ਲੇਖ – ਪੰਜਾਬੀ ਮੇਲੇ ਤੇ ਤਿਉਹਾਰ


ਪੰਜਾਬੀ ਮੇਲੇ ਤੇ ਤਿਉਹਾਰ / ਪੰਜਾਬ ਦੇ ਮੇਲੇ ਤੇ ਤਿਉਹਾਰ


ਹਰੇਕ ਦੇਸ਼ ਵਿਚ ਪੁਰਾਣੇ ਸਮੇਂ ਤੋਂ ਹੀ ਮੇਲੇ ਤੇ ਤਿਉਹਾਰ ਸਮਾਜਿਕ ਤੇ ਵਿਅਕਤਿਕ ਜੀਵਨ ਦਾ ਮਹੱਤਵਪੂਰਨ ਅੰਗ ਚਲੇ ਆ ਰਹੇ ਹਨ। ਮੇਲਾ ਸ਼ਬਦ ‘ਮੇਲ’ ਤੋਂ ਬਣਿਆ ਹੈ, ਜਿਸ ਦਾ ਭਾਵ ਹੈ ਮਿਲਣਾ ਜਾਂ ਇਕੱਠਿਆਂ ਹੋਣਾ। ਸੋ ਮੇਲਿਆਂ ਦਾ ਇਕ ਮੁਖ ਉਦੇਸ਼ ਦੇਸ਼ ਵਿਚ ਏਕਤਾ ਤੇ ਪ੍ਰੇਮ-ਪਿਆਰ ਵਧਾਉਣਾ ਹੈ। ਮੇਲਿਆਂ ਤੇ ਤਿਉਹਾਰਾਂ ਵਿਚ ਜੁੜ ਕੇ ਲੋਕਾਂ ਨੂੰ ਪਤਾ ਲਗਦਾ ਹੈ ਕਿ ਉਹ ਇਕ ਵੱਡੀ ਕੌਮ ਦਾ ਅੰਗ ਹਨ। ਦੂਜੀ ਗੱਲ ਇਹ ਹੈ ਕਿ ਮੇਲੇ ਜੀਅ-ਪਰਚਾਵੇ ਤੇ ਮਨੋਰੰਜਨ ਦਾ ਸਾਧਨ ਹਨ। ਹਰੇਕ ਮਨੁੱਖ ਆਪਣੇ ਹੰਭੇ-ਟੁੱਟੇ ਤੇ ਥੱਕੇ ਹੋਏ ਸਰੀਰ ਅਤੇ ਦਿਲ-ਦਿਮਾਗ ਦੀ ਥਕਾਵਟ ਦੂਰ ਕਰਨਾ ਚਾਹੁੰਦਾ ਹੈ; ਅਤੇ ਮੇਲੇ ਇਸ ਮੰਤਵ ਨੂੰ ਭਲੀ ਪਰਕਾਰ ਪੂਰਾ ਕਰਦੇ ਹਨ। ਇਸ ਤੋਂ ਛੁੱਟ ਮੇਲੇ ਵਪਾਰਕ ਪੱਖ ਤੋਂ ਬੜੇ ਲਾਭਦਾਇਕ ਹਨ। ਵਪਾਰੀ ਲੋਕ ਦੂਰ-ਦੂਰ ਤੋਂ ਹਰ ਪਰਕਾਰ ਦੀਆਂ ਚੀਜਾਂ ਲਿਆਉਂਦੇ ਹਨ ਤੇ ਬਹੁਤੀ ਵਿਕਰੀ ਕਰਕੇ ਲਾਭ ਉਠਾਉਂਦੇ ਹਨ ਤੇ ਮੇਲੇ ਵਿਚ ਆਇਆਂ ਨੂੰ ਚੀਜ਼ਾਂ ਖਰੀਦਣ ਵਿਚ ਸੁਖਾਲ ਹੋ ਜਾਂਦਾ ਹੈ।

