ਇਕਾਂਗੀ : ਮੌਨਧਾਰੀ


ਮੌਨਧਾਰੀ : ਪ੍ਰਸ਼ਨ ਉੱਤਰ


ਪ੍ਰਸ਼ਨ 1. ‘ਮੌਨਧਾਰੀ’ ਇਕਾਂਗੀ ਦੀ ਸਮੱਸਿਆ/ਵਿਸ਼ੇ ਬਾਰੇ ਜਾਣਕਾਰੀ ਦਿਓ।

ਉੱਤਰ :- ‘ਮੌਨਧਾਰੀ’ ਇਕਾਂਗੀ ਵਿੱਚ ਵਹਿਮਾਂ-ਭਰਮਾਂ ਦੀ ਸਮੱਸਿਆ ਤੋਂ ਬਿਨਾਂ ਭ੍ਰਿਸ਼ਟ ਲੋਕਾਂ ਦੇ ਕਿਰਦਾਰ ਅਤੇ ਪੁਲਿਸ ਦੀ ਉਹਨਾਂ ਵਿਰੁੱਧ ਸਫਲ ਕਾਰਵਾਈ ਨੂੰ ਪ੍ਰਗਟਾਇਆ ਗਿਆ ਹੈ। ਇਕਾਂਗੀਕਾਰ ਵਹਿਮਾਂ-ਭਰਮਾਂ ਵਿਰੁੱਧ ਚੇਤਨਾ ਪੈਦਾ ਕਰਨਾ ਚਾਹੁੰਦਾ ਹੈ ਅਤੇ ਭ੍ਰਿਸ਼ਟ ਲੋਕਾਂ ਵਿਰੁੱਧ ਕਨੂੰਨੀ ਕਾਰਵਾਈ ਨੂੰ ਜ਼ਰੂਰੀ ਸਮਝਦਾ ਹੈ।

ਪ੍ਰਸ਼ਨ 2. ਬਰਾਂਡੇ ਵਿੱਚ ਟਰੰਕੀ ਕੌਣ ਰੱਖਦਾ ਹੈ ਅਤੇ ਇਹ ਟਰੰਕੀ ਕਿਸ ਦੀ ਹੈ?

ਉੱਤਰ :- ਇੱਕ ਛੋਟਾ ਜਿਹਾ ਛੋਕਰਾ ਜੋ ਕੁਲੀ ਹੈ ਰਾਮ ਪਿਆਰੀ ਤੋਂ ਪੁੱਛਦਾ ਹੈ ਕਿ ਕੀ ਚੌਦਾਂ ਨੰਬਰ ਕੁਆਟਰ ਇਹੀ ਹੈ?

ਹਾਂ ਵਿੱਚ ਉੱਤਰ ਮਿਲਣ ‘ਤੇ ਉਹ ਸਿਰ ਤੋਂ ਟਰੰਕੀ ਉਤਾਰ ਕੇ ਬਰਾਂਡੇ ਵਿੱਚ ਰੱਖ ਦਿੰਦਾ ਹੈ। ਇਹ ਟਰੰਕੀ ਰਾਮ ਪਿਆਰੀ ਦੇ ਭਣੇਵੇਂ ਮਦਨ ਲਾਲ ਦੀ ਹੈ ਜੋ ਆਪਣੀ ਮਾਸੀ ਦੇ ਘਰ ਆਉਂਦਾ ਹੈ।

ਪ੍ਰਸ਼ਨ 3. ਮਦਨ ਲਾਲ ਕਿਸ ਪਰੇਸ਼ਾਨੀ ਵਿੱਚ ਆਪਣੀ ਮਾਸੀ ਦੇ ਘਰ ਆਉਂਦਾ ਹੈ?

ਉੱਤਰ :- ਮਦਨ ਲਾਲ ਗ਼ਬਨ ਦੇ ਕੇਸ ਵਿੱਚ ਫਸ ਜਾਣ ਕਾਰਨ ਲੁਕਦਾ ਫਿਰਦਾ ਹੈ। ਪੁਲਿਸ ਉਸ ਦੇ ਪਿੱਛੇ ਲੱਗੀ ਹੋਈ ਹੈ। ਇਸੇ ਪਰੇਸ਼ਾਨੀ ਵਿੱਚ ਉਹ ਆਪਣੀ ਮਾਸੀ ਦੇ ਘਰ ਆਉਂਦਾ ਹੈ।

ਪ੍ਰਸ਼ਨ 4. ਜ਼ੋਰ ਨਾਲ ਦਰਵਾਜ਼ਾ ਖੜਕਣ ਦੀ ਅਵਾਜ਼ ਸੁਣ ਕੇ ਰਾਮ ਪਿਆਰੀ ਕਿਉਂ ਤ੍ਰਭਕ ਜਾਂਦੀ ਹੈ?

ਉੱਤਰ :- ਜਦ ਹਰੀ ਚੰਦ ਡਾਕਟਰ ਤੋਂ ਦਵਾਈ ਲੈ ਕੇ ਵਾਪਸ ਆਉਂਦਾ ਹੈ ਤਾਂ ਘਰ ਦਾ ਦਰਵਾਜ਼ਾ ਬੰਦ ਦੇਖ ਕੇ ਦਰਵਾਜ਼ਾ ਖੜਕਾਉਂਦਾ ਹੈ। ਜ਼ੋਰ ਨਾਲ ਦਰਵਾਜ਼ਾ ਖੜਕਣ ਦੀ ਅਵਾਜ਼ ਸੁਣ ਕੇ ਰਾਮ ਪਿਆਰੀ ਤ੍ਰਭਕ ਜਾਂਦੀ ਹੈ। ਉਹ ਸਮਝਦੀ ਹੈ ਕਿ ਸ਼ਾਇਦ ਦਰਵਾਜ਼ਾ ਪੁਲਿਸ ਨੇ ਖੜਕਾਇਆ ਹੈ। ਉਹ ਜਾਣਦੀ ਹੈ ਕਿ ਪੁਲਿਸ ਮਦਨ ਲਾਲ ਦੇ ਪਿੱਛੇ ਲੱਗੀ ਹੋਈ ਹੈ।

ਪ੍ਰਸ਼ਨ 5. ਸਾਧੂ ਹਰੀ ਚੰਦ ਨੂੰ ਕਿਹੜੀ ਸਭ ਤੋਂ ਉੱਤਮ ਔਸ਼ਧੀ ਬਾਰੇ ਦੱਸਦਾ ਹੈ?

ਉੱਤਰ :- ਸਾਧੂ ਹਰੀ ਚੰਦ ਨੂੰ ਦੱਸਦਾ ਹੈ ਕਿ ਸਾਰੀਆਂ ਔਸ਼ਧੀਆਂ ਤੋਂ ਉੱਤਮ ਇੱਕ ਔਸ਼ਧੀ ਹੈ। ਹਰੀ ਚੰਦ ਇਸ ਔਸ਼ਧੀ ਬਾਰੇ ਜਾਣਨ ਲਈ ਉਤਾਵਲਾ ਹੈ। ਸਾਧੂ ਦੱਸਦਾ ਹੈ ਕਿ ਸੌ ਰੋਗਾਂ ਦਾ ਇੱਕ ਦਾਰੂ ਦਾਨ ਹੈ। ਇਸ ਲਈ ਸਾਧੂ ਹਰੀ ਚੰਦ ਨੂੰ ਦਾਨ ਕਰਨ ਲਈ ਕਹਿੰਦਾ ਹੈ।