ਪੰਜਾਬੀ ਸੱਭਿਆਚਾਰ : ਸੰਖੇਪ ਉੱਤਰ ਵਾਲੇ ਪ੍ਰਸ਼ਨ


ਸੰਖੇਪ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਸਭਿਆਚਾਰ ਕਿਸ ਨੂੰ ਕਹਿੰਦੇ ਹਨ?

ਉੱਤਰ : ਸਭਿਆਚਾਰ ਕਿਸੇ ਖ਼ਾਸ ਖਿੱਤੇ ਵਿਚ ਵਸਦੇ ਲੋਕਾਂ ਦੀ ਜੀਵਨ-ਜਾਚ ਹੁੰਦੀ ਹੈ। ਇਸ ਵਿਚ ਉਨ੍ਹਾਂ ਲੋਕਾਂ ਦਾ ਰਹਿਣ-ਸਹਿਣ, ਕਦਰਾਂ-ਕੀਮਤਾਂ, ਵਿਚਾਰ, ਰੁਚੀਆਂ, ਮਨੋਤਾ, ਵਿਸ਼ਵਾਸ, ਖਾਣ-ਪੀਣ, ਰੀਤੀ-ਰਿਵਾਜ, ਪਹਿਰਾਵਾ, ਹਾਰ- ਸ਼ਿੰਗਾਰ, ਬੋਲੀ, ਦਿਲ-ਪਰਚਾਵੇ ਦੇ ਢੰਗ ਤੇ ਤਿਥ-ਤਿਉਹਾਰ ਆਦਿ ਸ਼ਾਮਲ ਹੁੰਦੇ ਹਨ।

ਪ੍ਰਸਨ 2. ਸਭਿਆਚਾਰ ਤੇ ਉਪ-ਸਭਿਆਚਾਰ ਵਿਚ ਕੀ ਫ਼ਰਕ ਹੁੰਦਾ ਹੈ?

ਉੱਤਰ : ਸਭਿਆਚਾਰ ਦਾ ਸੰਬੰਧ ਕਿਸੇ ਸਮੁੱਚੇ ਜਨ-ਸਮੂਹ ਜਾਂ ਭੂਗੋਲਿਕ ਖੇਤਰ ਨਾਲ ਹੁੰਦਾ ਹੈ, ਪਰੰਤੂ ਉਸ ਵਿਚ ਮੌਜੂਦ ਵੱਖ-ਵੱਖ ਭੂਗੋਲਿਕ, ਜਾਤੀਗਤ, ਨਸਲੀ ਜਾਂ ਭਾਸ਼ਾਈ ਇਕਾਈਆਂ ਕਰਕੇ ਵੱਖਰਤਾ ਵੀ ਮੌਜੂਦ ਹੁੰਦੀ ਹੈ, ਜਿਸ ਨੂੰ ਉਪ-ਸਭਿਆਚਾਰ ਮੰਨਿਆ ਜਾਂਦਾ ਹੈ। ਉਦਾਹਰਨ ਦੇ ਤੌਰ ‘ਤੇ ਜੇਕਰ ਭਾਰਤੀ ਸਭਿਆਚਾਰ ਨੂੰ ਦੇਖਿਆ ਜਾਵੇ, ਤਾਂ ਪੰਜਾਬੀ, ਬੰਗਾਲੀ ‘ਤੇ ਮਰਾਠੀ ਆਦਿ ਇੱਥੋਂ ਦੇ ਉਪ-ਸਭਿਆਚਾਰ ਹਨ, ਪਰੰਤੂ ਇਹ ਆਪਣੇ-ਆਪਣੇ ਭੂਗੋਲਿਕ ਖੇਤਰਾਂ ਵਿਚ ਮੂਲ ਸਭਿਆਚਾਰ ਹਨ। ਇਸ ਪ੍ਰਕਾਰ ਜਿੱਥੇ ਪੰਜਾਬ ਦਾ ਆਪਣਾ ‘ਪੰਜਾਬ ਸਭਿਆਚਾਰ’ ਹੈ, ਉੱਥੇ, ਮਾਝੀ, ਦੁਆਬੀ, ਮਲਵਈ, ਪੋਠੋਹਾਰੀ ਤੇ ਪੁਆਧੀ ਇਸ ਦੇ ਉਪ-ਸਭਿਆਚਾਰ ਹਨ। ਇਸੇ ਤਰ੍ਹਾਂ ਇਨ੍ਹਾਂ ਦੇ ਅੰਤਰਗਤ ਵੀ ਵੱਖ-ਵੱਖ ਜਾਤਾਂ, ਕਿੱਤਿਆ, ਧਰਮਾਂ ਦੇ ਉਪ-ਸਭਿਆਚਾਰ ਮੌਜੂਦ ਹਨ ।

ਪ੍ਰਸ਼ਨ 3. ਪੰਜਾਬੀ ਸਭਿਆਚਾਰ ਦੇ ਇਤਿਹਾਸਿਕ ਪਿਛੋਕੜ ਬਾਰੇ ਦੱਸੋ।

ਉੱਤਰ : ਪੰਜਾਬੀ ਸਭਿਆਚਾਰ ਦੀ ਧਾਰਾ ਆਰੀਆ ਜਾਤੀ ਦੇ ਪੰਜਾਬ ਵਿਚ ਆਗਮਨ ਤੇ ਵਸੇਬੇ ਨਾਲ ਜੁੜੀ ਹੋਈ ਹੈ। ਵੈਦਿਕ ਸਭਿਆਚਾਰ ਦਾ ਮਹਾਨ ਗ੍ਰੰਥ ਤੇ ਭਾਰਤੀ ਸਭਿਆਚਾਰ ਦਾ ਪੁਰਾਤਨ ਮਹਾਨ ਸ੍ਰੋਤ ‘ਰਿਗਵੇਦ’ ਪੰਜਾਬ ਵਿਚ ਹੀ ਰਚਿਆ ਗਿਆ । ਪੰਜਾਬੀ ਸਭਿਆਚਾਰ ਨੂੰ ਭਾਰਤੀ ਸਭਿਆਚਾਰ ਦਾ ਪਹਿਲਾ ਪੜਾਅ ਮੰਨਿਆ ਜਾਂਦਾ ਹੈ। ਪੰਜਾਬ ਨਾ ਕੇਵਲ ਹਿੰਦੁਸਤਾਨ ਦਾ ਪ੍ਰਵੇਸ਼ ਦੁਆਰ ਹੀ ਰਿਹਾ ਹੈ, ਸਗੋਂ ਹਿੰਦੁਸਤਾਨ ਦੇ ਨਾਮਕਰਨ ਵਿਚ ਵੀ ਇਸ ਦਾ ਵਿਸ਼ੇਸ਼ ਯੋਗਦਾਨ ਹੈ। ਰਿਗਵੈਦਿਕ ਕਾਲ ਵਿਚ ਪੰਜਾਬ ਨੂੰ ਸੱਤਾ ਦਰਿਆਵਾਂ ਦੀ ਧਰਤੀ ਹੋਣ ਕਰਕੇ ‘ਸਪਤਸਿੰਧੂ’ ਕਿਹਾ ਗਿਆ, ਪਰੰਤੂ ਮਹਾਭਾਰਤ ਕਾਲ ਵਿਚ ਇਸ ਨੂੰ ‘ਪੰਚ ਨਦ ਅਰਥਾਤ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਣ ਲੱਗਾ। ਪਿੱਛੋਂ ਮੁਸਲਮਾਨਾਂ ਦੇ ਆਉਣ ਨਾਲ ਇਹੋ ‘ਪੰਜ ਨਦ’ ਸ਼ਬਦ ਹੀ ਬਦਲ ਕੇ ਫ਼ਾਰਸੀ ਵਿਚ ਪੰਜਾਬ (ਪੰਜ + ਆਬ) ਬਣ ਗਿਆ।

ਭਾਰਤੀ ਸਭਿਆਚਾਰ ਦੀਆਂ ਪ੍ਰਮੁੱਖ ਘਟਨਾਵਾਂ ਵੀ ਪੰਜਾਬ ਵਿਚ ਹੀ ਵਾਪਰੀਆਂ। ਪਾਣਿਨੀ ਨੇ ਸੰਸਕ੍ਰਿਤ ਵਿਆਕਰਨ ਦੀ ਰਚਨਾ ਵੀ ਇਸੇ ਧਰਤੀ ਉੱਤੇ ਹੀ ਕੀਤੀ। ਭਗਵਤ ਗੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੇ ਮਹਾਨ ਗ੍ਰੰਥ ਵੀ ਇੱਥੇ ਹੀ ਰਚੇ ਗਏ ਤੇ ਇਹ ਉਹ ਸਮਾਂ ਸੀ ਜਦੋਂ ਪੰਜਾਬ ਦੀਆਂ ਹੱਦਾਂ ਅਜੋਕੇ ਰਾਜਨੀਤਿਕ ਪੰਜਾਬ ਨਾਲੋਂ ਕਿਤੇ ਵਿਸ਼ਾਲ ਸਨ। ਮੱਧਕਾਲ ਵਿਚ ਪੰਜਾਬ ਇਸਲਾਮੀ ਧਰਮ ਤੇ ਸੰਸਕ੍ਰਿਤੀ ਦਾ ਵੱਡਾ ਕੇਂਦਰ ਰਿਹਾ। ਪੰਜਾਬ ਦੀ ਬਹੁਤੀ ਵਸੋਂ ਨੇ ਇਸਲਾਮ ਧਰਮ ਗ੍ਰਹਿਣ ਕੀਤਾ, ਪਰੰਤੂ ਇੱਥੋਂ ਦੇ ਸੂਫੀ ਫ਼ਕੀਰਾਂ ਨੇ ਪੰਜਾਬ ਦੇ ਸਭਿਆਚਾਰ ਵਿਚ ਭਾਰਤੀ ਤੇ ਇਸਲਾਮੀ ਰੰਗ ਦਾ ਸੁਮੇਲ ਸਥਾਪਿਤ ਕਰਨ ਦਾ ਯਤਨ ਕੀਤਾ। ਗੁਰੂ ਸਾਹਿਬਾਂ ਨੇ ਆਪਣੀ ਨਰੋਈ ਮਾਨਵਤਾਵਾਦੀ ਸੋਚ ਅਨੁਸਾਰ ਨਵੇਂ ਸਿੱਖ ਧਰਮ ਤੇ ਫ਼ਲਸਫ਼ੇ ਦੀ ਨੀਂਹ ਰੱਖੀ, ਜੋ ਅਜੋਕੇ ਪੰਜਾਬੀ ਸਭਿਆਚਾਰ ਦਾ ਧੁਰਾ ਬਣਿਆ।

