ਲੇਖ ਰਚਨਾ : ਅਸੁਰੱਖਿਅਤ ਇਸਤਰੀ


ਅਸੁਰੱਖਿਅਤ ਇਸਤਰੀ


ਇਸਤਰੀ ਦਾ ਰੁਤਬਾ : ਕੁਦਰਤ ਵੱਲੋਂ ਸਾਜੀ ਹੋਈ ਸ੍ਰਿਸ਼ਟੀ ਵਿੱਚ ਇਸਤਰੀ ਦਾ ਰੁਤਬਾ ਮਹਾਨ ਹੈ ਕਿਉਂਕਿ ਉਹ ਪਿਆਰ, ਸੁੰਦਰਤਾ, ਕੋਮਲਤਾ, ਮਮਤਾ, ਤਿਆਗ ਤੇ ਸ਼ਕਤੀ ਦਾ ਮੁਜੱਸਮਾ ਜੁ ਹੈ। ਉਹ ਦੇਸ਼ ਅਤੇ ਸੰਸਾਰ ਦੀ ਜਨਨੀ ਹੈ। ਮਰਦ-ਪ੍ਰਧਾਨ ਸਮਾਜ ਵਿੱਚ ਕਈ ਵਾਰ ਉਸ ਨੂੰ ਤ੍ਰਿਸਕਾਰ ਭਰੀਆਂ ਨਜ਼ਰਾਂ ਨਾਲ ਵੀ ਵੇਖਿਆ ਜਾਂਦਾ ਰਿਹਾ ਤੇ ਉਸ ਨੂੰ ਘਰ ਦੀ ਚਾਰਦੀਵਾਰੀ ਵਿੱਚ ਵੀ ਕੈਦ ਰਹਿਣ ਲਈ ਮਜਬੂਰ ਕੀਤਾ ਗਿਆ।

ਸਰਕਾਰੀ ਸਰਪ੍ਰਸਤੀ ਤੇ ਇਸਤਰੀ ਦੀਆਂ ਪ੍ਰਾਪਤੀਆਂ : ਜਦੋਂ ਤੋਂ ਦੇਸ਼ ਅਜ਼ਾਦ ਹੋਇਆ ਹੈ, ਉਦੋਂ ਤੋਂ ਹੀ ਇਸਤਰੀ ਦੀ ਸਥਿਤੀ ਸੁਧਾਰਨ ਤੇ ਉਸ ਦੀ ਪੂਰਨ ਸੁਤੰਤਰਤਾ ਲਈ ਸਮੇਂ-ਸਮੇਂ ‘ਤੇ ਸਰਕਾਰਾਂ ਵੱਲੋਂ ਅਨੇਕਾਂ ਹੀ ਉਪਰਾਲੇ ਕੀਤੇ ਜਾ ਰਹੇ ਹਨ। ਸੰਵਿਧਾਨਕ ਤੌਰ ‘ਤੇ ਉਸ ਨੂੰ ਅਨੇਕਾਂ ਹੱਕ ਵੀ ਦਿੱਤੇ ਗਏ ਹਨ। ਉਹ ਵੀ ਆਪਣੀ ਮਿਹਨਤ, ਲਗਨ ਤੇ ਵਿਸ਼ਵਾਸ ਸਦਕਾ ਹਰ ਖੇਤਰ ਵਿੱਚ ਮੰਜ਼ਲਾਂ ਸਰ ਕਰ ਰਹੀ ਹੈ। ਉਸ ਨੇ ਅਨੇਕਾਂ ਹੀ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ ਤੇ ਕਰ ਰਹੀ ਹੈ। ਅੱਜ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿੱਥੇ ਔਰਤ ਨੇ ਜਿੱਤ ਦਾ ਝੰਡਾ ਨਾ ਗੱਡਿਆ ਹੋਵੇ। ਇਹ ਵੀ ਜੱਗ ਜ਼ਾਹਰ ਹੋ ਗਿਆ ਹੈ ਕਿ ਅੱਜ ਕੁੜੀਆਂ ਮੁੰਡਿਆਂ ਨਾਲੋਂ ਹਰ ਖੇਤਰ ਵਿੱਚ ਮੋਹਰੀ ਹਨ। ਦੇਸ਼ ‘ਤੇ ਉਨ੍ਹਾਂ ਨੂੰ ਸੱਚਮੁੱਚ ਮਾਣ ਹੈ। ਇਹ ਸਪੱਸ਼ਟ ਹੈ ਕਿ ਸੰਵਿਧਾਨਕ ਤੌਰ ‘ਤੇ ਇਸਤਰੀ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਮਿਲ ਰਹੇ ਹਨ ਤੇ ਉਹ ਵੀ ਆਪਣੇ ਫ਼ਰਜ਼ਾਂ ਨੂੰ ਬਾਖੂਬੀ ਨਿਭਾ ਰਹੀ ਹੈ।

