ਬੇਬੇ ਜੀ : ਪ੍ਰਸ਼ਨ-ਉੱਤਰ


ਪ੍ਰਸ਼ਨ 1. ਲੇਖਕ ਨੂੰ ਕਿਹੜੇ ਦਿਨ-ਰਾਤ ਤਿਉਹਾਰ ਵਰਗੇ ਲੱਗਦੇ ਸੀ ਅਤੇ ਕਿਉਂ?

ਉੱਤਰ : ਲੇਖਕ ਕਹਿੰਦਾ ਹੈ ਕਿ ਬਚਪਨ ਵਿੱਚ ਜਦੋਂ ਉਸ ਦੀ ਬੇਬੇ ਘਰ ਹੁੰਦੀ ਸੀ ਤਾਂ ਹਰ ਦਿਨ ਤਿਉਹਾਰ ਵਰਗਾ ਹੁੰਦਾ ਸੀ। ਲੇਖਕ ਦਾ ਸਾਰਾ ਦਿਨ ਪੜ੍ਹਦੇ, ਖੇਡਦੇ, ਡੰਗਰ ਚਾਰਦੇ, ਖੇਤੀ ਵਿੱਚ ਹੱਥ ਵਟਾਉਂਦੇ, ਦਰਖਤਾਂ ‘ਤੇ ਚੜ੍ਹਦੇ-ਉੱਤਰਦੇ, ਨਹਿਰ ਵਿੱਚ ਛਾਲਾਂ ਮਾਰਦੇ, ਰੇਤ ਵਿੱਚ ਲਿਟਦੇ ਹੀ ਬੀਤ ਜਾਂਦਾ ਸੀ। ਬੇਬੇ ਦੇ ਹੁੰਦਿਆਂ ਪੂਰਾ ਘਰ ਹੀ ਜਿਊਂਦਾ-ਜਾਗਦਾ ਜਾਪਦਾ ਸੀ।

ਪ੍ਰਸ਼ਨ 2. ਲੇਖਕ ਦੇ ਨਾਨਕਿਆਂ ਦੇ ਮਾਲੀ ਹਾਲਾਤ ਕਿਹੋ ਜਿਹੇ ਸਨ?

ਉੱਤਰ : ਲੇਖਕ ਦੇ ਨਾਨਕਿਆਂ ਦੇ ਮਾਲੀ ਹਾਲਾਤ ਬਹੁਤ ਹੀ ਚੰਗੇ ਸਨ। ਲੇਖਕ ਦੇ ਮਾਮੇ ਬਹੁਤ ਵੱਡੇ ਕਿਸਾਨ ਸਨ ਅਤੇ ਉਹਨਾਂ ਕੋਲ ਪੰਜਾਹ ਏਕੜ ਜ਼ਮੀਨ ਸੀ। ਜ਼ਰੂਰਤ ਵੇਲ਼ੇ ਲੇਖਕ ਦੀ ਬੇਬੇ ਮਾਮਿਆਂ ਘਰੋਂ ਕਦੇ ਵੀ ਖ਼ਾਲੀ ਹੱਥ ਵਾਪਸ ਨਹੀਂ ਆਉਂਦੀ ਸੀ। ਲੇਖਕ ਦੇ ਮਾਮੇ ਉਹਨਾਂ ਦੇ ਘਰੋਂ ਦੁੱਧ ਨਾ ਦੇਣ ਵਾਲੀ ਗਾਂ ਜਾਂ ਮੱਝ ਲੈ ਜਾਂਦੇ ਅਤੇ ਉਸ ਦੇ ਬਦਲੇ ਤਾਜ਼ੀ ਸੂਈ ਮੱਝ ਜਾਂ ਗਾਂ ਛੱਡ ਜਾਂਦੇ ਸਨ। ਲੇਖਕ ਦੇ ਮਾਮੇ ਹਰ ਤਰ੍ਹਾਂ ਉਹਨਾਂ ਦੀ ਮਦਦ ਕਰਦੇ ਸਨ।

ਪ੍ਰਸ਼ਨ 3. ਜਦੋਂ ਵੀ ਲੇਖਕ ਘਰ ਤੋਂ ਬਾਹਰ ਕਿਤੇ ਜਾਂਦਾ ਸੀ ਤਾਂ ਬੇਬੇ ਕੀ ਕਰਦੀ ਸੀ?

ਉੱਤਰ : ਜਦੋਂ ਵੀ ਲੇਖਕ ਪਟਿਆਲੇ ਪੜ੍ਹਨ ਜਾਂ ਨਾਨਕੇ ਜਾਂ ਦਾਦਕੇ ਘਰ ਜਾਂਦਾ ਸੀ ਤਾਂ ਉਸ ਦੀ ਬੇਬੇ ਅੱਖਾਂ ਭਰ ਲੈਂਦੀ ਸੀ। ਇਸ ‘ਤੇ ਲੇਖਕ ਹੱਸਦਿਆਂ ਹੋਇਆਂ ਕਹਿੰਦਾ ਸੀ ਕਿ ਉਹ ਕਿਹੜਾ ਸਰਹੱਦ ‘ਤੇ ਜੰਗ ਲੜਨ ਚੱਲਿਆ ਹੈ?

