ਤੁਰਨ ਦਾ ਹੁਨਰ : ਛੋਟੇ ਉੱਤਰਾਂ ਵਾਲੇ ਪ੍ਰਸ਼ਨ


ਛੋਟੇ ਉੱਤਰਾਂ ਵਾਲੇ ਪ੍ਰਸ਼ਨ (25-30 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ)


ਪ੍ਰਸ਼ਨ 1. ਮਨੁੱਖ ਕਦੋਂ ਤੋਂ ਤੁਰਨ ਦੀ ਮੌਜ ਤੋਂ ਵਾਂਝਿਆ ਗਿਆ ਹੈ?

ਉੱਤਰ : ‘ਤੁਰਨ ਦਾ ਹੁਨਰ’ ਨਾਂ ਦੇ ਲੇਖ/ਨਿਬੰਧ ਦਾ ਲੇਖਕ ਡਾ. ਨਰਿੰਦਰ ਸਿੰਘ ਕਪੂਰ) ਦੱਸਦਾ ਹੈ ਕਿ ਮਨੁੱਖ ਜਦੋਂ ਤੋਂ ਕਾਰ ‘ਤੇ ਸਵਾਰ ਹੋਇਆ ਹੈ ਉਦੋਂ ਤੋਂ ਹੀ ਉਹ ਤੁਰਨ ਦੀ ਮੌਜ ਤੋਂ ਵਾਂਝਿਆ ਗਿਆ ਹੈ।

ਪ੍ਰਸ਼ਨ 2. ਪਹਾੜ ਅਤੇ ਸਮੁੰਦਰਾਂ ਦੇ ਕਿਨਾਰੇ ਸਾਨੂੰ ਕਿਉਂ ਚੰਗੇ ਲੱਗਦੇ ਹਨ?

ਉੱਤਰ : ‘ਤੁਰਨ ਦਾ ਹੁਨਰ’ ਨਾਂ ਦੇ ਲੇਖ/ਨਿਬੰਧ ਵਿੱਚ ਡਾ. ਨਰਿੰਦਰ ਸਿੰਘ ਕਪੂਰ ਦੱਸਦਾ ਹੈ ਕਿ ਸਾਨੂੰ ਪਹਾੜ ਅਤੇ ਸਮੁੰਦਰਾਂ ਦੇ ਕਿਨਾਰੇ ਇਸ ਲਈ ਚੰਗੇ ਪ੍ਰਤੀਤ ਹੁੰਦੇ ਹਨ ਕਿਉਂਕਿ ਇਹ ਸਾਨੂੰ ਤੁਰਨ ਦਾ ਮੌਕਾ ਦਿੰਦੇ ਹਨ।

ਪ੍ਰਸ਼ਨ 3. ਤੁਰਨ ਦੇ ਪ੍ਰਸੰਗ ਵਿੱਚ ਡਾ. ਨਰਿੰਦਰ ਸਿੰਘ ਕਪੂਰ ਨੇ ਕਿਨ੍ਹਾਂ ਮਹਾਨ ਸ਼ਖ਼ਸੀਅਤਾਂ ਦਾ ਜ਼ਿਕਰ ਕੀਤਾ ਹੈ?

ਉੱਤਰ : ਤੁਰਨ ਦੇ ਪ੍ਰਸੰਗ ਵਿੱਚ ਲੇਖਕ ਡਾ. ਨਰਿੰਦਰ ਸਿੰਘ ਕਪੂਰ ਨੇ ਤੁਰਨ ਦੇ ਮਹੱਤਵ ਨੂੰ ਪ੍ਰਗਟਾਉਂਦਿਆਂ ਕੁਝ ਮਹਾਨ ਸ਼ਖ਼ਸੀਅਤਾਂ ਦਾ ਜ਼ਿਕਰ ਕੀਤਾ ਹੈ। ਲੇਖਕ ਦੱਸਦਾ ਹੈ ਕਿ ਯੂਨਾਨੀ ਪਾਤਰ ਯੂਲੀਸਿਸ ਅਤੇ ਪੰਜਾਬ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਹਮੇਸ਼ਾਂ ਤੁਰਦੇ ਰਹਿਣ ਵਾਲ਼ੇ ਵਿਅਕਤੀਆਂ ਦੇ ਪ੍ਰਤੀਕ ਹਨ। ਪੰਜਾਬੀ ਕਿੱਸਿਆਂ ਦੇ ਨਾਇਕ ਤੁਰ ਕੇ ਹੀ ਆਪਣੀਆਂ ਪ੍ਰੇਮਿਕਾਵਾਂ ਦੇ ਦੇਸ ਪਹੁੰਚੇ ਸਨ।

