ਪੰਜਾਬ ਦੀਆਂ ਲੋਕ-ਖੇਡਾਂ: ਛੋਟੇ ਪ੍ਰਸ਼ਨ ਉੱਤਰ


25-30 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਪੰਜਾਬ ਦੀਆਂ ਲੋਕ-ਖੇਡਾਂ ਦਾ ਕੀ ਮਹੱਤਵ ਹੈ?

ਉੱਤਰ : ਪੰਜਾਬ ਦੀਆਂ ਲੋਕ-ਖੇਡਾਂ ਪੰਜਾਬੀ ਲੋਕ-ਜੀਵਨ ਦਾ ਅਨਿਖੜਵਾਂ ਅੰਗ ਅਤੇ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ। ਇਹ ਸਾਡੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ। ਇਹਨਾਂ ਖੇਡਾਂ ਤੋਂ ਸਾਡੇ ਅੰਦਰ ਕਈ ਨੈਤਿਕ ਗੁਣ ਪੈਦਾ ਹੁੰਦੇ ਹਨ। ਇਹ ਖੇਡਾਂ ਪੰਜਾਬੀ ਜੀਵਨ ਤੇ ਸੱਭਿਆਚਾਰ ਦੇ ਵਿਭਿੰਨ-ਪੱਖਾਂ ਨੂੰ ਉਜਾਗਰ ਕਰਦੀਆਂ ਹਨ।

ਪ੍ਰਸ਼ਨ 2. ਲੋਕ-ਖੇਡਾਂ ਤੋਂ ਕੀ ਭਾਵ ਹੈ?

ਉੱਤਰ : ਲੋਕ-ਖੇਡਾਂ ਤੋਂ ਭਾਵ ਉਹਨਾਂ ਖੇਡਾਂ ਤੋਂ ਹੈ ਜਿਨ੍ਹਾਂ ਨੂੰ ਆਮ ਲੋਕ ਖੇਡਦੇ ਹਨ। ਇਹਨਾਂ ਦਾ ਸੰਚਾਰ ਪੁਸ਼ਤ-ਦਰ-ਪੁਸ਼ਤ ਹੁੰਦਾ ਹੋਇਆ ਸਾਡੇ ਤੱਕ ਪੁੱਜਦਾ ਹੈ। ਇਹ ਖੇਡਾਂ ਸਾਡੇ ਜੀਵਨ ਤੇ ਸੱਭਿਆਚਾਰ ਦਾ ਅਨਿਖੜ ਅੰਗ ਹਨ। ਲੋਕ-ਖੇਡਾਂ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ ਅਤੇ ਨਾ ਹੀ ਇਹਨਾਂ ਦਾ ਸਮਾਂ ਤੇ ਸਥਾਨ ਨਿਸ਼ਚਿਤ ਹੁੰਦਾ ਹੈ। ਲੋਕ-ਖੇਡਾਂ ਲਈ ਵਰਤੀ ਜਾਂਦੀ ਸਮੱਗਰੀ ਸਥਾਨਿਕ ਹੁੰਦੀ ਹੈ।

ਪ੍ਰਸ਼ਨ 3. ਜੀਵਨ ਦੇ ਵਿਕਾਸ ਵਿੱਚ ਖੇਡਾਂ ਦੀ ਮਹੱਤਵਪੂਰਨ ਭੂਮਿਕਾ ਕਿਵੇਂ ਹੈ?

ਉੱਤਰ : ਖੇਡਾਂ ਮਨੁੱਖ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਦੀ ਜ਼ਰੂਰਤ ਅਤੇ ਜੀਵਨ ਦੀਆਂ ਜ਼ਰੂਰੀ ਲੋੜਾਂ ਨੂੰ ਪੂਰਾ ਕਰਨ ਲਈ ਕੀਤੇ ਜਾਣ ਵਾਲੇ ਕਾਰਜ ਹਨ। ਇਹੀ ਕਾਰਨ ਹੈ ਕਿ ਖੇਡਾਂ ਦੀ ਜੀਵਨ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਹੈ।

ਪ੍ਰਸ਼ਨ 4. ਲੋਕ-ਖੇਡਾਂ ਪੰਜਾਬੀ ਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਅਨਿਖੜ ਅੰਗ ਕਿਵੇਂ ਹਨ?