ਸਮਾਜ ਵਿੱਚ ਹੋ ਰਹੀ ਇਸਤਰੀ ਦੀ ਬੇਪਤੀ : ਇਹ ਵੀ ਇੱਕ ਅਟੱਲ ਸਚਾਈ ਹੈ ਕਿ ਜਿੱਥੇ ਔਰਤ, ਔਰਤ ਹੋਣ ਦਾ ਫ਼ਰਜ਼ ਨਿਭਾ ਰਹੀ ਹੈ, ਉੱਥੇ ਨਾਲ ਹੀ ਉਹ ਔਰਤ ਹੋਣ ਦਾ ਵੀ ਸੰਤਾਪ ਹੰਢਾਅ ਰਹੀ ਹੈ। ਸਮਾਜ ਵਿੱਚ ਵਿੱਚਰਦਿਆਂ, ਇਥੋਂ ਤੱਕ ਕਿ ਘਰ-ਪਰਿਵਾਰ ਵਿੱਚ ਵੀ ਉਸ ਦੀ ਇੱਜ਼ਤ-ਪਤ ਨੂੰ ਹਰ ਵੇਲੇ ਖ਼ਤਰਾ ਹੀ ਬਣਿਆ ਰਹਿੰਦਾ ਹੈ।ਉਸ ਨੂੰ ਹਰ ਵੇਲੇ ਮਰਦਾਂ ਦੀਆਂ ਕਾਮਵਾਸ਼ਨਾਵਾਂ ਨਾਲ ਭਰਪੂਰ ਵਹਿਸ਼ੀਆਨਾ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਕੁਝ ਅਜਿਹੇ ਅਕਲ ਦੇ ਅੰਨ੍ਹਿਆਂ ਨੇ ਔਰਤ ਨੂੰ ਕੇਵਲ ਕਾਮ-ਪੂਰਤੀ ਦਾ ਸਾਧਨ ਹੀ ਸਮਝਿਆ ਹੋਇਆ ਹੈ। ਸਮਾਜ ਵਿੱਚ ਉਸ ਦੀ ਇੱਜ਼ਤ ਦੇ ਲੁਟੇਰੇ ਹਰ ਥਾਂ, ਹਰ ਗਲੀ-ਮੁਹੱਲੇ, ਸਕੂਲ, ਕਾਲਜ, ਦਫ਼ਤਰ, ਬਜ਼ਾਰ ਇੱਥੋਂ ਤੱਕ ਧਾਰਮਕ ਅਸਥਾਨਾਂ ‘ਤੇ ਵੀ ਸ਼ਰੇਆਮ ਫਿਰਦੇ ਹਨ ਜਦੋਂ ਕਿ ਉਸ ਦੀ ਆਬਰੂ ਦਾ ਰਖਵਾਲਾ ਕਿਤੇ ਵੀ, ਕੋਈ ਵੀ ਨਹੀਂ ਜਾਪਦਾ। ਅਕਸਰ ਉਹ ਇਨ੍ਹਾਂ ਪ੍ਰਸਥਿਤੀਆਂ ਸਾਹਮਣੇ ਹਾਰ ਜਾਂਦੀ ਹੈ ਕਿਉਂਕਿ ਸਰੀਰਕ ਤੌਰ ‘ਤੇ ਉਹ ਮਰਦਾਂ ਨਾਲੋਂ ਘੱਟ ਤਾਕਤਵਰ ਹੁੰਦੀ ਹੈ। ਸਦੀਆਂ ਤੋਂ ਔਰਤ ਦੀ ਇਹੋ ਕਹਾਣੀ ਹੈ। ਹਮੇਸ਼ਾ ਤੋਂ ਹੀ ਔਰਤ ਨੂੰ ‘ਚੰਮ ਦੀ ਗੁੱਡੀ’ ਸਮਝ ਕੇ ਉਸ ਦੀ ਇੱਜ਼ਤ ਰੋਲੀ ਜਾਂਦੀ ਰਹੀ ਹੈ।

