ਸੱਦਾ – ਪੱਤਰ (Invitation Letters)


◆ ਖ਼ੁਸ਼ੀ, ਗ਼ਮੀ ਜਾਂ ਕਿਸੇ ਹੋਰ ਸਮਾਗਮ ਲਈ ਸੱਦਾ-ਪੱਤਰ

ਸੱਦਾ-ਪੱਤਰ ਤੋਂ ਭਾਵ ਉਹ ਪੱਤਰ ਹੁੰਦਾ ਹੈ, ਜਿਸ ਰਾਹੀਂ ਕਿਸੇ ਨੂੰ ਸੱਦਾ ਦਿੱਤਾ ਜਾਂਦਾ ਹੈ। ਸੱਦਾ-ਪੱਤਰ ਜਾਂ ਸੱਦਾ ਦੇਣ ਦਾ ਇਤਿਹਾਸ ਮਨੁੱਖੀ ਇਤਿਹਾਸ ਜਿੰਨਾ ਹੀ ਪੁਰਾਣਾ ਹੈ, ਪਰ ਸਮੇਂ-ਸਮੇਂ ਇਸ ਦੇ ਰੂਪ ਬਦਲਦੇ ਰਹੇ ਹਨ। ਪਹਿਲਾਂ ਮਨੁੱਖ ਆਪ ਨਿੱਜੀ ਤੌਰ ਤੇ ਮਿਲ ਕੇ ਸੱਦਾ ਦੇਂਦਾ ਸੀ ਫਿਰ ਗੰਢ, ਚਿੱਠੀ, ਤਾਰ, ਫੋਨ ਤੇ ਈ-ਮੇਲ ਰਹੀਂ ਸੱਦਾ ਦਿੱਤਾ ਜਾਂਦਾ ਰਿਹਾ ਹੈ। ਅੱਜ ਸੰਚਾਰ ਦੇ ਹੋਰ ਅਨੇਕ ਸਾਧਨਾਂ ਰਾਹੀਂ; ਜਿਵੇਂ : ਵੱਟਸ ਐਪ, ਟਵਿੱਟਰ, ਇੰਸਟਾਗ੍ਰਾਮ, ਆਦਿ ਰਾਹੀਂ ਸੱਦਾ-ਪੱਤਰ ਭੇਜੇ ਜਾ ਰਹੇ ਹਨ।

ਸੱਦਾ-ਪੱਤਰ ਲਿਖਣ ਦਾ ਆਪਣਾ ਬਹੁਤ ਹੀ ਮਹੱਤਵ ਹੁੰਦਾ ਹੈ। ਬਹੁਤੇ ਸੱਦਾ-ਪੱਤਰ ਮੁੱਖ ਰੂਪ ਵਿੱਚ ਖ਼ੁਸ਼ੀ ਜਾਂ ਗ਼ਮੀ ਨਾਲ ਹੀ ਸੰਬੰਧਤ ਹੁੰਦੇ ਹਨ। ਸਿਆਣੇ ਆਖਦੇ ਹਨ ਕਿ ਖ਼ੁਸ਼ੀ ਵੰਡਿਆਂ ਵਧਦੀ ਹੈ ਤੇ ਦੁੱਖ ਵੰਡਿਆਂ ਘਟਦਾ ਹੈ। ਇਸ ਲਈ ਮਨੁੱਖ ਇੱਕ ਸਮਾਜਕ ਪ੍ਰਾਣੀ ਹੋਣ ਕਾਰਨ ਅਜਿਹੇ ਮੌਕਿਆਂ ਤੇ ਆਪਣਿਆਂ ਨੂੰ ਸੱਦਾ-ਪੱਤਰ ਭੇਜਦਾ ਹੈ। ਇਸ ਲਈ ਸੱਦਾ-ਪੱਤਰ ਮਹਿਜ਼ ਰਸਮ ਮਾਤਰ ਨਹੀਂ ਹੁੰਦਾ, ਬਲਕਿ ਇਸ ਵਿਚਲੀਆਂ ਭਾਵਨਾਵਾਂ ਦੀ ਆਪਣੀ ਅਹਿਮੀਅਤ ਹੁੰਦੀ ਹੈ। ਇਸ ਲਈ ਸੱਦਾ-ਪੱਤਰ ਦੀ ਭਾਸ਼ਾ ਦਾ ਬਹੁਤ ਮਹੱਤਵ ਹੁੰਦਾ ਹੈ। ਇਹ ਭਾਸ਼ਾ ਸੱਦਾ-ਪੱਤਰ ਦੇ ਵਿਸ਼ੇ ਅਨੁਸਾਰ ਢੁੱਕਵੀਂ, ਪ੍ਰਭਾਵਸ਼ਾਲੀ ਤੇ ਸੰਖੇਪਤਾ ਭਰਪੂਰ ਹੋਣੀ ਚਾਹੀਦੀ ਹੈ। ਇਸੇ ਲਈ ਸੱਦਾ-ਪੱਤਰ ਲਿਖਦੇ ਸਮੇਂ ਹੇਠਲੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ।