ਪੰਜਾਬੀ ਸਭਿਆਚਾਰ ਇਤਿਹਾਸਿਕ ਸਫ਼ਰ ਵਿਚੋਂ ਗੁਜ਼ਰਦਿਆਂ ਸੱਤਾਂ ਦਰਿਆਵਾਂ ਤੋਂ ਪਹਿਲਾਂ ਪੰਜਾਂ ਦਰਿਆਵਾਂ ਦਾ ਤੇ ਫਿਰ 1947 ਵਿਚ ਢਾਈ ਕੁ ਦਰਿਆਵਾਂ ਦਾ ਰਹਿ ਗਿਆ ।

1 ਨਵੰਬਰ, 1966 ਤੋਂ ਪੰਜਾਬ ਦੇ ਤਿੰਨ ਹਿੱਸੇ ਕਰ ਦਿੱਤੇ ਗਏ ਤੇ ਪੰਜਾਬ ਹੋਰ ਵੀ ਸੁਕੜ ਗਿਆ ।

ਪ੍ਰਸ਼ਨ 4. ਪੰਜਾਬੀ ਸਭਿਆਚਾਰ ਦੇ ਮੁੱਖ ਲੱਛਣ ਕੀ ਹਨ?

ਜਾਂ

ਪ੍ਰਸ਼ਨ. ਸੰਸਾਰ ਦੇ ਸਭਿਆਚਾਰਾਂ ਵਿਚੋਂ ਪੰਜਾਬੀ ਸਭਿਆਚਾਰ ਕਿਵੇਂ ਵਿਲੱਖਣ ਹੈ?

ਉੱਤਰ : ਦੁਨੀਆ ਭਰ ਦੇ ਸਭਿਆਚਾਰਾਂ ਵਿਚੋਂ ਪੰਜਾਬੀ ਸਭਿਆਚਾਰ ਆਪਣੇ ਵਿਲੱਖਣ ਪਛਾਣ-ਚਿੰਨ੍ਹਾਂ ਦਾ ਧਾਰਨੀ ਹੈ।

ਭਾਰਤ ਦਾ ਪ੍ਰਵੇਸ਼-ਦੁਆਰ ਰਿਹਾ ਹੋਣ ਕਰਕੇ ਇੱਥੋਂ ਦੇ ਵਾਸੀ ਸੂਰਮਿਆਂ ਦੀ ਕੌਮ ਹੈ, ਜਿਸ ਵਿਚ ਕੁਰਬਾਨੀ ਦਾ ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ। ਇਸੇ ਕਰਕੇ ਪ੍ਰੋ: ਪੂਰਨ ਸਿੰਘ ਇੱਥੋਂ ਦੇ ਜਵਾਨਾਂ ਨੂੰ ‘ਮੌਤ ਨੂੰ ਮਖ਼ੌਲਾਂ ਕਰਨ ਵਾਲੇ’ ਆਖਦਾ ਹੈ। ਇਹ ਅਣਖ ਦਾ ਜੀਵਨ ਜਿਊਂਦੇ ਹਨ ਤੇ ਜ਼ਾਲਮ ਹਾਕਮਾਂ ਅੱਗੇ ਝੁਕਦੇ ਨਹੀਂ । ਪੰਜਾਬ ਰਾਜ ਅੰਨ ਦਾ ਭੰਡਾਰ ਹੈ, ਇਸ ਕਰਕੇ ਕਿਸੇ ਦੇ ਦਰ ਉੱਤੇ ਭੀਖ ਮੰਗਣਾਂ ਇਨ੍ਹਾਂ ਦੇ ਸੁਭਾ ਵਿਚ ਸ਼ਾਮਲ ਨਹੀਂ ।