ਮੀਡੀਆ ਦਾ ਯੋਗਦਾਨ : ਅੱਜ ਮੀਡੀਆ ਰਾਹੀਂ ਹਰ ਖ਼ਬਰ ਦਾ ਤੇਜ਼ੀ ਨਾਲ ਪ੍ਚਾਰ ਤੇ ਪ੍ਰਸਾਰ ਹੋ ਰਿਹਾ ਹੈ। ਇਸ ਲਈ ਅੱਜ ਹਰ ਅਖ਼ਬਾਰ, ਟੀ.ਵੀ. ਚੈਨਲ ਆਦਿ ‘ਤੇ ਇਸਤਰੀ ਦੀ ਬੇਪਤੀ ਦੀਆਂ ਖ਼ਬਰਾਂ ਨਸ਼ਰ ਹੁੰਦੀਆਂ ਰਹਿੰਦੀਆਂ ਹਨ। ਇਹ ਵੀ ਹੋ ਸਕਦਾ ਹੈ ਕਿ ਇਹੋ ਜਿਹੇ ਘਟੀਆ ਕਾਰਨਾਮੇ ਵੱਡੀ ਪੱਧਰ ‘ਤੇ ਵਾਪਰਦੇ ਹੋਣ ਪਰ ਕਈ ਵਾਰ ਕੁਝ ਲੋਕ ਚੁੱਪ ਰਹਿਣ ਵਿੱਚ ਹੀ ਭਲਾ ਸਮਝਦੇ ਹਨ ਤੇ ਇਸਤਰੀ ਅੰਦਰ ਹੀ ਅੰਦਰ ਆਪਣੀ ਬੇਗੁਨਾਹੀ ਦੀ ਸਜ਼ਾ ਭੁਗਤਦੀ ਰਹਿੰਦੀ ਹੈ।

ਇਸਤਰੀ ਦੀ ਬੇਪਤੀ ਦੇ ਕਾਰਨ : ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖ਼ਰ ਇਸਤਰੀ ਦੀ ਬੇਪਤੀ ਕਿਉਂ ਹੁੰਦੀ ਹੈ। ਗ਼ੌਰ ਨਾਲ ਝਾਤੀ ਮਾਰਿਆਂ ਕੁਝ ਕਾਰਨ ਸਾਹਮਣੇ ਆਉਂਦੇ ਹਨ ਜੋ ਇਸ ਪ੍ਰਕਾਰ ਹਨ :