ਉੱਤਰ : ਲੋਕ-ਖੇਡਾਂ ਪੰਜਾਬੀ ਲੋਕ-ਗੀਤਾਂ, ਲੋਕ-ਕਹਾਣੀਆਂ ਅਤੇ ਲੋਕ-ਅਖਾਣਾਂ ਵਾਂਗ ਪੰਜਾਬੀ ਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਅਨਿਖੜ ਅੰਗ ਹਨ। ਇਸ ਦਾ ਕਾਰਨ ਇਹ ਹੈ ਕਿ ਇਹਨਾਂ ਲੋਕ-ਖੇਡਾਂ ਵਿੱਚ ਪੰਜਾਬੀ ਲੋਕਾਂ ਦਾ ਸੁਭਾਅ, ਰਹਿਣ-ਸਹਿਣ, ਖਾਣ-ਪੀਣ ਅਤੇ ਨੈਤਿਕ ਕੀਮਤਾਂ ਤਾਣੇ-ਪੇਟੇ ਵਾਂਗ ਇੱਕਮਿੱਕ ਹਨ।

ਪ੍ਰਸ਼ਨ 5. ਲੋਕ-ਖੇਡਾਂ ਖੇਡਣ ਦੇ ਸਮੇਂ ਤੇ ਸਥਾਨ ਬਾਰੇ ਜਾਣਕਾਰੀ ਦਿਓ।

ਉੱਤਰ : ਲੋਕ-ਖੇਡਾਂ ਖੇਡਣ ਦਾ ਸਮਾਂ ਤੇ ਸਥਾਨ ਨਿਸ਼ਚਿਤ ਨਹੀਂ। ਇਹ ਗਰਮੀਆਂ ਨੂੰ ਦੁਪਹਿਰ ਸਮੇਂ, ਚਾਨਣੀਆਂ ਰਾਤਾਂ ਵਿੱਚ, ਖੁੱਲ੍ਹੇ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ ਤੇ ਬੋਹੜਾਂ ਦੀਆਂ ਛਾਂਵਾਂ ਅਤੇ ਕਿਸੇ ਖੁੱਲ੍ਹੀ ਥਾਂ ‘ਤੇ ਖੇਡੀਆਂ ਜਾਂਦੀਆਂ ਹਨ।

ਪ੍ਰਸ਼ਨ 6. ਲੋਕ-ਖੇਡਾਂ ਰਾਹੀਂ ਬੱਚਿਆਂ ਵਿੱਚ ਕਿਹੜੇ ਗੁਣ ਪ੍ਰਵੇਸ਼ ਕਰਦੇ ਹਨ?

ਉੱਤਰ : ਲੋਕ-ਖੇਡਾਂ ਰਾਹੀਂ ਬੱਚਿਆਂ ਵਿੱਚ ਕਈ ਗੁਣ ਪ੍ਰਵੇਸ਼ ਕਰਦੇ ਹਨ। ਇਹਨਾਂ ਖੇਡਾਂ ਰਾਹੀਂ ਬੱਚਿਆਂ ਵਿੱਚ ਸਦਭਾਵਨਾ, ਨੇਕ-ਨੀਅਤੀ, ਇਨਸਾਫ਼, ਭਾਈਵਾਲੀ ਅਤੇ ਮੁਕਾਬਲੇ ਦੀ ਭਾਵਨਾ ਆਦਿ ਨੈਤਿਕ ਗੁਣ ਪ੍ਰਵੇਸ਼ ਕਰਦੇ ਹਨ।

ਪ੍ਰਸ਼ਨ 7. ਬੱਚੇ ਆਮ ਤੌਰ ‘ਤੇ ਕਿਹੜੀਆਂ ਖੇਡਾਂ ਖੇਡਦੇ ਹਨ? ਬੱਚਿਆਂ ਦੀਆਂ ਲੋਕ-ਖੇਡਾਂ ਤੋਂ ਜਾਣੂ ਕਰਵਾਓ।

