ਕਾਰ ਵਿਹਾਰ ਦੇ ਪੱਤਰ


ਤੁਹਾਡਾ ਕਾਰੋਬਾਰ ਸ਼ੇਅਰ ਬਜ਼ਾਰ ਨਾਲ ਜੁੜਿਆ ਹੋਇਆ ਹੈ ਅਤੇ ਕਾਰੋਬਾਰ ਲਈ ਤੁਹਾਨੂੰ ਰੋਜ਼ਾਨਾ ਮੋਬਾਈਲ ਦੀ ਵਰਤੋਂ ਕਰਨੀ ਪੈ ਰਹੀ ਹੈ। ਪਰ ਤੁਸੀਂ ਭਾਰਤ ਸੰਚਾਰ ਨਿਗਮ ਲਿਮਿਟਡ ਦੀ ਨੈੱਟਵਰਕ ਸੇਵਾ ਕਰਕੇ ਦਿੱਕਤ ਮਹਿਸੂਸ ਕਰ ਰਹੇ ਹੋ। ਹਾਲਾਤ ਤੋਂ ਜਾਣੂ ਕਰਵਾਉਂਦੇ ਹੋਏ ਆਪਣੇ ਇਲਾਕੇ ਦੇ ਸੰਬੰਧਿਤ ਅਧਿਕਾਰੀ ਨੂੰ ਪੱਤਰ ਲਿਖ ਕੇ ਇਸ ਵਿੱਚ ਸੁਧਾਰ ਕਰਨ ਲਈ ਆਖੋ।


140, ਰਾਮ ਨਗਰ,

ਹੈਬੋਵਾਲ ਕਲਾਂ

ਮਿਤੀ : 14-04-20….

ਲੁਧਿਆਣਾ।

ਸੇਵਾ ਵਿਖੇ

ਜਨਰਲ ਮੈਨੇਜਰ,

ਭਾਰਤ ਸੰਚਾਰ ਨਿਗਮ ਲਿਮਟਿਡ,

ਭਾਰਤ ਨਗਰ ਚੌਂਕ, ਲੁਧਿਆਣਾ।

ਵਿਸ਼ਾ : ਮੋਬਾਈਲ ਨੈੱਟਵਰਕ ‘ਚ ਆ ਰਹੀਆਂ ਮੁਸ਼ਕਲਾਂ ਸੰਬੰਧੀ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਤੁਹਾਡੇ ਵਿਭਾਗ ਦੀ ਮੋਬਾਈਲ ਸੇਵਾ ਦੀ ਪਿਛਲੇ ਦਸ ਸਾਲਾਂ ਤੋਂ ਵਰਤੋਂ ਕਰ ਰਿਹਾ ਹਾਂ। ਹੁਣ ਤਕ ਮੈਂ ਇਸ ਸੇਵਾ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਰਿਹਾ ਹਾਂ, ਪਰੰਤੂ ਪਿਛਲੇ ਇੱਕ ਮਹੀਨੇ ਤੋਂ ਮੈਨੂੰ ਇਸ ਸੇਵਾ ਦੀ ਮਾੜੀ ਕਾਰਗੁਜ਼ਾਰੀ ਸਦਕਾ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਆਪਣਾ ਕੰਮ-ਕਾਰ ਸ਼ੇਅਰ ਬਜ਼ਾਰ ਨਾਲ ਜੁੜਿਆ ਹੋਇਆ ਹੈ। ਇਸ ਕੰਮ ‘ਚ ਸ਼ੇਅਰ ਬਜ਼ਾਰ ਦੀ ਪਲ-ਪਲ ਦੀ ਜਾਣਕਾਰੀ ਰੱਖਣੀ ਜ਼ਰੂਰੀ ਹੁੰਦੀ ਹੈ। ਇਹ ਜਾਣਕਾਰੀ ਇੰਟਰਨੈੱਟ ਰਾਹੀਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ, ਪਰ ਸਾਡੇ ਇਲਾਕੇ ‘ਚ ਇਸ ਸੇਵਾ ਸੰਬੰਧੀ ਹੇਠ ਲਿਖੀਆਂ ਸਮੱਸਿਆਵਾਂ ਆ ਰਹੀਆਂ ਹਨ :

(ੳ) ਮੋਬਾਈਲ ‘ਤੇ ਸਿਗਨਲ ਕੁਝ ਕਮਜ਼ੋਰ ਹੋਣ ਕਾਰਨ ਇੰਟਰਨੈੱਟ ਤੋਂ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ।

(ਅ) ਬਹੁਤ ਵਾਰੀ ਮੋਬਾਈਲ ‘ਤੇ ਗੱਲ ਕਰਦਿਆਂ-ਕਰਦਿਆਂ ਸੰਪਰਕ ਟੁੱਟ ਜਾਂਦਾ ਹੈ।

(ੲ) ਕਈ ਵਾਰੀ ਦੂਸਰੇ ਪਾਸੇ ਫ਼ੋਨ ਮਿਲਦਾ ਹੀ ਨਹੀਂ। ਇਸ ਸੰਬੰਧੀ ਇਹੋ ਅਵਾਜ਼ ਆਉਂਦੀ ਹੈ ਕਿ ‘ਇਸ ਰੂਟ
ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ।’

ਇਸ ਤਰ੍ਹਾਂ ਇਹਨਾਂ ਸਮੱਸਿਆਵਾਂ ਸਦਕਾ ਮੈਨੂੰ ਆਪਣੇ ਕੰਮ-ਕਾਰ ‘ਚ ਕਈ ਵਾਰੀ ਇਸੇ ਕਾਰਨ ਨੁਕਸਾਨ ਝੱਲਣਾ ਪਿਆ ਹੈ। ਸੋ ਮੇਰੀ ਸਨਿਮਰ ਬੇਨਤੀ ਹੈ ਇਸ ਸੰਬੰਧੀ ਜੋ ਵੀ ਤਕਨੀਕੀ ਨੁਕਸ ਹਨ, ਉਹਨਾਂ ਨੂੰ ਛੇਤੀ ਦੂਰ ਕੀਤਾ ਜਾਵੇ ਤਾਂ ਜੋ ਸਾਡਾ ਵਿਸ਼ਵਾਸ ਸਰਕਾਰੀ ਸੇਵਾ ‘ਚ ਬਣਿਆ ਰਹੇ।

ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਮੇਰੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਬਣਦੇ ਯਤਨ ਛੇਤੀ ਕਰੋਗੇ। ਇਸ ਲਈ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹੋਵਾਂਗਾ ।

ਧੰਨਵਾਦ ਸਹਿਤ।

ਆਪ ਜੀ ਦਾ ਵਿਸ਼ਵਾਸਪਾਤਰ,

ਜਸਵੰਤ ਸਿੰਘ।