ਕਾਰ ਵਿਹਾਰ ਦੇ ਪੱਤਰ


ਤੁਸੀਂ ਪੜ੍ਹੇ-ਲਿਖੇ ਨੌਜਵਾਨ ਹੋ। ਆਪਣੀ ਯੋਗਤਾ ਤੇ ਸਮਰੱਥਾ ਦੱਸਦੇ ਹੋਏ, ਕਿਸੇ ਨਜ਼ਦੀਕੀ ਬੈਂਕ ਤੋਂ ਸਵੈ-ਰੁਜ਼ਗਾਰ ਚਲਾਉਣ ਲਈ ਕਰਜ਼ਾ ਲੈਣ ਵਾਸਤੇ ਸ਼ਾਖਾ ਪ੍ਰਬੰਧਕ ਨੂੰ ਪੱਤਰ ਲਿਖੋ।


ਸੇਵਾ ਵਿਖੇ

ਸ਼ਾਖਾ ਪ੍ਰਬੰਧਕ ਸਾਹਿਬ,

ਸਟੇਟ ਬੈਂਕ ਆਫ ਇੰਡੀਆ,

ਬੰਗੀ ਰੁਲਦੂ (ਬਠਿੰਡਾ)।

ਵਿਸ਼ਾ : ਸ੍ਵੈ-ਰੁਜ਼ਗਾਰ ਚਲਾਉਣ ਸਬੰਧੀ ਕਰਜ਼ਾ ਲੈਣ ਬਾਰੇ।

ਸ੍ਰੀਮਾਨ ਜੀ,

ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਬਾਰ੍ਹਵੀਂ ਪਾਸ ਬੇਰੁਜ਼ਗਾਰ ਹਾਂ। ਮੈਂ ਸਰਕਾਰੀ ਨੌਕਰੀ ਦੀ ਪ੍ਰਾਪਤੀ ਦੀ ਥਾਂ ਡੇਅਰੀ ਫਾਰਮਿੰਗ ਦੇ ਕਿੱਤੇ ਵਿੱਚ ਸ੍ਵੈ-ਰੁਜ਼ਗਾਰ ਹਾਸਲ ਕਰਨਾ ਚਾਹੁੰਦਾ ਹਾਂ। ਮੇਰੀ ਯੋਗਤਾ ਤੇ ਸਮਰੱਥਾ ਨਿਮਨਲਿਖਤ ਅਨੁਸਾਰ ਹੈ :

(ੳ) ਮੈਂ ਬਾਰ੍ਹਵੀਂ ਜਮਾਤ ਪਾਸ ਕਰਨ ਉਪਰੰਤ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਤੋਂ ਪਸ਼ੂ-ਪਾਲਣ ਕਿੱਤੇ ਬਾਰੇ ਸਿਖਲਾਈ ਹਾਸਲ ਕੀਤੀ ਹੈ।

(ਅ) ਮੇਰੇ ਕੋਲ ਪੰਜ ਏਕੜ ਜ਼ਮੀਨ ਹੈ, ਜਿਸ ‘ਤੇ ਪਸ਼ੂਆਂ ਲਈ ਹਰਾ ਚਾਰਾ ਬੀਜਿਆ ਜਾ ਸਕਦਾ ਹੈ।

(ੲ) ਸਾਡਾ ਘਰ ਖੇਤ ਵਿੱਚ ਬਣਿਆ ਹੋਇਆ ਹੈ ਅਤੇ ਇੱਥੇ ਹੀ ਲੋੜ ਅਨੁਸਾਰ ਪਸ਼ੂਆਂ ਲਈ ਸ਼ੈੱਡ ਆਦਿ ਬਣਾਏ ਜਾ ਸਕਦੇ ਹਨ।