ਉੱਤਰ : ਬੱਚੇ ਆਮ ਤੌਰ ‘ਤੇ ਛੂਹਣ ਵਾਲੀਆਂ ਖੇਡਾਂ ਖੇਡਦੇ ਹਨ। ਬੱਚਿਆਂ ਦੀਆਂ ਲੋਕ-ਖੇਡਾਂ ਵਿੱਚ ਬੁੱਢੀ ਮਾਈ, ਭੰਡਾ-ਭੰਡਾਰੀਆ, ਊਠਕ-ਬੈਠਕ, ਊਚ-ਨੀਚ, ਕੋਟਲਾ-ਛਪਾਕੀ, ਦਾਈਆਂ-ਦੁੱਕੜੇ, ਬਾਂਦਰ-ਕੀਲਾ, ਕਿਣ-ਮਿਣ ਕਾਣੀ ਕੌਣ ਕਿਣਿਆ, ਸਮੁੰਦਰ ਤੇ ਮੱਛੀ, ਲੱਕੜ-ਕਾਠੀ, ਖ਼ਾਨ-ਘੋੜੀ, ਅੰਨ੍ਹਾ-ਝੋਟਾ, ਗੁੱਲੀ-ਡੰਡਾ, ਪਿੱਠੂ, ਪੀਚੋ ਬੱਕਰੀ, ਅੱਡੀ-ਛੜੱਪਾ, ਕੂਕਾਂ-ਕਾਂਗੜੇ, ਰੋੜੇ, ਅਖਰੋਟ ਅਤੇ ਸ਼ੱਕਰ ਭਿੱਜੀ ਵਰਨਣਯੋਗ ਹਨ।

ਪ੍ਰਸ਼ਨ 8. ਟੋਲੀਆਂ ਦੀ ਚੋਣ ਲਈ ‘ਆੜੀ ਮੜਿੱਕਣ’ ਦਾ ਨਿਯਮ ਕੀ ਹੈ?

ਉੱਤਰ : ਖੇਡਣ ਲਈ ਇਕੱਠੇ ਹੋ ਕੇ ਬੈਠੇ ਬੱਚਿਆਂ ਵਿੱਚੋਂ ਦੋ ਮੁਖੀ ਬਣ ਜਾਂਦੇ ਹਨ। ਬੈਠੇ ਬੱਚਿਆਂ ਵਿੱਚੋਂ ਦੋ-ਦੋ ਆਪਣੇ ਫ਼ਰਜ਼ੀ ਨਾਂ ਰੱਖ ਕੇ ਮੁਖੀਆਂ ਕੋਲ ਆਉਂਦੇ ਹਨ ਤੇ ਕਹਿੰਦੇ ਹਨ: ‘ਕੋਈ ਲੈ ਲਓ ਚਾਂਦੀ, ਕੋਈ ਲੈ ਲਓ ਸੋਨਾ’। ਇੱਕ ਮੁਖੀ ਚਾਂਦੀ ਮੰਗ ਲੈਂਦਾ ਹੈ ਅਤੇ ਦੂਜਾ (ਸੋਨਾ) ਦੂਜੀ ਟੋਲੀ ਦੇ ਮੁਖੀ ਕੋਲ ਚਲਾ ਜਾਂਦਾ ਹੈ। ਇਸ ਤਰ੍ਹਾਂ ਸਾਰੇ ਬੱਚੇ ਵਾਰੋ-ਵਾਰੀ ਚੋਣ ਕਰਾਉਂਦੇ ਹਨ ਅਤੇ ਦੋ ਟੋਲੀਆਂ ਵਿੱਚ ਵੰਡੇ ਜਾਂਦੇ ਹਨ।

ਪ੍ਰਸ਼ਨ 9. ਲੋਕ-ਖੇਡਾਂ ਤੋਂ ਬੱਚਿਆਂ ਵਿੱਚ ਕਿਹੜੇ ਗੁਣ ਪੈਦਾ ਹੁੰਦੇ ਹਨ?