● ਸੱਦਾ-ਪੱਤਰ ਦੇ ਹੇਠ ਲਿਖੇ ਅੰਗ ਹੁੰਦੇ ਹਨ :

1. ਸੱਦਾ-ਪੱਤਰ ਭੇਜਣ ਵਾਲੇ ਦਾ ਨਾਂ ਅਤੇ ਪਤਾ।

2. ਸੱਦਾ-ਪੱਤਰ ਪ੍ਰਾਪਤ ਕਰਨ ਵਾਲੇ ਦਾ ਨਾਂ ਅਤੇ ਪਤਾ।

3. ਖ਼ੁਸ਼ੀ, ਗ਼ਮੀ ਜਾਂ ਸਮਾਗਮ ਸੰਬੰਧੀ ਸੂਚਨਾ।

4. ਪ੍ਰੋਗਰਾਮ ਦਾ ਪੂਰਾ ਵੇਰਵਾ, ਭਾਵ ਸਥਾਨ, ਮਿਤੀ ਅਤੇ ਸਮਾਂ ਜਿਸ ਅਨੁਸਾਰ ਪਹੁੰਚਣ ਦੀ ਬੇਨਤੀ ਕੀਤੀ ਹੁੰਦੀ ਹੈ।

5. ਸਮਾਗਮ ਦੀ ਵਿਸ਼ੇਸ਼ ਖਿੱਚ।

6. ਭਾਵਨਾ ਪ੍ਰਗਟਾਉਂਦੇ ਹੋਏ ਸ਼ਬਦ।

● ਅਸਲ ਵਿੱਚ ਸੱਦਾ-ਪੱਤਰ ਦਾ ਕੇਂਦਰੀ ਨੁਕਤਾ, ਖ਼ੁਸ਼ੀ ਜਾਂ ਗ਼ਮੀ ਦੀ ਘਟਨਾ ਬਾਰੇ ਸੂਚਨਾ ਦੇਣਾ ਹੁੰਦਾ ਹੈ। ਇਸ ਸੂਚਨਾ ਦੀ ਸ਼ਬਦਾਵਲੀ ਦਾ ਬਹੁਤ ਮਹੱਤਵ ਹੁੰਦਾ ਹੈ; ਜਿਵੇਂ :

(ੳ) ਪਰਮਾਤਮਾ ਦੇ ਹੁਕਮ ਅਨੁਸਾਰ ਸਾਡੇ ਦਾਦਾ ਸ: ਰਾਮ ਸਿੰਘ ਜੀ 14 ਮਈ, 20…. ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ ਹਨ।

(ਅ) ਸਤਿਗੁਰ ਜੀ ਦੀ ਅਪਾਰ ਬਖ਼ਸ਼ਿਸ਼ ਸਦਕਾ ਸਾਡੇ ਪਰਿਵਾਰ ਨੂੰ ਭੁਜੰਗੀ ਦੀ ਦਾਤ ਪ੍ਰਾਪਤ ਹੋਈ ਹੈ ਜਾਂ ਸੁੰਦਰ ਗ੍ਰਹਿ ਦੀ ਬਖ਼ਸ਼ਿਸ਼ ਹੋਈ ਹੈ।

(ੲ) ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਅਸੀਂ ਕੱਪੜੇ ਦੀ ਦੁਕਾਨ ਚੌੜੇ ਬਾਜ਼ਾਰ ‘ਚ ਖੋਲ੍ਹ ਰਹੇ ਹਾਂ।

ਸੱਦਾ-ਪੱਤਰ ਵਿੱਚ ਆਪੋ-ਆਪਣੇ ਧਾਰਮਕ ਵਿਸ਼ਵਾਸ ਅਨੁਸਾਰ ਕੋਈ ਤੁਕ ਅਤੇ ਚਿੰਨ੍ਹ ਵੀ ਦਿੱਤਾ ਜਾਂਦਾ ਹੈ; ਜਿਵੇਂ ਇੱਕ ਵਿਆਹ ਦਾ ਸੱਦਾ-ਪੱਤਰ ਇਸ ਤਰ੍ਹਾਂ ਦਾ ਹੁੰਦਾ ਹੈ :

ਵਿਆਹ ਦਾ ਸੱਦਾ ਪੱਤਰ

● ਸੱਦਾ-ਪੱਤਰ ਵਿੱਚ ਬੇਨਤੀ-ਭਾਵ ਬਹੁਤ ਪ੍ਰਭਾਵਸ਼ਾਲੀ ਹੋਣੇ ਚਾਹੀਦੇ ਹਨ; ਜਿਵੇਂ :

(ੳ) ਆਪ ਜੀ ਨੂੰ ਨਿਮਰਤਾ ਸਹਿਤ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ।

(ਅ) ਇਹੋ ਜਿਹੇ ਖ਼ੁਸ਼ੀਆਂ ਭਰੇ ਮੌਕੇ ਆਪ ਵਰਗੇ ਮਿੱਤਰਾਂ ਅਤੇ ਸ਼ੁੱਭ-ਚਿੰਤਕਾਂ ਨਾਲ ਹੀ ਸ਼ੋਭਦੇ ਹਨ।

(ੲ) ਤੁਹਾਡੇ ਰਾਹ ਤੇ ਅਸੀਂ ਆਪਣੀਆਂ ਅੱਖਾਂ ਵਿਛਾ ਕੇ ਤੁਹਾਡੀ ਉਡੀਕ ਕਰਾਂਗੇ। ਤੁਹਾਡੀ ਚਰਨ ਧੂੜ ਨਾਲ ਸਾਡਾ ਘਰ ਪਵਿੱਤਰ ਹੋ ਜਾਵੇਗਾ।

● ਸੋਗ ਦੀ ਘਟਨਾ ਨਾਲ ਸੰਬੰਧਤ ਸੱਦਾ-ਪੱਤਰਾਂ ਵਿੱਚ ਕੇਵਲ ਬੇਨਤੀ ਹੀ ਕੀਤੀ ਜਾਂਦੀ ਹੈ; ਜਿਵੇਂ :

(ੳ) ਆਪ ਜੀ ਨੂੰ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ।

● ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਸਮਾਜਕ ਤੇ ਸੱਭਿਆਚਾਰਕ ਵਾਤਾਵਰਨ ਦੀ ਤਬਦੀਲੀ ਨਾਲ ਸੱਦਾ-ਪੱਤਰਾਂ ਵਿਚਲੀ ਸ਼ਬਦਾਵਲੀ ਵੀ ਬਦਲਦੀ ਰਹਿੰਦੀ ਹੈ। ਜਿਵੇਂ :

(ੳ) ਸਾਡੇ ਪਿਆਰੇ….. ਦਾ ਦਿਹਾਂਤ ਗਿਆ ਹੈ।

(ਅ) ਸਾਡੇ ਘਰ ਇੱਕ ਨਿੱਕੇ ਮਹਿਮਾਨ ਨੇ ਕਿਲਕਾਰੀ ਮਾਰੀ ਹੈ।

● ਕਿਸੇ ਸਾਹਿਤਕ ਸੱਭਿਆਚਾਰਕ ਸਮਾਗਮ ਦੇ ਸੱਦਾ-ਪੱਤਰ ਵਿੱਚ ਸੱਦੇ ਦੇ ਸ਼ਬਦ ਅਜਿਹੇ ਹੁੰਦੇ ਹਨ :