ਮਰਦਾਂ ਦੀ ਘਟੀਆ ਸੋਚ ਤੇ ਕਾਮੁਕ ਨਜ਼ਰੀਆ : ਔਰਤ ‘ਤੇ ਹੁੰਦੇ ਜਿਸਮਾਨੀ ਹਮਲਿਆਂ ਦਾ ਮੂਲ ਕਾਰਨ ਹੈ ਮਰਦਾਂ ਦੀ ਨਿਹਾਇਤ ਹੀ ਘਟੀਆ ਸੋਚ, ਜੋ ਕੇਵਲ ਕਾਮਵਾਸ਼ਨਾ ਨਾਲ ਭਰੀ ਹੋਈ ਹੁੰਦੀ ਹੈ। ਉਹ ਔਰਤ ਨੂੰ ਕੇਵਲ ਕਾਮ ਪੂਰਤੀ ਤੇ ਮਨਪ੍ਰਚਾਵੇ ਦਾ ਹੀ ਸਾਧਨ ਸਮਝਦੇ ਹਨ। ਕਾਮਵਾਸ਼ਨਾ ਵਿੱਚ ਅੰਨ੍ਹੇ ਹੋਏ ਉਹ ਨਾ ਤਾਂ ਆਪਣਾ ਰੁਤਬਾ ਵੇਖਦੇ ਹਨ, ਨਾ ਹੀ ਰਿਸ਼ਤਿਆਂ ਦੀ ਪਵਿੱਤਰਤਾ ਤੇ ਨਾ ਹੀ ਔਰਤ ਦਾ ਭਵਿੱਖ। ਉਨ੍ਹਾਂ ’ਤੇ ਵਿਸ਼ੇ-ਵਿਕਾਰਾਂ ਦਾ ਮੋਟਾ ਪਰਦਾ ਪਿਆ ਹੁੰਦਾ ਹੈ। ਇਸੇ ਲਈ ਅੱਜ ਉੱਚੀਆਂ ਤੇ ਮਾਣਯੋਗ ਪਦਵੀਆਂ ‘ਤੇ ਬੈਠੇ ਹੋਏ ਮਰਦ ਵੀ ਔਰਤ ਨੂੰ ਇਸੇ ਦ੍ਰਿਸ਼ਟੀ ਨਾਲ ਵੇਖਦੇ ਹਨ। ਉਸ ਨੂੰ ਬੇਆਬਰੂ ਕਰ ਕੇ ਸੰਤਾਪ ਭੋਗਣ ਲਈ ਮਜਬੂਰ ਕਰ ਦਿੰਦੇ ਹਨ।

ਨਸ਼ਾ : ਅਗਲਾ ਮੂਲ ਕਾਰਨ ਹੈ ਨਸ਼ਾ। ਨਸ਼ੇ ਵਿੱਚ ਗਲਤਾਨ ਵਿਅਕਤੀ ਕਿਸੇ ਵੀ ਔਰਤ ਦੀ ਇੱਜ਼ਤ ਲਈ ਖ਼ਤਰਾ ਬਣਿਆ ਰਹਿੰਦਾ ਹੈ। ਨਸ਼ਈ ਵਿਅਕਤੀ ਕੋਈ ਵੀ ਭਲਾ-ਬੁਰਾ ਸੋਚਣ-ਸਮਝਣ ਤੋਂ ਅਸਮਰੱਥ ਹੋ ਜਾਂਦਾ ਹੈ। ਉਸ ‘ਤੇ ਜੇਕਰ ਵਿਕਾਰ ਹਾਵੀ ਹੋ ਜਾਣ ਤਾਂ ਵੀ ਇਸਤਰੀ ਦੀ ਆਬਰੂ ਰੁਲ ਜਾਂਦੀ ਹੈ।

ਮਾੜੀ ਸੰਗਤ : ਕੁਝ ਮਰਦਾਂ ਦੀ ਸੰਗਤ ਹੀ ਇਹੋ ਜਿਹੀ ਹੁੰਦੀ ਹੈ ਜੋ ਮਾੜੇ ਵਿਚਾਰਾਂ ਵਾਲੀ ਹੁੰਦੀ ਹੈ। ਇੱਕ-ਦੂਜੇ ਦੀ ਉਕਸਾਹਟ ‘ਤੇ ਜਾਂ ਸਾਂਝੇ ਤੌਰ ‘ਤੇ ਔਰਤ ‘ਤੇ ਹਮਲਾ ਕਰਨਾ ਉਨ੍ਹਾਂ ਦਾ ਇੱਕ ਨਿਸ਼ਾਨਾ ਹੁੰਦਾ ਹੈ ਤੇ ਵਹਿਸ਼ੀਆਂ ਦੇ ਝੁੰਡ ਵਿੱਚ ਔਰਤ ਦੀ ਸੁਰੱਖਿਆ ਯਕੀਨਨ ਹੀ ਖ਼ਤਰੇ ਵਿੱਚ ਹੁੰਦੀ ਹੈ।

ਟੀ.ਵੀ. ਤੇ ਸੋਸ਼ਲ ਮੀਡੀਆ ਦਾ ਪ੍ਰਭਾਵ : ਟੀ.ਵੀ. ਚੈਨਲਾਂ ‘ਤੇ ਫ਼ਿਲਮਾਂ ਤੇ ਗੀਤਾਂ ਆਦਿ ਵਿੱਚ ਪਰੋਸੀ ਜਾ ਰਹੀ ਅਸ਼ਲੀਲ ਤੇ ਲੱਚਰ ਸਮੱਗਰੀ, ਅਰਧ-ਨਗਨ ਜਿਸਮਾਂ ਦੀ ਨੁਮਾਇਸ਼, ਕਾਮੁਕ ਅਦਾਵਾਂ, ਦੋ ਅਰਥੀ ਸ਼ਬਦਾਵਲੀ ਆਦਿ ਦਾ ਮਾੜਾ ਅਸਰ ਨੌਜਵਾਨਾਂ ‘ਤੇ ਪੈ ਜਾਂਦਾ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਹੱਦਾਂ-ਬੰਨੇ ਟੱਪੀ ਹੋਈ ਅਸ਼ਲੀਲਤਾ ਨੇ ਸਮੁੱਚਾ ਵਾਤਾਵਰਨ ਹੀ ਗੰਧਲਾ ਕਰ ਦਿੱਤਾ ਹੈ। ਭੜਕੀਲੀ ਨਕਲੀ ਸਮੱਗਰੀ ਨੇ ਅਸਲ ਜ਼ਿੰਦਗੀ ਵਿੱਚ ਔਰਤ ਦੀ ਇੱਜ਼ਤ ਨੂੰ ਤਾਰ-ਤਾਰ ਕਰ ਦਿੱਤਾ ਹੈ।

ਐਸ਼ਪ੍ਰਸਤ ਰੁਚੀਆਂ : ਪ੍ਰਾਚੀਨ ਸਮੇਂ ਤੋਂ ਹੀ ਰਾਜਿਆਂ-ਮਹਾਰਾਜਿਆਂ, ਜਗੀਰਦਾਰਾਂ ਤੇ ਧਨਾਢ ਵਿਅਕਤੀਆਂ ਦੀਆਂ ਰੁਚੀਆਂ ਐਸ਼ਤ ਜ਼ਿੰਦਗੀ ਜਿਊਣ ਵਾਲੀਆਂ ਹਨ। ਉਹ ਆਪਣੇ ਮਨੋਰੰਜਨ ਲਈ ਪੈਸੇ ਤੇ ਰੁਤਬੇ ਦੀ ਧੌਂਸ ਨਾਲ ਗ਼ਰੀਬ ਤੇ ਮਜਬੂਰ ਇਸਤਰੀਆਂ ਦਾ ਸ਼ੋਸ਼ਣ ਕਰਦੇ ਹਨ।