ਉੱਤਰ : ਲੋਕ-ਖੇਡਾਂ ਤੋਂ ਬੱਚਿਆਂ ਵਿੱਚ ਮਿਲ ਕੇ ਰਹਿਣ, ਜਾਤ-ਪਾਤ ਅਤੇ ਊਚ-ਨੀਚ ਦਾ ਕੋਈ ਭੇਦ ਨਾ ਸਮਝਣ ਵਰਗੇ ਗੁਣ ਪੈਦਾ ਹੁੰਦੇ ਹਨ। ਲੋਕ-ਖੇਡਾਂ ਖੇਡਣ ਸਮੇਂ ਉਹਨਾਂ ਵਿੱਚ ਅਮੀਰੀ-ਗ਼ਰੀਬੀ ਦਾ ਵੀ ਕੋਈ ਭੇਦ ਨਹੀਂ ਹੁੰਦਾ।

ਪ੍ਰਸ਼ਨ 10. ਪਿੰਡ ਦੇ ਲੋਕਾਂ ਵੱਲੋਂ ਆਪਣੇ ਖਿਡਾਰੀਆਂ ਲਈ ਸਾਂਝੇ ਤੌਰ ‘ਤੇ ਖ਼ੁਰਾਕਾਂ ਦਾ ਪ੍ਰਬੰਧ ਕਿਵੇਂ ਕੀਤਾ ਜਾਂਦਾ ਸੀ?

ਉੱਤਰ : ਪਿੰਡ ਦੇ ਲੋਕਾਂ ਵੱਲੋਂ ਸਾਂਝੇ ਤੌਰ ‘ਤੇ ਖਿਡਾਰੀਆਂ/ਗੱਭਰੂਆਂ ਨੂੰ ਦੇਸੀ ਘਿਓ ਦੇ ਪੀਪੇ ਖਾਣ ਲਈ ਦਿੱਤੇ ਜਾਂਦੇ ਸਨ। ਇਹ ਖਿਡਾਰੀ ਪਿੰਡ ਦਾ ਮਾਣ ਹੁੰਦੇ ਸਨ। ਉਹ ਵੱਖ-ਵੱਖ ਖੇਡਾਂ ਵਿੱਚ ਪਿੰਡ ਦਾ ਨਾਂ ਚਮਕਾਉਂਦੇ ਸਨ। ਇਸੇ ਲਈ ਪਿੰਡ ਵੱਲੋਂ ਉਹਨਾਂ ਦੀਆਂ ਖੁਰਾਕਾਂ ਦਾ ਪ੍ਰਬੰਧ ਕੀਤਾ ਜਾਂਦਾ ਸੀ।

ਪ੍ਰਸ਼ਨ 11. ਖਿਡਾਰੀਆਂ ਵਿੱਚ ਕਿਹੜੇ ਗੁਣ ਹੁੰਦੇ ਸਨ?

ਉੱਤਰ : ਖਿਡਾਰੀ ਆਪਣੇ ਸਰੀਰ ਨੂੰ ਖੇਡਾਂ ਦੇ ਹਾਣ ਦਾ ਰੱਖਣ ਲਈ ਨਸ਼ਿਆਂ ਨੂੰ ਨੇੜੇ ਨਹੀਂ ਸਨ ਲੱਗਣ ਦਿੰਦੇ। ਪਿੰਡ ਦੀ ਸ਼ਾਨ ਲਈ ਉਹ ਰਲ਼ ਕੇ ਰਹਿੰਦੇ ਸਨ ਅਤੇ ਪਿਆਰ ਨਾਲ ਖੇਡਦੇ ਸਨ। ਚੰਗੀ ਖੇਡ ਖੇਡਣਾ ਹੀ ਉਹਨਾਂ ਦਾ ਮਨੋਰਥ ਹੁੰਦਾ ਸੀ। ਲੋਕ-ਖੇਡਾਂ ਹੀ ਇਹਨਾਂ ਨੂੰ ਕੁਰਾਹੇ ਪੈਣ ਤੋਂ ਰੋਕਦੀਆਂ ਸਨ।