ਤਾਂ ਉਸ ਦੀ ਬੇਬੇ ਆਖਦੀ ਸੀ ਕਿ ਕੱਟੇ ਅਤੇ ਵੱਛੇ ਸਰਹੱਦਾਂ ‘ਤੇ ਜੰਗ ਲੜਨ ਨਹੀਂ ਜਾਂਦੇ। ਭਾਵੇਂ ਡੰਗਰ ਹੋਣ ਜਾਂ ਇਨਸਾਨ ਮਾਂਵਾਂ ਨੂੰ ਜਦੋਂ ਤੱਕ ਆਪਣੇ ਬਾਲ ਨਜ਼ਰ ਆਉਂਦੇ ਰਹਿਣ ਤਦ ਤੱਕ ਤਾਂ ਠੀਕ ਹੈ ਪਰ ਅੱਖੋਂ ਦੂਰ ਗਏ ਬੱਚੇ ਇੱਕ ਮਾਂ ਲਈ ਦੁਸ਼ਮਣ ਦੀ ਸਰਹੱਦ ਉੱਤੇ ਗਏ ਬੱਚਿਆਂ ਵਾਂਗ ਹੀ ਹੁੰਦੇ ਹਨ।

ਪ੍ਰਸ਼ਨ 4. ਬੇਬੇ ਲੇਖਕ ਦੀ ਮਾਮੀ ਦੀ ਤੁਲਨਾ ਕਿਸ ਨਾਲ ਕਰਦੀ ਸੀ ਅਤੇ ਲੇਖਕ ਦੀ ਮਾਮੀ ਦਾ ਸੁਭਾਅ ਕਿਹੋ ਜਿਹਾ ਸੀ?

ਉੱਤਰ : ਲੇਖਕ ਦੀ ਬੇਬੇ ਉਸ ਦੀ ਮਾਮੀ ਦੀ ਤੁਲਨਾ ਸੂਰਜ ਦੀ ਧੁੱਪ ਅਤੇ ਉਸ ਦੀ ਸੁੰਦਰਤਾ ਦੀ ਤੁਲਨਾ ਹੀਰ ਨਾਲ ਕਰਦੀ ਸੀ। ਲੇਖਕ ਦੀ ਮਾਮੀ ਗੋਰੀ-ਚਿੱਟੀ, ਸੁੰਦਰ ਅਤੇ ਦਿਲ ਦੀ ਸਾਫ਼ ਔਰਤ ਸੀ। ਉਹ ਲੇਖਕ ਦੀ ਬੇਬੇ ਨੂੰ ਆਪਣੀ ਸਹੇਲੀ ਵਾਂਗ ਸਮਝਦੀ ਸੀ ਅਤੇ ਲੇਖਕ ਦੀ ਬੇਬੇ ਦਾ ਵੀ ਆਪਣੇ ਘਰ ‘ਤੇ ਪੂਰਾ ਅਧਿਕਾਰ ਸਮਝਦੀ ਸੀ।

ਪ੍ਰਸ਼ਨ 5. ਬਚਪਨ ਵਿੱਚ ਲੇਖਕ ਦਾ ਘਰ ਕਿਹੋ ਜਿਹਾ ਸੀ ਅਤੇ ਦਸਹਿਰੇ ਤੋਂ ਪਹਿਲਾਂ ਉਹਨਾਂ ਦੇ ਘਰ ਵਿੱਚ ਕੀ ਹੁੰਦਾ ਸੀ?

ਉੱਤਰ : ਲੇਖਕ ਦਾ ਘਰ ਕੱਚਾ ਹੁੰਦਾ ਸੀ ਅਤੇ ਦਸਹਿਰੇ ਤੋਂ ਪਹਿਲਾਂ ਉਹਨਾਂ ਦੇ ਕੱਚੇ ਘਰ ਦੀ ਲਿੱਪਾ-ਪੋਚੀ ਦਾ ਕੰਮ ਸ਼ੁਰੂ ਹੋ ਜਾਂਦਾ ਸੀ। ਘਰ ਦੇ ਫਰਸ਼, ਕੰਧਾਂ ਅਤੇ ਛੱਤ ਨੂੰ ਗਾਰੇ ਵਿੱਚ ਗੋਹਾ, ਤੂੜੀ ਅਤੇ ਪਾਣੀ ਮਿਲਾ ਕੇ ਲਿੱਪਿਆ ਜਾਂਦਾ ਸੀ। ਪਸ਼ੂਆਂ ਦੀਆਂ ਖੁਰਲੀਆਂ ਤੱਕ ਨੂੰ ਵੀ ਲਿੱਪਿਆ ਜਾਂਦਾ ਸੀ। ਘਰ ਦੀਆਂ ਕੰਧਾਂ ਉੱਤੇ ਨਵੀਂਆਂ ਤਸਵੀਰਾਂ ਲਿਆ ਕੇ ਟੰਗੀਆਂ ਜਾਂਦੀਆਂ ਸਨ।

ਪ੍ਰਸ਼ਨ 6. ਜ਼ਿੰਦਗੀ ਵਿੱਚ ਜੋਖ਼ਮ ਅਤੇ ਖ਼ਤਰਿਆਂ ਬਾਰੇ ਬੇਬੇ ਦੇ ਕੀ ਵਿਚਾਰ ਸਨ?