ਇਸਤਰੀਆਂ ਦਾ ਕਸੂਰਵਾਰ ਹੋਣਾ : ਹਾਂ, ਇਹ ਗੱਲ ਵੀ ਠੀਕ ਹੈ ਕਿ ਇਸਤਰੀਆਂ ਦੀ ਬੇਪਤੀ ਵਿੱਚ ਮਰਦਾਂ ਦੀ ਕਾਮੁਕ ਤੇ ਵਹਿਸ਼ੀਆਨਾ ਸੋਚ ਵਧੇਰੇ ਜ਼ਿੰਮੇਵਾਰ ਹੈ ਪਰ ਕਿਤੇ ਨਾ ਕਿਤੇ ਔਰਤ ਖ਼ੁਦ ਵੀ ਆਪਣੇ ਇਖ਼ਲਾਕ ਤੋਂ ਭੱਜ ਜਾਂਦੀ ਹੈ। ਅਜ਼ਾਦ ਫ਼ਿਜ਼ਾ ਦੇ ਖੁੱਲ੍ਹੇ ਵਾਤਾਵਰਨ ਵਿੱਚ ਉਹ ਬੇਲਗਾਮ ਵੀ ਹੋ ਰਹੀ ਹੈ। ਟੀ.ਵੀ. ਦਾ ਮਾੜਾ ਪ੍ਰਭਾਵ, ਫ਼ੈਸ਼ਨਪ੍ਰਸਤੀ ਦੀ ਆੜ ਵਿੱਚ ਪਹਿਰਾਵੇ ਵਿੱਚ ਭੜਕੀਲਾਪਣ, ਕਲੱਬਾਂ ਆਦਿ ਦਾ ਕਲਚਰ ਅਪਣਾਉਣਾ, ਦੇਰ ਰਾਤ ਤੱਕ ਅਜਨਬੀਆਂ ਦੀ ਸੰਗਤ, ਸੋਸ਼ਲ ਮੀਡੀਆ ਰਾਹੀਂ ਆਪਣਾ ਨੁਕਸਾਨ ਆਪ ਹੀ ਕਰ ਲੈਣ ਵਿੱਚ ਉਹ ਖ਼ੁਦ ਵੀ ਜ਼ਿੰਮੇਵਾਰ ਹੈ, ਜਿਸ ਨਾਲ ਸਮੁੱਚੀ ਇਸਤਰੀ ਜਾਤੀ ਨੂੰ ਵੀ ਸ਼ਰਮਸਾਰ ਹੋਣਾ ਪੈਂਦਾ ਹੈ। ਟੀ.ਵੀ. ਲੜੀਵਾਰ, ਫਿਲਮਾਂ, ਰਿਐਲਟੀ ਸ਼ੋਅ, ਇਸ਼ਤਿਹਾਰਬਾਜ਼ੀ ਆਦਿ ਵਿੱਚ ਔਰਤ ਦੀ ਗ਼ੈਰ-ਜ਼ਰੂਰੀ ਤੇ ਭੜਕੀਲੀਆਂ ਅਦਾਵਾਂ ਵਾਲੀ ਹਾਜ਼ਰੀ ਨੇ ਔਰਤ ਨੂੰ ‘ਵਸਤੂ’ ਬਣਾ ਦਿੱਤਾ ਹੈ। ਇਸ ਪ੍ਰਕਾਰ ਔਰਤ ਹੀ ਔਰਤ ਦੀ ਬੇਪਤੀ ਲਈ ਜ਼ਿੰਮੇਵਾਰ ਹੈ।

ਔਰਤ ਦੀ ਤ੍ਰਾਸਦੀ : ਇਹ ਔਰਤ ਦੀ ਤ੍ਰਾਸਦੀ ਹੀ ਹੈ ਕਿ ਉਹ ਨਾ ਜਨਮ ਲੈਣ ਤੋਂ ਪਹਿਲਾਂ ਸੁਰੱਖਿਅਤ ਹੈ ਤੇ ਨਾ ਹੀ ਬਾਅਦ ਵਿੱਚ। ਸਮਾਜ ਵਿੱਚ ਉਸ ਨਾਲ ਹੁੰਦੇ ਅਨਿਆਂ, ਜ਼ੁਲਮ ਆਦਿ ਨੇ ਹੀ ਭਰੂਣ ਹੱਤਿਆ ਵਰਗੇ ਕਲੰਕ ਪੈਦਾ ਕੀਤੇ ਹਨ। ਅੱਜ ਹਾਲਾਤ ਇਹ ਹੋ ਗਏ ਹਨ ਕਿ ਕੁੜੀਆਂ ਆਪਣੇ ਹੀ ਘਰ ਵਿੱਚ ਆਪਣਿਆਂ ਦੀ ਹੀ ਹਵਸ ਦਾ ਸ਼ਿਕਾਰ ਹੋ ਰਹੀਆਂ ਹਨ। ਅਫ਼ਸੋਸ, ਹੈਰਾਨਗੀ ਤੇ ਮਰਦਾਂ ਪ੍ਰਤੀ ਨਫ਼ਰਤ ਉਦੋਂ ਹੋਰ ਵੀ ਵਧ ਜਾਂਦੀ ਹੈ ਜਦੋਂ ਇਹ ਪਤਾ ਲਗਦਾ ਹੈ ਕਿ ਗੁੱਡੀਆਂ ਪਟੋਲੇ ਖੇਡਣ ਦੀ ਉਮਰ ਵਿੱਚ ਜਬਰ- ਜਨਾਹ ਦਾ ਸ਼ਿਕਾਰ ਹੋਈਆਂ 10-10 ਸਾਲ ਦੀਆਂ ਬਾਲੜੀਆਂ ਨੇ ਅਤਿ ਮੁਸ਼ਕਲ ਤੇ ਗੁੰਝਲਦਾਰ ਹਾਲਤ ਵਿੱਚ ਬੱਚਿਆਂ ਨੂੰ ਜਨਮ ਦਿੱਤਾ। ਲਾਹਨਤ ਹੈ ਮਰਦਾਂ ‘ਤੇ।