ਪ੍ਰਸ਼ਨ 12. ਕਬੱਡੀ ਦੀ ਖੇਡ ਬਾਰੇ ਜਾਣਕਾਰੀ ਦਿਓ।

ਉੱਤਰ : ਕਬੱਡੀ ਪੰਜਾਬੀਆਂ ਦੀ ਰਾਸ਼ਟਰੀ ਖੇਡ ਹੈ। ਇਸ ਖੇਡ ਤੋਂ ਉਹਨਾਂ ਦੇ ਸੁਭਾਅ ਅਤੇ ਸਰੀਰਿਕ ਤਾਕਤ ਦਾ ਪ੍ਰਗਟਾਵਾ ਹੁੰਦਾ ਹੈ। ਲੰਬੀ ਕੌਡੀ, ਗੂੰਗੀ ਕੌਡੀ ਅਤੇ ਸੌਂਚੀ ਪੱਕੀ ਕਬੱਡੀ ਦੀਆਂ ਬਹੁਤ ਹਰਮਨ-ਪਿਆਰੀਆਂ ਕਿਸਮਾਂ ਰਹੀਆਂ ਹਨ। ਪਰ ਅੱਜ-ਕੱਲ੍ਹ ਇਹਨਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਨੇ ਲੈ ਲਈ ਹੈ।

ਪ੍ਰਸ਼ਨ 13. ਸੌਂਚੀ ਪੱਕੀ ਬਾਰੇ ਜਾਣਕਾਰੀ ਦਿਓ।

ਉੱਤਰ : ਸੌਂਚੀ ਪੱਕੀ ਗੱਭਰੂਆਂ ਦੀ ਮਨਪਸੰਦ ਖੇਡ ਰਹੀ ਹੈ। ਮੇਲਿਆਂ ‘ਤੇ ਆਮ ਕਰਕੇ ਅਤੇ ਛਪਾਰ ਦੇ ਮੇਲੇ ‘ਤੇ ਖ਼ਾਸ ਕਰਕੇ ਇਸ ਦੇ ਮੁਕਾਬਲੇ ਹੁੰਦੇ ਹਨ। ਇਹਨਾਂ ਨੂੰ ਦਰਸ਼ਕ ਬਹੁਤ ਉਤਸ਼ਾਹ ਨਾਲ ਦੇਖਦੇ ਤੇ ਅਨੰਦ ਮਾਣਦੇ ਸਨ। ਬੌਕਕਸਿੰਗ ਨਾਲ ਮਿਲਦੀ-ਜੁਲਦੀ ਇਸ ਖੇਡ ਰਾਹੀਂ ਗੱਭਰੂ ਆਪਣੀ ਸਰੀਰਿਕ ਤਾਕਤ ਦਾ ਪ੍ਰਗਟਾਵਾ ਕਰਦੇ ਹਨ।

ਪ੍ਰਸ਼ਨ 14. ‘ਖਿੱਦੋ-ਖੂੰਡੀ’ ਅਤੇ ‘ਲੂਣ-ਤੇਲ ਲੱਲ੍ਹੇ’ ਨਾਂ ਦੀਆਂ ਖੇਡਾਂ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : ‘ਖਿੱਦੋ-ਖੂੰਡੀ ਅਤੇ ‘ਲੂਣ-ਤੇਲ ਲੱਲ੍ਹੇ’ ਬਹੁਤ ਦਿਲਚਸਪ ਖੇਡਾਂ ਸਨ। ਇਹ ਖੇਡਾਂ ਲੀਰਾਂ ਦੀਆਂ ਖਿੱਦੋਆਂ ਅਤੇ ਕਿੱਕਰ-ਬੇਰੀਆਂ ਦੇ ਖੂੰਡਿਆਂ ਨਾਲ ਖੇਡੀਆਂ ਜਾਂਦੀਆਂ ਸਨ। ‘ਖਿੱਦੋ-ਖੂੰਡੀ’ ਦੀ ਥਾਂ ਹਾਕੀ ਨੇ ਮੱਲ ਲਈ ਹੈ ਜਦ ਕਿ ‘ਲੂਣ-ਤੇਲ ਲੱਲ੍ਹੇ’ ਕ੍ਰਿਕਟ ਵਿੱਚ ਜਾ ਸਮਾਏ ਹਨ।