ਪ੍ਰਸ਼ਨ 4. ਕਿਸੇ ਸਿਆਣੇ ਨੇ ਤੁਰਨ ਬਾਰੇ ਕੀ ਕਿਹਾ ਸੀ?

ਉੱਤਰ : ਕਿਸੇ ਸਿਆਣੇ ਨੇ ਤੁਰਨ ਬਾਰੇ ਕਿਹਾ ਸੀ ਕਿ ਉਹ ਜਿੰਨਾ ਵੱਧ ਤੁਰਦਾ ਹੈ ਉਸ ਨੂੰ ਓਨਾ ਹੀ ਵੱਧ ਅਨੁਭਵ ਹੁੰਦਾ ਹੈ ਕਿ ਉਹ ਘੱਟ ਤੁਰਦਾ ਹੈ। ਉਹ ਕਹਿੰਦਾ ਹੈ ਕਿ ਉਹ ਜਦੋਂ ਵੀ ਤੁਰਨ ਗਿਆ ਹੈ ਉਹ ਵੱਧ ਖ਼ੁਸ਼ ਹੋ ਕੇ ਆਪਣੇ ਘਰ ਮੁੜਿਆ ਹੈ।

ਪ੍ਰਸ਼ਨ 5. ਕਾਰਾਂ, ਗੱਡੀਆਂ ਅਤੇ ਬੱਸਾਂ ਮਨੁੱਖ ਦੀ ਮਜਬੂਰੀ ਕਿਉਂ ਬਣ ਗਈਆਂ ਹਨ?

ਉੱਤਰ : ‘ਤੁਰਨ ਦਾ ਹੁਨਰ’ ਲੇਖ/ਨਿਬੰਧ ਵਿੱਚ ਲੇਖਕ ਦੱਸਦਾ ਹੈ ਕਿ ਮਨੁੱਖ ਨੇ ਆਪਣੇ ਫ਼ਾਸਲੇ ਲੰਮੇ ਕਰ ਲਏ ਹਨ। ਇਹੀ ਕਾਰਨ ਹੈ ਕਿ ਕਾਰਾਂ, ਗੱਡੀਆਂ ਤੇ ਬੱਸਾਂ ਉਸ ਦੀ ਮਜਬੂਰੀ ਬਣ ਗਈਆਂ ਹਨ।

ਪ੍ਰਸ਼ਨ 6. ਮਨੁੱਖ ਦੀਆਂ ਸਰੀਰਿਕ ਸਮੱਸਿਆਵਾਂ ਕਿਉਂ ਵਧ ਗਈਆਂ ਹਨ?

ਉੱਤਰ : ਲੇਖਕ (ਡਾ. ਨਰਿੰਦਰ ਸਿੰਘ ਕਪੂਰ) ਅਨੁਸਾਰ ਮਨੁੱਖ ਨੂੰ ਤੁਰਨ ਦੇ ਜਿਹੜੇ ਕੁਝ ਮੌਕੇ ਮਿਲਦੇ ਹਨ ਉਹ ਉਹਨਾਂ ਤੋਂ ਵੀ ਕੋਈ ਲਾਭ ਨਹੀਂ ਉਠਾਉਂਦਾ। ਇਸੇ ਲਈ ਮਨੁੱਖ ਦੀਆਂ ਸਰੀਰਿਕ ਸਮੱਸਿਆਵਾਂ ਵਧ ਗਈਆਂ ਹਨ।

ਪ੍ਰਸ਼ਨ 7. ਅਸੀਂ ਆਪਣੀਆਂ ਸਰੀਰਿਕ ਸਮੱਸਿਆਵਾਂ ਤੋਂ ਕਿਵੇਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ?