(ੳ) ਕਵੀ ਦਰਬਾਰ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਹੈ।

(ਅ) ਤੁਸੀਂ ਨਾਟਕ-ਮੇਲੇ ਵਿੱਚ ਸ਼ਾਮਲ ਹੋ ਕੇ ਇਸ ਮੇਲੇ ਦੀ ਰੌਣਕ ਵਧਾਉਣ ਦੀ ਖੇਚਲ ਕਰਨੀ ਜੀ।


◆ ਸੱਦਾ-ਪੱਤਰਾਂ ਦੀਆਂ ਕਿਸਮਾਂ

ਸੱਦਾ-ਪੱਤਰਾਂ ਦੀ ਵੰਡ ਕਈ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ।

(ੳ) ਸੱਦਾ-ਪੱਤਰਾਂ ਦੀ ਪਹਿਲੀ ਵੰਡ : ਪਰਿਵਾਰਕ ਜੀਵਨ ਨਾਲ ਸੰਬੰਧਤ ਸੱਦਾ-ਪੱਤਰ

(i) ਖ਼ੁਸ਼ੀ ਦੇ ਸਮਾਗਮ ਲਈ ਸੱਦਾ-ਪੱਤਰ।

(ii) ਗ਼ਮੀ ਦੇ ਸਮਾਗਮ ਨਾਲ ਸੰਬੰਧਤ ਸੱਦਾ-ਪੱਤਰ।

(iii) ਪਰਮਾਤਮਾ ਦੇ ਸ਼ੁਕਰਾਨੇ ਲਈ ਸਮਾਗਮ ਬਾਰੇ ਸੱਦਾ-ਪੱਤਰ।

(iv) ਮਹੂਰਤ, ਆਰੰਭ ਜਾਂ ਉਦਘਾਟਨ ਸੰਬੰਧੀ ਸੱਦਾ-ਪੱਤਰ।

(ਅ) ਸੱਦਾ-ਪੱਤਰਾਂ ਦੀ ਦੂਜੀ ਵੰਡ : ਸਭਾ ਸਭਾਵਾਂ, ਕਲੱਬਾਂ ਅਤੇ ਅਦਾਰਿਆਂ ਆਦਿ ਦੇ ਸਮਾਗਮਾਂ ਸੰਬੰਧੀ ਸੱਦਾ-ਪੱਤਰ।

(ੲ) ਸੱਦਾ-ਪੱਤਰਾਂ ਦੀ ਤੀਜੀ ਵੰਡ : ਸੰਬੋਧਨ ਅਨੁਸਾਰ ਵੀ ਸੱਦਾ-ਪੱਤਰਾਂ ਦੀ ਵੰਡ ਕੀਤੀ ਜਾਂਦੀ ਹੈ :

(i) ਸੱਦਾ-ਪੱਤਰ ਚਿੱਠੀ-ਨੁਮਾ ਹੁੰਦੇ ਹਨ। ਇਹਨਾਂ ਵਿੱਚ ਕਿਸੇ ਵਿਅਕਤੀ ਨੂੰ ਉਸ ਦੇ ਨਾਂ, ਰਿਸ਼ਤੇ ਜਾਂ ਅਹੁਦੇ ਅਨੁਸਾਰ ਨਿੱਜੀ ਤੌਰ ‘ਤੇ ਸੰਬੋਧਿਤ ਕੀਤਾ ਜਾਂਦਾ ਹੈ।

(ii) ਆਮ ਲੋਕਾਂ ਨੂੰ ਸੰਬੋਧਿਤ ਕੀਤੇ ਸੱਦਾ-ਪੱਤਰ ਇੱਕ ਪ੍ਰਕਾਰ ਦੇ ਇਸ਼ਤਿਹਾਰ ਹੀ ਹੁੰਦੇ ਹਨ। ਅਖ਼ਬਾਰ ਵਿੱਚ ਕਿਸੇ ਦੇ ‘ਸਦੀਵੀ ਵਿਛੋੜਾ ਦੇ ਜਾਣ ‘ਤੇ’ ਭੋਗ ਆਦਿ ਦੇ ਇਸ਼ਤਿਹਾਰ ਇਸੇ ਵੰਨਗੀ ਦੇ ਹੁੰਦੇ ਹਨ।

(ਸ) ਸੱਦਾ-ਪੱਤਰਾਂ ਦੀ ਚੌਥੀ ਵੰਡ : ਇਸ ਵੰਡ ਵਿੱਚ ਸਮਾਜਕ ਦਰਜੇ ਜਾਂ ਰਿਸ਼ਤੇ ਦੀ ਨੇੜਤਾ ਅਨੁਸਾਰ ਸੱਦਾ-ਪੱਤਰ ਲਿਖੇ ਜਾਂਦੇ ਹਨ। ਇਹਨਾਂ ਵਿੱਚ ਸੱਦੇ ਜਾਣ ਵਾਲੇ ਮਹਿਮਾਨਾਂ ਦੀ ਵੰਡ ਕਰ ਕੇ ਦੋ ਜਾਂ ਤਿੰਨ ਪ੍ਰਕਾਰ ਦੇ ਸੱਦਾ-ਪੱਤਰ ਬਣਾਏ ਜਾਂਦੇ ਹਨ। ਜਿਵੇਂ : ਵਿਆਹ ਦੇ ਸੱਦਾ-ਪੱਤਰਾਂ ਵਿੱਚ ਸ਼ਗਨ, ਬਰਾਤ, ਰਿਸੈਪਸ਼ਨ, ਆਦਿ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਵੱਖਰੇ ਤੇ ਕੇਵਲ ਪ੍ਰੀਤੀ-ਭੋਜਨ ’ਤੇ ਬੁਲਾਏ ਜਾਣ ਵਾਲਿਆਂ ਲਈ ਵੱਖਰੇ ਕਾਰਡ ਬਣਾ ਲਏ ਜਾਂਦੇ ਹਨ।