ਪ੍ਰਸ਼ਨ 15. ‘ਅੱਡੀ-ਛੜੱਪਾ’ ਜਾਂ ‘ਅੱਡੀ-ਟੱਪਾ’ ਨਾਂ ਦੀ ਖੇਡ ਬਾਰੇ ਜਾਣਕਾਰੀ ਦਿਓ।

ਉੱਤਰ : ਕੁੜੀਆਂ ਦੀ ਬਹੁਤ ਹਰਮਨ-ਪਿਆਰੀ ਖੇਡ ‘ਅੱਡੀ-ਛੜੱਪਾ’/‘ਅੱਡੀ-ਟੱਪਾ’ ਨੂੰ ਦੋ ਟੋਲੀਆਂ ਖੇਡਦੀਆਂ ਹਨ। ਹਰ ਟੋਲੀ ਵਿੱਚ ਕੁੜੀਆਂ ਦੀ ਗਿਣਤੀ ਚਾਰ-ਪੰਜ ਹੁੰਦੀ ਹੈ। ਇਸ ਖੇਡ ਦੁਆਰਾ ਕੁੜੀਆਂ ਦੌੜਨ, ਉੱਚੀਆਂ ਛਾਲਾਂ ਮਾਰਨ ਅਤੇ ਆਪਣੇ ਸਰੀਰ ਨੂੰ ਕਾਬੂ ਵਿੱਚ ਰੱਖਣ ਦਾ ਅਭਿਆਸ ਕਰਦੀਆਂ ਹਨ।

ਪ੍ਰਸ਼ਨ 16. ‘ਸੱਕਰ ਭਿੱਜੀ’ ਖੇਡ ਤੋਂ ਜਾਣੂ ਕਰਵਾਓ।

ਉੱਤਰ : ‘ਸੱਕਰ ਭਿੱਜੀ’ ਖੇਡ ਵਿੱਚ ਵਾਰੀ ਵਾਲੀ ਟੋਲੀ ਦੇ ਖਿਡਾਰੀ (ਚਾਰ-ਪੰਜ) ਇੱਕ-ਦੂਜੇ ਦਾ ਲੱਕ ਫੜ ਕੇ ਕੁੱਬੇ ਹੋ ਕੇ ਖਲੋ ਜਾਂਦੇ ਹਨ।

ਦੂਸਰੀ ਟੋਲੀ ਦੇ ਖਿਡਾਰੀ ਇੱਕ-ਇੱਕ ਕਰ ਕੇ ਪਲਾਕੀ ਮਾਰ ਕੇ ਉਹਨਾਂ ਦੀ ਪਿੱਠ ‘ਤੇ ਬੈਠਦੇ ਹਨ। ਜੇਕਰ ਉੱਪਰਲੇ ਕਿਸੇ ਸਵਾਰ ਦੇ ਪੈਰ ਧਰਤੀ ਨਾਲ ਲੱਗ ਜਾਣ ਤਾਂ ਉਹਨਾਂ ਦੀ ਵਾਰੀ ਕੱਟੀ ਜਾਂਦੀ ਹੈ। ਜੇਕਰ ਹੇਠਲੇ ਖਿਡਾਰੀ ਉੱਪਰਲਿਆਂ ਦੇ ਪੁੱਛਣ ‘ਤੇ ਕਹਿ ਦੇਣ ਕਿ ਉਹ ਥੱਕ ਗਏ ਹਨ ਤਾਂ ਉੱਪਰਲੇ ਹੇਠਾਂ ਆ ਜਾਂਦੇ ਹਨ।

ਪ੍ਰਸ਼ਨ 17. ‘ਡੰਡਾ-ਡੁਕ’ ਨਾਂ ਦੀ ਖੇਡ ਕਦੋਂ ਅਤੇ ਕਿੱਥੇ ਖੇਡੀ ਜਾਂਦੀ ਹੈ?