(ਸ) ਥੋੜ੍ਹੀ-ਥੋੜ੍ਹੀ ਬੱਚਤ ਕਰਨ ਨਾਲ ਮੇਰੇ ਬੱਚਤ ਖਾਤੇ ਵਿੱਚ 1 ਲੱਖ ਰੁਪਏ ਜਮ੍ਹਾਂ ਹਨ। ਇਸ ਰਾਸ਼ੀ ਨੂੰ ਵੀ ਮੈਂ ਡੇਅਰੀ-ਫਾਰਮਿੰਗ ਦੇ ਕਿੱਤੇ ਵਿੱਚ ਲਾਉਣ ਲਈ ਤਿਆਰ ਹਾਂ।

(ਹ) ਸਾਡੇ ਘਰ ਵਿਖੇ ਡੰਗਰਾਂ ਲਈ ਤੂੜੀ ਸਾਂਭਣ ਲਈ ਪਹਿਲਾਂ ਹੀ ਦੋ ਵੱਡੇ ਕਮਰੇ ਬਣੇ ਹੋਏ ਹਨ, ਜਿਨ੍ਹਾਂ ਵਿੱਚ ਲਗਭਗ 200 ਕੁਇੰਟਲ ਤੂੜੀ ਦਾ ਭੰਡਾਰਨ ਕੀਤਾ ਜਾ ਸਕਦਾ ਹੈ।

(ਕ) ਸਾਡੇ ਪਿੰਡ ਤੇ ਆਸ-ਪਾਸ ਦੇ ਖੇਤਰ ਵਿੱਚ ਕੋਈ ਵੱਡੀ ਡੇਅਰੀ ਪ੍ਰੋਸੈਸਿੰਗ ਯੂਨਿਟ ਨਹੀਂ, ਜਿਸ ਕਰਕੇ ਇਹ ਕਿੱਤਾ ਸਫਲਤਾ ਸਹਿਤ ਚਲਾਇਆ ਜਾ ਸਕਦਾ ਹੈ।

ਕਿਰਪਾ ਕਰਕੇ ਦੱਸਿਆ ਜਾਵੇ ਕਿ ਡੇਅਰੀ ਫਾਰਮਿੰਗ ਦੇ ਖੇਤਰ ‘ਚ ਸ੍ਵੈ-ਰੁਜ਼ਗਾਰ ਚਲਾਉਣ ਲਈ ਬੈਂਕ ਮੈਨੂੰ ਵੱਧ ਤੋਂ ਵੱਧ ਕਿੰਨਾ ਕਰਜ਼ਾ ਦੇ ਸਕਦਾ ਹੈ? ਕਰਜ਼ਾ ਲੈਣ ਲਈ ਕਿਸ ਕਿਸਮ ਦੀ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪਵੇਗਾ? ਨਾਲ ਇਹ ਵੀ ਦੱਸਿਆ ਜਾਵੇ ਕਿ ਵਿਆਜ ਦਰ ਕਿੰਨੀ ਹੋਵੇਗੀ ਤੇ ਕਰਜ਼ਾ ਕਿੰਨੇ ਸਮੇਂ ਵਿੱਚ ਵਾਪਸ ਕਰਨਾ ਪਵੇਗਾ? ਕਰਜ਼ਾ ਲੈਣ ਲਈ ਕਿਹੜੇ-ਕਿਹੜੇ ਦਸਤਾਵੇਜ਼ ਦੇਣੇ ਪੈਣਗੇ। ਬੈਂਕ ਵਿੱਚੋਂ ਦਿੱਤੀ ਜਾਂਦੀ ਸਬਸਿਡੀ ਬਾਰੇ ਵੀ ਖੋਲ੍ਹ ਕੇ ਦੱਸਿਆ ਜਾਵੇ।

ਧੰਨਵਾਦ ਸਹਿਤ।

ਆਪ ਜੀ ਦਾ ਵਿਸ਼ਵਾਸ ਪਾਤਰ,

ਸਿਕੰਦਰ ਸਿੰਘ।