ਕਾਰ ਵਿਹਾਰ ਦੇ ਪੱਤਰ


ਤੁਸੀਂ ਆਪਣੇ ਕਸਬੇ ਵਿੱਚ ਆਟਾ ਚੱਕੀ ਲਾਈ ਹੋਈ ਹੈ। ਇਲਾਕਾ ਨਿਵਾਸੀਆਂ ਨੂੰ ਇਸ ਬਾਰੇ ਖੁੱਲ੍ਹੀ ਚਿੱਠੀ ਰਾਹੀਂ ਜਾਣਕਾਰੀ ਦਿੰਦੇ ਹੋਏ ਕਣਕ, ਦਾਲਾਂ ਤੇ ਹੋਰ ਅਨਾਜ ਆਦਿ ਪਿਸਾਉਣ, ਰੇਟ ਤੇ ਹੋਰ ਵਿਸ਼ੇਸ਼ਤਾਵਾਂ ਦੱਸਦੇ ਹੋਏ ਅਪੀਲ ਕਰੋ।




ਗਿੱਲ ਆਟਾ-ਚੱਕੀ, ਜਾਖਲ ਰੋਡ, ਸੁਨਾਮ

ਖ਼ੁਸ਼ਖ਼ਬਰੀ !

ਖ਼ੁਸ਼ਖ਼ਬਰੀ !

ਖ਼ੁਸ਼ਖ਼ਬਰੀ !

ਪਿਆਰੇ ਇਲਾਕਾ ਨਿਵਾਸਿਓ,

ਤੁਹਾਨੂੰ ਇਹ ਜਾਣ ਕੇ ਅਤਿਅੰਤ ਖ਼ੁਸ਼ੀ ਹੋਵੇਗੀ ਕਿ ਤੁਹਾਡੇ ਇਲਾਕੇ ਵਿੱਚ ਨਵੀਂ ਚੱਕੀ ਲੱਗੀ ਹੋਈ ਹੈ। ਇੱਥੇ ਕਣਕ, ਦਾਲਾਂ ਤੇ ਹੋਰ ਅਨਾਜ ਆਦਿ ਪੀਹਣ ਦਾ ਬਹੁਤ ਹੀ ਵਧੀਆ ਪ੍ਰਬੰਧ ਹੈ। ਚੱਕੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਹ ਹਨ :

(ੳ) ਗਾਹਕ ਦੀ ਸੰਤੁਸ਼ਟੀ ਸਾਡਾ ਪਹਿਲਾ ਫ਼ਰਜ਼ ਹੈ।

(ਅ) ਚੱਕੀ ਵਿੱਚ ਹਰ ਤਰ੍ਹਾਂ ਦੀ ਸਫ਼ਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ।

(ੲ) ਗਾਹਕਾਂ ਦੇ ਬੈਠਣ ਦਾ ਚੰਗਾ ਪ੍ਰਬੰਧ ਹੈ।

(ਸ) ਸਾਡੇ ਕੋਲ ਘਰੋਂ ਅਨਾਜ ਲਿਆ ਕੇ ਪੀਸ ਕੇ ਵਾਪਸ ਪਹੁੰਚਾਉਣ ਦਾ ਵੀ ਪ੍ਰਬੰਧ ਹੈ।

(ਹ) ਇੱਥੇ ਹਰ ਤਰ੍ਹਾਂ ਦੇ ਮਸਾਲੇ ਤੇ ਮਿਰਚਾਂ ਪੀਸਣ ਦਾ ਵੀ ਵਧੀਆ ਪ੍ਰਬੰਧ ਹੈ।

(ਕ) ਬਿਜਲੀ ਨਾ ਹੋਣ ਦੀ ਸੂਰਤ ‘ਚ ਜਰਨੇਟਰ ਦਾ ਪ੍ਰਬੰਧ ਹੋਣ ਕਾਰਨ ਗਾਹਕ ਦੇ ਕੰਮ ‘ਚ ਦੇਰ ਨਹੀਂ ਹੁੰਦੀ।

(ਖ) ਪਿਸਾਈ ਨਾਲ ਸੰਬੰਧਿਤ ਸਾਰੀਆਂ ਮਸ਼ੀਨਾਂ ਅਤੀ-ਆਧੁਨਿਕ ਹਨ। ਪਿਸਾਈ ਤੋਂ ਪਹਿਲਾਂ ਮਸ਼ੀਨਾਂ ਅਨਾਜ ਦੀ ਸਫ਼ਾਈ ਆਪਣੇ-ਆਪ ਕਰਦੀਆਂ ਹਨ।

(ਗ) ਸਾਡੇ ਵੱਲੋਂ ਇਲਾਕੇ ‘ਚ ਪਿਸਾਈ ਦੇ ਰੇਟ ਨਾਲੋਂ 20% ਰੇਟ ਘੱਟ ਲਿਆ ਜਾਂਦਾ ਹੈ। ਸੋ ਬੇਨਤੀ ਹੈ ਕਿ ਇੱਕ ਵਾਰੀ ਸੇਵਾ ਦਾ ਮੌਕਾ ਦਿਓ। ਅਸੀਂ ਤੁਹਾਡੀਆਂ ਉਮੀਦਾਂ ‘ਤੇ ਪੂਰਿਆਂ ਉਤਰਨ ਦਾ ਪੂਰਾ ਯਤਨ ਕਰਾਂਗੇ।

ਤੁਹਾਡੇ ਹੁੰਗਾਰੇ ਦੀ ਉਡੀਕ ਵਿੱਚ।

ਤੁਹਾਡਾ ਹਿੱਤੂ,

ਜਸਕਿਰਨ ਸਿੰਘ ਗਿੱਲ।