ਪੈਰਾ ਰਚਨਾ : ਕੌਮੀ ਏਕਤਾ


ਕੌਮੀ ਏਕਤਾ


ਹਰ ਕੌਮ ਇੱਕ ਅਜਿਹੀ ਇਕਾਈ ਹੁੰਦੀ ਹੈ, ਜਿਸ ਦਾ ਭੂਗੋਲਿਕ, ਇਤਿਹਾਸਿਕ ਤੇ ਸੱਭਿਆਚਾਰਿਕ ਪੱਖ ਸਾਂਝਾ ਹੁੰਦਾ ਹੈ। ਇਹ ਉਹਨਾਂ ਲੋਕਾਂ ਦਾ ਸਮੂਹ ਹੁੰਦਾ ਹੈ, ਜਿਨ੍ਹਾਂ ਦੀ ਸਮੁੱਚੀ ਜੀਵਨ ਜਾਚ ਵਿੱਚ ਸਾਂਝ ਹੁੰਦੀ ਹੈ। ਕਿਸੇ ਵੀ ਕੌਮ ਦੇ ਵਿਕਾਸ ਲਈ ਅਜਿਹੀ ਸਾਂਝ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਸੇ ਵੀ ਕੌਮ ਵਿੱਚ ਵੱਖ-ਵੱਖ ਧਰਮਾਂ, ਜਾਤਾਂ ਤੇ ਫ਼ਿਰਕਿਆਂ ਆਦਿ ਦੇ ਲੋਕ ਸ਼ਾਮਲ ਹੁੰਦੇ ਹਨ, ਪਰ ਇਹਨਾਂ ਵਿਚਲੀ ਸਾਂਝ ਹੀ ਉਸ ਕੌਮ ਸ਼ਕਤੀ ਹੁੰਦੀ ਹੈ। ਇਸ ਤਰ੍ਹਾਂ ਅਨੇਕਤਾ ਵਿੱਚ ਏਕਤਾ ਹੋਣਾ ਇਸ ਦਾ ਬੁਨਿਆਦੀ ਆਧਾਰ ਤੇ ਲੋੜ ਵੀ ਹੁੰਦੀ ਹੈ। ਅਜਿਹੀਆਂ ਕੌਮਾਂ ਜਦੋਂ ਆਪਣੀਆਂ ਸਾਂਝਾਂ ਤੇ ਹਰ ਤਰ੍ਹਾਂ ਦੀਆਂ ਖ਼ੁਸ਼ੀਆਂ-ਗ਼ਮੀਆਂ ਨੂੰ ਮਿਲ ਕੇ ਹੰਢਾਉਂਦੀਆਂ ਹਨ ਤਾਂ ਇਹ ਸਾਂਝ ਹੋਰ ਪੱਕੀ ਹੁੰਦੀ ਹੈ। ਇਸੇ ਲਈ ਇਲਾਕਾਈ, ਭਾਸ਼ਾਈ ਤੇ ਮਜ਼੍ਹਬੀ ਵੱਖਰੇਵਿਆਂ ਦੇ ਹੁੰਦਿਆਂ ਵੀ ਕੌਮ ਹਮੇਸ਼ਾ ਇੱਕ-ਜੁੱਟ ਹੁੰਦੀ ਹੈ। ਕਈ ਵਾਰੀ ਰਾਜਨੀਤਿਕ ਲੋਕ ਜਾਂ ਸਵਾਰਥੀ ਲੋਕ ਜਦੋਂ ਕੌਮ ਵਿੱਚ ਕਿਸੇ ਵੀ ਆਧਾਰ ‘ਤੇ ਵੰਡੀਆਂ ਪਾਉਣ ਦਾ ਕੋਝਾ ਯਤਨ ਕਰਦੇ ਹਨ ਤਾਂ ਆਖ਼ਰ ‘ਚ ਉਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ।ਕੌਮੀ ਏਕਤਾ ਨੂੰ ਬਣਾਈ ਰੱਖਣ ਲਈ ਹਰ ਕਿਸੇ ਨੂੰ ਦੂਸਰਿਆਂ ਦਾ ਹਰ ਤਰ੍ਹਾਂ ਨਾਲ ਮਾਣ-ਸਤਿਕਾਰ ਕਰਨਾ ਚਾਹੀਦਾ ਹੈ। ਕੌਮ ਵਿੱਚ ਘੱਟ ਗਿਣਤੀ ਦੇ ਵਰਗਾਂ ਦਾ ਉਚੇਚਾ ਖ਼ਿਆਲ ਰੱਖਣਾ ਚਾਹੀਦਾ ਹੈ ਤੇ ਹਰ ਵਰਗ ਨੂੰ ਬਰਾਬਰ ਦੀਆਂ ਸਹੂਲਤਾਂ ਪ੍ਰਾਪਤ ਹੋਣੀਆਂ ਚਾਹੀਦੀਆਂ ਹਨ। ਲੋਕਾਂ ਵਿੱਚ ਕੌਮੀ ਏਕਤਾ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਸਕੂਲਾਂ ਵਿੱਚ ਮੁੱਢਲੇ ਪੱਧਰ ਤੋਂ ਹੀ ਖ਼ਾਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਤਰ੍ਹਾਂ ਹਰ ਮਨੁੱਖ ਵਿੱਚ ਕੌਮੀਅਤ ਦੀ ਭਾਵਨਾ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ। ਹਰ ਮਨੁੱਖ ਨੂੰ ਆਪਣੇ ਕੌਮੀ ਝੰਡੇ, ਕੌਮੀ ਗੀਤ ਤੇ ਕੌਮ ਦੀ ਹਰ ਤਰ੍ਹਾਂ ਨਾਲ ਰੱਖਿਆ ਤੇ ਸਨਮਾਨ ਕਰਨ ਲਈ ਆਪੋ-ਆਪਣੇ ਫ਼ਰਜ਼ਾਂ ਨੂੰ ਨਿਭਾਉਣਾ ਚਾਹੀਦਾ ਹੈ। ਅਜਿਹਾ ਹੋਣ ‘ਤੇ ਹੀ ਹਰ ਕੌਮ ਹਰ ਖੇਤਰ ‘ਚ ਤਰੱਕੀ ਕਰ ਸਕਦੀ ਹੈ।