CBSEEducationਪੈਰ੍ਹਾ ਰਚਨਾ (Paragraph Writing)

ਪੈਰਾ ਰਚਨਾ : ਬਚਾਅ ਵਿੱਚ ਹੀ ਬਚਾਅ ਹੈ


ਸੜਕ ‘ਤੇ ਸਫ਼ਰ ਕਰਦਿਆਂ ਅਸੀਂ ਦੇਖਦੇ ਹਾਂ ਕਿ ਕਈ ਥਾਂਵਾਂ ‘ਤੇ ਇਹ ਬੋਰਡ ਲੱਗੇ ਹੁੰਦੇ ਹਨ ਕਿ ‘ਬਚਾਅ ਵਿੱਚ ਹੀ ਬਚਾਅ ਹੈਂ।’ ਇਸ ਦਾ ਭਾਵ ਇਹ ਹੈ ਕਿ ਕਿਸੇ ਸੜਕ ‘ਤੇ ਚੱਲਦਿਆਂ ਜਾਂ ਕੋਈ ਵਾਹਨ ਚਲਾਉਂਦਿਆਂ ਟ੍ਰੈਫ਼ਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਥਵਾ ਆਪਣਾ ਬਚਾਅ ਆਪ ਕਰਨਾ ਚਾਹੀਦਾ ਹੈ। ਲੋੜ ਇਸ ਗੱਲ ਦੀ ਹੈ ਕਿ ਅਸੀਂ ਇਸ ਵਿਚਾਰ ‘ਤੇ ਅਮਲ ਕਰੀਏ। ਸੜਕਾਂ ‘ਤੇ ਟ੍ਰੈਫ਼ਿਕ ਏਨਾ ਵਧ ਗਿਆ ਹੈ ਕਿ ਬਿਨਾਂ ਟੈਫ਼ਿਕ ਦੇ ਨਿਯਮਾਂ ਦੀ ਪਾਲਣਾ ਕਰਨ ਤੋਂ ਸਫ਼ਰ ਖ਼ਤਰੇ ਤੋਂ ਖ਼ਾਲੀ ਨਹੀਂ। ਸੋ ਜ਼ਰੂਰੀ ਹੈ ਕਿ ਅਸੀਂ ਆਪਣਾ ਬਚਾਅ ਆਪ ਕਰੀਏ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਆਪਣੇ ਵਾਹਨ ਦੀ ਸਪੀਡ ਨਿਯਮਾਂ ਅਨੁਸਾਰ ਰੱਖੀਏ। ਸਕੂਟਰ ਆਦਿ ਚਲਾਉਣ ਵਾਲਿਆਂ ਲਈ ਹੈਲਮਟ ਦੀ ਵਰਤੋਂ ਬਹੁਤ ਜ਼ਰੂਰੀ ਹੈ। ਚੌਕਾਂ ‘ਤੇ ਲੱਗੀਆਂ ਬੱਤੀਆਂ ਦੇ ਇਸ਼ਾਰੇ ਦੀ ਪਾਲਣਾ ਕਰਨੀ ਵੀ ਸਾਡੇ ਹਿੱਤ ਵਿੱਚ ਹੈ। ਅਜਿਹਾ ਨਾ ਕਰਨਾ ਖ਼ਤਰਾ ਮੁੱਲ ਲੈਣ ਵਾਲੀ ਗੱਲ ਹੈ। ਜਿਨ੍ਹਾਂ ਚੌਕਾਂ ਵਿੱਚ ਬੱਤੀਆਂ ਨਹੀਂ ਹੁੰਦੀਆਂ ਉੱਥੇ ਸਿਪਾਹੀ ਦੇ ਇਸ਼ਾਰੇ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਸਿਪਾਹੀ ਨਾ ਖੜ੍ਹਾ ਹੋਵੇ ਤਾਂ ਬੜੇ ਧਿਆਨ ਨਾਲ ਚੌਕ ਪਾਰ ਕਰਨਾ ਚਾਹੀਦਾ ਹੈ। ਮੋੜ ਮੁੜਨ ਸਮੇਂ ਸਾਨੂੰ ਆਪਣੇ ਵਾਹਨ ਦੀ ਸਪੀਡ ਘੱਟ ਕਰ ਲੈਣੀ ਚਾਹੀਦੀ ਹੈ ਅਤੇ ਇੰਡੀਕੇਟਰ ਤੇ ਹਾਰਨ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਡੇ ਲਈ ਸੜਕ ‘ਤੇ ਲੱਗੇ ਬੋਰਡਾਂ ਦੇ ਸੰਕੇਤਾਂ ਦਾ ਗਿਆਨ ਵੀ ਜ਼ਰੂਰੀ ਹੈ। ਜੇਕਰ ਸਾਡੇ ਵਾਹਨ ਦੀ ਬੱਤੀ ਜਾਂ ਬ੍ਰੇਕ ਆਦਿ ਠੀਕ ਨਹੀਂ ਤਾਂ ਇਸ ਨੂੰ ਤੁਰੰਤ ਠੀਕ ਕਰਵਾਉਣਾ ਜ਼ਰੂਰੀ ਹੈ। ਪੈਦਲ ਚੱਲਣ ਲੱਗਿਆਂ ਵੀ ਸਾਨੂੰ ਟ੍ਰੈਫ਼ਿਕ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਮੁੱਕਦੀ ਗੱਲ ਇਹ ਹੈ ਕਿ ਸੜਕ ‘ਤੇ ਚੱਲਣ ਲੱਗਿਆਂ ਸਾਨੂੰ ਆਪਣਾ ਬਚਾਅ ਆਪ ਕਰਨਾ ਚਾਹੀਦਾ ਹੈ ਕਿਉਂਕਿ ‘ਬਚਾਅ ਵਿੱਚ ਹੀ ਬਚਾਅ ਹੈ।’