ਪੰਜਾਬੀ ਮੌਜ-ਮੇਲੇ ਦੇ ਬੜੇ ਸ਼ੌਕੀਨ ਹਨ। ਇਹ ਜਿੱਥੇ ਸਖਤ ਮਿਹਨਤ-ਮੁਸ਼ੱਕਤ ਕਰਦੇ ਹਨ, ਉਥੇ ਥਕੇਵਾਂ ਲਾਹੁਣ ਲਈ ਨੱਚਣਾ-ਕੁੱਦਣਾ ਤੇ ਗਾਉਣਾ ਵੀ ਖੂਬ ਜਾਣਦੇ ਹਨ। ਪੰਜਾਬ ਦੇ ਪੇਂਡੂ ਤਾਂ ਵਿਸ਼ੇਸ਼ ਕਰਕੇ ਖੁੱਲ੍ਹੇ-ਡੁਲ੍ਹੇ ਸੁਭਾਅ ਵਾਲੇ ਰੰਗੀਲੇ ਤੇ ਪ੍ਰਸੰਨ-ਚਿਤ ਬੰਦੇ ਹਨ। ਸੋ ਪੰਜਾਬ ਇਕ ਤਰ੍ਹਾਂ ਨਾਲ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਬਣ ਗਿਆ ਹੈ। ਸਾਲ ਵਿਚ ਸ਼ਾਇਦ ਹੀ ਕੋਈ ਹਫਤਾ ਅਜਿਹਾ ਹੋਵੇ, ਜਦੋਂ ਕਿਤੇ ਨਾ ਕਿਤੇ ਮੇਲਾ ਨਾ ਲਗਿਆ ਹੋਇਆ ਹੋਵੇ। ਇਕ ਖੋਜੀ ਦਾ ਅਨੁਮਾਨ ਹੈ ਕਿ ਪੰਜਾਬ ਵਿਚ ਲਗਭਗ ਗਿਆਰਾਂ ਸੌ ਛੋਟੇ-ਵੱਡੇ ਮੇਲੇ ਸਾਲਾਨਾ ਲਗਦੇ ਹਨ।

ਪੰਜਾਬ ਦੇ ਮੇਲੇ ਕਈ ਪਰਕਾਰ ਦੇ ਹਨ। ਦੀਵਾਲੀ, ਦੁਸ਼ਹਿਰਾ, ਵਿਸਾਖੀ, ਹੋਲੀ ਤੇ ਬਸੰਤ ਆਦਿ ਤਾਂ ਸਰਬ-ਸਾਂਝੇ ਮੇਲੇ ਹਨ, ਜੋ ਲਗਭਗ ਹਰੇਕ ਸ਼ਹਿਰ ਤੇ ਵੱਡੇ ਕਸਬੇ ਵਿਚ ਮਨਾਏ ਜਾਂਦੇ ਹਨ। ਇਨ੍ਹਾਂ ਵਿੱਚੋਂ ਵੀ ਹਰੇਕ ਮੇਲਾ ਕਿਸੇ ਵਿਸ਼ੇਸ਼ ਅਸਥਾਨ ਨਾਲ ਜੁੜ ਗਿਆ ਹੈ, ਜਿਵੇਂ ਦੀਵਾਲੀ ਅੰਮ੍ਰਿਤਸਰ ਦੀ ਵਧੇਰੇ ਮਸ਼ਹੂਰ ਹੈ ਤੇ ਵਿਸਾਖੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ, ਬਸੰਤ ਵਿਸ਼ੇਸ਼ ਕਰਕੇ ਛੇਹਰਟੇ ਸਾਹਿਬ ਮਨਾਈ ਜਾਂਦੀ ਹੈ, ਲੋਹੜੀ ਜਾਂ ਮਾਘੀ ਮੁਕਤਸਰ ਦੀ ਅਤੇ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਦਾ ਵੇਖਣਯੋਗ ਹੁੰਦੇ ਹਨ।

ਇਨ੍ਹਾਂ ਸਰਬ-ਸਾਂਝੇ ਮੇਲਿਆਂ ਤੋਂ ਛੁਟ ਪੰਜਾਬ ਵਿਚ ਵੱਖ-ਵੱਖ ਥਾਈਂ ਸਥਾਨਕ ਮੇਲੇ ਲਗਦੇ ਹਨ, ਜਿਨ੍ਹਾਂ ਦਾ ਸੰਬੰਧ ਇਕ ਸੀਮਿਤ ਇਲਾਕੇ ਦੇ ਨਾਲ ਹੀ ਹੁੰਦਾ ਹੈ ਤਰਨ ਤਾਰਨ ਵਿਚ ਹਰੇਕ ਮੱਸਿਆ ਨੂੰ ਮੇਲਾ ਲਗਦਾ ਹੈ। ਬਾਬੇ ਬਕਾਲੇ ਦਾ ਰਖੜੀ ਪੁੰਨਿਆਂ ਦਾ ਮੇਲਾ ਮਸ਼ਹੂਰ ਹੈ।