ਪੰਜਾਬੀ ਸਭਿਆਚਾਰ ਦਾ ਇਕ ਹੋਰ ਵਿਸ਼ੇਸ਼ ਲੱਛਣ ਇਸ ਦਾ ਮਿੱਸਾਪਨ ਹੈ। ਕਈ ਸਦੀਆਂ ਤੋਂ ਵਿਦੇਸ਼ੀ ਹਮਲਾਵਰਾਂ ਜਿਨ੍ਹਾਂ ਵਿਚ ਮੁਸਲਮਾਨ, ਮੁਗ਼ਲ ਤੇ ਅੰਗਰੇਜ਼ ਸ਼ਾਮਲ ਹਨ, ਦੇ ਇੱਥੇ ਕਾਬਜ਼ ਹੋਣ ਨਾਲ ਇਸ ਦਾ ਸੁਭਾ ਮਿੱਸਾ ਤੇ ‘ਦਰੁਸਤ ਹਾਜ਼ਮੇ ਵਾਲਾ’ ਹੋ ਨਿਬੜਿਆ ਹੈ। ਇੱਥੋਂ ਦੀ ਬੋਲੀ, ਪਹਿਰਾਵੇ, ਰੀਤੀ-ਰਿਵਾਜਾਂ ਤੇ ਮਨੌਤਾਂ ਤੋਂ ਪੰਜਾਬੀ ਸਭਿਆਚਾਰ ਦੇ ਬਹੁ-ਜਾਤੀ, ਬਹੁ-ਕੌਮੀ ਤੇ ਬਹੁ-ਨਸਲੀ ਹੋਣ ਦੇ ਸੰਕੇਤ ਮਿਲਦੇ ਹਨ। ਬੇਸ਼ਕ ਪੰਜਾਬੀ ਮਿਹਨਤੀ ਸੁਭਾਅ ਵਾਲੇ ਹਨ ਤੇ ਇਸੇ ਮਿਹਨਤ ਸਦਕਾ ਹੀ ਇਨ੍ਹਾਂ ਨੇ ਹਰੀ-ਕ੍ਰਾਂਤੀ ਨਾਲ ਦੇਸ਼ ਦੇ ਅੰਨ ਦੇ ਭੰਡਾਰ ਭਰੇ ਹਨ, ਪਰੰਤੂ ਵਰਤਮਾਨ ਸਮੇਂ ਵਿਚ ਇੱਥੋਂ ਦੇ ਕੁਦਰਤੀ ਸ੍ਰੋਤਾਂ ਦੇ ਘਟਣ ਅਤੇ ਰਾਜਨੀਤਿਕ ਕਾਰਨਾਂ ਕਰਕੇ ਪੰਜਾਬ ਦੇ ਲੋਕਾਂ ਵਿਚ ਬਿਹਤਰ ਤੇ ਖ਼ੁਸ਼ਹਾਲ ਜੀਵਨ ਲਈ ਪੜ੍ਹ-ਲਿਖ ਕੇ ਬਾਹਰਲੇ ਮੁਲਕਾਂ ਵਿਚ ਜਾ ਕੇ ਵਸਣ ਦੀ ਰੁਚੀ ਵਧ ਰਹੀ ਹੈ, ਜਿਸ ਕਾਰਨ ਮਨੁੱਖੀ ਸੁਭਾਅ ਤੇ ਇਕ-ਦੂਜੇ ਪ੍ਰਤੀ ਵਰਤਾਓ ਵਿਚ ਤਬਦੀਲੀ ਆ ਰਹੀ ਹੈ। ਯਕੀਨਨ ਵਿਸ਼ਵ ਪੱਧਰ ‘ਤੇ ਬਦਲ ਰਹੀਆਂ ਪ੍ਰਸਥਿਤੀਆਂ ਪੰਜਾਬੀ ਮਾਨਸਿਕਤਾ ਵਿਚ ਕੁੱਝ ਤਬਦੀਲੀ ਲਿਆ ਰਹੀਆਂ ਹਨ ਤੇ ਅਜਿਹਾ ਹੋਣਾ ਸੁਭਾਵਿਕ ਵੀ ਹੈ, ਪਰੰਤੂ ਪੰਜਾਬੀ ਸਭਿਆਚਾਰ ਆਪਣੇ ਮੂਲ ਰੂਪ ਨੂੰ ਕਾਇਮ ਰੱਖ ਰਿਹਾ ਹੈ ।