ਮਿੱਤਰ ਨੂੰ ਪੱਤਰ


ਮਿੱਤਰ ਨੂੰ ਆਈ. ਪੀ. ਐਸ ਵਿਚ ਚੁਣੇ ਜਾਣ ਦੀ ਵਧਾਈ।


524, ਸੈਕਟਰ 21-ਏ,

ਚੰਡੀਗੜ੍ਹ।

ਜੁਲਾਈ 7, 2023

ਮੇਰੇ ਪਿਆਰੇ ਰਵੀ,

ਅੱਜ ਦੇ ਟ੍ਰਿਬਿਊਨ ਵਿਚ ਤੇਰਾ ਨਾਂ ਆਈ.ਪੀ.ਐਸ. ਦੇ ਸਫਲ ਉਮੀਦਵਾਰਾਂ ਵਿਚ ਪੜ੍ਹ ਕੇ ਮੇਰੀ ਖੁਸ਼ੀ ਸਾਂਭੀ ਨਹੀਂ ਜਾ ਰਹੀ। ਦਿਲ ਕਰਦਾ ਹੈ, ਉੱਡ ਕੇ ਤੇਰੇ ਕੋਲ ਪਹੁੰਚਾਂ ਤੇ ਤੈਨੂੰ ਜੱਫੀ ਵਿਚ ਘੁਟ ਲਵਾਂ। ਸ਼ਾਬਾਸ਼ ! ਤੂੰ ਇਸ ਪ੍ਰਾਪਤੀ ਨਾਲ ਆਪਣੇ ਖਾਨਦਾਨ ਦਾ ਨਾਂ ਕੱਢ ਵਿਖਾਇਆ ਹੈ। ਮੇਰੀ ਹਾਰਦਿਕ ਵਧਾਈ ਪ੍ਰਵਾਨ ਕਰੋ ਤੇ ਸਤਿਕਾਰ ਯੋਗ ਪਿਤਾ ਜੀ ਨੂੰ ਵੀ ਮੇਰੇ ਵੱਲੋਂ ਵਧਾਈ ਦਿਓ।

ਤੁਹਾਡੇ ਮਿੱਤਰਾਂ ਨੇ ਚਿਰ ਤੋਂ ਤੁਹਾਡੇ ਉਤੇ ਜੋ ਆਸਾਂ ਲਾਈਆਂ ਹੋਈਆਂ ਸਨ, ਉਹ ਤੁਸਾਂ ਸੱਚ ਕਰ ਵਿਖਾਈਆਂ ਹਨ। ਸਾਨੂੰ ਸ਼ੁਰੂ ਤੋਂ ਹੀ ਦਿਸ ਰਿਹਾ ਸੀ ਕਿਸੇ ਦਿਨ ਤੁਸੀਂ ਕੁਝ ਬਣ ਕੇ ਵਿਖਾਓਗੇ। ਮੈਟ੍ਰਿਕ ਤੋਂ ਲੈ ਕੇ ਐਮ.ਏ. ਤਕ ਤੁਹਾਡੇ ਸ਼ਾਨਦਾਰ ਨਤੀਜੇ ਆਉਣ ਵਾਲੀ ਵੱਡੀ ਸਫਲਤਾ ਦਾ ਸੰਕੇਤ ਦੇ ਰਹੇ ਸਨ। ਇਹ ਸ਼ਾਨਦਾਰ ਸਫਲਤਾ ਤੁਹਾਨੂੰ ਆਪਣੀ ਅਦੁੱਤੀ ਸੂਝ-ਬੂਝ ਤੇ ਸਖਤ ਮਿਹਨਤ ਨਾਲ ਪ੍ਰਾਪਤ ਹੋਈ ਹੈ ਤੇ ਮੈਨੂੰ ਯਕੀਨ ਹੈ ਕਿ ਇਨ੍ਹਾਂ ਗੁਣਾਂ ਕਰਕੇ ਹੀ ਤੁਸੀਂ ਇਕ ਕਾਮਯਾਬ ਅਫਸਰ ਸਾਬਤ ਹੋਵੋਗੇ ਤੇ ਆਪਣੇ ਫਰਜ਼ਾਂ ਨੂੰ ਈਮਾਨਦਾਰੀ ਤੇ ਲਗਨ ਨਾਲ ਨਿਭਾਉਂਦੇ ਹੋਏ ਉਚੀ ਤੋਂ ਉਚੀ ਪਦਵੀ ਪ੍ਰਾਪਤ ਕਰੋਗੇ।

ਤੇਰੇ ਮਿੱਤਰਾਂ ਅਤੇ ਤੇਰੇ ਸਕੂਲ ਤੇ ਕਾਲਜ ਨੂੰ ਤੇਰੀ ਇਸ ਪ੍ਰਾਪਤੀ ਉਤੇ ਯੋਗ ਤੇ ਉਚਿਤ ਮਾਣ ਹੈ। ਟ੍ਰੇਨਿੰਗ ਲਈ ਕਦੋਂ ਤੇ ਕਿੱਥੇ ਜਾ ਰਿਹਾ ਹੈ ਤੇ ਸਾਡੀ ਮਿਠਾਈ ਕਦੋਂ ਮਿਲਣੀ ਹੈ? ਵੇਖੀ ਪੁਲਸੀਆਂ ਵਾਲਾ ਹੱਥ ਨਾ ਕਰੀਂ।

ਪਿਆਰ ਤੇ ਸ਼ੁੱਭ ਇੱਛਾਵਾਂ ਸਹਿਤ,

ਤੇਰਾ ਆਪਣਾ

ਕੈਲਾਸ਼