ਲੁਧਿਆਣੇ ਜ਼ਿਲ੍ਹੇ ਛਪਾਰ ਵਿਚ ਗੁੱਗੇ ਦੀ ਮਾੜੀ ਦਾ ਮੇਲਾ ਬਹੁਤ ਭਾਰੀ ਹੁੰਦਾ ਹੈ। ਇਸੇ ਤਰ੍ਹਾਂ ਅਚੱਲ ਵਟਾਲੇ ਸੰਨਿਆਸੀਆਂ ਤੇ ਜੋਗੀਆਂ ਦਾ ਮੇਲਾ, ਜਗਰਾਵਾਂ ਵਿਚ ਰੋਸ਼ਨੀ ਦਾ ਮੇਲਾ, ਮਲੇਰਕੋਟਲੇ ਵਿਚ ਹੈਦਰ ਸ਼ੇਖ ਦੀ ਕਬਰ ਦਾ ਮੇਲਾ ਤੇ ਰਾਮ ਤੀਰਥ ਦਾ ਮੇਲਾ ਆਦਿ ਵੱਡੇ ਮੇਲਿਆਂ ਵਿਚੋਂ ਹਨ। ਇਸ ਤੋਂ ਛੁੱਟ ਗੁਰੂਆਂ, ਸਾਧਾਂ-ਸੰਤਾਂ, ਪੀਰਾਂ-ਫਕੀਰਾਂ ਦੀ ਯਾਦ ਮਨਾਉਣ ਲਈ ਲਾਏ ਗਏ ਸਮਾਗਮ ਵੀ ਬਹੁਤਾ ਕਰਕੇ ਮੇਲੇ ਦਾ ਰੂਪ ਧਾਰਨ ਕਰ ਲੈਂਦੇ ਹਨ, ਜਿਵੇਂ ਫ਼ਤਿਹਗੜ੍ਹ ਸਾਹਿਬ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਮੇਲਾ ਜਾਂ ਨਾਨਕਸਰ ਵਿਚ ਸੰਤ ਬਾਬਾ ਨੰਦ ਸਿੰਘ ਜੀ ਦੀ ਬਰਸੀ ਦਾ ਮੇਲਾ।

ਪੰਜਾਬ ਵਿਚ ਬਹੁਤੀ ਵੱਸੋਂ ਕਿਸਾਨਾਂ ਦੀ ਹੈ, ਇਸ ਲਈ ਪ੍ਰਾਂਤਿਕ ਮਹੱਤਤਾ ਵਾਲੇ ਬਹੁਤੇ ਮੇਲੇ ਉਨ੍ਹਾਂ ਦੀ ਸਹੂਲਤ ਦਾ ਖਿਆਲ ਰਖ ਕੇ ਖੁਲ੍ਹੀ ਰੁੱਤ ਵਿਚ ਅਤੇ ਫਸਲਾਂ ਦੀ ਬਿਜਾਈ ਜਾਂ ਕਟਾਈ ਦੇ ਆਰੰਭ ਵਿਚ ਹੀ ਲਾਏ ਜਾਂਦੇ ਹਨ। ਅਸਲ ਵਿਚ ਮੁੱਢੋਂ ਇਨ੍ਹਾਂ ਦਾ ਸੰਬੰਧ ਮੌਸਮਾਂ ਦੀ ਤਬਦੀਲੀ ਨਾਲ ਹੀ ਸੀ। ਵਿਸਾਖੀ ਸਰਦੀ ਦੇ ਅੰਤ ਅਤੇ ਗਰਮੀ ਦੇ ਸ਼ੁਰੂ ਵਿਚ ਆਉਂਦੀ ਹੈ। ਦੀਵਾਲੀ ਤੇ ਦੁਸ਼ਹਿਰਾ ਸਰਦੀਆਂ ਸ਼ੁਰੂ ਹੋਣ ਅਤੇ ਬਸੰਤ ਤੇ ਹੋਲੀ ਖੁੱਲ੍ਹੀ ਰੁੱਤ ਦੇ ਤਿਉਹਾਰ ਹਨ। ਹੌਲੀ-ਹੌਲੀ ਸਭ ਮੁਖ ਤਿਉਹਾਰਾਂ ਨਾਲ ਕੋਈ ਨਾ ਕੋਈ ਇਤਿਹਾਸਕ ਘਟਨਾ ਜੁੜ ਗਈ ਤੇ ਇਨ੍ਹਾਂ ਨੂੰ ਧਾਰਮਿਕ ਰੰਗਣ ਮਿਲ ਗਈ। ਉਦਾਹਰਨ ਵਜੋਂ, ਦੀਵਾਲੀ ਵਾਲੇ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਦਾ ਬਨਬਾਸ ਕੱਟ ਕੇ ਅਯੁੱਧਿਆ ਪਰਤੇ ਸਨ। ਇਸ ਖੁਸ਼ੀ ਵਿਚ ਲੋਕਾਂ ਨੇ ਦੀਪਮਾਲਾ ਕੀਤੀ ਤੇ ਇਹ ਤਿਉਹਾਰ ਇਹ ਸ਼ਕਲ ਫੜ ਗਿਆ। ਇਸੇ ਦਿਨ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਜੀ 52 ਰਾਜਿਆਂ ਨੂੰ ਮੁਕਤ ਕਰਾ ਕੇ ਗਵਾਲੀਆਰ ਦੇ ਕਿਲ੍ਹੇ ਚੋਂ ਕੈਦ ਤੋਂ ਰਿਹਾ ਹੋਏ ਸਨ, ਇਸ ਲਈ ਸਿੱਖਾਂ ਵਿਚ ਇਹ ਦਿਨ ਵਿਸ਼ੇਸ਼ ਪਵਿੱਤਰ ਤੇ ਯਾਦਗਾਰੀ ਬਣ ਗਿਆ। ਦੁਸ਼ਹਿਰੇ ਦਾ ਤਿਉਹਾਰ ਸ੍ਰੀ ਰਾਮ ਚੰਦਰ ਜੀ ਦੀ ਰਾਵਣ ਉਤੇ ਜਿੱਤ ਦੀ ਯਾਦ ਵਜੋਂ ਮਨਾਇਆ ਜਾਂਦਾ ਹੈ ਤੇ ਬਦੀ ਉਤੇ ਨੇਕੀ ਦੀ ਜਿੱਤ ਦਾ ਸੰਕੇਤ ਹੈ।