ਉੱਤਰ : ‘ਡੰਡਾ-ਡੁੱਕ’ ਨਾਂ ਦੀ ਖੇਡ ਗਰਮੀਆਂ ਦੀ ਰੁੱਤ ਵਿੱਚ ਦੁਪਹਿਰ ਸਮੇਂ ਖੇਡੀ ਜਾਂਦੀ ਹੈ। ਇਹ ਖੇਡ ਆਮ ਤੌਰ ‘ਤੇ ਪਿੱਪਲਾਂ, ਬਰੋਟਿਆਂ ਅਤੇ ਟਾਹਲੀਆਂ ਆਦਿ ਦਰਖ਼ਤਾਂ ‘ਤੇ ਖੇਡੀ ਜਾਂਦੀ ਹੈ।

ਪ੍ਰਸ਼ਨ 18. ‘ਬਾਂਦਰ-ਕੀਲਾ’ ਨਾਂ ਦੀ ਖੇਡ ਆਮ ਤੌਰ ‘ਤੇ ਕਿਸ ਰੁੱਤ ਦੀ ਖੇਡ ਹੈ? ਇਸ ਨੂੰ ਕੌਣ ਖੇਡਦਾ ਹੈ?

ਉੱਤਰ : ‘ਬਾਂਦਰ-ਕੀਲਾ’ ਨਾਂ ਦੀ ਖੇਡ ਆਮ ਕਰਕੇ ਸਿਆਲ ਦੀ ਰੁੱਤ ਦੀ ਖੇਡ ਹੈ। ਇਸ ਖੇਡ ਨੂੰ ਮੁੰਡੇ ਅਤੇ ਕੁੜੀਆਂ ਰਲ ਕੇ ਖੇਡਦੇ ਹਨ।

ਪ੍ਰਸ਼ਨ 19. ਬੈਠ ਕੇ ਖੇਡਣ ਵਾਲੀਆਂ ਖੇਡਾਂ ਕਿਹੜੀਆਂ ਹਨ? ਇਹਨਾਂ ਨੂੰ ਕੌਣ ਖੇਡਦਾ ਹੈ?

ਉੱਤਰ : ਬੈਠ ਕੇ ਖੇਡਣ ਵਾਲੀਆਂ ਖੇਡਾਂ ਬਾਰਾਂ ਬੀਕਰੀ, ਬਾਰਾਂ ਟਾਹਣੀ, ਸ਼ਤਰੰਜ, ਚੌਪੜ, ਤਾਸ਼, ਬੋੜਾ ਖੂਹ ਅਤੇ ਖੱਡਾ ਆਦਿ ਹਨ। ਇਹਨਾਂ ਨੂੰ ਸਾਡੇ ਵੱਡੇ-ਵਡੇਰੇ ਬੜੇ ਉਤਸ਼ਾਹ ਨਾਲ ਖੇਡਦੇ ਹਨ।

ਪ੍ਰਸ਼ਨ 20. ‘ਲੋਕ-ਖੇਡਾਂ’ ਦੇ ਅਲੋਪ ਹੋਣ ਦੇ ਕੀ ਕਾਰਨ ਹਨ?

ਉੱਤਰ : ਲੋਕ-ਖੇਡਾਂ’ ਦੇ ਸਾਡੇ ਜੀਵਨ ਵਿੱਚ ਅਲੋਪ ਹੋਣ ਦੇ ਕਈ ਕਾਰਨ ਹਨ। ਹੁਣ ਪਿੰਡਾਂ ਵਿੱਚ ਉਹ ਜੂਹਾਂ ਨਹੀਂ ਰਹੀਆਂ ਜਿੱਥੇ ਖੇਡਾਂ ਦੇ ਪਿੜ ਜੁੜਦੇ ਸਨ। ਹੁਣ ਲੋਕ-ਖੇਡਾਂ ਖੇਡਣ ਲਈ ਕਿਸੇ ਕੋਲ ਵਿਹਲ ਵੀ ਨਹੀਂ ਹੈ। ਇਸ ਦਾ ਇੱਕ ਹੋਰ ਕਾਰਨ ਇਹ ਹੈ ਕਿ ਮਨੋਰੰਜਨ ਦੇ ਹੋਰ ਵੱਖ- ਵੱਖ ਸਾਧਨ ਪੈਦਾ ਹੋ ਗਏ ਹਨ।