CBSEEducationNCERT class 10thPunjab School Education Board(PSEB)

ਜ਼ਫ਼ਰਨਾਮਾ : ਇਕਾਂਗੀ ਦਾ ਸਾਰ


ਪ੍ਰਸ਼ਨ : ਡਾ. ਹਰਚਰਨ ਸਿੰਘ ਦੇ ਇਕਾਂਗੀ ‘ਜ਼ਫ਼ਰਨਾਮਾ’ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ਡਾ. ਹਰਚਰਨ ਸਿੰਘ ਦੇ ਲਿਖੇ ਇਕਾਂਗੀ ‘ਜ਼ਫ਼ਰਨਾਮਾ’ ਦਾ ਅਰੰਭ ਮੁਗ਼ਲ ਸ਼ਹਿਨਸ਼ਾਹ ਔਰੰਗਜ਼ੇਬ ਦੇ ਆਤਮ-ਸੰਵਾਦ ਨਾਲ ਹੁੰਦਾ ਹੈ। ਉਸ ਨੂੰ ਜਾਪਦਾ ਹੈ ਕਿ ਹਰ ਗੱਲ ਉਸ ਦੀ ਮਰਜ਼ੀ ਦੇ ਖ਼ਿਲਾਫ਼ ਹੋ ਰਹੀ ਹੈ। ਉਸ ਨੂੰ ਲੱਗਦਾ ਹੈ ਕਿ ਖ਼ੁਦਾ ਉਸ ਨੂੰ ਭੁੱਲ ਗਿਆ ਹੈ। ਸ਼ਾਹੀ ਮਹੱਲ ਵਿੱਚ ਰਾਗ-ਰੰਗ ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਹਨ। ਔਰੰਗਜ਼ੇਬ ਗ਼ੁੱਸੇ ਵਿੱਚ ਹੈ। ਅਵਾਜ਼ ਆਉਂਦੀ ਹੈ ਕਿ ਜ਼ਿੰਦਗੀ ਇੱਕ ਰੰਗ-ਤਮਾਸ਼ਾ ਹੀ ਹੈ ਤੇ ਔਰੰਗਜ਼ੇਬ ਨੇ ਇਸ ਨੂੰ ਕਦੇ ਮਾਣਿਆ ਹੀ ਨਹੀਂ। ਇਸੇ ਕਾਰਨ ਉਸ ਦਾ ਸੁਭਾਅ ਏਨਾ ਸਖ਼ਤ ਹੈ। ਉੱਚੀ-ਉੱਚੀ ਹੱਸਣ ਦੀ ਅਵਾਜ਼ ਸੁਣਾਈ ਦਿੰਦੀ ਹੈ। ਫਿਰ ਅਵਾਜ਼ ਆਉਂਦੀ ਹੈ ਕਿ ਇਹ ਔਰੰਗਜ਼ੇਬ ਦੇ ਅਹਿਲਕਾਰਾਂ, ਫ਼ੌਜਦਾਰਾਂ, ਸੂਬੇਦਾਰਾਂ ਅਤੇ ਹੋਰ ਧਾਰਮਿਕ ਆਗੂਆਂ ਦਾ ਹਾਸਾ ਹੈ ਜਿਹੜੇ ਉਸ ਦੀ ਮੌਤ ਦਾ ਇੰਤਜ਼ਾਰ ਕਰ ਰਹੇ ਹਨ। ਉਹ ਸ਼ਰਾਬ ਦੇ ਨਸ਼ੇ ਵਿੱਚ ਉਸ ਦੀ ਕਮਜ਼ੋਰੀ ਦਾ ਮਜ਼ਾਕ ਉਡਾ ਰਹੇ ਹਨ। ਔਰੰਗਜ਼ੇਬ ਗੁੱਸੇ ਵਿੱਚ ਆ ਕੇ ਕਹਿੰਦਾ ਹੈ ਕਿ ਉਹ ਇਹਨਾਂ ਸਾਰਿਆਂ ਨੂੰ ਗਰਿਫ਼ਤਾਰ ਕਰਨ ਦਾ ਹੁਕਮ ਦਿੰਦਾ ਹੈ।

ਅਵਾਜ਼ ਆਉਂਦੀ ਹੈ ਕਿ ਮੁਗ਼ਲ ਤਖ਼ਤ ਨੂੰ ਹਾਸਲ ਕਰਨ ਲਈ ਔਰੰਗਜ਼ੇਬ ਦੇ ਬੇਟੇ ਆਪਸ ਵਿੱਚ ਲੜ ਰਹੇ ਹਨ। ਉਸ ਨੇ ਆਪ ਵੀ ਤਾਂ ਆਪਣੇ ਪਿਤਾ ਸ਼ਾਹਜਹਾਨ ਦੀ ਮੌਤ ਦਾ ਇੰਤਜ਼ਾਰ ਨਹੀਂ ਕੀਤਾ ਸੀ। ਉਸ ਨੂੰ ਲੱਗਦਾ ਹੈ ਕਿ ਅਜਿਹਾ ਕਰ ਕੇ ਉਸ ਨੇ ਗ਼ਲਤੀ ਕੀਤੀ ਸੀ। ਅਵਾਜ਼ ਆਉਂਦੀ ਹੈ ਕਿ ਹੁਣ ਉਹੀ ਗ਼ਲਤੀ ਉਸ ਦੇ (ਔਰੰਗਜ਼ੇਬ ਦੇ) ਬੇਟਿਆਂ ਵੱਲੋਂ ਦੁਹਰਾਈ ਜਾਵੇਗੀ। ਔਰੰਗਜ਼ੇਬ ਆਪਣੇ ਸ਼ਹਿਜ਼ਾਦਿਆਂ ਨੂੰ ਗਲਤੀ ਨਾ ਦੁਹਰਾਉਣ ਲਈ ਕਹਿੰਦਾ ਹੈ। ਅਵਾਜ਼ ਆਉਂਦੀ ਹੈ ਕਿ ਉਸ ਨੇ (ਔਰੰਗਜ਼ੇਬ ਨੇ) ਪੰਜਾਹ ਸਾਲ ਲੋਕਾਂ ਦਾ ਅਮਨ ਚੈਨ ਖੋਹਿਆ ਹੈ। ਹੁਣ ਉਸ ਦੇ ਅਮਨ ਦੀ ਕੌਣ ਪਰਵਾਹ ਕਰਦਾ ਹੈ। ਦੂਰ ਕਿਧਰੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਸੁਣਾਈ ਦਿੰਦੇ ਹਨ। ਅਵਾਜ਼ ਆਉਂਦੀ ਹੈ ਕਿ ਪੰਜਾਬ ਵਿੱਚ ਸਿੰਘ-ਸੂਰਮੇ ਫਿਰ ਗੁਰੂ ਦੇ ਝੰਡੇ ਥੱਲੇ ਇਕੱਠੇ ਹੋ ਗਏ ਹਨ ਤੇ ਉਹਨਾਂ ਖਿਦਰਾਣੇ ਦੀ ਢਾਬ ਲਾਗੇ ਮੁਗ਼ਲ ਫ਼ੌਜਾਂ ਨੂੰ ਹਰਾ ਦਿੱਤਾ ਹੈ। ਸਤਨਾਮੀ ਸਾਧੂ ਵੀ ਜ਼ੋਰ-ਜ਼ੁਲਮ ਵਿਰੁੱਧ ਅਵਾਜ਼ ਬੁਲੰਦ ਕਰ ਰਹੇ ਹਨ। ਮਹਾਂਰਾਸ਼ਟਰ ਵਿੱਚ ਵੀ ਬਗ਼ਾਵਤ ਸ਼ੁਰੂ ਹੋ ਚੁੱਕੀ ਹੈ। ਉਸ ਦੇ ਆਪਣੇ ਸੂਬੇਦਾਰ ਹੀ ਉਸ ਦੇ ਖ਼ਿਲਾਫ਼ ਵਿਉਂਤਬੰਦੀ ਕਰ ਰਹੇ ਹਨ। ਉਹ ਖ਼ੁਦ ਮੁਗ਼ਲ ਸਲਤਨਤ ਦੀ ਇਸ ਹਾਲਤ ਲਈ ਜ਼ੁੰਮੇਵਾਰ ਹੈ। ਔਰੰਗਜ਼ੇਬ ਕਹਿੰਦਾ ਹੈ ਕਿ ਉਸ ਨੇ ਪੂਰੀ ਇਮਾਨਦਾਰੀ ਨਾਲ ਆਪਣਾ ਫ਼ਰਜ਼ ਨਿਭਾਇਆ ਹੈ। ਅਵਾਜ਼ ਆਉਂਦੀ ਹੈ ਕਿ ਉਹ ਆਪਣੀ ਝੂਠੀ ਖ਼ੁਸ਼ਾਮਦੀ ਸੁਣ ਕੇ ਖ਼ੁਸ਼ਫ਼ਹਿਮੀ ਵਿੱਚ ਰਿਹਾ ਹੈ। ਅਸਲ ਵਿੱਚ ਹਕੂਮਤ ਦੀਆਂ ਨੀਂਹਾਂ ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਪੱਕੀਆਂ ਹੁੰਦੀਆਂ ਹਨ। ਉਸ ਦੇ ਰਾਜ ਵਿੱਚ ਸਾਰੇ ਦੁਖੀ ਹਨ। ਉਸ ਨੇ ਸਿਰਫ਼ ਮੁੱਠੀ ਭਰ ਲੋਕਾਂ ਦੀ ਬਿਹਤਰੀ ਨੂੰ ਧਿਆਨ ਵਿੱਚ ਰੱਖਿਆ ਹੈ।

ਇਸ ਦੌਰਾਨ ਜ਼ੀਨਤ ਆਪਣੇ ‘ਅੱਬਾਜਾਨ’ ਨੂੰ ਦੱਸਦੀ ਹੈ ਕਿ ਉਹ ਉਸ ਦੀ ਬੇਟੀ ਹੈ। ਔਰੰਗਜ਼ੇਬ ਬੇਹੋਸ਼ੀ ਦੀ ਹਾਲਤ ਵਿੱਚ ਹੀ ਕਹਿ ਰਿਹਾ ਹੈ ਕਿ ਉਸ ਨੂੰ ਨਾ ਮਾਰੋ। ਔਰੰਗਜ਼ੇਬ ਹੋਸ਼ ਵਿੱਚ ਆਉਂਦਾ ਹੈ ਤੇ ਜ਼ੀਨਤ ਨੂੰ ਪੁੱਛਦਾ ਹੈ ਕਿ ਉਹ ਉਸ ਦੀ ਆਗਿਆ ਤੋਂ ਬਿਨਾਂ ਅੰਦਰ ਕਿਉਂ ਆਈ? ਜ਼ੀਨਤ ਦੱਸਦੀ ਹੈ ਕਿ ਉਸ ਨੇ ਉਸ ਦੀਆਂ ਚੀਕਾਂ ਸੁਣੀਆਂ ਤੇ ਉਹ ਰਹਿ ਨਾ ਸਕੀ। ਉਹ ਹੈਰਾਨ ਸੀ ਕਿ ਉਸ ਦੇ ਅੱਬਾ ਨੇ ਕਦੇ ਵੀ ਆਪਣੀ ਨਮਾਜ਼ ਦਾ ਵਕਤ ਨਹੀਂ ਸੀ ਖੁੰਝਾਇਆ। ਔਰੰਗਜ਼ੇਬ ਬੇਟੀ ਨੂੰ ਦੱਸਦਾ ਹੈ ਕਿ ਉਸ ਨੂੰ ਬੜਾ ਹੀ ਡਰਾਉਣਾ ਸੁਫਨਾ ਆਇਆ ਸੀ। ਉਹ ਉਸ ਨੂੰ ਦੱਸ ਨਹੀਂ ਸਕਦਾ। ਉਹ ਜ਼ੀਨਤ ਨੂੰ ਮਸਜਦ ਤੱਕ ਲੈ ਜਾਣ ਲਈ ਕਹਿੰਦਾ ਹੈ ਤਾਂ ਜੋ ਉਹ ਇਬਾਦਤ ਕਰ ਕੇ ਆਪਣੇ ਮਨ ਦਾ ਚੈਨ ਹਾਸਲ ਕਰ ਸਕੇ। ਜ਼ੀਨਤ ਦੱਸਦੀ ਹੈ ਕਿ ਉਹਨਾਂ ਦੀ ਇਸ ਹਾਲਤ ਬਾਰੇ ਅੰਮੀ ਜਾਨ ਨੇ ਉਸ ਨੂੰ ਜਗਾ ਕੇ ਦੱਸਿਆ ਸੀ ਤੇ ਉਹਨਾਂ ਨੇ ਸ਼ਾਇਦ ਸ਼ਾਹੀ ਹਕੀਮ ਨੂੰ ਵੀ ਸੱਦਾ ਭੇਜਿਆ ਹੈ।

ਔਰੰਗਜ਼ੇਬ ਅਤੇ ਜ਼ੀਨਤ ਦੇ ਜਾਣ ਤੋਂ ਬਾਅਦ ਬੇਗਮ ਉਦੈਪੁਰੀ ਡਰਦੀ-ਡਰਦੀ ਅੰਦਰ ਆਉਂਦੀ ਹੈ। ਸ਼ਾਹੀ ਹਕੀਮ ਵੀ ਆ ਜਾਂਦਾ ਹੈ। ਅਸਦ ਖ਼ਾਨ ਵੀ ਆਉਂਦਾ ਹੈ। ਬੇਗਮ ਉਦੈਪੁਰੀ ਉਸ ਨੂੰ ਦੱਸਦੀ ਹੈ ਕਿ ਜਹਾਨ ਪਨਾਹ ਅੱਜ ਬਹੁਤ ਪਰੇਸ਼ਾਨ ਹਨ। ਅਸਦ ਖ਼ਾਨ ਕਹਿੰਦਾ ਹੈ ਕਿ ਉਹ ਤਾਂ ਬੜੇ ਪੱਕੇ ਇਰਾਦੇ ਦੇ ਮਾਲਕ ਹਨ ਤੇ ਔਖੇ ਤੋਂ ਔਖੇ ਵੇਲੇ ਵੀ ਘਬਰਾਉਂਦੇ ਨਹੀਂ। ਇੰਨੇ ਨੂੰ ਔਰੰਗਜ਼ੇਬ ਵੀ ਆ ਜਾਂਦਾ ਹੈ। ਬੇਗਮ ਉਦੈਪੁਰੀ ਦੱਸਦੀ ਹੈ ਕਿ ਉਹ ਸਾਰੇ ਉਸ ਦੀ ਸਿਹਤ ਲਈ ਫ਼ਿਕਰਮੰਦ ਹਨ। ਔਰੰਗਜ਼ੇਬ ਆਪਣੀ ਬੇਟੀ ਜ਼ੀਨਤ ਬਾਰੇ ਕਹਿੰਦਾ ਹੈ ਕਿ ਉਹ ਪਿਛਲੇ ਤੀਹ ਸਾਲਾਂ ਤੋਂ ਉਸ ਦੀ ਖ਼ਿਦਮਤ (ਸੇਵਾ) ਕਰ ਰਹੀ ਹੈ। ਖ਼ੁਦਾ ਹਰ ਇੱਕ ਆਦਮੀ ਨੂੰ ਅਜਿਹੀ ਬੇਟੀ ਦੇਵੇ। ਉਹ ਅਸਦ ਖ਼ਾਨ ਨੂੰ ਜ਼ਰੂਰੀ ਗੱਲ-ਬਾਤ ਲਈ ਰੋਕਦਾ ਹੈ। ਸ਼ਾਹੀ ਹਕੀਮ ਕਹਿੰਦਾ ਹੈ ਕਿ ਔਰੰਗਜ਼ੇਬ ਨੂੰ ਅਰਾਮ ਦੀ ਸਖ਼ਤ ਜ਼ਰੂਰਤ ਹੈ। ਔਰੰਗਜ਼ੇਬ ਹਕੀਮ ਤੋਂ ਦਵਾਈ ਲੈ ਕੇ ਆਪਣੀ ਬੇਟੀ ਜ਼ੀਨਤ ਨੂੰ ਰੱਖਣ ਲਈ ਕਹਿੰਦਾ ਹੈ। ਔਰੰਗਜ਼ੇਬ ਸ਼ਾਹੀ ਹਕੀਮ ਤੇ ਬੇਗਮ ਉਦੈਪੁਰੀ ਨੂੰ ਜਾਣ ਲਈ ਕਹਿੰਦਾ ਹੈ। ਜ਼ੀਨਤ ਪਾਣੀ ਲੈਣ ਲਈ ਚਲੀ ਜਾਂਦੀ ਹੈ।

ਔਰੰਗਜ਼ੇਬ ਅਸਦ ਖ਼ਾਨ ਨੂੰ ਦੱਸਦਾ ਹੈ ਕਿ ਕੱਲ੍ਹ ਪੰਜਾਬ ਤੋਂ ਦਇਆ ਸਿੰਘ ਨਾਂ ਦਾ ਇੱਕ ਸਿੱਖ ਆਪਣੇ ਪੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖ਼ਤ ਲੈ ਕੇ ਉਸ ਨੂੰ ਮਿਲਿਆ ਹੈ। ਇਹ ਖ਼ਤ ਇੱਕ ਜ਼ਫ਼ਰਨਾਮਾ ਹੈ। ਉਸ ਪੀਰ ਨੇ ਐਸੀ ਬੇਬਾਕੀ ਨਾਲ ਉਸ ਨੂੰ ਲਾਹਨਤਾਂ ਪਾਈਆਂ ਹਨ ਕਿ ਉਸ ਦੀ ਜ਼ਮੀਰ ਕੰਬ ਗਈ ਹੈ। ਉਸ ਜ਼ਫ਼ਰਨਾਮੇ ਨੇ ਉਸ ਦੇ ਇਨਸਾਨੀ ਜਜ਼ਬੇ ਨੂੰ ਹਲੂਣ ਦਿੱਤਾ ਹੈ। ਵਜ਼ੀਰ ਖ਼ਾਂ ਨੇ ਉਸ ਦੇ ਨਾਂ ‘ਤੇ ਕੁਰਾਨ ਸ਼ਰੀਫ਼ ਦੀਆਂ ਕਸਮਾਂ ਖਾਧੀਆਂ ਤੇ ਫਿਰ ਗੁਰੂ ਜੀ ਨੂੰ ਅਨੰਦਪੁਰ ਛੱਡਣ ਲਈ ਮਜਬੂਰ
ਕੀਤਾ। ਬਾਅਦ ਵਿੱਚ ਧੋਖੇ ਨਾਲ ਹਮਲਾ ਕਰ ਦਿੱਤਾ। ਲੜਾਈ ਵਿੱਚ ਉਸ ਦੇ ਦੋ ਬੇਟੇ ਸ਼ਹੀਦ ਹੋ ਗਏ। ਔਰੰਗਜ਼ੇਬ ਕਹਿੰਦਾ ਹੈ ਕਿ ਉਸ ਨੇ ਖ਼ੁਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਕਤਲ ਦਾ ਹੁਕਮ ਦਿੱਤਾ ਸੀ ਪਰ ਉਹ ਮੁਲਕੀ ਮਸਲਾ ਸੀ। ਵਜ਼ੀਰ ਖ਼ਾਂ ਨੇ ਉਸ ਦਾ (ਔਰੰਗਜ਼ੇਬ ਦਾ) ਨਾਂ ਬਦਨਾਮ ਕੀਤਾ ਹੈ ਤੇ ਇਸਲਾਮ ਦਾ ਵੀ ਅਪਮਾਨ ਕੀਤਾ ਹੈ। ਅਸਦ ਖ਼ਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੁਲਾ ਕੇ ਸੁਲਾਹ ਕਰਨ ਦੀ ਸਲਾਹ ਦਿੰਦਾ ਹੈ। ਔਰੰਗਜ਼ੇਬ ਕਹਿੰਦਾ ਹੈ ਕਿ ਉਸ ਪੀਰ ਨੇ ਉਸ ਨੂੰ ਮਾਲਵੇ ਦੇ ਕਾਂਗੜ ਨਗਰ ਵਿੱਚ ਮਿਲ਼ਨ ਦਾ ਪੈਗਾਮ ਘੱਲਿਆ ਹੈ। ਅਸਦ ਖ਼ਾਨ ਔਰੰਗਜ਼ੇਬ ਨੂੰ ਕਹਿੰਦਾ ਹੈ ਕਿ ਉਹ ਆਪਣੇ ਹੱਥੀਂ ਖ਼ਤ ਲਿਖ ਕੇ ਕਿਸੇ ਭਰੋਸੇਯੋਗ ਦੂਤ ਹੱਥ ਭੇਜਣ। ਔਰੰਗਜ਼ੇਬ ਉਸ ਨੂੰ ਕਹਿੰਦਾ ਹੈ ਕਿ ਉਹ ਹੁਣੇ ਮੀਰ ਮੁਨਸ਼ੀ ਅਤੇ ਦਇਆ ਸਿੰਘ ਨੂੰ ਦਰਬਾਰੇ ਖ਼ਾਸ ਵਿੱਚ ਹਾਜ਼ਰ ਹੋਣ ਲਈ ਕਹੇ। ਅਸਦ ਖ਼ਾਨ ਚਲਾ ਜਾਂਦਾ ਹੈ ।

ਇਸ ਦੌਰਾਨ ਜ਼ੀਨਤ ਆ ਜਾਂਦੀ ਹੈ ਤੇ ਉਹ ਕਹਿੰਦੀ ਹੈ ਕਿ ਏਨੇ ਸਾਲਾਂ ਵਿੱਚ ਉਹ ਆਪਣੇ ਪਿਤਾ ਦਾ ਵਿਸ਼ਵਾਸ ਹਾਸਲ ਨਹੀਂ ਕਰ ਸਕੀ। ਉਸ ਨੂੰ ਜਾਪਦਾ ਹੈ ਕਿ ਉਸ ਦਾ ਪਿਤਾ ਉਸ ਕੋਲੋਂ ਕੁਝ ਲੁਕਾ ਰਿਹਾ ਹੈ। ਔਰੰਗਜ਼ੇਬ ਜ਼ੀਨਤ ਨੂੰ ਕਹਿੰਦਾ ਹੈ ਕਿ ਉਹ ਸੱਚ ਜਾਣ ਕੇ ਉਸ ਨੂੰ ਬਹੁਤ ਹੀ ਘਟੀਆ ਇਨਸਾਨ ਮੰਨਣ ਲੱਗ ਜਾਵੇਗੀ। ਉਹ ਦੱਸਦਾ ਹੈ ਕਿ ਪੰਜਾਬ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦੂਜਾ ਖ਼ਤ ਆਇਆ ਹੈ। ਉਸ ਪੀਰ ਨਾਲ ਧੋਖਾ ਹੋਇਆ ਹੈ। ਵਜ਼ੀਰ ਖ਼ਾਂ ਨੇ ਉਸ ਦੀਆਂ ਝੂਠੀਆਂ ਕਸਮਾਂ ਖਾ ਕੇ ਗੁਰੂ ਨੂੰ ਅਨੰਦਪੁਰ ਤੋਂ ਕਢਵਾਇਆ ਅਤੇ ਪਿੱਛੋਂ ਧੋਖੇ ਨਾਲ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਉਸ ਦੇ ਦੋ ਵੱਡੇ ਬੇਟੇ ਸ਼ਹੀਦ ਹੋ ਗਏ। ਵਜ਼ੀਰ ਖ਼ਾਂ ਨੇ ਉਸ ਦੇ ਛੋਟੇ ਬੱਚਿਆਂ ਨੂੰ ਜਿਊਂਦਿਆਂ ਹੀ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਵਾ ਦਿੱਤਾ। ਜ਼ੀਨਤ ਕਹਿੰਦੀ ਹੈ ਕਿ ਇਹ ਤਾਂ ਜ਼ੁਲਮ ਦੀ ਸਿਖਰ ਹੈ। ਉਹ ਕਹਿੰਦੀ ਹੈ ਕਿ ਜਦੋਂ ਉਸ ਦਾ ਆਪਣਾ ਬਾਗ਼ੀ ਬੇਟਾ ਅਕਬਰ ਮਰਿਆ ਸੀ ਜਾਂ ਬਾਗ਼ੀ ਸ਼ਾਇਰ ਬੇਟੀ ਜ਼ੇਬ-ਉਨ-ਨਿਸਾ ਮਰੀ ਸੀ ਤਾਂ ਉਹ ਜ਼ਾਰੋ-ਜ਼ਾਰ ਰੋਇਆ ਸੀ ਪਰ ਮਾਸੂਮਾਂ ਦੀ ਮੌਤ ‘ਤੇ ਉਹ ਚੁੱਪ ਖੜ੍ਹਾ ਹੈ। ਔਰੰਗਜ਼ੇਬ ਕਹਿੰਦਾ ਹੈ ਕਿ ਉਸ ਦੀ ਰੂਹ ਰੋ ਰਹੀ ਹੈ ਤੇ ਉਸ ਦੀ ਮਜਬੂਰੀ ਇਹ ਹੈ ਕਿ ਉਹ ਵਜ਼ੀਰ ਖ਼ਾਨ ਨੂੰ ਸਜ਼ਾ ਵੀ ਨਹੀਂ ਦੇ ਸਕਦਾ। ਜ਼ੀਨਤ ਕਹਿੰਦੀ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਇਸ ਗੁਨਾਹ ਵਿੱਚ ਉਹ ਆਪ ਵੀ ਸ਼ਾਮਲ ਹੈ। ਜ਼ੀਨਤ ਔਰੰਗਜ਼ੇਬ ਨੂੰ ਕਹਿੰਦੀ ਹੈ ਕਿ ਉਹ ਰੱਬ ਤੋਂ ਡਰਦਾ ਜ਼ਰੂਰ ਹੈ, ਰੱਬ ਨੂੰ ਪਿਆਰ ਨਹੀਂ ਕਰਦਾ। ਇਸੇ ਕਾਰਨ ਉਸ ਨੇ ਸਾਰੀ ਉਮਰ ਲੋਕਾਂ ਨੂੰ ਦੁਖੀ ਕੀਤਾ ਹੈ। ਔਰੰਗਜ਼ੇਬ ਮੰਨਦਾ ਹੈ ਕਿ ਉਹ ਅਣਗਿਣਤ ਲੜਾਈਆਂ ਜਿੱਤ ਕੇ ਵੀ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾ ਰਿਹਾ ਹੈ। ਉਹ ਇਸ ਸੰਸਾਰ ਤੋਂ ਗੁਨਾਹਾਂ ਦੇ ਭਾਰ ਨਾਲ ਲੱਦਿਆ ਜਾਵੇਗਾ। ਉਹ ਆਪਣੀ ਬੇਟੀ ਨੂੰ ਕਹਿੰਦਾ ਹੈ ਕਿ ਉਹ ਉਸ ਦੀ ਆਖ਼ਰੀ ਉਮਰ ਦਾ ਸਹਾਰਾ ਹੈ। ਔਰੰਗਜ਼ੇਬ ਜ਼ੀਨਤ ਨੂੰ ਕਹਿੰਦਾ ਹੈ ਕਿ ਉਹ ਆਪਣੇ ਬੇਟਿਆਂ ਦੇ ਨਾਂ ਵਸੀਅਤ ਲਿਖਣੀ ਚਾਹੁੰਦਾ ਹੈ ਇਸ ਲਈ ਉਹ (ਜ਼ੀਨਤ) ਉਸ ਦੀ ਮਦਦ ਕਰੇ।