ਉੱਤਰ : ਲੇਖਕ (ਡਾ. ਨਰਿੰਦਰ ਸਿੰਘ ਕਪੂਰ) ਅਨੁਸਾਰ ਸਾਡੀਆਂ ਸਰੀਰਿਕ ਸਮੱਸਿਆਵਾਂ ਦਾ ਹੱਲ ਤੁਰਨ ਵਿੱਚ ਹੈ। ਜੇਕਰ ਅਸੀਂ ਇਹਨਾਂ ਸਮੱਸਿਆਵਾਂ ਤੋਂ ਮੁਕਤੀ ਪ੍ਰਾਪਤ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਤੁਰਨਾ ਸ਼ੁਰੂ ਕਰਨਾ ਚਾਹੀਦਾ ਹੈ। ਲੇਖਕ ਅਨੁਸਾਰ ਪੰਜ ਮਿੰਟਾਂ ਵਿੱਚ ਹੀ ਸਾਨੂੰ ਤਬਦੀਲੀ ਮਹਿਸੂਸ ਹੋਣੀ ਸ਼ੁਰੂ ਹੋ ਜਾਵੇਗੀ।

ਪ੍ਰਸ਼ਨ 8. ਤੁਹਾਡੇ ਕੋਲੋਂ ਤੇਜ਼ੀ ਨਾਲ ਲੰਘਣ ਵਾਲੇ ਕਾਰਾਂ ਵਿੱਚ ਬੈਠੇ ਵਿਅਕਤੀ ਤੁਹਾਨੂੰ ਕਦੋਂ ਤਰਸ ਦੇ ਪਾਤਰ ਪ੍ਰਤੀਤ ਹੋਣ ਲੱਗ ਪੈਣਗੇ?

ਉੱਤਰ : ਲੇਖਕ (ਡਾ. ਨਰਿੰਦਰ ਸਿੰਘ ਕਪੂਰ) ਅਨੁਸਾਰ ਜੇ ਤੁਹਾਨੂੰ ਤੁਰਨ ਦਾ ਅਭਿਆਸ ਹੋਵੇ ਅਤੇ ਤੁਰਨ ਦੀ ਲਗਨ ਹੋਵੇ ਤਾਂ ਤੇਜ਼ੀ ਨਾਲ ਕੋਲੋਂ ਲੰਘਣ ਵਾਲੇ ਕਾਰਾਂ ਵਿੱਚ ਬੈਠੇ ਵਿਅਕਤੀ ਤੁਹਾਨੂੰ ਤਰਸ ਦੇ ਪਾਤਰ ਪ੍ਰਤੀਤ ਹੋਣ ਲੱਗ ਪੈਣਗੇ।

ਪ੍ਰਸ਼ਨ 9. ਕਿਹੜੇ ਪਤੀ-ਪਤਨੀ ਦੁਨੀਆ ਦੀ ਹਰ ਮੁਸੀਬਤ ਦਾ ਖਿੜੇ ਮੱਥੇ ਮੁਕਾਬਲਾ ਕਰ ਸਕਦੇ ਹਨ?

ਉੱਤਰ : ਲੇਖਕ (ਡਾ. ਨਰਿੰਦਰ ਸਿੰਘ ਕਪੂਰ) ਅਨੁਸਾਰ ਇਕੱਠੇ ਸੈਰ ਕਰਨ ਵਾਲ਼ੇ ਪਤੀ-ਪਤਨੀ ਦੁਨੀਆ ਦੀ ਹਰ ਮੁਸੀਬਤ ਦਾ ਖਿੜੇ ਮੱਥੇ ਸਾਮ੍ਹਣਾ ਕਰ ਸਕਦੇ ਹਨ। ਇਸ ਤਰ੍ਹਾਂ ਲੇਖਕ ਸੈਰ ਅਥਵਾ ਤੁਰਨ ਦੇ ਮਹੱਤਵ ਨੂੰ ਪ੍ਰਗਟਾਉਂਦਾ ਹੈ।

ਪ੍ਰਸ਼ਨ 10. ਤੁਰਨ ਵੇਲੇ ਸਾਨੂੰ ਆਪਣੇ ਗਿਆਨ-ਇੰਦਰੇ ਖੋਲ੍ਹ ਕੇ ਕਿਉਂ ਤੁਰਨਾ ਚਾਹੀਦਾ ਹੈ?