ਉੱਤਰ : ਬੇਬੇ ਆਖਦੀ ਹੁੰਦੀ ਸੀ ਕਿ ਜ਼ਿੰਦਗੀ ਵਿੱਚ ਖ਼ਤਰਿਆਂ ਅਤੇ ਜੋਖ਼ਮਾਂ ਦਾ ਆਉਣਾ-ਜਾਣਾ ਲੱਗਾ ਹੀ ਰਹਿੰਦਾ ਹੈ। ਕਿਸੇ ਕੰਮ ਨੂੰ ਕਰਨ ਦੇ ਵਿੱਚ ਜੋਖ਼ਮਾਂ ਤੋਂ ਡਰ ਕੇ ਅਸੀਂ ਉਸ ਕੰਮ ਤੋਂ ਭੱਜ ਨਹੀਂ ਸਕਦੇ। ਕੀ ਕਦੇ ਹੋਇਆ ਹੈ ਕਿ ਸ਼ਹਿਦ ਦੀਆਂ ਮੱਖੀਆਂ ਦੇ ਡੰਗ ਤੋਂ ਡਰ ਕੇ ਆਦਮੀ ਨੇ ਸ਼ਹਿਦ ਖਾਣਾ ਛੱਡ ਦਿੱਤਾ ਹੋਵੇ ਜਾਂ ਕਿਸੇ ਦੁਲੱਤੀ ਮਾਰਨ ਵਾਲੀ ਗਾਂ ਤੋਂ ਡਰ ਕੇ ਅਸੀਂ ਉਸ ਗਾਂ ਦਾ ਦੁੱਧ ਚੋਣੋਂ ਹਟ ਜਾਂਦੇ ਹਾਂ। ਕੀ ਅਸੀਂ ਤੂੜੀ ਜ਼ਿਆਦਾ ਹੋਣ ਦੇ ਡਰ ਤੋਂ ਉਸ ਵਿੱਚੋਂ ਦਾਣੇ ਕੱਢਣਾ ਛੱਡ ਦਿੰਦੇ ਹਾਂ। ਇਸ ਤਰ੍ਹਾਂ ਹੀ ਅਸੀਂ ਕੰਡੇ ਹੁੰਦੇ ਹੋਏ ਵੀ ਜ਼ਮੀਨ ਵਾਹੁੰਦੇ ਜ਼ਰੂਰ ਹਾਂ। ਜ਼ਿੰਦਗੀ ਵਿੱਚ ਆਏ ਕਿਸੇ ਵੀ ਜੋਖ਼ਮ ਜਾਂ ਖ਼ਤਰੇ ਤੋਂ ਡਰ ਕੇ ਭੱਜਣਾ ਨਹੀਂ ਚਾਹੀਦਾ ਸਗੋਂ ਉਸ ਦਾ ਡੱਟ ਕੇ ਸਾਮ੍ਹਣਾ ਕਰਨਾ ਚਾਹੀਦਾ ਹੈ।

ਪ੍ਰਸ਼ਨ 7. ਬੇਬੇ ਪਿੰਡ ਦੇ ਕਈ ਲੋਕਾਂ ਨੂੰ ਪਾਪੀ ਕਿਉਂ ਕਹਿੰਦੀ ਹੈ?

ਉੱਤਰ : ਬੇਬੇ ਪਿੰਡ ਦੇ ਉਹਨਾਂ ਲੋਕਾਂ ਨੂੰ ਪਾਪੀ ਕਹਿੰਦੀ ਹੈ ਜੋ ਮੋਰਾਂ, ਮੁਰਗਾਬੀਆਂ ਅਤੇ ਕੂੰਜਾਂ ਆਦਿ ਨੂੰ ਮਾਰ ਕੇ ਖਾ ਜਾਂਦੇ ਹਨ। ਬੇਬੇ ਉਹਨਾਂ ਲੋਕਾਂ ਨੂੰ ਮੁਰਦਾਖ਼ੋਰ ਆਖਦੀ ਹੈ ਅਤੇ ਕਹਿੰਦੀ ਹੈ ਕਿ ਇਹਨਾਂ ਮੁਰਦਾਖ਼ੋਰਾਂ ਨੂੰ ਤਾਂ ਜਾ ਕੇ ਹੱਡਾ-ਰੋੜੀ ਵਿੱਚ ਬੈਠ ਜਾਣਾ ਚਾਹੀਦਾ ਹੈ।