ਪੰਜਾਬ ਦੇ ਪੇਂਡੂ ਤੇ ਸਥਾਨਕ ਮੇਲਿਆਂ ਦਾ ਦ੍ਰਿਸ਼ ਵੇਖਣ ਯੋਗ ਹੁੰਦਾ ਹੈ। ਮੇਲਿਆਂ ਵਿਚ ਲੋਕੀਂ ਦੋ-ਦੋ, ਚਾਰ-ਚਾਰ ਮੀਲਾਂ ਦੇ ਘੇਰੇ ਤੋਂ ਟੋਲੀਆਂ ਬਣਾਈ ਪੁੱਜਦੇ ਹਨ। ਕਈ ਮੰਡਲੀਆਂ ਤਾਂ ਢੋਲਕੀਆਂ ਛੈਣੇ ਤੇ ਚਿਮਟੇ ਆਦਿ ਵਜਾਉਂਦੀਆਂ ਆਉਂਦੀਆਂ ਹਨ। ਮਰਦ ਤੇ ਇਸਤਰੀਆਂ ਰੰਗ-ਬਰੰਗੇ ਕਪੜੇ ਪਾ ਕੇ ਮੇਲੇ ਵਿਚ ਪੁੱਜਦੇ ਹਨ। ਗਭਰੂਆਂ ਦੇ ਤੇੜ ਧੂਵੀਆਂ ਚਾਦਰਾਂ ਖੜ ਖੜ ਕਰਦੀਆਂ ਹਨ। ਕਈਆਂ ਦੇ ਹੱਥਾਂ ਵਿਚ ਸੰਮਾਂ ਵਾਲੀਆਂ ਡਾਂਗਾਂ ਤੇ ਖੂੰਡੀਆਂ ਹੁੰਦੀਆਂ ਹਨ। ਮੇਲਾ-ਅਸਥਾਨ ਉਤੇ ਵਕਤੀ ਬਾਜ਼ਾਰ ਲਗ ਜਾਂਦਾ ਹੈ। ਜਿੱਥੇ ਹਰ ਪਰਕਾਰ ਦੀਆਂ ਵਸਤਾਂ ਮਿਲ ਜਾਂਦੀਆਂ ਹਨ; ਕੀ ਬੱਚਿਆਂ ਦੇ ਖਿਡੌਣੇ, ਭੁਕਾਨੇ ਤੇ ਸੀਟੀਆਂ ਆਦਿ, ਕੀ ਇਸਤਰੀਆਂ ਦੇ ਸ਼ਿੰਗਾਰ ਦਾ ਸਸਤਾ ਸਮਾਨ, ਪਰਾਂਦੀਆ, ਸੂਰਮਾ, ਕੰਘੀਆਂ, ਦਾਤਣ ਤੇ ਨਹੁੰਪਾਲਸ ਆਦਿ ਤੇ ਕੀ ਡੰਗਰਾਂ ਲਈ ਹਮੇਲਾਂ ਤੇ ਗਾਨੀਆਂ। ਪਰ ਸਭ ਤੋਂ ਵਧ ਰੌਣਕ ਹਲਵਾਈਆਂ ਦੀਆਂ ਹੱਟੀਆਂ ਤੇ ਹੀ ਹੁੰਦੀ ਹੈ। ਆਖਰ ਲੋਕ ਮੌਜ-ਮੇਲੇ ਲਈ ਹੀ ਆਉਂਦੇ ਹਨ ਤੇ ਖਾਣ-ਪੀਣ ਮੌਜ-ਮੇਲੇ ਦਾ ਇਕ ਵਿਸ਼ੇਸ਼ ਅੰਗ ਹੈ।