ਹੱਲ ਤੇ ਸਾਰੰਸ਼ : ਭਾਵੇਂ ਕਿ ਸੰਵਿਧਾਨ ਅਨੁਸਾਰ ਔਰਤ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਪ੍ਰਾਪਤ ਹੋ ਰਹੇ ਹਨ, ਜੋ ਪ੍ਰਾਪਤ ਹੋਣੇ ਵੀ ਬਹੁਤ ਜ਼ਰੂਰੀ ਹਨ ਪਰ ਸਮਾਜ ਵਿੱਚ ਮਾਣ-ਇੱਜ਼ਤ ਨਾਲ ਰਹਿਣ ਲਈ ਤੇ ਉਸ ਦੀ ਸੁਰੱਖਿਆ ਲਈ ਕੋਈ ਪੱਕਾ ਹੱਲ ਤਲਾਸ਼ਣ ਦੀ ਲੋੜ ਹੈ। ਇਸ ਲੋੜ ਨੂੰ ਪਹਿਲ ਦੇ ਅਧਾਰ ‘ਤੇ ਵਿਚਾਰਨਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਮਰਦਾਂ ਨੂੰ ਆਪਣੇ ਵੀ ਅੰਦਰ ਝਾਤੀ ਮਾਰਨ ਦੀ ਬਹੁਤ ਲੋੜ ਹੈ। ਉਹ ਆਪਣੀ ਮੁਰਦਾ ਹੋਈ ਜ਼ਮੀਰ ਨੂੰ ਆਪ ਹੀ ਜਗਾਉਣ, ਆਪਣੇ ਮਨ ਤੋਂ ਵਿਸ਼ੇ-ਵਿਕਾਰਾਂ ਦੀ ਮੈਲ ਨੂੰ ਲਾਹ ਕੇ ਔਰਤ ਪ੍ਰਤੀ ਸੋਚ ਨੂੰ ਬਦਲਣ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਮੁੰਡਿਆਂ ਨੂੰ ਬਚਪਨ ਤੋਂ ਹੀ ਵਿਸ਼ੇਸ਼ ਸਮਝਣ ਦੀ ਬਜਾਏ ਉਨ੍ਹਾਂ ਨੂੰ ਕੁੜੀਆਂ ਦਾ ਸਤਿਕਾਰ ਕਰਨਾ ਸਿਖਾਉਣ ਕਿਉਂਕਿ ਘਰਾਂ ਵਿੱਚ ਹੀ ਮੁੰਡਿਆਂ ਨੂੰ ਕੁੜੀਆਂ ਨਾਲੋਂ ਵਿਸ਼ੇਸ਼ ਸਮਝਿਆ ਜਾਂਦਾ ਹੈ। ਉਹ ਆਪਹੁਦਰੇ ਹੋ ਜਾਂਦੇ ਹਨ। ਇਸ ਤੋਂ ਇਲਾਵਾ ਕੁੜੀਆਂ ਨੂੰ ਵੀ ਤਹਿਜ਼ੀਬ ਤੇ ਸਲੀਕੇ ਵਿੱਚ ਰਹਿਣ ਦੀ ਲੋੜ ਹੈ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਅੱਜ ਦੀ ਔਰਤ ਅਬਲਾ ਨਹੀਂ ਹੈ, ਉਹ ਦੇਸ਼ ਦੀਆਂ ਸਰਹੱਦਾਂ ‘ਤੇ ਦੇਸ਼ ਦੀ ਰੱਖਿਆ ਕਰ ਰਹੀ ਹੈ, ਉਸ ਨੂੰ ਸਵੈ-ਰੱਖਿਆ ਦੀ ਵੀ ਸਿਖਲਾਈ ਲੈਣੀ ਚਾਹੀਦੀ ਹੈ, ਤਾਂ ਜੋ ਹਾਲਾਤ ਅੱਗੇ ਉਹ ਮਜਬੂਰ ਨਹੀਂ, ਮਜ਼ਬੂਤ ਹੋਵੇ।