ਉੱਤਰ : ‘ਤੁਰਨ ਦਾ ਹੁਨਰ’ ਲੇਖ/ਨਿਬੰਧ ਦੇ ਲੇਖਕ (ਡਾ. ਨਰਿੰਦਰ ਸਿੰਘ ਕਪੂਰ) ਅਨੁਸਾਰ ਸਾਨੂੰ ਆਪਣੇ ਗਿਆਨ-ਇੰਦਰੇ ਖੋਲ੍ਹ ਕੇ ਤੁਰਨਾ ਚਾਹੀਦਾ ਹੈ। ਤੁਰਨ ਨਾਲ ਭਾਵੇਂ ਸਾਨੂੰ ਗਿਆਨ ਪ੍ਰਾਪਤ ਨਹੀਂ ਹੁੰਦਾ ਪਰ ਤੁਰਨ ਨਾਲ ਸਾਡੇ ਆਪਣੇ ਗਿਆਨ (ਜੋ ਗਿਆਨ ਸਾਡੇ ਕੋਲ ਹੁੰਦਾ ਹੈ) ਦੀ ਪੁਸ਼ਟੀ ਹੋ ਜਾਂਦੀ ਹੈ।

ਪ੍ਰਸ਼ਨ 11. ਹਰ ਥਾਂ ਤੁਰ ਕੇ ਜਾਣ ਬਾਰੇ ਸੋਚਣ ਸੰਬੰਧੀ ਲੇਖਕ ਕੀ ਕਹਿੰਦਾ ਹੈ?

ਉੱਤਰ : ਲੇਖਕ ਕਹਿੰਦਾ ਹੈ ਕਿ ਸਾਨੂੰ ਜਦੋਂ ਵੀ ਮੌਕਾ ਮਿਲੇ ਤੁਰਨਾ ਚਾਹੀਦਾ ਹੈ। ਹਰ ਦੂਰੀ ਬਾਰੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੀ ਉੱਥੇ ਤੁਰ ਕੇ ਜਾਇਆ ਜਾ ਸਕਦਾ ਹੈ।

ਪ੍ਰਸ਼ਨ 12. ਕਿਸ ਵਿਅਕਤੀ ਦਾ ਪਿਆਰ ਸਤਿਕਾਰ ਦੇ ਯੋਗ ਹੁੰਦਾ ਹੈ?

ਉੱਤਰ : ‘ਤੁਰਨ ਦਾ ਹੁਨਰ’ ਲੇਖ/ਨਿਬੰਧ ਵਿੱਚ ਲੇਖਕ ਤੁਰਨ ਦੇ ਮਹੱਤਵ ਨੂੰ ਪ੍ਰਗਟਾਉਂਦਾ ਕਹਿੰਦਾ ਹੈ ਕਿ ਜਿਹੜਾ ਵਿਅਕਤੀ ਤੁਰ ਕੇ ਸਾਨੂੰ ਮਿਲਨ ਲਈ ਆਉਂਦਾ ਹੈ ਉਸੇ ਦਾ ਪਿਆਰ ਸਤਿਕਾਰਯੋਗ ਹੁੰਦਾ ਹੈ।

ਪ੍ਰਸ਼ਨ 13. ਇੱਕ ਯੂਨਾਨੀ ਫ਼ਿਲਾਸਫ਼ਰ ਨੇ ਆਪਣੀ ਭਾਰਤ-ਯਾਤਰਾ ਦਾ ਉਦੇਸ਼ ਕੀ ਦੱਸਿਆ?

ਉੱਤਰ : ਇੱਕ ਯੂਨਾਨੀ ਫ਼ਿਲਾਸਫ਼ਰ ਨੇ ਆਪਣੀ ਭਾਰਤ-ਯਾਤਰਾ ਦਾ ਉਦੇਸ਼ ਦੱਸਦਿਆਂ ਕਿਹਾ ਕਿ ਉਹ ਇਹ ਦੇਖਣ ਚੱਲਿਆ ਹੈ ਕਿ ਦੁਨੀਆ ਕੋਲ ਉਸ ਨੂੰ ਸਿਖਾਉਣ ਲਈ ਕੀ ਹੈ ਅਤੇ ਉਸ ਕੋਲ ਦੁਨੀਆ ਨੂੰ ਸਿਖਾਉਣ ਲਈ ਕੀ ਹੈ?

ਪ੍ਰਸ਼ਨ 14. ਦੂਸਰੇ ਸ਼ਹਿਰਾਂ ਦੀਆਂ ਕਿਹੜੀਆਂ ਥਾਂਵਾਂ ਤੁਹਾਨੂੰ ਯਾਦ ਰਹਿਣਗੀਆਂ?

ਉੱਤਰ : ‘ਤੁਰਨ ਦਾ ਹੁਨਰ’ ਲੇਖ/ਨਿਬੰਧ ਵਿੱਚ ਲੇਖਕ ਡਾ. ਨਰਿੰਦਰ ਸਿੰਘ ਕਪੂਰ ਇਹ ਦੱਸਦਾ ਹੈ ਕਿ ਤੁਹਾਨੂੰ ਦੂਜੇ ਸ਼ਹਿਰਾਂ ਦੀਆਂ ਉਹ ਥਾਂਵਾਂ ਹੀ ਯਾਦ ਰਹਿਣਗੀਆਂ ਜਿਹੜੀਆਂ ਤੁਸੀਂ ਤੁਰ ਕੇ ਦੇਖੀਆਂ ਸਨ।

ਪ੍ਰਸ਼ਨ 15. ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਚਿਹਰੇ ‘ਤੇ ਝੁਰੜੀਆਂ ਨਾ ਪੈਣ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

ਉੱਤਰ : ਲੇਖਕ ਅਨੁਸਾਰ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਚਿਹਰੇ ‘ਤੇ ਝੁਰੜੀਆਂ ਨਾ ਪੈਣ ਤਾਂ ਸਾਨੂੰ ਏਨਾ ਤੁਰਨਾ ਚਾਹੀਦਾ ਹੈ ਕਿ ਸਾਡੇ ਬੂਟਾਂ ‘ਤੇ ਝੁਰੜੀਆਂ ਪੈ ਜਾਣ। ਲੇਖਕ ਅਨੁਸਾਰ ਝੁਰੜੀਆਂ ਤਾਂ ਪੈਣੀਆਂ ਹੀ ਹਨ। ਇਹ ਅਸੀਂ ਦੇਖਣਾ ਹੈ ਕਿ ਇਹ ਝੁਰੜੀਆਂ ਸਾਡੇ ਚਿਹਰੇ ‘ਤੇ ਪੈਣ ਜਾਂ ਸਾਡੇ ਬੂਟਾਂ ‘ਤੇ।

ਪ੍ਰਸ਼ਨ 16. ‘ਤੁਰਨ ਦਾ ਹੁਨਰ’ ਪਾਠ ਅਨੁਸਾਰ ਕਿਹੜੇ ਲੋਕ ਤਰਸ ਦੇ ਪਾਤਰ ਹੁੰਦੇ ਹਨ ਅਤੇ ਕਿਉਂ?

ਉੱਤਰ : ‘ਤੁਰਨ ਦਾ ਹੁਨਰ’ ਪਾਠ ਅਨੁਸਾਰ ਤੁਰਨ ਦਾ ਵਿਰੋਧ ਕਰਨ ਵਾਲੇ ਵਿਅਕਤੀਆਂ ਦੀ ਬਹੁਤੀ ਗੱਲ-ਬਾਤ ਉਹਨਾਂ ਦੀਆਂ ਆਪਣੀਆਂ ਬਿਮਾਰੀਆਂ ਬਾਰੇ ਹੁੰਦੀ ਹੈ। ਅਜਿਹੇ ਲੋਕ ਤਰਸ ਦੇ ਪਾਤਰ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਤੁਰਨ ਵਿੱਚ ਆਪਣਾ ਫ਼ਾਇਦਾ ਨਜ਼ਰ ਨਹੀਂ ਆਉਂਦਾ।