ਇਸ ਤੋਂ ਬਿਨਾਂ ਮੇਲਿਆਂ ਵਿਚ ਹੋਰ ਵੀ ਬਹੁਤ ਕੁਝ ਵੇਖਣ ਵਿਚ ਆਉਂਦਾ ਹੈ। ਕਿਤੇ ਝੂਲਿਆਂ ਦੁਆਲੇ ਮੇਲਾ ਲੱਗਾ ਹੋਇਆ ਹੈ। ਤੇ ਝੂਟੇ ਲੈਣ ਵਾਲਿਆਂ ਦੀ ਵਾਰ ਨਹੀਂ ਆਉਂਦੀ। ਕਿਤੇ ਕੋਈ ਜਵਾਨ ਮੁੰਡਾ ਮਸ਼ੀਨ ਨਾਲ ਬਾਂਹ ਉਤੇ ਵੇਲ-ਬੂਟੇ ਪੁਆ ਰਿਹਾ ਹੈ ਤੇ ਕਿਤੇ ਕੁੜੀਆਂ ਵੰਗਾਂ ਚੜ੍ਹਾ ਰਹੀਆਂ ਹਨ। ਇਕ ਪਾਸੇ ਕੋਈ ਮਦਾਰੀ ਰਿੱਛ ਤੇ ਬਾਂਦਰੀ ਦਾ ਤਮਾਸ਼ਾ ਵਿਖਾ ਰਿਹਾ ਹੈ, ਤਾਂ ਦੂਜੇ ਪਾਸੇ ਕੋਈ ਦਵਾ-ਫਰੋਸ਼ ਆਪਣੀ ਦਵਾਈ ਲਈ ਲੱਛੇਦਾਰ ਭਾਸ਼ਨ ਝਾੜ ਰਿਹਾ। ਪਿਛਲੇ ਪਹਿਰ ਢੋਲ ਵਜਦਾ ਹੈ ਤੇ ਲੋਕੀ ਕਬੱਡੀ ਤੇ ਭਲਵਾਨਾਂ ਦੇ ਘੋਲ ਵੇਖਣ ਲਈ ਇਕੱਠੇ ਹੋ ਜਾਂਦੇ ਹਨ। ਧਾਰਮਿਕ ਤਿਉਹਾਰਾਂ ਤੇ ਧਾਰਮਿਕ ਸਮਾਗਮ ਵੀ ਹੁੰਦੇ ਹਨ ਤੇ ਰਾਜਨੀਤਿਕ ਪਾਰਟੀਆ ਜਲਸੇ ਕਰਕੇ ਆਪੋ ਆਪਣਾ ਪਰਚਾਰ ਵੀ ਕਰਦੀਆਂ ਹਨ।

