸ਼ਾਂਤਮਈ ਢੰਗ ਨਾਲ ਅੰਗਰੇਜ਼ਾਂ ਤੋਂ ਅਜ਼ਾਦੀ ਪ੍ਰਾਪਤ ਕੀਤੀ ਜਾਵੇ। ਮਹਾਤਮਾ ਗਾਂਧੀ ਇਸ ਦਲ ਦੇ ਨੇਤਾ ਸਨ। ਗਰਮ ਦਲ ਦਾ ਵਿਚਾਰ ਸੀ ਕਿ ਅੰਗਰੇਜ਼ ਉਸ ਧਾਤ ਦੇ ਬਣੇ ਹੋਏ ਨਹੀਂ ਜੋ ਚੁੱਪ-ਚਾਪ ਰਾਜ ਦੇ ਦੇਣਗੇ, ਇਸ ਲਈ ਅਜ਼ਾਦੀ ਭੀਖ ਮੰਗਣ ਨਾਲ ਨਹੀਂ ਮਿਲੇਗੀ ਬਲਕਿ ਇਸ ਦੇ ਲਈ ਕੁਝ ਕਰਨਾ ਹੋਵੇਗਾ। ਇਹ ਦਲ 1907 ਈ. ਵਿੱਚ ਮੈਦਾਨ ਵਿੱਚ ਆਇਆ। ਇਸ ਦਲ ਦੇ ਮੁੱਖ ਰੂਪ ਵਿੱਚ ਤਿੰਨ ਨੇਤਾ ਸਨ – ਬਾਲ, ਪਾਲ ਅਤੇ ਲਾਲ | ਬਾਲ ਤੋਂ ਬਾਲ ਗੰਗਾਧਰ ਤਿਲਕ, ਪਾਲ ਤੋਂ ਭਾਵ ਵਿਪਨ ਚੰਦਰ ਪਾਲ ਅਤੇ ਲਾਲ ਭਾਵ ਤੋਂ ਲਾਲਾ ਲਾਜਪਤ ਰਾਏ ਸੀ।
ਇਕ ਬੁਲੰਦ ਅਵਾਜ਼ ਦੇ ਮਾਲਕ : ਲਾਲਾ ਜੀ ਇਕ ਨਿਧੜਕ, ਸਾਹਸੀ, ਬਹਾਦਰ ਨੇਤਾ ਸਨ। ਆਪ ਇਕ ਬੁਲੰਦ ਅਵਾਜ਼ ਦੇ ਮਾਲਕ ਸਨ। ਆਪ ਲੱਖਾਂ ਲੋਕਾਂ ਵਿੱਚ ਬਗੈਰ ਕਿਸੇ ਮਾਈਕ੍ਰੋਫ਼ੋਨ ਦੇ ਬੋਲਦੇ ਸਨ। ਉਨ੍ਹਾਂ ਦੀ ਅਵਾਜ਼ ਐਨੀ ਉੱਚੀ ਸੀ ਕਿ ਬਗੈਰ ਕਿਸੇ ਸਪੀਕਰ ਦੇ ਪੰਡਾਲ ਦੇ ਦੂਸਰੇ ਕੋਨ ਤੱਕ ਪਹੁੰਚ ਜਾਂਦੀ ਸੀ। ਉਨ੍ਹਾਂ ਦੇ ਭਾਸ਼ਨ ਵਿੱਚ ਐਨਾ ਜੋਸ਼ ਹੁੰਦਾ ਸੀ ਕਿ ਲੋਕ ਉਨ੍ਹਾਂ ਦੇ ਵਿਚਾਰ ਬੜੇ ਧਿਆਨ ਪੂਰਵਕ ਸੁਣਦੇ ਸਨ।
ਸਾਈਮਨ ਕਮਿਸ਼ਨ ਦਾ ਵਿਰੋਧ : ਅੰਗਰੇਜ਼ਾਂ ਨੇ ਭਾਰਤੀਆਂ ਨੂੰ ਕੁਝ ਅਧਿਕਾਰ ਦੇਣ ਲਈ ਨਵੰਬਰ 1928 ਈ. ਵਿੱਚ ਸਾਈਮਨ-ਕਮਿਸ਼ਨ ਭਾਰਤ ਭੇਜਿਆ। ਇਸ ਕਮਿਸ਼ਨ ਦੇ ਸਾਰੇ ਮੈਂਬਰ ਅੰਗਰੇਜ਼ ਸਨ। ਇਸ ਲਈ ਜਿੱਥੇ-ਜਿੱਥੇ ਇਹ ਕਮਿਸ਼ਨ ਗਿਆ, ਭਾਰਤੀਆਂ ਨੇ ਇਸ ਦਾ ਵਿਰੋਧ ਕੀਤਾ। ਜਦੋਂ ਇਹ ਲਾਹੌਰ ਪੁੱਜਾ ਤਾਂ ਲੋਕਾਂ ਨੇ ਕਾਲੀਆਂ ਝੰਡੀਆਂ ਨਾਲ ਇਸ ਦਾ ਵਿਰੋਧ ਕੀਤਾ ਅਤੇ ‘ਸਾਈਮਨ ਕਮਿਸ਼ਨ ਗੋ ਬੈਕ’ ਦੇ ਨਾਅਰੇ ਲਗਾਏ। ਇਸ ਜਲੂਸ ਦੀ ਅਗਵਾਈ ਲਾਲਾ ਲਾਜਪਤ ਰਾਏ ਨੇ ਕੀਤੀ। ਪੁਲਿਸ ਨੇ ਜਲੂਸ ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ। ਲਾਲਾ ਜੀ ਨੂੰ ਬਹੁਤ ਸੱਟਾਂ ਲੱਗੀਆਂ। ਉਸੇ ਦਿਨ ਸ਼ਾਮ ਨੂੰ ਇਕ ਜਲਸੇ ਵਿੱਚ ਆਪ ਜੀ ਨੇ ਆਖਿਆ ਸੀ, “ਮੇਰੀ ਛਾਤੀ ਤੇ ਲੱਗੀ ਇਕ-ਇਕ ਲਾਠੀ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦੇ ਕਫ਼ਨ ਵਿੱਚ ਕਿੱਲ ਦਾ ਕੰਮ ਕਰੇਗੀ।”
ਅਕਾਲ ਚਲਾਣਾ : ਲਾਲਾ ਜੀ ਲਈ ਉਹ ਜ਼ਖਮ ਬਹੁਤ ਮਾਰੂ ਸਿੱਧ ਹੋਏ। ਉਹ ਇਨ੍ਹਾਂ ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ 17 ਨਵੰਬਰ, 1928 ਈ. ਨੂੰ ਚਲਾਣਾ ਕਰ ਗਏ। ਲਾਲਾ ਜੀ ਦੀ ਮੌਤ ਨਾਲ ਅਜ਼ਾਦੀ ਸੰਗਰਾਮ ਲਈ ਘੋਲ ਹੋਰ ਭੱਖ ਗਿਆ।
ਸਾਰ ਅੰਸ਼ : ਇਸ ਤਰ੍ਹਾਂ ਲਾਲਾ ਲਾਜਪਤ ਰਾਏ ਨੇ ਆਪਣਾ ਜੀਵਨ ਦੇਸ਼ ਦੇ ਲੇਖੇ ਲਾ ਦਿੱਤਾ। ਅੰਗਰੇਜ਼ ਸਰਕਾਰ ਵੀ ਇਨ੍ਹਾਂ ਦੀ ਨਿਡਰਤਾ, ਦਲੇਰੀ ਅਤੇ ਸੱਚੀ ਦੇਸ-ਭਗਤੀ ਵੇਖ ਕੇ ਹੈਰਾਨ ਹੁੰਦੀ ਸੀ। ਆਪ ਦੇ ਬਲਿਦਾਨ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ।