ਗੰਦਲਾਂ ਦਾ ਸਾਗ


ਕਵਿਤਾ : ਗੰਦਲਾਂ ਦਾ ਸਾਗ


ਗੰਦਲਾਂ ਦਾ ਸਾਗ ਮੇਰੇ ਮੰਮੀ ਜੀ ਨੇ ਤੋੜ ਕੇ,

ਚਾਰ, ਪੰਜ ਰੁੱਗ ਬਾਬੂ, ਪਾਲਕ ਦੇ ਜੋੜ ਕੇ,

ਛਿੱਲ-ਛਿੱਲ ਗੰਦਲਾਂ ਸਾਗ ਨੂੰ ਸੁਆਰਿਆ,

ਧੋ ਕੇ ਖੁੱਲ੍ਹੇ ਪਾਣੀ ਵਿਚ, ਕੱਟ ਕੇ ਬਰੀਕ ਜਿਹਾ,

ਲੂਣ ਪਾ ਕੇ ਰਿੰਨ੍ਹਣ ਲਈ ਚੁੱਲ੍ਹੇ ਉੱਤੇ ਚਾੜਿਆ।

ਦਾਦੀ ਜੀ ਨੇ ਲਗਾਤਾਰ ਅੱਗ ਨੂੰ ਮਘਾਇਆ ਫਿਰ,

ਵਾਹਵਾ ਚਿਰ ਰਿੰਨ੍ਹ ਕੇ ਘੋਟਾ ਅਸੀਂ ਲਾ ਲਿਆ।

ਅੱਲਣ ਮਿਲਾ ਕੇ, ਸਾਗ ਬਣਿਆ ਮਲਾਈ ਵਾਂਗੂ,

ਗੁੜ੍ਹ-ਗੁੜ੍ਹ ਕਰਕੇ ਖੂਬ ਸੀ ਪਕਾ ਲਿਆ।

ਲਸਣ, ਗੰਢਾ, ਹਰੀ ਮਿਰਚ,ਅਦਰਕ ਨੂੰ ਕੱਟ ਕੇ,

ਘਿਓ ਦਾ ਸੁਆਦੀ ਜਿਹਾ ਤੁੜਕਾ ਲਗਾ ਲਿਆ।

ਪੋਲੀ-ਪੋਲੀ ਮੰਮੀ ਨੇ ਬਣਾਈ ਰੋਟੀ ਮੱਕੀ ਦੀ,

ਬਾਟੀ ‘ਚ ਪਰੋਸ ਕੇ ਮੱਖਣ ਰਲਾ ਲਿਆ।

ਪੀਤਾ ਨਾਲ ਤਾਜ਼ੀ-ਤਾਜ਼ੀ ਲੱਸੀ ਦਾ ਗਲਾਸ ਵੀ,

ਸਰਦੀਆਂ ਦਾ ਮੇਵਾ ਖਾ ਕੇ ਅਨੰਦ ਜਿਹਾ ਆ ਗਿਆ।

ਛੱਡੋ ਲੋਕੋ! ਪਾਲੇ ਜੋ ਸੁਆਦ ਪੀਜ਼ੇ, ਬਰਗਰਾਂ ਦੇ,

ਕਾਹਨੂੰ ਇਨ੍ਹਾਂ ਪਿੱਛੇ ਲੱਗ, ਰੋਗਾਂ ਨੂੰ ਵਧਾ ਲਿਆ?

ਸਾਗ, ਰੋਟੀ ਮੱਕੀ ਦੀ ਸ਼ਾਨ ‘ਉਮਾ’ ਪੰਜਾਬੀਆਂ ਦੀ,

ਖਾਵਾਂਗੇ ਦੇਸੀ ਖੁਰਾਕਾਂ… ਅਸੀਂ ਮਨ ਹੈ ਬਣਾ ਲਿਆ।

ਉਮਾ ਕਮਲ (ਤਲਵਾੜਾ)