ਮਨੁੱਖੀ ਦਿਮਾਗ਼


ਮਨੁੱਖੀ ਸਰੀਰ ਵਿੱਚ ਦਿਮਾਗ਼ ਸਭ ਤੋਂ ਜ਼ਰੂਰੀ ਅੰਗ ਹੈ ਅਤੇ ਮਨੁੱਖ ਦਾ ਸਰੀਰ ਦੇ ਅਨੁਪਾਤ ਵਿੱਚ ਦਿਮਾਗ਼ ਹੋਰ ਸਭ ਜੀਵਾਂ ਨਾਲੋਂ ਵੱਡਾ ਹੈ। ਮਨੁੱਖ ਦਾ ਵਿਕਾਸ, ਮਨੁੱਖ ਦੀਆਂ ਵਧਦੀਆਂ ਸਮਰੱਥਾਵਾਂ ਅਤੇ ਧਰਤੀ ਉਪਰ ਉਸ ਦੀ ਪ੍ਰਮੁੱਖਤਾ ਉਸ ਦੇ ਦਿਮਾਗ਼ ਦੇ ਵਿਕਾਸ ਸਦਕਾ ਹੀ ਸੰਭਵ ਹੋਈ ਹੈ। ਸੌ ਲੱਖ ਸਾਲ ਪਹਿਲਾਂ ਮਨੁੱਖ ਦੇ ਪੂਰਵਜਾਂ ਦਾ ਦਿਮਾਗ਼ ਸੇਬ ਦੇ ਆਕਾਰ ਦਾ ਸੀ ਤੇ ਇਸ ਦਾ ਭਾਰ ਲਗਭਗ 250 ਗ੍ਰਾਮ ਸੀ। ਇਹ ਆਕਾਰ 25 ਲੱਖ ਸਾਲ ਪਹਿਲਾਂ ਤੱਕ ਹੌਲੀ – ਹੌਲੀ ਹੀ ਵਧਿਆ ਅਤੇ 25 ਲੱਖ ਸਾਲ ਪਹਿਲਾਂ ਲਗਭਗ 350 ਗ੍ਰਾਮ ਹੋ ਗਿਆ। ਇਸ ਤੋਂ ਬਾਅਦ ਦਿਮਾਗ਼ ਦੇ ਆਕਾਰ ਵਿੱਚ ਵਾਧੇ ਦੀ ਦਰ ਇਕਦਮ ਵਧ ਗਈ। 25 ਲੱਖ ਸਾਲ ਤੋਂ ਸ਼ੁਰੂ ਹੋ ਕੇ ਦੋ ਲੱਖ ਸਾਲ ਪਹਿਲਾਂ ਤੱਕ ਮਨੁੱਖੀ ਦਿਮਾਗ਼ 1300 ਗ੍ਰਾਮ ਤੱਕ ਪਹੁੰਚ ਚੁੱਕਾ ਸੀ।

ਦਿਮਾਗ਼ ਉਹ ਅੰਗ ਹੈ ਜਿਸ ਨੂੰ ਬਹੁਤ ਸਾਰੀ ਊਰਜਾ ਦੀ ਲੋੜ ਹੁੰਦੀ ਹੈ। ਸਰੀਰ ਦਾ ਕੋਈ ਵੀ ਹੋਰ ਅੰਗ ਏਨੀ ਊਰਜਾ ਨਹੀਂ ਮੰਗਦਾ ਜਿੰਨੀ ਕਿ ਦਿਮਾਗ਼। ਵਿਗਿਆਨੀਆਂ ਨੇ ਮਨੁੱਖੀ ਦਿਮਾਗ਼ ਦੀ ਊਰਜਾ ਦੀ ਖਪਤ ਨੂੰ ਮਿਣਿਆ ਹੈ, ਇਹ ਕੋਈ 20 ਵਾਟ ਦੇ ਕਰੀਬ ਪਾਈ ਗਈ ਹੈ। ਇੱਕ ਵਾਟ ਪਾਵਰ ਇਕ ਜਾਊਲ ਊਰਜਾ ਇੱਕ ਸਕਿੰਟ ਵਿੱਚ ਵਰਤਣ ਨਾਲ ਖ਼ਰਚ ਹੁੰਦਾ ਹੈ ਅਤੇ ਲਗਭਗ 4 ਜਾਊਲ ਨਾਲ ਇੱਕ ਕੈਲੋਰੀ ਬਣਦੀ ਹੈ। ਇਸ ਲਈ ਮਨੁੱਖੀ ਦਿਮਾਗ਼ ਊਰਜਾ ਇੱਕ ਘੰਟੇ ਵਿੱਚ ਲਗਭਗ 36 ਕਿਲੋਕੈਲਰੀ ਊਰਜਾ ਖਾਂਦਾ ਹੈ ਜੋ ਪੂਰੇ ਦਿਨ ਵਿੱਚ 432 ਕਿਲੋ ਕੈਲਰੀ ਬਣਦੀ ਹੈ। ਇੱਕ ਕੇਲੇ, ਇੱਕ ਅੰਡੇ ਤੇ ਇੱਕ ਰੋਟੀ ਵਿੱਚ ਲਗਭਗ 80 ਕਿਲੋ ਕੈਲਰੀਆਂ ਹੁੰਦੀਆਂ ਹਨ। ਜ਼ਾਹਿਰ ਹੈ ਕਿ ਦਿਮਾਗ਼ ਜੋ ਸਵਾ ਕੁ ਕਿਲੋ ਵਜ਼ਨ ਰੱਖਦਾ ਹੈ ਅਤੇ ਸਰੀਰ ਦੇ ਵਜ਼ਨ ਦਾ ਕਰੀਬ ਦੋ ਫ਼ੀਸਦੀ ਹੁੰਦਾ ਹੈ, ਸਾਰੀ ਰੋਜ਼ਾਨਾ ਖੁਰਾਕ ਵਿੱਚੋਂ ਤਕਰੀਬਨ 30 ਫ਼ੀਸਦੀ ਹਿੱਸਾ ਖਾ ਜਾਂਦਾ ਹੈ। ਇਸੇ ਲਈ ਵੱਡਾ ਦਿਮਾਗ਼ ਰੱਖਣਾ ਮਹਿੰਗਾ ਸੌਂਦਾ ਹੈ।

ਮਨੁੱਖ ਦਾ ਵਿਕਾਸ ਰਲ ਕੇ ਅੱਗੇ ਵਧਣ ਅਤੇ ਸਮੂਹਿਕ ਗਤੀਵਿਧੀਆਂ ਰਾਹੀਂ ਹੋਇਆ ਹੈ ਨਾ ਕਿ ਹਰ ਵਕਤ ਮੁਕਾਬਲੇ ਦੀ ਭਾਵਨਾ ਨਾਲ। ਵਿਦਿਆਰਥੀਆਂ ਨੂੰ ਅਸੀਂ ਸਕੂਲਾਂ-ਕਾਲਜਾਂ ਵਿੱਚ ਰਲ ਕੇ ਕੰਮ ਕਰਨੇ ਬਹੁਤ ਘੱਟ ਸਿਖਾਉਂਦੇ ਹਾਂ ਸਗੋਂ ਵਿਦਿਆਰਥੀਆਂ ਨੂੰ ਇੱਕ ਦੂਜੇ ਨਾਲ ਮੁਕਾਬਲੇ ਤੇ ਦੂਸਰਿਆਂ ਨਾਲੋਂ ਵੱਧ ਨੰਬਰ ਲੈਣ ਦੀ ਹੋੜ ਵੱਲ ਧੱਕਦੇ ਰਹਿੰਦੇ ਹਾਂ। ਸਮਾਜ ਵੀ ਇਕੱਲੇ ਮਨੁੱਖ ਜਾਂ ਇਕੱਲੇ ਪਰਿਵਾਰ ਨੂੰ ਹੀ ਇਕਾਈ ਮੰਨਦਾ ਹੈ ਪਰ ਸਾਡਾ ਇਤਿਹਾਸ ਅਤੇ ਉਸ ਦੀ ਵਿਗਿਆਨਕ ਪੜਚੋਲ ਕੁਝ ਹੋਰ ਦਰਸਾਉਂਦੇ ਹਨ।

ਇਨ੍ਹਾਂ ਪਹਿਲੂਆਂ ਉੱਤੇ ਹੋਰ ਖੋਜ ਕਰਨ ਦੀ ਲੋੜ ਹੈ ਤੇ ਵਿਅਕਤੀ ਕੇਂਦਰਿਤ ਨਾਲੋਂ ਸਮੂਹਿਕ ਤੇ ਭਾਈਚਾਰਕ ਗਤੀਵਿਧੀਆਂ ਨੂੰ ਤਰਜੀਹ ਦੇਣ ਦੀ ਲੋੜ ਹੈ ਤਾਂ ਜੋ ਮਨੁੱਖ ਨੂੰ ਉਸ ਦੇ ਖਾਸੇ ਅਨੁਸਾਰ ਜਿਊਣ ਦਾ ਮੌਕਾ ਮਿਲੇ ਤੇ ਉਸ ਦਾ ਹੋਰ ਵਿਕਾਸ ਹੋਵੇ। ਸ਼ਾਇਦ ਇਸ ਨਾਲ ਮਨੁੱਖ ਵਿੱਚ ਬੇਗਾਨਗੀ ਤੇ ਇਕੱਲਤਾ ਦੀ ਭਾਵਨਾ ਵੀ ਘਟੇ ਅਤੇ ਮਾਨਸਿਕ ਰੋਗ ਵੀ ਘਟ ਜਾਣ।