ਸਮੇਂ ਦੇ ਗੇੜ ਨਾਲ ਪੰਜਾਬੀ ਮੇਲਿਆਂ ਵਿਚ ਕਈ ਖਰਾਬੀਆਂ ਆ ਗਈਆਂ ਹਨ। ਇਹ ਗੱਲ ਬੜੀ ਸ਼ਰਮ ਤੇ ਨਮੋਸ਼ੀ ਵਾਲੀ ਹੈ ਕਿ ਵਿਗੜੇ ਹੋਏ ਨੌਜਵਾਨ ਅਰੋਗ ਜੀਅ-ਪਰਚਾਵੇ ਤੋਂ ਅੱਗੇ ਵਧ ਕੇ ਅਯੋਗ ਹਰਕਤਾਂ ਕਰਦੇ ਹਨ। ਤੇ ਸ਼ਰਾਬ ਵਿਚ ਬਦਮਸਤ ਹੋ ਕੇ ਬੇਹਯਾਈ ਅਤੇ ਗੁੰਡੇਪਣੇ ਤੇ ਉੱਤਰ ਆਉਂਦੇ ਹਨ। ਇਹ ਸ਼ੋਹਦੇ ਛੋਕਰੇ ਕੁੜੀਆਂ ਨੂੰ ਮਖੌਲ ਕਰਦੇ ਤੇ ਸੁਣਾ-ਸੁਣਾ ਕੇ ਗੰਦੀਆਂ ਬੋਲੀਆਂ ਪਾਉਂਦੇ ਹਨ। ਹਲਵਾਈ ਤੇ ਹੋਰ ਦੁਕਾਨਦਾਰ, ਖਾਸ ਕਰ ਖਾਣ-ਪੀਣ ਦੀਆਂ ਚੀਜਾਂ ਵੇਚਣ ਵਾਲੇ ਮੇਲੇ ਵਿਚ ਹਰ ਪ੍ਰਕਾਰ ਦੀ ਗਲੀ-ਸੜੀ ਤੇ ਰੱਦੀ ਚੀਜ਼ ਵੇਚਣ ਦੀ ਕੋਸ਼ਸ਼ ਕਰਦੇ ਹਨ; ਜਿਸ ਨਾਲ ਲੋਕਾਂ ਦੀ ਸਿਹਤ ਵਿਗੜਦੀ ਹੈ। ਸਮਾਜ-ਸੇਵਾ ਸੰਸਥਾਵਾਂ ਤੇ ਸਰਕਾਰ ਨੂੰ ਇਨ੍ਹਾਂ ਖਰਾਬੀਆਂ ਨੂੰ ਰੋਕਣ ਦਾ ਜਤਨ ਕਰਨਾ ਚਾਹੀਦਾ ਹੈ।

ਮੇਲੇ ਸਮਾਜਕ ਜੀਵਨ ਦਾ ਇਕ ਜ਼ਰੂਰੀ ਅੰਗ ਹਨ ਤੇ ਇਹ ਲਗਦੇ ਹੀ ਰਹਿਣਗੇ। ਲੋੜ ਇਸ ਗੱਲ ਦੀ ਹੈ ਕਿ ਇਨ੍ਹਾਂ ਨੂੰ ਵਧੇਰੇ ਸਾਰਥਿਕ, ਸੁਆਦਲੇ ਤੇ ਉਪਯੋਗੀ ਬਣਾਉਣ ਦੇ ਜਤਨ ਕੀਤੇ ਜਾਣ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਤੋਂ ਕੌਮੀ ਉਸਾਰੀ ਅਤੇ ਸਮਾਜ ਸੁਧਾਰ ਦਾ ਕੰਮ ਲਏ। ਖੇਤੀਬਾੜੀ ਉਦਯੋਗ ਤੇ ਵਿਕਾਸ ਲਈ ਮੇਲਿਆਂ ਵਿਚ ਨੁਮਾਇਸ਼ਾਂ ਲਾਈਆਂ ਜਾਣ,ਜਿੱਥੇ ਨਵੇਂ ਸੰਦਾਂ ਤੇ ਮਸ਼ੀਨਾਂ ਦਾ ਵਿਖਾਲਾ ਕੀਤਾ ਜਾਏ ਅਤੇ ਲੋਕਾਂ ਨੂੰ ਖੇਤੀਬਾੜੀ ਦੇ ਨਵੇਂ ਢੰਗਾਂ ਬਾਰੇ ਲੈਕਚਰਾਂ ਤੇ ਲਿਟਰੇਚਰ ਰਾਹੀਂ ਵਾਕਫੀ ਦਿੱਤੀ ਜਾਏ। ਸ਼ਰਾਬ, ਅਫੀਮ, ਡੋਡਿਆਂ ਤੇ ਨਸ਼ੀਲੀਆਂ ਗੋਲੀਆਂ ਦੇ ਵਿਰੁੱਧ ਪਰਚਾਰ ਕੀਤਾ ਜਾਏ। ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਮੇਲਿਆਂ ਵਿੱਚੋਂ ਬੁਰਾਈਆਂ ਖਤਮ ਕਰਕੇ ਇਨ੍ਹਾਂ ਨੂੰ ਨਰੋਆ ਰੰਗ ਦਿੱਤਾ ਜਾਏ।